
ਸ੍ਰੀ ਆਨੰਦਪੁਰ ਸਾਹਿਬ 1 ਮਾਰਚ ( ਸੁਖਵਿੰਦਰ ਪਾਲ ਸਿੰਘ, ਕੁਲਵਿੰਦਰ ਜੀਤ ਸਿੰਘ): ਹੋਲੇ-ਮਹੱਲੇ ਦੇ ਪਵਿੱਤਰ ਦਿਹਾੜੇ ਮੌਕੇ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ (ਇਸਮਾ) ਅਤੇ ਨੈਸ਼ਨਲ ਗਤਕਾ ਐਸੋਸੀਏਸ਼ਨ ਆਫ਼ ਇੰਡੀਆ ਵਲੋਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਚੌਥਾ ਵਿਰਸਾ ਸੰਭਾਲ ਗਤਕਾ ਕੱਪ ਕਰਵਾਇਆ ਗਿਆ ਜਿਸ ਵਿਚ ਗਤਕਾ ਟੀਮਾਂ ਨੇ ਦਰਸ਼ਕਾਂ ਨੂੰ ਦੰਦ ਜੋੜਨ ਲਈ ਮਜਬੂਰ ਕਰ ਦਿਤਾ। ਗਤਕਾ ਐਸੋਸੀਏਸ਼ਨ ਪੰਜਾਬ ਅਤੇ ਜ਼ਿਲ੍ਹਾ ਗਤਕਾ ਐਸੋਸੀਏਸ਼ਨ ਰੂਪਨਗਰ ਦੇ ਸਹਿਯੋਗ ਨਾਲ ਕਰਵਾਏ ਇਸ ਟੂਰਨਾਮੈਂਟ ਦਾ ਉਦਘਾਟਨ ਇਸਮਾ ਦੇ ਚੇਅਰਮੈਨ ਹਰਜੀਤ ਸਿੰਘ ਗਰੇਵਾਲ ਨੇ ਕੀਤਾ। ਉਨ੍ਹਾਂ ਦੇ ਨਾਲ ਬਾਬਾ ਸ਼ੇਰ ਸਿੰਘ ਮਾਹੋਰਾਣਾ, ਜਥੇਦਾਰ ਜਗਮਿੱਤਰ ਸਿੰਘ ਅਤੇ ਇਮਮਾ ਦੇ ਸੀਨੀਅਰ ਵਾਈਸ ਚੇਅਰਮੈਨ
ਰਘਬੀਰ ਚੰਦ ਸ਼ਰਮਾ ਨੇ ਵੀ ਸਨ। ਸ. ਹਰਜੀਤ ਸਿੰਘ ਗਰੇਵਾਲ, ਜੋ ਨੈਸ਼ਨਲ ਗਤਕਾ ਐਸੋਸੀਏਸ਼ਨ ਦੇ ਪ੍ਰਧਾਨ ਵੀ ਹਨ, ਨੇ ਕਿਹਾ ਕਿ ਗਤਕਾ ਖੇਡ ਦਾ ਭਵਿੱਖ ਬਹੁਤ ਉਜੱਲ ਹੈ। ਉਨ੍ਹਾਂ ਸੰਗਤ ਨੂੰ ਸੱਦਾ ਦਿਤਾ ਕਿ ਉਹ ਨੌਜਵਾਨਾਂ ਨੂੰ ਅਪਣੇ ਸਭਿਆਚਾਰ, ਵਿਰਸੇ ਤੇ ਮਾਂ-ਬੋਲੀ ਨਾਲ ਜੋੜਨ ਲਈ ਗਤਕਾ ਖੇਡ ਵਲ ਪ੍ਰੇਰਤ ਕਰਨ ਤਾਕਿ ਗਤਕੇ ਨੂੰ ਘਰ-ਘਰ ਦੀ ਖੇਡ ਬਣਾਇਆ ਜਾਵੇ ਅਤੇ ਪਿੰਡ ਪੱਧਰ 'ਤੇ ਗਤਕਾ ਅਖਾੜੇ ਖੋਲ੍ਹ ਕੇ ਬੱਚਿਆਂ ਨੂੰ ਸਿਖਲਾਈ ਦਿਤੀ ਜਾਵੇ। ਇਸ ਮੌਕੇ ਜਥੇਦਾਰ ਜਗਮਿੱਤਰ ਸਿੰਘ ਨੇ ਇਸਮਾ ਵਲੋਂ ਗਤਕਾ ਦੀ ਪ੍ਰਫ਼ੁੱਲਤਾ ਲਈ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਕਰਵਾਏ ਜਾ ਰਹੇ ਵਿਰਸਾ ਸੰਭਾਲ ਗਤਕਾ ਪ੍ਰੋਗਰਾਮਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਸਮੂਹ ਗਤਕਾ ਟੀਮਾਂ ਦੀ ਨਕਦ ਇਨਾਮਾਂ ਨਾਲ ਹੌਸਲਾ ਅਫ਼ਜਾਈ ਕੀਤੀ ਗਈ ਅਤੇ ਸਮਾਗਮ ਵਿਚ ਪਹੁੰਚੇ ਪਤਵੰਤੇ ਸਜਣਾ ਨੂੰ ਸਨਮਾਨਤ ਕੀਤਾ ਗਿਆ।