
ਅੰਮ੍ਰਿਤਸਰ, 30 ਨਵੰਬਰ (ਸੁਖਵਿੰਦਰਜੀਤ ਸਿੰਘ ਬਹੋੜੂ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਬਣਨ ਨਾਲ ਆਉਣ ਵਾਲੇ ਦਿਨਾਂ 'ਚ ਕਈ ਤਬਦੀਲੀਆਂ ਹੋਣ ਦੀਆਂ ਸੰਭਾਵਨਾਵਾਂ ਹਨ। ਇਕ ਧਿਰ ਬਣ ਕੇ ਸਾਬਕਾ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨਾਲ ਜੁੜੇ ਰਹੇ ਅਧਿਕਾਰੀਆਂ ਤੇ ਮੁਲਾਜ਼ਮਾਂ 'ਚ ਬੇਚੈਨੀ ਪਾਈ ਜਾ ਰਹੀ ਹੈ। ਦੂਸਰੇ ਪਾਸੇ ਸ਼੍ਰੋਮਣੀ ਕਮੇਟੀ ਦੇ ਨੁਕਰੇ ਲੱਗੇ ਅਧਿਕਾਰੀ ਤੇ ਕਰਮਚਾਰੀ ਬੇਹੱਦ ਖ਼ੁਸ਼ ਹਨ ਕਿ ਇਸ ਤਬਦੀਲੀ ਨਾਲ ਉਨ੍ਹਾਂ ਦੀ ਹੁਣ ਸੁਣਵਾਈ ਹੋ ਸਕੇਗੀ। ਜ਼ਿਕਰਯੋਗ ਹੈ ਕਿ ਜਿਸ ਢੰਗ ਨਾਲ ਸਾਬਕਾ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਦੀ ਅਗਵਾਈ ਵਾਲੀ ਸਮੁੱਚੀ 15 ਮੈਂਬਰੀ ਟੀਮ ਦਾ ਸਫ਼ਾਇਆ ਸੁਖਬੀਰ ਸਿੰਘ ਬਾਦਲ ਨੇ ਕੀਤਾ ਹੈ ਉਸ ਤੋਂ ਸਪੱਸ਼ਟ ਹੈ ਕਿ ਉਹ ਪ੍ਰੋ ਬਡੂੰਗਰ ਦੀ ਕਾਰਗੁਜ਼ਾਰੀ ਤੋਂ ਅਸੰਤੁਸ਼ਟ ਸਨ ਜੋ ਅਪਣੀ ਮਨਮਰਜ਼ੀ ਨਾਲ ਮੀਡੀਆ 'ਚ ਬਿਆਨਬਾਜ਼ੀ ਕਰਦੇ ਰਹੇ ਹਨ। ਇਸ ਬਿਆਨਬਾਜ਼ੀ ਵਿਚ ਖ਼ਾਲਿਸਤਾਨ ਦੀ ਹਮਾਇਤ ਪ੍ਰੋ.ਬਡੂੰਗਰ ਨੂੰ ਕਰਨੀ ਮਹਿੰਗੀ ਪਈ ਹੈ। ਉਹ ਹੋਰ ਵੀ ਸਿੱਖ ਮਸਲਿਆਂ 'ਤੇ ਕੋਈ ਅਮਿੱਟ ਛਾਪ ਛੱਡਣ 'ਚ ਅਸਫ਼ਲ ਰਹੇ ਜਿਸ ਦੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸ. ਪ੍ਰਕਾਸ਼ ਸਿੰਘ ਬਾਦਲ ਨੂੰ
ਆਸ ਨਹੀਂ ਸੀ। ਸਾਬਕਾ ਪ੍ਰਧਾਨ ਪ੍ਰੋ. ਬਡੂੰਗਰ ਨੇ ਇਸ ਤੋਂ ਪਹਿਲਾਂ ਕੀਤੀ ਪ੍ਰਧਾਨਗੀ ਤੋਂ ਸਿੱਖ ਹਲਕੇ ਖੁਸ਼ ਸਨ ਪਰ ਇਸ ਵਾਰੀ ਉਹ ਕੁੱਝ ਅਧਿਕਾਰੀਆਂ ਦੇ ਹੱਥਾਂ ਵਿਚ ਹੀ ਖੇਡਦੇ ਰਹੇ। ਸ਼੍ਰੋਮਣੀ ਕਮੇਟੀ ਮੈਂਬਰਾਂ ਦਾ ਵੱਡਾ ਹਿੱਸਾ ਪ੍ਰੋ. ਬਡੂੰਗਰ ਤੋਂ ਨਿਰਾਸ਼ ਸੀ। ਮੌਜੂਦਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਅਤੇ ਅੰਤ੍ਰਿਗ ਕਮੇਟੀ ਮੈਂਬਰ ਨਵਤੇਜ ਸਿੰਘ ਕੌਣੀ ਦੀ ਡੇਰਾ ਸੌਦਾ ਸਾਧ ਨਾਲ ਸਾਂਝ ਨੂੰ ਪੰਥਕ ਦਲਾਂ ਅਤੇ ਸਿੱਖ ਹਲਕਿਆਂ ਨੇ ਨਾ-ਪਸੰਦ ਕੀਤਾ ਹੈ।
ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਜਨਰਲ ਸਕੱਤਰ ਜਰਨੈਲ ਸਿੰਘ ਸਖੀਰਾ ਅਤੇ ਦਲ ਖ਼ਾਲਸਾ ਨੇ ਤਾਂ ਅੱਜ ਉਕਤ ਦੋਹਾਂ ਆਗੂਆਂ ਦੀ ਖੁਲ੍ਹ ਕੇ ਅਲੋਚਨਾ ਕੀਤੀ ਹੈ ਕਿ ਅਜਿਹੀ ਲੀਡਰਸ਼ਿਪ ਤੋਂ ਉਹ ਦੂਰੀ ਬਣਾ ਕੇ ਰਖਣਗੇ। ਮਾਨ ਦਲ ਨੇ ਮੰਗ ਕੀਤੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਉਣ ਨਾਲ ਹੀ ਸਿੱਖ ਕੌਮ ਨੂੰ ਰਾਹਤ ਮਿਲ ਸਕਦੀ ਹੈ। ਮੌਜੂਦਾ ਲੀਡਰਸ਼ਿਪ ਕੇਵਲ ਬਾਦਲ ਪਰਿਵਾਰ ਤਕ ਹੀ ਸੀਮਤ ਹੋ ਕੇ ਹੀ ਰਹਿ ਗਈ ਹੈ। ਸਿੱਖ ਹਲਕਿਆਂ 'ਚ ਇਹ ਵੀ ਚਰਚਾ ਹੈ ਕਿ ਬਾਦਲ ਪਰਵਾਰ ਦਾ ਹੁਣ ਢੀਂਡਸਾ ਪਰਵਾਰ ਤੋਂ ਮੋਹ ਭੰਗ ਹੋਣ ਕਰ ਕੇ ਨਵੇਂ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਮਾਲਵੇ 'ਚ ਉਭਾਰਨ ਦੀਆਂ ਕੋਸ਼ਿਸ਼ਾਂ ਹਨ। ਮੌਜੂਦਾ ਬਣੀਆਂ ਸਥਿਤੀਆਂ 'ਚ ਸਿਆਸੀ ਹਲਕਿਆਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ 'ਚ ਹੋਰ ਤਬਦੀਲੀਆਂ ਹੋਣ ਦੀਆਂ ਸੰਭਾਵਨਾਵਾਂ ਹਨ।