
ਸ਼੍ਰੋਮਣੀ ਕਮੇਟੀ ਵਲੋਂ ਜਾਂਚ ਦੀ ਮੰਗ
ਅੰਮ੍ਰਿਤਸਰ, 28 ਦਸੰਬਰ (ਸੁਖਵਿੰਦਰਜੀਤ ਸਿੰਘ ਬਹੋੜੂ) : ਮਥੁਰਾ ਵਿਖੇ ਬੀ. ਐਸ. ਐਫ਼. ਦੇ ਸਥਾਨਕ ਹੈੱਡ ਕੁਆਟਰ ਵਿਖੇ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਪਠਾਨਕੋਟ ਦੇ ਪਿੰਡ ਛੰਨੀ ਟੋਲਾ ਵਿਖੇ ਇਕ ਬੀਬੀ ਵਲੋਂ ਗੁਰੂ ਗ੍ਰੰਥ ਸਾਹਿਬ ਦੀ ਕੀਤੀ ਬੇਅਦਬੀ ਦੀ ਸ਼੍ਰੋਮਣੀ ਕਮੇਟੀ ਪ੍ਰਧਾਨ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਿਸੇ ਕੀਮਤ 'ਤੇ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ।
ਉਨ੍ਹਾਂ ਕਿਹਾ ਕਿ ਛੰਨੀ ਟੋਲਾ ਪਠਾਨਕੋਟ ਵਿਖੇ ਪਿੰਡ ਦੀ ਇਕ ਔਰਤ ਵਲੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਕੀਤੀ ਗਈ ਹੈ ਜਿਸ ਦੀ ਧਰਮ ਪ੍ਰਚਾਰ ਕਮੇਟੀ ਵਲੋਂ ਪੜਤਾਲ ਕਰਵਾਈ ਗਈ ਹੈ। ਇਸ ਔਰਤ 'ਤੇ ਥਾਣਾ ਕਾਨਵਾਂ (ਪਠਾਨਕੋਟ) ਵਿਖੇ ਪਰਚਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮਥੁਰਾ ਵਿਖੇ ਬੀ.ਐਸ.ਐਫ਼. ਦੇ ਹੈੱਡ ਕੁਆਟਰ 'ਤੇ ਵਾਪਰੀ ਘਟਨਾ ਦੀ ਵੀ ਜਾਂਚ ਬਹੁਤ ਜ਼ਰੂਰੀ ਹੈ।