
ਅੰਮ੍ਰਿਤਸਰ, 29 ਜਨਵਰੀ (ਸੁਖਵਿੰਦਰਜੀਤ ਸਿੰਘ ਬਹੋੜੂ): ਜੰਮੂ-ਕਸ਼ਮੀਰ ਦੇ ਆਗੂ ਪ੍ਰੋਫ਼ੈਸਰ ਐਸਏਆਰ ਗਿਲਾਨੀ ਨੇ ਅੱਜ ਦਰਬਾਰ ਸਾਹਿਬ ਸਾਹਿਬ ਮੱਥਾ ਟੇਕਿਆ ਅਤੇ ਇਲਾਹੀ ਬਾਣੀ ਦਾ ਕੀਰਤਨ ਸਰਵਨ ਕਰਦਿਆਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਦਲ ਖ਼ਾਲਸਾ ਦੇ ਬੁਲਾਰੇ ਭਾਈ ਕੰਵਰਪਾਲ ਸਿੰਘ ਤੇ ਹੋਰ ਆਗੂ ਮੌਜੂਦ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰੋ. ਗਿਲਾਨੀ ਨੇ ਸਪੱਸ਼ਟ ਕੀਤਾ ਕਿ ਕਸ਼ਮੀਰ ਮੁੱਦੇ ਦਾ ਹੱਲ ਕਰਨ ਨਾਲ ਹੀ ਹਿੰਦ-ਪਾਕਿ 'ਚੋਂ ਤਣਾਅ ਖ਼ਤਮ ਹੋਵੇਗਾ। 70 ਸਾਲ ਤੋਂ ਕਸ਼ਮੀਰੀ ਭਾਰਤੀ ਤਸ਼ੱਦਦ ਸਹਿਣ ਕਰ ਰਹੇ ਹਨ। ਭਾਰਤੀ ਹੁਕਮਰਾਨ ਦੀ ਆਲੋਚਨਾ ਕਰਦਿਆਂ ਗਿਲਾਨੀ ਨੇ ਕਿਹਾ ਕਿ ਸਰਕਾਰ ਲੋਕਾਂ ਤੋਂ ਕਸ਼ਮੀਰੀਆਂ ਦੀ ਅਸਲੀਅਤ ਛੁਪਾ ਰਹੀ ਹੈ। ਪਾਕਿਸਤਾਨ ਕਸ਼ਮੀਰੀਆਂ ਦੇ ਨਾਲ ਖੜਾ ਹੈ। ਯੂਐਨਏ ਨੇ ਕਸ਼ਮੀਰੀਆਂ ਦਾ ਪੱਖ ਮੰਨ ਲਿਆ ਹੈ। ਪੰਜਾਬ ਦੀ ਸਥਿਤੀ ਕਸ਼ਮੀਰ ਨਾਲੋਂ ਵਖਰੀ ਹੈ।
ਭਾਰਤ ਨੇ ਕਸ਼ਮੀਰ ਦਾ ਮੁੱਦਾ ਯੂਐਨਉ 'ਚ ਚੁਕਿਆ ਹੈ। ਇਸ ਵੇਲੇ ਕਸ਼ਮੀਰ ਦਾ ਮਾਮਲਾ ਇੰਟਰਨੈਸ਼ਨਲ ਬਣ ਚੁੱਕਾ ਹੈ। ਭਾਰਤੀ ਫ਼ੌਜ ਤੇ ਅਰਧ ਸੁਰੱਖਿਆ ਬਲ ਨੌਜਵਾਨ ਕਸ਼ਮੀਰੀਆਂ ਨੂੰ ਘਰਾਂ ਵਿਚੋਂ ਚੁੱਕ ਕੇ ਲੈ ਜਾਂਦੇ ਹਨ ਜੋ ਹੁਣ ਹਜ਼ਾਰਾਂ ਦੀ ਗਿਣਤੀ ਵਿਚ ਲਾਪਤਾ ਹਨ। ਉਨ੍ਹਾਂ ਦਾ ਕੋਈ ਪਤਾ ਨਹੀਂ ਲੱਗ ਰਿਹਾ। ਗਿਲਾਨੀ ਮੁਤਾਬਕ ਕਸ਼ਮੀਰੀ ਦਹਿਸ਼ਤਗਰਦ ਨਹੀਂ ਅਜ਼ਾਦੀ ਦੀ ਮੰਗ ਲਈ ਘੋਲ ਕਰ ਰਹੇ ਹਨ। ਉਨ੍ਹਾਂ ਨੂੰ ਸਵੈ ਨਿਰਣੈ ਦਾ ਹੱਕ ਨਹੀਂ ਮਿਲ ਰਿਹਾ। ਗਿਲਾਨੀ ਨੇ ਪਾਕਿਸਤਾਨੀ ਹਮਾਇਤ ਨੂੰ ਜਾਇਜ਼ ਕਰਾਰ ਦਿੰਦਿਆਂ ਕਿਹਾ ਕਿ ਭਾਰਤੀ ਸਰਕਾਰ ਅਰਬਾਂ-ਖਰਬਾਂ ਰੁਪਈਆਂ ਸੁਰੱਖਿਆ ਦੇ ਨਾਂਅ 'ਤੇ ਖ਼ਰਚ ਕਰ ਰਹੀ ਹੈ ਪਰ ਸਿਆਸੀ ਮਸਲੇ ਦਾ ਹੱਲ ਕਰਨ ਤੋਂ ਸੰਕੋਚ ਕਰ ਰਹੀ ਹੈ। ਗਿਲਾਨੀ ਨੇ ਦਾਅਵਾ ਕੀਤਾ ਕਿ ਕਸ਼ਮੀਰ 'ਚ ਇਕ ਦਿਨ ਆਜ਼ਾਦੀ ਦਾ ਸੂਰਜ ਨਿਕਲੇਗਾ। ਕਸ਼ਮੀਰ 'ਚ ਝੂਠੇ ਮੁਕਾਬਲੇ 30 ਸਾਲ ਤੋਂ ਹੋ ਰਹੇ ਹਨ। 900 ਤੋਂ ਜ਼ਿਆਦਾ ਕਸ਼ਮੀਰ ਨੌਜਵਾਨ ਤੇਹਾੜ ਜੇਲ 'ਚ ਬੰਦ ਹਨ ਤੇ ਜੇਲਾਂ ਵਿਚ ਸੜ ਰਹੇ ਹਨ। ਘੱਟ ਗਿਣਤੀਆਂ ਨੂੰ ਮੁਕਾਉਣ ਦੀ ਕੋਸ਼ਿਸ ਜਾਰੀ ਹੈ।