
ਨੰਗਲ, 5 ਮਾਰਚ (ਕੁਲਵਿੰਦਰ ਜੀਤ ਸਿੰਘ): ਸਥਾਨਕ ਇਤਿਹਾਸਿਕ ਗੁਰਦਵਾਰਾਂ ਘਾਟ ਸਾਹਿਬ ਵਿਚ ਵੀ ਇਸ ਵਾਰ ਹੌਲੇ ਮਹੱਲੇ ਦੀਆਂ ਰੋਣਕਾਂ ਵੇਖਣ ਨੂੰ ਮਿਲੀਆਂ। ਇਸ ਵਾਰ ਖ਼ਾਸ ਗੱਲ ਇਹ ਰਹੀ ਕਿ ਸ੍ਰੀ ਆਨੰਦਪੁਰ ਸਾਹਿਬ ਵਿਚ ਤਾਂ ਹੌਲਾ ਮਹੱਲਾ ਭਰਿਆ ਹੀ ਪਰ ਨਾਲ ਲਗਦੇ ਨੰਗਲ ਸ਼ਹਿਰ ਵਿਚ ਵੀ ਯਾਤਰੂਆਂ ਦੀ ਆਮਦ ਵਾਧੂ ਰਹੀ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰਦਵਾਰਾ ਘਾਟ ਸਾਹਿਬ ਕਮੇਟੀ ਵਲੋਂ ਸੰਗਤ ਦੇ ਰਹਿਣ ਅਤੇ ਖਾਣ ਦਾ ਪੂਰਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਗੁਰਦਵਾਰਾ ਘਾਟ ਸਾਹਿਬ ਦੇ ਪ੍ਰਧਾਨ ਜਥੇਦਾਰ ਜਗਦੇਵ ਸਿੰਘ ਕੁੱਕੂ ਨੇ ਕਿਹਾ ਕਿ ਇਸ ਵਾਰ ਲਗਭਗ 40 ਹਜ਼ਾਰ ਦੇ ਕਰੀਬ ਸੰਗਤ ਨੇ ਇਥੇ ਲੰਗਰ ਛਕਿਆ ਅਤੇ ਰੋਜ਼ ਰਾਤ ਰਹਿਣ ਲਈ 10 ਹਜ਼ਾਰ ਸੰਗਤ ਦਾ ਪ੍ਰਬੰਧ ਸੀ।
ਉਨ੍ਹਾਂ ਦਸਿਆ ਕਿ ਇਸ ਦੇ ਲਈ ਗੁਰੂ ਤੇਗ ਬਹਾਦਰ ਪਬਲਿਕ ਸਕੂਲ, ਗੁਰਦਵਾਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਕਮਰੇ ਅਤੇ ਗੁਰਦਵਾਰਾ ਘਾਟ ਸਾਹਿਬ ਦੀ ਸਰਾਂ ਵੀ ਸੰਗਤ ਲਈ ਖੋਲ੍ਹੀ ਗਈ ਸੀ। ਉਨ੍ਹਾਂ ਕਿਹਾ ਕਿ ਇਸ ਵਾਰ ਸੰਗਤ ਦੀ ਗਿਣਤੀ ਪਿਛਲੀ ਵਾਰ ਤੋਂ ਜ਼ਿਆਦਾ ਸੀ। ਦਸਣਾ ਬਣਦਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਬਿਭੌਰ ਸਾਹਿਬ ਨੂੰ ਜਾਣ ਲਈ ਇਸ ਅਸਥਾਨ ਤੋਂ ਕਿਸ਼ਤੀ ਲਈ ਸੀ ਇਸ ਲਈ ਇਸ ਨੂੰ ਗੁਰਦਵਾਰਾ ਘਾਟ ਸਾਹਿਬ ਦੇ ਨਾਲ ਜਾਣਿਆ ਜਾਂਦਾ ਹੈ। ਇਸ ਮੌਕੇ ਜਸਪਾਲ ਸਿੰਘ, ਅਮਰਜੀਤ ਸਿੰਘ, ਸ਼ਰਨਜੀਤ ਸਿੰਘ, ਭਾਈ ਬਚਿੱਤਰ ਸਿੰਘ, ਕੁਲਦੀਪ ਸਿੰਘ ਐਸ.ਡੀ.ਓ., ਬੀਰ ਇੰਦਰ ਸਿੰਘ ਸੂਰੀ, ਬਬਨਦੀਪ ਸਿੰਘ ਕੋਹਲੀ, ਵਿਵੇਕ ਸਿੰਘ ਕੋਹਲੀ, ਮਨਮੋਹਨ ਸਿੰਘ ਮੋਹਣੀ, ਓਂਕਾਰ ਸਿੰਘ, ਗੁਰਨਾਮ ਸਿੰਘ, ਸੋਨੂੰ, ਲੱਕੀ ਆਦਿ ਵਲੋਂ ਸੰਗਤ ਦੀ ਸੰਭਾਲ ਲਈ ਵਿਸ਼ੇਸ਼ ਯੋਗਦਾਨ ਪਾਇਆ ਗਿਆ।