ਖਾਲੜਾ ਮਿਸ਼ਨ ਨੇ ਕਾਉਂਕੇ ਦਾ ਮਾਮਲਾ ਸੁਪਰੀਮ ਕੋਰਟ ਦੇ ਧਿਆਨ ਵਿਚ ਲਿਆਂਦਾ
Published : Jan 1, 2018, 11:19 pm IST
Updated : Jan 1, 2018, 5:49 pm IST
SHARE ARTICLE

ਤਰਨਤਾਰਨ, 1 ਜਨਵਰੀ (ਚਰਨਜੀਤ ਸਿੰਘ): ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਦੇ ਕਾਨੂੰਨੀ ਸਲਾਹਕਾਰ ਐਡਵੋਕੇਟ ਜਗਦੀਪ ਸਿੰਘ ਰੰਧਾਵਾ ਅਤੇ ਪ੍ਰਚਾਰ ਸਕੱਤਰ ਪ੍ਰਵੀਨ ਕੁਮਾਰ ਨੇ ਸੁਪਰੀਮ ਕੋਰਟ ਦੇ ਮੁੱਖ ਜੱਜ ਨੂੰ ਪੱਤਰ ਲਿਖ ਕੇ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਾਂਕੇ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਹੈ। ਪੱਤਰ ਪ੍ਰੈੱਸ ਨੂੰ ਜਾਰੀ ਕਰਦਿਆਂ ਐਡਵੋਕੇਟ ਜਗਦੀਪ ਸਿੰਘ ਨੇ ਦਸਿਆ ਕਿ ਅੱਜ ਅਸੀ ਮੁਖ ਜੱਜ ਨੂੰ ਲਿਖਿਆ ਹੈ ਕਿ ਤੁਹਾਡੇ ਨੋਟਿਸ ਵਿਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਦਾ ਮਾਮਲਾ ਲਿਆ ਰਹੇ ਹਾਂ। ਇਨ੍ਹਾਂ ਨੂੰ 25 ਦਸੰਬਰ 1992 ਨੂੰ ਪਿੰਡ ਤੋ ਭਰੀ ਪੰਚਾਇਤ ਸਾਹਮਣੇ ਗ੍ਰਿਫਤਾਰ ਕੀਤਾ ਗਿਆ ਅਤੇ ਸਦਰ ਥਾਣੇ ਜਗਰਾਉਂ ਵਿਖੇ ਲਿਆਂਦਾ ਗਿਆ। ਉਸ ਵਕਤ ਦੇ ਐਸਐਸਪੀ ਸਵਰਨ ਸਿੰਘ ਘੋਟਣੇ ਦੀ ਅਗਵਾਈ ਵਿਚ ਉਨ੍ਹਾਂ 'ਤੇ ਬੁਰੀ ਤਰ੍ਹਾਂ ਤਸ਼ੱਦਦ ਢਾਹਿਆ ਗਿਆ। ਉਨ੍ਹਾਂ ਨੂੰ ਨਿਰਵਸਤਰ ਕਰ ਕੇ ਜਬਰ ਜੁਲਮ ਦੀਆਂ ਸਾਰੀਆਂ ਹੱਦਾਂ ਤੋੜ ਦਿਤੀਆਂ ਗਈਆਂ। ਉਨ੍ਹਾਂ ਨੂੰ ਸੀ.ਆਈ.ਏ. ਸਟਾਫ਼ ਵਿਚ ਲਿਆ ਕੇ ਬੁਰੀ ਤਰ੍ਹਾਂ ਕੋਹਿਆ ਗਿਆ। ਕਤਲ ਕਰਨ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਦੀ ਲਾਸ਼ ਵਾਰਸਾਂ ਦੇ ਹਵਾਲੇ ਕਰਨ ਦੀ ਬਜਾਏ ਦਰਿਆ ਵਿਚ ਰੋੜ ਦਿਤੀ। ਪੁਲਿਸ ਵਲੋਂ ਘੜੀ ਨਵੀਂ ਕਹਾਣੀ ਅਖ਼ਬਾਰਾਂ ਵਿਚ ਪ੍ਰਕਾਸ਼ਤ ਹੋਈ ਕਿ ਜਥੇਦਾਰ ਕਾਉਂਕੇ ਹੱਥਘੜੀ ਸਮੇਤ ਫ਼ਰਾਰ ਹੋ ਗਿਆ ਹੈ। ਅੱਜ ਤਕ ਵੀ ਉਨ੍ਹਾਂ ਨੂੰ ਸਰਕਾਰ ਨੇ ਅਪਣੇ ਕਾਗਜਾਂ ਵਿਚ ਫ਼ਰਾਰ ਦਸਿਆ ਹੋਇਆ ਹੈ। ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੂੰ ਜਦ 5 ਜੁਲਾਈ 1998 ਨੂੰ ਮਨੁੱਖੀ ਅਧਿਕਾਰ ਜਥੇਬੰਦੀਆਂ ਦਾ ਵਫ਼ਦ ਮਿਲਿਆ ਤਾਂ ਉਨ੍ਹਾਂ ਨੇ ਜਾਂਚ ਵਾਸਤੇ ਐਡੀਸ਼ਨਲ ਡੀ. ਜੀ. ਪੀ. ਬੀ ਪੀ ਤਿਵਾੜੀ ਦੀ ਡਿਊਟੀ ਲਗਾਈ। 

ਮਈ 1999 ਵਿਚ ਤਿਵਾੜੀ ਕਮੇਟੀ ਨੇ ਰੀਪੋਰਟ ਸਰਕਾਰ ਨੂੰ ਸੌਂਪ ਦਿਤੀ ਜਿਸ ਨੂੰ ਅੱਜ ਤਕ ਸਰਕਾਰ ਨੇ ਜਨਤਕ ਨਹੀਂ ਕੀਤਾ। ਸ੍ਰੀ ਰਾਮ ਨਰਾਇਣ ਕੁਮਾਰ ਨਾਲ ਇੰਟਰਵਿਊ ਵਿਚ ਮੌਕੇ ਦੇ ਇਕ ਐਸ.ਐਸ.ਪੀ. ਨੇ ਪ੍ਰਗਟਾਵਾ ਕਰਦਿਆਂ ਦਸਿਆ ਸੀ ਕਿ ਕਿਵੇਂ ਜਥੇਦਾਰ ਕਾਉਂਕੇ ਨੂੰ ਥਾਣੇ ਅੰਦਰ ਭਾਰੀ ਤਸ਼ੱਦਦ ਢਾਹ ਕੇ ਕਤਲ ਕੀਤਾ ਗਿਆ ਹੈ। ਜਥੇਦਾਰ ਕਾਉਂਕੇ ਦਾ ਮਾਮਲਾ ਪੰਜਾਬ ਹਰਿਆਣਾ ਹਾਈ ਕੋਰਟ ਵਿਚ ਵੀ ਪਹੁੰਚਿਆ ਪਰ ਕੋਈ ਇਨਸਾਫ਼ ਨਾ ਮਿਲਿਆ।ਇਸੇ ਤਰ੍ਹਾਂ ਜੁਲਮ ਦੀ ਇਕ ਹੋਰ ਕਹਾਣੀ ਕਾਂਗਰਸੀ ਸਰਪੰਚ ਅਜੈਬ ਸਿੰਘ ਵਾਸੀ ਓਠੀਆ (ਅੰਮ੍ਰਿਤਸਰ) ਦੀ ਹੈ ਜਿਨ੍ਹਾਂ ਦਾ ਪੁੱਤਰ ਕੁਲਵਿੰਦਰ ਸਿੰਘ ਨੌਸ਼ਹਿਰਾ ਪੰਨੂਆ ਵਿਖੇ ਪੰਚਾਇਤ ਸਕੱਤਰ ਲਗਾ ਸੀ। 20 ਦਸੰਬਰ 1991 ਨੂੰ ਅਜੈਬ ਸਿੰਘ ਐਸ. ਐਚ. ਓ. ਸਦਰ ਅੰਮ੍ਰਿਤਸਰ ਨੇ ਹਿਰਾਸਤ ਵਿਚ ਲਿਆ ਸੀ। ਕਾਂਗਰਸ ਪਾਰਟੀ ਨਾਲ ਸਬੰਧਤ ਹੋਣ ਕਰ ਕੇ ਸਰਪੰਚ ਅਜੈਬ ਸਿੰਘ ਨੂੰ ਯਕੀਨ ਸੀ ਕਿ ਉਹ ਅਪਣੇ ਪੁੱਤਰ ਨੂੰ ਛੁਡਵਾ ਲੈਣਗੇ। ਉਸ ਨੇ ਵੱਡੇ ਕਾਂਗਰਸੀ ਆਗੂਆ ਤਕ ਪਹੁੰਚ ਕੀਤੀ ਪਰ ਕੋਈ ਸੁਣਵਾਈ ਨਾ ਹੋਈ। ਉਸ ਨੇ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਤਕ ਪਹੁੰਚ ਕੀਤੀ ਜਿਸ ਨੇ ਡੀ. ਸੀ. ਅੰਮ੍ਰਿਤਸਰ ਨੁੰ ਜਾਂਚ ਸੌਂਪ ਦਿਤੀ। 26 ਜੂਨ 1997 ਨੂੰ ਸਬੂਤਾਂ ਦੀ ਘਾਟ ਕਰ ਕੇ ਸਰਪੰਚ ਅਜੈਬ ਸਿੰਘ ਦੀ ਅਰਜ਼ੀ ਰੱਦ ਹੋ ਗਈ। ਨਾ ਕੋਈ ਅਦਾਲਤ ਛੱਡੀ, ਨਾ ਕੋਈ ਅਫ਼ਸਰ ਛੱਡਿਆ, ਇਨਸਾਫ਼ ਦੀ ਕਿਸੇ ਤੋਂ ਵੀ ਖੈਰ ਨਾ ਪਈ। ਅਖ਼ੀਰ ਉਹ ਗੁਰੂ ਰਾਮਦਾਸ ਦੇ ਘਰ ਪਹੁੰਚ ਗਿਆ। 7 ਜੁਲਾਈ 1997 ਨੂੰ ਉਸ ਨੇ ਦਰਬਾਰ ਸਾਹਿਬ ਅੰਦਰ ਬੈਠ ਕਿ ਖ਼ੁਦਕੁਸ਼ੀ ਨੋਟ ਲਿਖਿਆ ਅਤੇ ਉਥੇ ਜ਼ਹਿਰ ਖਾ ਕੇ ਮੌਤ ਨੂੰ ਗਲੇ ਲਗਾ ਲਿਆ। ਖੁਦਕੁਸ਼ੀ ਨੋਟ ਵਿਚ ਉਸ ਨੇ ਲਿਖਿਆ ਕਿ ਆਤਮ ਹਤਿਆ ਹੀ ਮੇਰੇ ਲਈ ਆਖ਼ਰੀ ਰਾਹ ਬਚਿਆ ਹੈ, ਇਨਸਾਫ਼ ਦੀ ਹੁਣ ਕੋਈ ਆਸ ਨਹੀਂ ਰਹੀ, ਸਾਬਕਾ ਐਸ.ਐਸ.ਪੀ ਅਜੀਤ ਸਿੰਘ ਸੰਧੂ ਨੇ ਹਜ਼ਾਰਾਂ ਨੌਜਵਾਨਾਂ ਨੂੰ ਲਾਪਤਾ ਕੀਤਾ ਅਤੇ ਲੱਖਾਂ ਰੁਪਏ ਲੁਟੇ ਉਸ ਦੇ ਪਾਪਾਂ ਕਰ ਕੇ ਉਸ ਨੂੰ ਖ਼ੁਦਕੁਸ਼ੀ ਕਰਨੀ ਪਈ।

SHARE ARTICLE
Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement