
ਹਰ ਵਾਰ ਜਾਂਚ ਕਮੇਟੀ ਬਣਾ ਕੇ ਹੋਈ ਵਾਅਦਾਖ਼ਿਲਾਫ਼ੀ: ਫੱਗੂਵਾਲਾ
ਸੰਗਰੂਰ, 1 ਮਾਰਚ (ਗੁਰਦਰਸ਼ਨ ਸਿੰਘ ਸਿੱਧੂ/ਪਰਮਜੀਤ ਸਿੰਘ ਲੱਡਾ) : ਮਸਤੂਆਣਾ ਸਾਹਿਬ ਵਿਖੇ ਦਰਬਾਰ ਸਾਹਿਬ ਦੀ ਤਰਜ ਤੇ ਬਣੀ ਗੁਰਦਵਾਰਾ ਸਾਹਿਬ ਦੀ ਇਮਾਰਤ 'ਚ ਫੇਰਬਦਲ ਲਈ ਲਗਭਗ 9 ਸਾਲ ਪਹਿਲਾਂ ਜਾਰੀ ਹੋਏ ਹੁਕਮਨਾਮੇ (ਆਦੇਸ਼) ਦੀ ਕੀਤੀ ਜਾ ਰਹੀ ਉਲੰਘਣਾਂ ਦੇ ਚਲਦਿਆਂ ਗੁਰਦਵਾਰੇ ਦੀ ਇਮਾਰਤ ਦਾ ਕੰਮ ਰੋਕ ਦੇਣ ਦੀ ਬਜਾਏ ਕਿਸੇ ਸਾਜ਼ਸ਼ ਤਹਿਤ ਅਤੇ ਆਰਐਸਐਸ ਦੇ ਹੁਕਮਾਂ ਅਨੁਸਾਰ ਹੀ ਲਗਾਤਾਰ ਚੱਲ ਰਿਹਾ ਹੈ। ਪ੍ਰੈੱਸ ਕਾਨਫ਼ਰੰਸ ਦੌਰਾਨ ਯੂਨਾਈਟਡ ਅਕਾਲੀ ਦਲ ਸੂਬਾ ਸਕੱਤਰ ਨੇ ਜਥੇਦਾਰ ਪ੍ਰਸ਼ੋਤਮ ਸਿੰਘ ਫੱਗੂਵਾਲਾ ਇਹ ਦੋਸ਼ ਲਗਾਉਂਦਿਆਂ ਕਿਹਾ ਕਿ ਉਨ੍ਹਾਂ ਵਲੋਂ ਜਾਰੀ ਇਸ ਸੰਘਰਸ਼ ਦੌਰਾਨ ਕਈ ਵਾਰੀ ਭੁੱਖ ਹੜਤਾਲਾਂ ਅਤੇ ਮਰਨ ਵਰਤ ਵੀ ਕੀਤੇ ਜਾਂਦੇ ਰਹੇ ਪਰ ਹਰ ਵਾਰ ਜਾਂਚ ਕਮੇਟੀ ਬਣਾ ਕੇ ਕਾਰਵਾਈ ਕਰਨ ਦੇ ਨਾਂ ਤੇ ਵਾਅਦਾ ਖ਼ਿਲਾਫ਼ੀ ਹੁੰਦੀ ਰਹੀ। ਇਸ ਵਾਰ ਵੀ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਉਨ੍ਹਾਂ ਨਾਲ ਵਾਅਦਾ ਕੀਤਾ ਸੀ
ਕਿ ਇਕ ਮਹੀਨੇ ਅੰਦਰ ਜਾਰੀ ਹੋਇਆ ਹੁਕਮਨਾਮਾ ਅਮਲ ਵਿਚ ਲਿਆ ਕੇ ਤਬਦੀਲੀਆਂ ਕੀਤੀਆਂ ਜਾਣਗੀਆਂ ਪਰ ਉਨ੍ਹਾਂ ਨਾਲ ਲੌਂਗੋਵਾਲ ਨੇ ਵਾਅਦਾ ਖ਼ਿਲਾਖ਼ੀ ਅਤੇ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇ ਹੁਣ ਵੀ ਹੁਕਮਨਾਮੇ 'ਤੇ ਕੋਈ ਫ਼ੈਸ਼ਲਾ ਨਾ ਲਿਆ ਗਿਆ ਤਾਂ ਉਹ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਅੰਮ੍ਰਿਤਸਰ ਵਿਖੇ ਹੀ ਮਰਨ ਵਰਤ 'ਤੇ ਬੈਠਣਗੇ। ਇਸ ਸਬੰਧੀ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਨੇ ਕਿਹਾ ਕਿ ਉਹ ਕੀ ਲਿਖਿਆ ਹੈ ਹੁਕਮਨਾਮੇ ਵਿਚ, ਪੜ੍ਹ ਕੇ ਹੀ ਦਸਿਆ ਜਾ ਸਕਦਾ ਹੈ, ਕੀ ਕੁੱਝ ਤਬਦੀਲ ਕਰਨਾ ਹੈ। ਉਨ੍ਹਾਂ ਜਾਂਚ ਕਮੇਟੀ ਵਲੋਂ ਸੌਂਪੀ ਰੀਪੋਰਟ ਤੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਜਿਹੜੀਆਂ ਵੀ ਤਬਦੀਲੀਆਂ ਕਰਨੀਆਂ ਹਨ, ਉਸ ਲਈ ਕੰਮ ਸ਼ੁਰੂ ਹੋ ਗਿਆ ਹੈ ਅਤੇ ਜਲਦੀ ਹੀ ਮੁਕੰਮਲ ਹੋ ਜਾਵੇਗਾ।