
ਆਲਮਗੀਰ, 24 ਫ਼ਰਵਰੀ (ਹਰਜੀਤ ਸਿੰਘ ਨੰਗਲ): ਸ਼੍ਰੋਮਣੀ ਕਮੇਟੀ ਵਲੋਂ ਸਿੱਖ ਧਰਮ ਦੇ ਪ੍ਰਚਾਰ ਲਈ ਕਈ ਧਰਮ ਪ੍ਰਚਾਰ ਲਹਿਰਾਂ ਚਲਾਈਆਂ ਗਈਆਂ ਹਨ ਤਾਕਿ ਸਿੱਖ ਧਰਮ ਹੋਰ ਪ੍ਰਫੁੱਲਤ ਹੋ ਸਕੇ ਪਰ ਧਰਮ ਪ੍ਰਚਾਰ ਲਹਿਰਾਂ ਦੌਰਾਨ ਸਿੱਖੀ ਦੀ ਪ੍ਰਚਾਰ ਵਿਚ ਇਕ ਸਾਲ ਦੇ ਸਮੇਂ ਵਿਚ ਕਿੰਨਾ ਵਾਧਾ ਹੋਇਆ ਸ਼ਾਇਦ, ਇਹ ਕੋਈ ਪ੍ਰਧਾਨ ਹੀ ਦੱਸ ਸਕਦਾ ਹੈ? ਜੇ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਦੀਆਂ ਲਹਿਰਾ ਦਾ ਅਸਰ ਹੁੰਦਾ ਹੈ ਤਾਂ ਲੋਕ ਆਏ ਦਿਨ ਡੇਰਿਆ ਵਲ ਅਪਣਾ ਰੁਖ ਕਿਉਂ ਕਰਦੇ ਜਾ ਰਹੇ ਹਨ, ਇਸ ਲਈ ਕੌਣ ਜ਼ਿੰਮੇਵਾਰ ਹੈ। ਕਿਉਂਕਿ ਬਹੁਤ ਸਾਰੇ ਡੇਰਿਆਂ ਵਿਚ ਤਾਂ ਲੋੜਵੰਦ ਲੋਕਾਂ ਨੂੰ ਸਹੂਲਤਾਂ ਦੇ ਨਾਲ-ਨਾਲ ਮਾਣ ਸਤਿਕਾਰ ਮਿਲਣ ਦੇ ਵੀ ਚਰਚੇ ਹਨ ਪਰ ਸ਼੍ਰੋਮਣੀ ਕਮੇਟੀ ਵਿਚ ਜੇ ਗਹੂ ਨਾਲ ਵੇਖਿਆ ਜਾਵੇ ਤਾਂ ਗੁਰਦੁਆਰਿਆਂ ਵਿਚ ਮੈਨੇਜਰ, ਖ਼ਜਾਨਚੀ, ਅਕਾਊਂਟੈਂਟ, ਰਿਕਾਰਡਕੀਪਰ, ਸਟੋਰਕੀਪਰ, ਸਰਾਵਾਂ ਤੇ ਦੇਗਘਰ ਤੋਂ ਮੇਨ ਅਹੁਦਿਆਂ 'ਤੇ ਇਕ ਵਰਗ ਨਾਲ ਸਬੰਧਤ ਅਪਣੇ ਚਹੇਤਿਆਂ ਨੂੰ ਬਿਰਾਜਮਾਨ ਕੀਤਾ ਜਾਂਦਾ ਹੈ। ਲੋੜਵੰਦ ਲੋਕ ਤਾਂ ਸਿਰਫ਼ ਸੇਵਾਦਾਰੀ ਜੋਗੇ ਹੀ ਰਹਿ ਜਾਂਦੇ ਹਨ, ਕੀ ਇਸ ਨਾਲ ਸਿੱਖ ਧਰਮ ਦਾ ਪ੍ਰਸਾਰ ਹੋ ਸਕੇਗਾ?
ਇਥੇ ਹੀ ਬੱਸ ਨਹੀਂ, ਪਿੰਡਾਂ ਵਿਚ ਈਸਾਈ ਧਰਮ ਪ੍ਰਚਾਰਕ ਘਰ-ਘਰ ਅਪਣੇ ਧਰਮ ਲਿਟਰੇਚਰ ਵੰਡਦੇ ਹਨ ਤਾਂ ਇਸ ਦਾ ਪ੍ਰਭਾਵ ਵੀ ਵੇਖਣ ਨੂੰ ਮਿਲ ਰਿਹਾ ਹੈ ਪਰ ਸ਼੍ਰੋਮਣੀ ਕਮੇਟੀ ਮੈਂਬਰ, ਪ੍ਰਚਾਰਕ ਪਿੰਡਾਂ ਵਿਚ ਘਰ-ਘਰ ਤਕ ਪਹੁੰਚਾਉਣ ਵਿਚ ਅਫ਼ਸਲ ਜਾਪ ਰਹੇ ਹਨ। ਸਿਰਫ਼ ਸ਼੍ਰੋਮਣੀ ਕਮੇਟੀ ਮੈਂਬਰ ਤਾਂ ਅਪਣੇ ਸਿਆਸੀ ਅਕਾਵਾਂ ਨੂੰ ਖ਼ੁਸ਼ ਕਰਨ ਵਿਚ ਲੱਗੇ ਰਹਿੰਦੇ ਹਨ। ਸਿੱਖ ਧਰਮ ਦਾ ਧੁਰਾ ਸਮਝੇ ਜਾਂਦੇ ਸਿਗਲੀਗਰ ਤੇ ਦਲਿਤ ਸਿੱਖ ਪਿੰਡਾਂ ਵਿਚ ਗੁਰੂ ਨਾਨਕ ਦੇਵ ਜੀ ਦੇ ਮਿਸ਼ਨ ਨੂੰ ਅਜੇ ਵੀ ਸਾਂਭੀ ਬੈਠੇ ਹਨ। ਇਸ ਸਬੰਧੀ ਗਿਆਨੀ ਢਿੱਡ ਸਿੰਘ ਐਜੂਕੇਸ਼ਨ ਐਂਡ ਵੈਲਫ਼ੇਅਰ ਸੁਸਾਇਟੀ ਪੰਜਾਬ ਦੇ ਕੌਮੀ ਪ੍ਰਧਾਨ ਕਰਤਿੰਦਰ ਪਾਲ ਸਿੰਘ ਸਿੰਘਪੁਰਾ ਨੇ ਕਿਹਾ ਕਿ ਸਿੱਖ ਧਰਮ ਵਿਚ ਊਚ-ਨੀਚ ਨੂੰ ਕੋਈ ਥਾਂ ਨਹੀਂ ਹੈ। ਗੁਰੂ ਸਾਹਿਬਾਨ ਨੇ ਇਸ ਨੂੰ ਮੁੱਢੋਂ ਖ਼ਤਮ ਕਰ ਕੇ ਲੰਗਰ ਪ੍ਰਥਾ ਦਾ ਆਰੰਭ ਕੀਤਾ। ਸਿੱਖੀ ਦੀ ਚੜ੍ਹਦੀਕਲਾ ਵਿਚ ਬਾਬਾ ਸੰਗਤ ਸਿੰਘ, ਬਾਬਾ ਜੀਵਨ ਸਿੰਘ, ਭਾਈ ਜੈ ਸਿੰਘ ਜੀ ਖਲਕਟ ਸਮੇਤ ਅਨੇਕਾਂ ਦਲਿਤ ਸਿੱਖਾਂ ਦੀਆਂ ਕੁਰਬਾਨੀਆਂ ਨਾਲ ਇਤਿਹਾਸ ਭਰਿਆ ਪਿਆ ਹੈ ਜਿਨ੍ਹਾਂ ਨੂੰ ਭਲਾਇਆ ਨਹੀਂ ਜਾ ਸਕਦਾ ਪਰ ਪੁਰਾਣੇ ਤੇ ਅਜੋਕੇ ਸਮੇਂ ਵਿਚ ਵੀ ਸ਼੍ਰੋਮਣੀ ਕਮੇਟੀ 'ਤੇ ਕਾਬਜ਼ ਧਿਰਾਂ ਨੇ ਹਮੇਸ਼ਾ ਦਲਿਤ ਸਿੱਖਾਂ ਨਾਲ ਪੱਖਪਾਤ ਕੀਤਾ।