ਭਾਈ ਪਾਉਂਟਾ ਸਾਹਿਬ ਅਤੇ ਭਾਈ ਤੇਜਿੰਦਰ ਪਾਲ ਸਿੰਘ ਵਿਰੁਧ ਚੱਲੇਗਾ ਧਾਰਾ 121, ਅਤੇ 121 ਏ ਤਹਿਤ ਮੁਕੱਦਮਾ
Published : Feb 3, 2018, 11:28 pm IST
Updated : Feb 3, 2018, 5:58 pm IST
SHARE ARTICLE

ਰੂਪਨਗਰ, 3 ਫ਼ਰਵਰੀ ( ਕੁਲਵਿੰਦਰ ਜੀਤ ਸਿੰਘ ) :- ਸਾਲ 1981 ਦੇ ਵਿੱਚ ਇੰਡੀਅਨ ਏਅਰ ਲਾਈਨਜ਼ ਦੇ ਜਹਾਜ਼ ਨੂੰ ਅਗਵਾ ਕਰਨ ਵਾਲੇ ਦਲ ਖਾਲਸਾ ਦੇ ਖਾੜਕੂ ਭਾਈ ਸਤਨਾਮ ਸਿੰਘ ਪਾਉਂਟਾ ਸਾਹਿਬ ਅਤੇ ਭਾਈ ਤਜਿੰਦਰਪਾਲ ਸਿੰਘ ਦੇ ਲੱਗੀ ਧਾਰਾ 124 ਏ ਨੂੰ ਹਟਾ ਦਿਤਾ ਗਿਆ ਹੈ ਅਤੇ ਹੁਣ ਉਨ੍ਹਾਂ ਤੇ ਭਾਰਤੀ ਸਵਿਧਾਨ ਦੀ ਧਾਰਾ 121 ਏ ਅਤੇ 121 ਤਹਿਤ ਮੁਕੱਦਮਾ ਚਲੇਗਾ।ਪਰ ਜੇ ਖਾੜਕੂ Îਭਾਈ ਸਤਨਾਮ ਸਿੰਘ ਪਾਉਂਟਾ ਸਾਹਿਬ ਦੀ ਗੱਲ ਸੁਣੀਏ ਤਾਂ ਉਹ ਇਸ ਨੂੰ ਸਿੱਖਾਂ ਨਾਲ ਹਿੰਦੋਸਤਾਨ ਵਿਚ ਹੁੰਦਾ ਧੱੱਕਾ ਦਸਦੇ ਹਨ ਅਤੇ ਕਹਿੰਦੇ ਹਨ ਕਿ ਜੋ ਵਿਅਕਤੀ ਪਾਕਿਸਤਾਨ ਵਿਚ ਉਮਰ ਕੈਦ ਦੀ ਸਜ਼ਾ ਅਤੇ ਅਮਰੀਕਾ ਦੀ ਜੇਲ ਵਿਚ ਸਜ਼ਾ ਕੱਟ ਕੇ ਆ ਗਿਆ ਹੋਵੇ, ਉਸ 'ਤੇ ਦੁਬਾਰਾ ਕੇਸ ਕਿਵੇਂ ਹੋ ਸਕਦਾ ਹੈ। ਅਪਣੇ ਪੁਰਾਣੇ ਦਿਨ ਯਾਦ ਕਰਦਿਆਂ ਅਤੇ ਸਪੋਕਸਮੈਨ ਨੂੰ ਅਪਣੀ ਹੱਡ ਬੀਤੀ ਸੁਣਾਉਂਦਿਆਂ ਸਤਨਾਮ ਸਿੰਘ ਦਸਦੇ ਕਿ ਗੱਲ ਉਨ੍ਹਾਂ ਦਿਨਾਂ ਦੀ ਹੈ ਜਦ 9 ਸਤੰਬਰ 1981 ਨੂੰ ਲਾਲਾ ਜਗਤ ਨਰਾਇਣ ਦਾ ਕਤਲ ਹੋਇਆ ਤਾਂ ਸਰਕਾਰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਇਸ ਝੂਠੇ ਕੇਸ ਵਿਚ ਫਸਾ ਕੇ ਗ੍ਰਿਫ਼ਤਾਰ ਕਰਨਾ ਚਾਹੁੰਦੀ ਸੀ ਅਤੇ ਮੌਕੇ ਕਾਂਗਰਸੀ ਆਗੂ ਦਰਬਾਰਾ ਸਿੰਘ ਨੇ ਸੰਤ ਭਿੰਡਰਾਂਵਾਲਿਆਂ ਨੂੰ ਗ੍ਰਿਫ਼ਤਾਰੀ ਦੇਣ ਲਈ ਕਿਹਾ ਤਾਂ ਉਨ੍ਹਾਂ ਨਾਂਹ ਕਰ ਦਿਤੀ। ਮੇਰੇ ਵਲੋਂ ਤੇ ਸ਼ਹੀਦ ਭਾਈ ਅਮਰੀਕ ਸਿੰਘ ਵਲੋਂ ਸੰਤਾਂ ਨਾਲ ਇਕ ਮੀਟਿੰਗ ਕੀਤੀ ਗਈ ਅਤੇ ਮਤਾ ਪਕਾਇਆ ਗਿਆ ਕਿ ਤੁਸੀ ਪੰਥ ਦਾ ਇਕੱਠ ਸੱਦ ਕੇ ਗ੍ਰਿਫ਼ਫਤਾਰੀ ਦਿਉ ਤਾਕਿ ਹਕੂਮਤ ਤੁਹਾਡਾ ਨੁਕਸਾਨ ਨਾ ਕਰ ਸਕੇ। 16 ਸਤੰਬਰ ਦੀ ਰਾਤ ਨੂੰ ਦਲ ਖ਼ਾਲਸਾ ਦੀ ਇਕ ਮੀਟਿਗ ਭਾਈ ਹਰਸਿਮਰਨ ਸਿੰਘ ਅਤੇ ਭਾਈ ਗਜਿੰਦਰ ਸਿੰਘ ਤੇ ਹੋਰ ਆਗੂਆਂ ਵਲੋਂ ਕੀਤੀ ਗਈ ਜਿਸ ਵਿਚ ਫ਼ੈਸਲਾ ਕੀਤਾ ਗਿਆ ਕਿ ਸੰਤਾਂ ਦੇ ਮਾਮਲੇ ਨੂੰ ਹਕੂਮਤ ਦੇ ਕੰਨ ਖੋਲ੍ਹਣ ਲਈ ਜਹਾਜ਼ ਅਗ਼ਵਾ ਕੀਤਾ ਜਾਵੇ ਅਤੇ ਇਸ ਲਈ ਪੰਜ ਸਿੰਘਾਂ ਦਾ ਜਥਾ ਤਿਆਰ ਕੀਤਾ ਗਿਆ ਜਿਸ ਵਿਚ ਮੈਂ, ਭਾਈ ਗਜਿੰਦਰ ਸਿੰਘ, ਭਾਈ ਜਸਬੀਰ ਸਿੰਘ, ਭਾਈ ਕਰਨ ਸਿੰਘ ਅਤੇ ਭਾਈ ਤੇਜਿੰਦਰਪਾਲ ਸਿੰਘ ਸਨ।  18 ਸਤੰਬਰ ਨੂੰ ਮੈਂ ਅਤੇ ਭਾਈ ਗਜਿੰਦਰ ਸਿੰਘ ਜਹਾਜ਼ ਰਾਹੀਂ ਅਮ੍ਰਿਤਸਰ ਤੋਂ ਸ੍ਰੀਨਗਰ ਗਏ ਅਤੇ ਅਸੀ ਵੇਖਿਆ ਕਿ ਕਿਵੇਂ ਜਹਾਜ਼ ਵਿਚ ਉਤਰਨਾਂ ਚੜ੍ਹਨਾ ਹੈ ਅਤੇ ਕੀ-ਕੀ ਜਹਾਜ਼ ਵਿਚ ਹੁੰਦਾ ਹੈ। ਦੂਜੇ ਪਾਸੇ 18 ਸਤੰਬਰ ਨੂੰ ਹੀ ਸੰਤ ਭਿੰਡਰਾਂਵਾਲਿਆਂ ਨੇ ਵੀ 20 ਸਤੰਬਰ ਨੂੰ ਇਕ ਪੰਥਕ ਇਕੱਠ ਦਾ ਐਲਾਨ ਕਰ ਦਿਤਾ। ਇਸੇ ਤਰ੍ਹਾਂ ਹੀ ਸੱਭ ਨੇ ਵਾਰੀ-ਵਾਰੀ ਹਵਾਈ ਯਾਤਰਾ ਕੀਤੀ ਅਤੇ ਅੰਤ ਵਿਚ 27 ਸਤੰਬਰ ਨੂੰ ਜਹਾਜ਼ ਅਗ਼ਵਾ ਕਰਨ ਦੀ ਵਿਉਂਤ ਬਣ ਗਈ ਪਰ ਐਨ ਮੌਕੇ 'ਤੇ ਟਿਕਟਾਂ ਨਾ ਮਿਲਣ ਕਾਰਨ ਜਹਾਜ਼ 29 ਸਤੰਬਰ ਨੂੰ ਅਗ਼ਵਾ ਕਰਨ ਦੀ ਯੋਜਨਾ ਬਣਾਈ ਅਤੇ ਅਸੀ ਜਹਾਜ਼ ਵੀ ਚੜ੍ਹ ਗਏ। ਇਸ ਜਹਾਜ਼ ਵਿਚ ਜਸਬੀਰ ਸਿੰਘ, ਗਜਿੰਦਰ ਸਿੰਘ, ਤੇਜਿੰਦਰ ਪਾਲ ਸਿੰਘ, ਅਤੇ ਭਾਈ ਕਰਨ ਸਿੰਘ ਜਹਾਜ਼ ਚੜ੍ਹ ਗਏ ਅਤੇ ਜਦ ਜਹਾਜ਼ ਮੋਗਾ ਸ਼ਹਿਰ ਦੇ ਉਤੋਂ ਲੰਘ ਰਿਹਾ ਸੀ ਤਾਂ ਭਾਈ ਗਜਿੰਦਰ ਸਿੰਘ ਬਾਥਰੂਮ ਵਿਚ ਚਲੇ ਗਏ ਅਤੇ ਉਨ੍ਹਾਂ ਦੇ ਪਿੱਛੇ ਹੀ ਜਸਬੀਰ ਸਿੰਘ ਵੀ ਚਲੇ ਗਏ। ਜਦ ਏਅਰ ਹੋਸਟਸ  ਕਾਕਪਿਟ ਵਿਚੋ ਪਾਇਲਟਾਂ ਨੂੰ ਚਾਹ ਦੇ ਕੇ ਆ ਰਹੀ ਸੀ ਤਾਂ ਇਨ੍ਹਾਂ ਨੇ ਏਅਰ ਹੋਸਟਸ ਨੂੰ ਧੱਕਾ ਦੇ ਕਾਕਪਿਟ ਵਿਚ ਦਾਖ਼ਲਾ ਲੈ ਲਿਆ। ਉਸ ਵੇਲੇ ਸਾਡੇ ਕੋਲ ਗੁਰੂ ਗੋਬਿੰਦ ਸਿੰਘ ਜੀ ਦਾ ਬਖ਼ਸ਼ਿਆਂ ਸ਼ਸਤਰ ਕ੍ਰਿਪਾਨ ਸੀ ਅਤੇ ਉਨ੍ਹਾਂ ਪਾਇਲਟਾਂ ਨੂੰ ਕਿਹਾ ਕਿ ਜਹਾਜ਼ ਲਾਹੌਰ ਲੈ ਚਲੋ। ਉਸ ਵੇਲੇ ਜਹਾਜ਼ ਅੰਮ੍ਰਿਤਸਰ 'ਤੇ ਉਡ ਰਿਹਾ ਸੀ। ਇਸ ਤੋਂ ਬਾਅਦ ਜਹਾਜ ਲਾਹੌਰ ਇਹ ਕਹਿ ਕੇ ਉਤਾਰਿਆ ਗਿਆ ਕਿ ਇਸ ਵਿਚ ਖਖ਼ਾਬੀ ਹੈ ਅਤੇ 11: 30 ਵਜੇ ਜਹਾਜ਼ ਲਾਹੌਰ ਏਅਰਪੋਰਟ 'ਤੇ ਉਤਰ ਗਿਆ। ਉਨ੍ਹਾਂ ਕਿਹਾ ਕਿ ਪਾਕਿਸਤਾਨੀ ਤੰਤਰ ਵਲੋਂ ਸਾਡੇ ਨਾਲ ਗੱਲ ਸ਼ੁਰੂ ਕੀਤੀ ਤਾਂ ਅਸੀ ਅਪਣੀਆਂ ਮੰਗਾ ਵਿਚ ਮੁੱਖ ਮੰਗ ਸੰਤ ਭਿੰਡਰਾਂਵਾਲਿਆਂ ਦੀ  ਰਿਹਾਈ ਅਤੇ ਖ਼ਾਲਿਸਤਾਨ ਦੀ ਮੰਗ ਬਾਰੇ ਦਸਿਆ। ਅੰਤ ਭਾਰਤ ਦੇ ਪਾਕਿਸਤਾਨ ਵਿਚ ਰਾਜਦੂਤ ਨਟਵਰ ਸਿੰਘ ਵੀ ਆਏ ਅਤੇ ਉਨ੍ਹਾਂ ਸਾਡੇ ਨਾਲ ਗੱਲ ਕੀਤੀ। ਅਸੀ ਊਨ੍ਹਾਂ ਨੂੰ ਵੀ ਅਪਣੀਆਂ ਇਹੋ ਮੰਗਾਂ ਦਸੀਆਂ। ਇਸ ਦੌਰਾਨ ਅਸੀ ਕੁੱਝ ਯਾਤਰੂ ਰਿਹਾਅ ਕਰ ਦਿਤੇ ਅਤੇ ਬਾਕੀਆਂ ਲਈ ਖਾਣੇ ਦੀ ਮੰਗ ਵੀ ਕੀਤੀ। ਦੂਜੇ ਦਿਨ ਸਵੇਰੇ ਦੋ ਵਿਅਕਤੀ ਟਾਂਗਰੀਆਂ ਪਾ ਕੇ ਆਏ ਅਤੇ ਉਨ੍ਹਾਂ ਕਿਹਾ ਕਿ ਪਹਿਲਾਂ ਖਾਣਾ ਖਾਉਗੇ ਜਾਂ ਫਿਰ ਟਾਇਲਟ ਦੀ ਸਫ਼ਾਈ ਕੀਤੀ ਜਾਵੇ। ਅਸੀ ਉਨ੍ਹਾਂ ਨੂੰ ਸਫ਼ਾਈ ਸੇਵਕ ਸਮਝ ਲਿਆ ਜੋ ਸਾਡੀ ਭੁੱਲ ਸੀ ਅਤੇ ਉਹ ਕਮਾਂਡੋ ਸਨ। ਅੰਦਰ ਜਾ ਕੇ ਉਨ੍ਹਾਂ ਵਿਚੋਂ ਇਕ ਨੇ ਮੇਰੇ ਲੱਤ ਮਾਰ ਕੇ ਮੈਨੂੰ ਹੇਠਾਂ ਸੁੱਟ ਲਿਆ ਅਤੇ ਦੂਜੇ ਵਲੋਂ ਭਾਈ ਗਜਿੰਦਰ ਸਿੰਘ ਨੂੰ ਫੜ ਕੇ ਅਸਲੇ ਦੀ ਮਦਦ ਨਾਲ ਬਾਕੀਆਂ ਦੇ ਹੱਥ ਉਪਰ ਕਰਵਾ ਦਿਤੇ । ਮੇਰੇ ਥੱਲੇ ਡਿਗਣ  ਤੋਂ ਬਾਅਦ ਮੈਂ ਜ਼ਖ਼ਮੀ ਹੋ ਗਿਆ ਪਰ ਫਿਰ ਵੀ ਝਾੜੀਆਂ ਵਿਚ ਲੁਕੇ ਕਮਾਂਡੋ ਨੇ ਮੈਨੂੰ ਬਹੁਤ ਮਾਰਿਆ ਅਤੇ ਅੰਤ ਵਿਚ ਇਕ ਐਸ.ਐਸ.ਪੀ. ਨੇ ਆ ਕੇ ਮੈਨੂੰ ਛੁਡਾਇਆ ਅਤੇ ਗ੍ਰਿਫ਼ਤਾਰ ਕਰ ਲਿਆ। ਸਾਨੂੰ ਲਾਹੌਰ ਦੇ ਛਾਉਣੀ ਥਾਣੇ ਵਿਚ ਲਿਜਾਇਆ ਗਿਆ ਜਿਥੇ ਸਾਡੇ 'ਤੇ ਮਾਮਲਾ ਦਰਜ ਕਰ ਲਿਆ ਗਿਆ ਅਤੇ ਉਸ ਤੋਂ ਬਾਅਦ ਸਾਨੂੰ ਸੱਭ ਨੂੰ ਵੱਖ-ਵੱਖ ਕਰ ਦਿਤਾ ਗਿਆ ਅਤੇ ਅਲਗ-ਅਲਗ ਥਾਣਿਆਂ ਵਿਚ ਰਖਿਆ ਗਿਆ। ਸੱਤ ਦਿਨ ਦੀ ਸਖ਼ਤ ਪੁਛਗਿਛ ਤੋਂ ਬਾਅਦ ਸਾਨੂੰ ਇਕ ਕੋਰਟ ਵਿਚ ਪੇਸ਼ ਕਰ ਕੇ ਮਿਲਟਰੀ ਜੇਲ ਵਿਚ ਭੇਜ ਦਿਤਾ ਗਿਆ। ਜਿਸ ਜੇਲ ਵਿਚ ਸਾਨੂੰ ਰਖਿਆ ਗਿਆ ਉਥੇ ਕੋਈ ਟੁਆਇਲਟ, ਪੱਖਾ ਜਾਂ ਸਰਦੀ ਗਰਮੀ ਤੋਂ ਬਚਣ ਦਾ ਕੋਈ ਉਪਾਅ ਨਹੀਂ ਸੀ ਅਤੇ ਇਸ ਜੇਲ ਵਿਚ ਅਸੀ ਤਿੰਨ ਸਾਲ ਰਹੇ। 1984 ਵਿਚ ਸਾਨੂੰ ਲਾਇਲਪੁਰ ਦੀ ਜੇਲ ਤਬਦੀਲ ਕਰ ਦਿਤਾ ਗਿਆ ਜਿਥੇ ਸਾਨੂੰ 300 ਦੇ ਕਰੀਬ ਉਹ ਸਿੱਖ ਨੌਜਵਾਨ ਮਿਲੇ ਜੋ ਇਸ ਆਸ ਵਿਚ ਸਰਹੱਦ ਟੱਪ ਆਏ ਸਨ ਕਿ ਦਰਬਾਰ ਸਾਹਿਬ 'ਤੇ ਹੋਏ ਹਮਲੇ ਦਾ ਬਦਲਾ ਲੈਣ ਲਈ ਪਾਕਿਸਤਾਨ ਸਾਨੂੰ ਹਥਿਆਰ ਮੁਹਈਆ ਕਰਵਾਏਗਾ। ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਰਜੀਵ ਗਾਂਧੀ ਪ੍ਰਧਾਨ ਮੰਤਰੀ ਬਣੇ ਤਾਂ ਉਨ੍ਹਾਂ ਮੰਗ ਕੀਤੀ ਕਿ ਜਹਾਜ਼ ਅਗ਼ਵਾ ਦੇ ਦੋਸ਼ੀ ਭਾਰਤ ਦੇ ਹਵਾਲੇ ਕਰੋ ਜਿਸ ਤੇ ਪਾਕਿਸਤਾਨੀ ਸਰਕਾਰ ਨੇ ਨਾਂਹ ਕਰ ਦਿਤੀ ਅਤੇ ਪਾਕਿਸਤਾਨੀ ਕਾਨੂੰਨ ਤਹਿਤ ਕਾਰਵਾਈ ਕਰਨ ਦੀ ਗੱਲ ਕਹਿ ਦਿਤੀ। ਸਾਲ 1985 ਵਿਚ ਲਾਇਲਪੁਰ ਜੇਲ ਤੋਂ ਕੋਟ ਲੱਖਪੱਤ ਜੇਲ ਵਿਚ ਭੇਜ ਦਿਤਾ ਗਿਆ ਜਿਥੇ ਸਾਡੇ ਤੇ ਮੁਕੱਦਮਾ ਚਲਿਆ ਅਤੇ ਇਸ ਦੀ ਸਾਡੇ ਵਲੋਂ ਪੈਰਵਾਈ ਇੰਟਰਨੈਸ਼ਨਲ ਸਿੱਖ ਡਿਫ਼ੈਂਸ ਕਮੇਟੀ ਨੇ ਕੀਤੀ। 2 ਮਹੀਨੇ ਕੇਸ ਚੱਲਣ ਉਪਰੰਤ ਸਾਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ।
13 ਅਕਤੂਬਰ 1984 ਨੂੰ ਰਿਹਾਅ ਹੋਣ ਤੋਂ ਬਾਅਦ ਸਾਨੂੰ ਪਾਕਿਸਤਾਨੀ ਹਕੂਮਤ ਨੇ ਕਿਹਾ ਕਿ ਅਸੀ ਤੁਹਾਨੂੰ ਭਾਰਤੀ ਹਕੂਮਤ ਦੇ ਹਵਾਲੇ ਕਰਾਂਗੇ ਤਾਂ ਅਸੀ ਆਰਜੀ ਠਹਿਰਾਅ ਦੀ ਅਰਜ਼ੀ ਲਗਾ ਦਿਤੀ ਅਤੇ ਅਸੀ ਕਿਹਾ ਕਿ ਸਾਨੂੰ ਖ਼ਤਰਾ ਹੈ, ਇਸ ਲਈ ਭਾਰਤ ਨਾ ਭੇਜਿਆ ਜਾਵੇ। ਸਾਡੀ ਅਰਜ਼ੀ ਮੰਨ ਲਈ ਗਈ ਅਤੇ ਸਾਨੂੰ ਵੱਖ-ਵੱਖ ਦੇਸ਼ਾਂ ਵਿਚ ਭੇਜਿਆ ਗਿਆ ਜਿਸ ਤਹਿਤ ਤੇਜਿੰਦਰ ਪਾਲ ਸਿੰਘ ਕੈਨੇਡਾ ਚਲੇ ਗਏ ਅਤੇ ਮੈਂ ਅਮਰੀਕਾ ਚਲਾ ਗਿਆ ਜਿਥੇ ਮੈਂ ਸਾਢੇ ਤਿੰਨ ਸਾਲ ਰਿਹਾ ਅਤੇ ਸਾਨੂੰ ਡਿਪੋਰਟ ਕਰ ਕੇ ਭਾਰਤ ਭੇਜ ਦਿਤਾ ਗਿਆ। ਮੈਂ ਇਸ ਦੌਰਾਨ ਪਾਕਿਸਤਾਨ ਸਥਿਤ ਕਰਾਚੀ ਉਤਰ ਗਿਆ ਅਤੇ ਛੇ ਮਹੀਨੇ ਬਾਅਦ ਨੇਪਾਲ ਰਸਤੇ ਭਾਰਤ ਆ ਕੇ ਕੋਰਟ ਵਿਚ ਗ੍ਰਿਫ਼ਤਾਰੀ ਦੇ ਦਿਤੀ ਅਤੇ ਪਾਕਿਸਤਾਨੀ ਉਮਰ ਕੈਦ ਦੀ ਕਾਪੀ ਨਾਲ ਲਗਾ ਦਿਤੀ ਜਿਸ ਨਾਲ ਮੈਨੂੰ ਰਿਹਾਅ ਕਰ ਦਿਤਾ ਗਿਆ। ਮੇਰੇ ਨਾਲ ਹੀ ਭਾਈ ਤੇਜਿੰਦਰ ਪਾਲ ਸਿੰੰਘ ਵੀ ਭਾਰਤ ਆ ਗਏ ਅਤੇ ਉਨ੍ਹਾਂ ਮੇਰਾ ਹਵਾਲਾ ਦੇ ਕੇ ਦਿੱਲੀ ਹਾਈ ਕੋਰਟ ਵਿਚ ਅਰਜ਼ੀ ਦੇ ਦਿਤੀ ਜਿਸ ਤੇ ਸੱਤ ਸਾਲ ਤਕ ਕੋਈ ਫ਼ੈਸਲਾ ਨਹੀਂ ਸੁਣਾਇਆ ਗਿਆ ਅਤੇ ਸਾਲ 2007 ਵਿਚ ਜੱਜ ਵਲੋਂ ਇਹ ਕੇਸ ਦਿੱਲੀ ਕਰਾਈਮ ਬਰਾਂਚ ਨੂੰ ਦੇ ਦਿਤਾ ਗਿਆ ਜਿਨਾਂ ਵਲੋਂ 2012 ਵਿਚ ਰੀਪੋਰਟ ਦਿਤੀ ਅਤੇ ਸਾਡੇ ਦੋਹਾਂ ਤੇ ਧਾਰਾ 121, 121ਏ., ਅਤੇ 124 ਏ ਲਗਾ ਦਿਤੀ ਗਈ ਤੇ ਗ਼ੈਰ ਜ਼ਮਾਨਤੀ ਵਾਰੰਟ ਜਾਰੀ ਕਰ ਦਿਤੇ ਗਏ। ਸਾਡਾ ਕੇਸ ਹੁਣ ਲੋਅਰ ਕੋਰਟ ਵਿਚ ਚਲਾ ਗਿਆ ਸੀ ਅਤੇ 18 ਜੁਲਾਈ 2017 ਨੂੰ ਅਸੀ ਜ਼ਮਾਨਤਾਂ ਕਰਵਾਈਆਂ। ਹੁਣ ਸਾਡੇ ਤੇ ਲਗੀਆਂ ਧਾਰਾਵਾ ਵਿਚੋਂ 124 ਏ ਤੋੜ ਦਿਤੀ ਗਈ।  ਦਲ ਖ਼ਾਲਸਾ ਦੇ ਖਾੜਕੂ ਭਾਈ ਸਤਨਾਮ ਵਿਚ ਪਾਉਂਟਾ ਸਾਹਿਬ ਦਾ ਕਹਿਣਾ ਹੈ ਕਿ ਭਾਰਤੀ ਹਕੂਮਤ ਵਲੋਂ ਸਾਡੇ ਨਾਲ ਧੱਕਾ ਕੀਤਾ ਜਾ ਰਿਹਾ ਹੈ ਅਤੇ ਇਹ ਕੇਸ ਸਾਡੇ ਤੇ ਬਣਦੇ ਹੀ ਨਹੀਂ। ਉਨ੍ਹਾਂ ਕਿਹਾ ਕਿ ਜਦ ਉਹ ਭਾਰਤੀ ਅਦਾਲਤ ਅੱਗੇ ਪੇਸ਼ ਹੋਏ ਸਨ, ਇਹ ਧਾਰਾ ਉਸ ਵੇਲੇ ਕਿਉਂ ਨਾ ਲਗਾਈਆਂ ਗਈਆਂ ਅਤੇ ਜਦ ਸਾਥੀ ਖਾੜਕੂ ਭਾਈ ਤਜਿੰਦਰ ਪਾਲ ਸਿੰੰਘ ਨੇ ਮੇਰੇ ਕੇਸ ਨੂੰ ਆਧਾਰ ਬਣਾਇਆ ਸੀ ਤਾਂ ਉਸ ਨੂੰ ਵੀ ਰਿਹਾਅ ਕੀਤਾ ਜਾਣਾ ਚਾਹੀਦਾ ਸੀ ਨਾ ਕਿ ਸਾਡੇ 'ਤੇ ਮੁਕੱਦਮਾ ਚਲਦਾ। ਉਹ ਕਹਿੰਦੇ ਹਨ ਕਿ ਸਾਨੂੰ ਅਕਾਲ ਪੁਰਖ ਤੇ ਪੂਰਾ ਭਰੋਸਾ ਹੈ ਕਿ ਅਸੀ ਭਾਰਤੀ ਹਕੂਮਤ ਦੇ ਇਨ੍ਹਾਂ ਕੇਸਾ ਵਿਚੋਂ ਜ਼ਰੂਰ ਰਿਹਾਅ ਹੋਵਾਂਗੇ।

SHARE ARTICLE
Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement