
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਧਰਮ ਪ੍ਰਚਾਰ ਸਬੰਧੀ ਹੋਈ ਇਕੱਤਰਤਾ
ਸ੍ਰੀ ਅਨੰਦਪੁਰ ਸਾਹਿਬ, 30 ਜਨਵਰੀ (ਸੁਖਵਿੰਦਰਪਾਲ ਸਿੰਘ ਸੁੱਖੂ): ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਹੈ ਕਿ ਧਰਮ ਪ੍ਰਚਾਰ ਲਹਿਰ ਨੂੰ ਪਿੰਡ ਪੱਧਰ ਤਕ ਪਹੁੰਚਾਉਣ ਲਈ ਗੁਰਸਿੱਖ ਨੌਜਵਾਨਾਂ ਦੀਆਂ ਤਾਲਮੇਲ ਕਮੇਟੀਆਂ ਬਣਾਈਆਂ ਜਾਣਗੀਆਂ ਜੋ ਪ੍ਰਚਾਰਕ ਜਥਿਆਂ ਨੂੰ ਪ੍ਰੋਗਰਾਮ ਉਲੀਕਣ ਵਿਚ ਸਹਾਇਤਾ ਕਰਨਗੀਆਂ। ਉਹ ਇਥੇ ਦੁਆਬਾ ਜ਼ੋਨ ਦੇ 6 ਜ਼ਿਲ੍ਹਿਆਂ ਅਤੇ ਨਾਲ ਲਗਦੇ ਹਿਮਾਚਲ ਪ੍ਰਦੇਸ਼ ਤੇ ਚੰਡੀਗੜ੍ਹ ਦੇ ਸ਼੍ਰੋਮਣੀ ਕਮੇਟੀ ਮੈਂਬਰਾਂ, ਪ੍ਰਚਾਰਕਾਂ, ਧਾਰਮਕ ਅਧਿਆਪਕਾਂ, ਸਕੂਲਾਂ/ਕਾਲਜਾਂ ਦੇ ਪ੍ਰਿੰਸੀਪਲਾਂ ਅਤੇ ਸਥਾਨਕ ਗੁਰਦੁਆਰਾ ਕਮੇਟੀਆਂ ਦੇ ਨੁਮਾਇੰਦਿਆਂ ਦੀ ਇਕੱਤਰਤਾ ਨੂੰ ਸੰਬੋਧਨ ਕਰ ਰਹੇ ਸਨ। ਦਸਣਯੋਗ ਹੈ ਕਿ ਸ਼੍ਰੋਮਣੀ ਕਮੇਟੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਤ ਅਗਾਊਂ ਪ੍ਰੋਗਰਾਮਾਂ ਤਹਿਤ ਸ਼੍ਰੋਮਣੀ ਕਮੇਟੀ ਮੈਂਬਰਾਂ ਅਤੇ ਪ੍ਰਚਾਰਕ ਸ਼੍ਰੇਣੀ ਨੂੰ ਸਰਗਰਮ ਕੀਤਾ ਜਾ ਰਿਹਾ ਹੈ ਅਤੇ ਇਸੇ ਤਹਿਤ 11 ਫ਼ਰਵਰੀ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਇਕ ਵਿਸ਼ਾਲ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ। ਲੌਂਗੋਵਾਲ ਨੇ ਕਿਹਾ ਕਿ ਧਰਮ ਪ੍ਰਚਾਰ ਨੂੰ ਇਕੱਲਾ ਸਟੇਜੀ ਪ੍ਰਚਾਰ ਤਕ ਹੀ ਸੀਮਿਤ ਨਹੀਂ ਰਖਿਆ ਜਾਵੇਗਾ ਸਗੋਂ ਜ਼ਮੀਨੀ ਪੱਧਰ 'ਤੇ ਸੱਥਾਂ, ਖੇਡ ਕਲੱਬਾਂ, ਸਕੂਲਾਂ/ਕਾਲਜਾਂ ਦੇ ਵਿਦਿਆਰਥੀਆਂ ਤਕ ਪਹੁੰਚ ਕੀਤੀ ਜਾਵੇਗੀ। ਉਨ੍ਹਾਂ ਪ੍ਰਚਾਰਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਸੰਗਤ ਤਕ ਪਹੁੰਚ ਕਰ ਕੇ ਗੁਰਮਤਿ ਫ਼ਲਸਫ਼ੇ ਦੇ ਪ੍ਰਸਾਰ ਲਈ ਕੰਮ ਕਰਨ।
ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿ. ਰਘਬੀਰ ਸਿੰਘ ਨੇ ਕਿਹਾ ਕਿ ਜਦ ਵੀ ਸਿੱਖ ਕੌਮ ਨੂੰ ਚੁਨੌਤੀਆਂ ਦਾ ਸਾਹਮਣਾ ਕਰਨਾ ਪਿਆ, ਉਦੋਂ ਹੀ ਪੰਥ ਨੇ ਇਕਜੁੱਟ ਹੋ ਕੇ ਸਿੱਖੀ ਦੀ ਚੜ੍ਹਦੀਕਲਾ ਲਈ ਹੰਭਲਾ ਮਾਰਿਆ। ਇਸ ਦੌਰਾਨ ਭਾਈ ਲੌਂਗੋਵਾਲ ਨੇ ਕਿਹਾ ਕਿ ਸਿੱਖ ਮਸਲਿਆਂ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦਾ ਇਕ ਉੱਚ ਪਧਰੀ ਵਫ਼ਦ ਛੇਤੀ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਮਿਲੇਗਾ। ਉਨ੍ਹਾਂ ਕਿਹਾ ਕਿ ਜਗਦੀਸ਼ ਟਾਈਟਲਰ ਵਲੋਂ ਇਹ ਇਕਬਾਲ ਕਰਨਾ ਕਿ ਉਹ ਸਾਲ 1984 ਵਿਚ ਦਿੱਲੀ ਵਿਖੇ ਹੋਏ ਸਿੱਖ ਕਤਲੇਆਮ ਸਮੇਂ ਰਾਜੀਵ ਗਾਂਧੀ ਨਾਲ ਗੱਡੀ ਵਿਚ ਬੈਠ ਕੇ ਪ੍ਰਭਾਵਤ ਇਲਾਕਿਆਂ ਦਾ ਦੌਰਾ ਕਰਨ ਗਿਆ ਸੀ, ਉਸ ਦੇ ਇਸ ਕਤਲੇਆਮ ਵਿਚ ਸ਼ਾਮਲ ਹੋਣ ਦੀ ਗਵਾਹੀ ਵਜੋਂ ਹੀ ਮੰਨਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਟਾਈਟਲਰ ਵਲੋਂ ਅੱਜ 34 ਸਾਲਾਂ ਬਾਅਦ ਇਹ ਬਿਆਨ ਦੇਣਾ ਕਈ ਤਰ੍ਹਾਂ ਦੇ ਸਵਾਲ ਖੜੇ ਕਰਦਾ ਹੈ। ਜੇ ਉਸ ਦਾ ਇਹ ਇਕਬਾਲ ਸੱਚ ਹੈ ਤਾਂ ਅੱਧੀ ਸਦੀ ਦੇ ਲਗਭਗ ਸਮਾਂ ਬੀਤਣ ਤਕ ਉਸ ਨੇ ਪ੍ਰਗਟ ਕਿਉਂ ਨਾ ਕੀਤਾ।