
ਅੰਮ੍ਰਿਤਸਰ,
5 ਨਵੰਬਰ (ਸੁਖਵਿੰਦਰਜੀਤ ਸਿੰਘ ਬਹੋੜੂ) : ਦਲ ਖ਼ਾਲਸਾ ਨੇ ਪੰਜਾਬ 'ਚ ਸੰਗਠਤ ਹਿੰਸਾ ਤੇ
ਗੈਂਗਵਾਰ ਦੀ ਰੋਕਥਾਮ ਲਈ ਪੰਜਾਬ ਸਰਕਾਰ ਵਲੋਂ ਬਣਾਏ ਜਾ ਰਹੇ ਨਵੇਂ 'ਪਕੋਕਾ ਕਾਨੂੰਨ'
'ਤੇ ਚਿੰਤਾ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਪੱਖਪਾਤੀ ਸਿਸਟਮ ਅਤੇ ਪੁਲਿਸ ਦੇ ਰਾਜਨੀਤੀਕਰਨ
ਕਾਰਨ 'ਦੇਸ਼ ਧ੍ਰੋਹ' ਵਰਗੇ ਕਾਨੂੰਨ ਵਾਂਗ ਇਸ ਦੀ ਵੀ ਦੁਰਵਰਤੋਂ ਰਾਜਨੀਤਕ ਵਿਰੋਧੀਆਂ ਅਤੇ
ਭਾਰਤੀ ਨਿਜਾਮ ਤੋਂ ਵਖਰੇ ਵਿਚਾਰ ਰਖਣ ਵਾਲਿਆਂ ਵਿਰੁਧ ਕੀਤੀ ਜਾਵੇਗੀ।
ਪਾਰਟੀ ਵਲੋਂ
ਪੰਜਾਬ ਦੇ ਮੁੱਖ ਮੰਤਰੀ ਅਤੇ ਡੀ.ਜੀ.ਪੀ ਵਲੋਂ ਜਾਰੀ ਕੀਤੇ ਬਿਆਨ 'ਤੇ ਤਿੱਖਾ ਪ੍ਰਤੀਕਰਮ
ਕਰਦਿਆਂ ਕਿਹਾ ਕਿ ਇਸ ਕਾਨੂੰਨ ਦੇ ਖਰੜੇ ਅਨੁਸਾਰ ਇਕ ਡੀ. ਆਈ. ਜੀ ਰੈਂਕ ਦੇ ਅਫ਼ਸਰ ਕੋਲ
ਇਸ ਨੂੰ ਲਾਗੂ ਕਰਨ ਦਾ ਅਧਿਕਾਰ ਦੇਣਾ ਖ਼ਤਰਨਾਕ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਪੁਛਿਆ ਕਿ
ਕੌਣ ਇਸ ਗੱਲ ਨੂੰ ਯਕੀਨੀ ਬਣਾਵੇਗਾ ਕਿ ਡੀ.ਆਈ.ਜੀ ਰੈਂਕ ਦਾ ਅਫ਼ਸਰ ਕਿਸੇ ਸੱਤਾਧਾਰੀ ਦੇ
ਪ੍ਰਭਾਵ ਹੇਠ ਇਸ ਐਕਟ ਦੀ ਦੁਰਵਰਤੋਂ ਨਹੀਂ ਕਰੇਗਾ। ਪਾਰਟੀ ਪ੍ਰਧਾਨ ਸ. ਹਰਪਾਲ ਸਿੰਘ
ਚੀਮਾ ਨੇ ਕਿਹਾ ਕਿ ਉਹ ਵੀ ਚਾਹੁੰਦੇ ਹਨ ਕਿ ਪੰਜਾਬ ਵਿਚ ਸ਼ਾਂਤੀ ਹੋਵੇ ਅਤੇ ਪੰਜਾਬ ਸੰਗਠਤ
ਹਿੰਸਾ ਅਤੇ ਗੈਂਗਵਾਰ ਤੋਂ ਮੁਕਤ ਹੋਵੇ। ਕੀ ਪੰਜਾਬ ਨੂੰ ਗੈਂਗਵਾਰ ਰੋਕਣ ਲਈ ਅਜਿਹੇ
ਕਾਲੇ ਕਾਨੂੰਨ ਦੀ ਲੋੜ ਵੀ ਹੈ? ਕੀ ਮੌਜੂਦਾ ਕਾਨੂੰਨ ਸੰਗਠਤ ਹਿੰਸਾ ਰੋਕਣ ਵਿਚ ਅਸਮੱਰਥ
ਹਨ? ਕੀ ਸਰਕਾਰ ਨੇ 'ਪਕੋਕਾ' ਵਿਚ ਇਸ ਦੀ ਦੁਰਵਰਤੋਂ ਰੋਕਣ ਲਈ ਕੋਈ ਵਿਵਸਥਾ ਰੱਖੀ ਹੈ?
ਦਲ ਖ਼ਾਲਸਾ ਆਗੂ ਦਾ ਮੰਨਣਾ ਹੈ ਕਿ ਇਕ ਵਾਰ 'ਪਕੋਕਾ' ਬਣ ਗਿਆ ਤਾਂ ਫਿਰ ਇਸ ਦੀ ਦੁਰਵਰਤੋਂ
ਕੋਈ ਨਹੀਂ, ਇਸ ਨੂੰ ਘੜਨ ਵਾਲਾ ਵੀ ਨਹੀਂ ਰੋਕ ਸਕਦਾ।
ਉਨ੍ਹਾਂ ਸਰਕਾਰ ਨੂੰ
ਜਲਦਬਾਜ਼ੀ ਵਿਚ ਕੋਈ ਵੀ ਕਦਮ ਇਸ ਸੰਦਰਭ ਵਿਚ ਪੁਟਣ ਤੋਂ ਵਰਜਦਿਆਂ ਕਿਹਾ ਕਿ ਮਨੁੱਖੀ
ਅਧਿਕਾਰਾਂ ਅਤੇ ਸਮਾਜਕ ਖੇਤਰ ਵਿਚ ਕੰਮ ਕਰਦੀਆਂ ਸੰਸਥਾਵਾਂ ਕੋਲੋਂ ਰਾਏ ਲਈ ਜਾਵੇ ਅਤੇ
ਉਨ੍ਹਾਂ ਵਲੋਂ ਪ੍ਰਗਟ ਕੀਤੀਆਂ ਜਾਣ ਵਾਲੀਆਂ ਚਿੰਤਾਵਾਂ ਦਾ ਖਿਆਲ ਰਖਿਆ ਜਾਵੇ। ਕਿਸੇ ਵੀ
ਪੱਧਰ ਦੇ ਪੁਲਿਸ ਅਧਿਕਾਰੀ ਹੱਥ ਇੱਕਲੇ ਪਕੋਕਾ ਲਾਗੂ ਕਰਨ ਦਾ ਅਧਿਕਾਰ ਦੇਣਾ ਖ਼ਤਰੇ ਦਾ
ਸੂਚਕ ਹੈ। ਸ. ਚੀਮਾ ਨੇ ਕਿਹਾ ਕਿ ਖਰੜੇ ਅਨੁਸਾਰ ਪਕੋਕਾ ਵਿਚ ਅੱਸ.ਪੀ ਰੈਂਕ ਅਫ਼ਸਰ ਅੱਗੇ
ਕੀਤਾ ਇੰਕਸਾਫ਼ ਅਦਾਲਤ ਵਿਚ ਸਬੂਤ ਵਜੋਂ ਮੰਨਿਆ ਜਾਵੇਗਾ। ਜ਼ਾਹਰ ਹੈ ਕਿ ਇਸ ਨਾਲ ਪੁਲਿਸ
ਅਧਿਕਾਰੀਆਂ ਨੂੰ ਪੁਛਗਿਛ ਮੌਕੇ ਸਰੀਰਕ ਤਸ਼ੱਦਦ ਕਰਨ ਦੀ ਹੋਰ ਖੁੱਲ੍ਹ ਮਿਲੇਗੀ।
ਪਾਰਟੀ
ਬੁਲਾਰੇ ਸ. ਕੰਵਰਪਾਲ ਸਿੰਘ ਨੇ ਕਿਹਾ ਕਿ ਟਾਂਡਾ, ਪੋਟਾ, ਯੂ.ਏ.ਪੀ.ਏ ਵਰਗੇ ਖ਼ਤਰਨਾਕ
ਕਾਨੂੰਨਾਂ ਦੀ ਦੁਰਵਰਤੋਂ ਨੇ ਲੋਕਾਂ ਅੰਦਰ ਹਥਿਆਰ ਚੁਕਣ ਦੇ ਡਰ ਨਾਲੋਂ ਹੋਰ ਬਾਗ਼ੀ ਪੈਦਾ
ਕੀਤੇ ਹਨ। ਉਨ੍ਹਾਂ ਅਫ਼ਸੋਸ ਜਿਤਾਉਂਦਿਆਂ ਕਿਹਾ ਕਿ ਇਹ ਸਾਰੇ ਕਾਨੂੰਨ ਇਕ ਖ਼ਾਸ ਮੌਕੇ, ਖ਼ਾਸ
ਸਥਿਤੀ ਵਿਚ ਇਕ ਖ਼ਾਸ ਵਰਗ ਨੂੰ ਨਿਸ਼ਾਨਾ ਬਣਾਉਣ ਲਈ ਬਣਾਏ ਗਏ ਅਤੇ ਅਮਨ ਕਾਨੂੰਨ ਦੇ ਨਾਂ
ਹੇਠ ਰਾਜਨੀਤਕ ਅੰਦੋਲਨ ਦਬਾਉਣ ਲਈ ਵਰਤੇ ਗਏ।