'ਰੋਜ਼ਾਨਾ ਸਪੋਕਸਮੈਨ' ਦੀਆਂ ਸੰਪਾਦਕੀਆਂ ਨੂੰ ਆਧਾਰ ਬਣਾ ਕੇ ਪੰਥਕ ਆਗੂਆਂ ਨੇ ਪੁੱਛੇ ਸਵਾਲ
Published : Oct 11, 2017, 11:39 pm IST
Updated : Oct 11, 2017, 6:09 pm IST
SHARE ARTICLE

ਕੋਟਕਪੂਰਾ, 11 ਅਕਤੂਬਰ (ਗੁਰਿੰਦਰ ਸਿੰਘ): ਭਾਵੇਂ ਬੇਅਦਬੀ ਕਾਂਡ ਦੀ ਜਾਂਚ ਕਰ ਰਹੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਵੀ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ 'ਤੇ ਬੇਅਦਬੀ ਕਾਂਡ 'ਚ ਸਹਿਯੋਗ ਨਾ ਦੇਣ ਅਤੇ ਆਮ ਲੋਕਾਂ ਨੂੰ ਗੁਮਰਾਹ ਕਰਨ ਦਾ ਦੋਸ਼ ਲਾਇਆ ਹੈ ਪਰ ਦੇਸ਼-ਵਿਦੇਸ਼ 'ਚ ਪੰਥ ਦੇ ਪ੍ਰਚਾਰ ਲਈ ਯਤਨਸ਼ੀਲ ਪੰਥਕ ਵਿਦਵਾਨਾਂ, ਸਿੱਖ ਚਿੰਤਕਾਂ ਤੇ ਪੰਥਦਰਦੀਆਂ ਨੇ 'ਰੋਜ਼ਾਨਾ ਸਪੋਕਸਮੈਨ' ਦੀ ਤਿੰਨ ਅਤੇ ਚਾਰ ਅਕਤੂਬਰ ਦੀ ਸੰਪਾਦਕੀ ਨੂੰ ਆਧਾਰ ਬਣਾ ਕੇ ਜਿਥੇ ਤਖ਼ਤਾਂ ਦੇ ਜਥੇਦਾਰਾਂ ਨੂੰ ਕਟਹਿਰੇ 'ਚ ਖੜਾ ਕੀਤਾ ਹੈ, ਉਥੇ ਪ੍ਰੋ. ਬਡੂੰਗਰ ਨੂੰ ਵੀ ਕਈ ਸਵਾਲ ਪੁੱਛੇ ਹਨ ਜਿਨਾਂ ਦਾ ਜਵਾਬ ਦੇਣਾ ਪ੍ਰੋ. ਬਡੂੰਗਰ ਲਈ ਮੁਸ਼ਕਲ ਜਾਪਦਾ ਹੈ।
ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ 14 ਅਕਤੂਬਰ 2017 ਨੂੰ ਕੋਟਕਪੂਰਾ ਅਤੇ ਬਹਿਬਲ ਕਲਾਂ ਵਿਖੇ ਵਾਪਰੇ ਗੋਲੀ ਕਾਂਡ ਨਾਲ ਸਬੰਧਤ ਕਿਸੇ ਵੀ ਆਡੀਉ, ਵੀਡੀਉ, ਕੋਈ ਵੀ ਦਸਤਾਵੇਜ਼ ਦੇਣ ਦੀ ਮੰਗ ਕਰਦਿਆਂ ਦਸਿਆ ਕਿ ਕਮਿਸ਼ਨ ਨੇ ਹੁਣ ਤਕ 200 ਤੋਂ ਵਧੇਰੇ ਗਵਾਹਾਂ ਦੀ ਗਵਾਹੀ ਰੀਕਾਰਡ ਕੀਤੀ ਹੈ ਜਿਨਾਂ ਵਿਚ ਉਨਾਂ ਵੱਖ-ਵੱਖ ਵਿਅਕਤੀਆਂ ਦੇ ਬਿਆਨ, ਜੋ ਕੋਟਕਪੂਰਾ ਜਾਂ ਬਹਿਬਲ ਕਲਾਂ ਵਿਖੇ ਜ਼ਖ਼ਮੀ ਹੋਏ ਸਨ ਜਾਂ ਮੌਕੇ ਦੇ ਗਵਾਹ ਸਨ।
ਕਮਿਸ਼ਨ ਦੇ ਬੁਲਾਰੇ ਅਨੁਸਾਰ ਕਮਿਸ਼ਨ ਦੇ ਚੇਅਰਮੈਨ ਸਮੇਤ ਸਮੁੱਚੀ ਟੀਮ ਨੇ ਕੋਟਕਪੂਰਾ, ਬਹਿਬਲ ਕਲਾਂ, ਬੁਰਜ ਜਵਾਹਰ ਸਿੰਘ ਵਾਲਾ ਅਤੇ ਬਰਗਾੜੀ ਆਦਿ ਦੀਆਂ ਉਹ ਘਟਨਾਕ੍ਰਮ ਵਾਲੀਆਂ ਸਾਰੀਆਂ ਥਾਵਾਂ ਦਾ ਖ਼ੁਦ ਦੌਰਾ ਕਰ ਕੇ ਨਿਰੀਖਣ ਕੀਤਾ। ਕਮਿਸ਼ਨ ਨੇ ਦੁਬਾਰਾ ਫਿਰ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿਸ ਕਿਸੇ ਵਿਅਕਤੀ ਨੇ ਉਕਤ ਘਟਨਾਵਾਂ ਨੂੰ ਵੇਖਿਆ ਹੈ ਜਾਂ ਕਿਸੇ ਹੋਰ ਢੰਗ ਨਾਲ ਇਸ ਦੇ ਤੱਥਾਂ ਤੋਂ ਜਾਣੂ ਹੈ, ਉਹ ਅੱਗੇ ਆਵੇ ਅਤੇ ਕਮਿਸ਼ਨ ਨੂੰ ਉਕਤ ਘਟਨਾਵਾਂ ਸਬੰਧੀ ਅਪਣਾ ਬਿਆਨ ਦਰਜ ਕਰਾਵੇ। ਜੇ ਕੋਈ ਵਿਅਕਤੀ ਸੰਮਨ ਮਿਲਣ ਦੇ ਬਾਵਜੂਦ ਕਿਸੇ ਕਾਰਨ ਹਾਜ਼ਰ ਨਹੀਂ ਹੋ ਸਕਿਆ, ਉਹ ਹੁਣ ਕਮਿਸ਼ਨ ਦੇ ਦਫ਼ਤਰ ਵਿਖੇ ਕਿਸੇ ਵੀ ਕੰਮਕਾਰ ਵਾਲੇ ਦਿਨ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤਕ ਸੰਪਰਕ ਕਰ ਸਕਦਾ ਹੈ।
ਅਕਾਲ ਤਖ਼ਤ ਦੇ ਸਾਬਕਾ ਮੁੱਖ ਸੇਵਾਦਾਰ ਪ੍ਰੋ. ਦਰਸ਼ਨ ਸਿੰਘ ਅਤੇ ਪੰਥ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਨੇ ਕਿਹਾ ਕਿ ਸਿੱਖ ਧਰਮ ਸੱਭ ਤੋਂ ਨਵਾਂ ਧਰਮ ਹੈ, ਜਿਸ ਵਿਚ ਰੱਬ ਅਤੇ ਮਨੁੱਖ ਦੇ ਵਿਚਕਾਰ ਖੜੇ ਹੋਣ ਦਾ ਹੱਕ ਕਿਸੇ ਨੂੰ ਦਿਤਾ ਹੀ ਨਹੀਂ ਗਿਆ ਪਰ ਇਸ ਧਰਮ ਵਿਚ ਵੀ ਪੁਜਾਰੀ ਸ਼੍ਰੇਣੀ ਨੇ ਦਾਖ਼ਲ ਹੋ ਕੇ ਬਾਬੇ ਨਾਨਕ ਦੇ ਸਾਰੇ ਹੁਕਮ ਉਲਟਾ ਦਿਤੇ ਹਨ ਤੇ ਪੁਰਾਣੇ ਧਰਮਾਂ ਦੀਆਂ ਸੱਭ ਬੁਰਾਈਆਂ ਦਾਖ਼ਲ ਕਰ ਲਈਆਂ ਹਨ ਕਿਉਂਕਿ ਅਜਿਹਾ ਕੀਤੇ ਬਿਨਾਂ ਉਨ੍ਹਾਂ ਦੀ ਪੂਜਾ ਪ੍ਰਤਿਸ਼ਠਾ ਦਾ ਪ੍ਰਬੰਧ ਨਹੀਂ ਸੀ ਹੋ ਸਕਦਾ। ਪ੍ਰੋ. ਇੰਦਰ ਸਿੰਘ ਘੱਗਾ ਅਤੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਪ੍ਰਿੰ. ਗੁਰਬਚਨ ਸਿੰਘ ਪੰਨਵਾਂ ਕਿਹਾ ਕਿ ਸ. ਜੋਗਿੰਦਰ ਸਿੰਘ ਨੇ ਸਮੇਂ-ਸਮੇਂ 'ਰੋਜ਼ਾਨਾ ਸਪੋਕਸਮੈਨ' ਰਾਹੀਂ ਤਖ਼ਤਾਂ ਦੇ ਜਥੇਦਾਰਾਂ, ਸ਼੍ਰੋਮਣੀ ਕਮੇਟੀ, ਅਕਾਲੀ ਦਲ ਬਾਦਲ ਸਮੇਤ ਪੰਥ ਦੇ ਅਖੌਤੀ ਠੇਕੇਦਾਰਾਂ ਨੂੰ ਸੁਚੇਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦੇ ਕੰਨ 'ਤੇ ਜੂੰ ਤਕ ਨਾ ਸਰਕੀ ਕਿਉਂਕਿ ਜਾਂ ਤਾਂ ਉਹ ਕਿਸੇ ਪੰਥਵਿਰੋਧੀ ਸ਼ਕਤੀ ਦੇ ਦਬਾਅ ਹੇਠ ਹਨ ਤੇ ਜਾਂ ਪੰਥ ਦੀ ਚੜ੍ਹਦੀਕਲਾ ਲਈ ਕੋਈ ਯੋਗਦਾਨ ਪਾਉਣ ਦੇ ਇਛੁਕ ਨਹੀਂ। ਉਨ੍ਹਾਂ ਕਿਹਾ ਕਿ 'ਰੋਜ਼ਾਨਾ ਸਪੋਕਸਮੈਨ' ਵਿਚ ਲਗਾਤਾਰ ਦੋ ਦਿਨ 3 ਅਤੇ 4 ਅਕਤੂਬਰ ਨੂੰ ਪ੍ਰਕਾਸ਼ਤ ਹੋਈਆਂ ਸੰਪਾਦਕੀਆਂ 'ਚ ਉਠਾਏ ਸਵਾਲਾਂ ਦੇ ਪ੍ਰੋ. ਬਡੂੰਗਰ ਜਵਾਬ ਦੇਣ ਨਹੀਂ ਤਾਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਵਲੋਂ ਕੀਤੀ ਜਾ ਰਹੀ ਬੇਅਦਬੀ ਕਾਂਡ ਦੀ ਜਾਂਚ 'ਚ ਬਣਦਾ ਸਹਿਯੋਗ ਦੇਣ। ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ਗੁਰੂ ਵੀਹ ਵਿਸਵੇ ਤੇ ਸੰਗਤ 21 ਵਿਸਵੇ ਦਾ ਨਾਹਰਾ ਮਾਰਨ ਵਾਲੇ ਸਿੱਖ ਧਰਮ 'ਚ ਗ੍ਰੰਥੀ ਗੁਰੂ ਕੇ ਵਜੀਰ ਬਣ ਗਏ, ਆਮ ਸਿੱਖ 'ਸਿੰਘ' ਹੀ ਰਿਹਾ ਪਰ ਪੁਜਾਰੀ 'ਸਿੰਘ ਸਾਹਿਬ' ਬਣ ਗਏ। ਆਮ ਸਿੱਖ ਨੂੰ ਪੂਰੀ ਤਰਾਂ ਅਧਿਕਾਰ ਰਹਿਤ ਕਰ ਦਿਤਾ ਗਿਆ ਤੇ ਗੁਰੂ ਨੂੰ ਵੀ ਰੁਮਾਲਿਆਂ 'ਚ ਲਪੇਟ ਕੇ ਰੱਖ ਦਿੱਤਾ ਗਿਆ।
ਪ੍ਰੋ. ਸਰਬਜੀਤ ਸਿੰਘ ਧੂੰਦਾ ਅਤੇ ਭਾਈ ਅਮਰੀਕ ਸਿੰਘ ਚੰਡੀਗੜ੍ਹ ਨੇ ਵੀ ਪੁਛਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਰਬਉਚ ਮੰਨਣ ਦੇ ਬਾਵਜੂਦ ਸਿਰਫ਼ ਉਸ ਪੁਜਾਰੀਵਾਦ ਦੀ ਕਿਉਂ ਚਲਦੀ ਹੈ ਜੋ ਸਿਆਸਤਦਾਨ ਜਾਂ ਅਖੌਤੀ ਸਾਧ ਹੁਕਮ ਕਰਦੇ ਹਨ? ਉਨ੍ਹਾਂ ਕਿਹਾ ਕਿ ਪੁਰਾਣੇ ਧਰਮਾਂ ਦੇ ਪੁਜਾਰੀਆਂ ਵਾਂਗ ਹੀ ਜਥੇਦਾਰ ਚੰਮ ਦੀਆਂ ਚਲਾ ਰਹੇ ਹਨ।  
ਭਾਈ ਹਰਜਿੰਦਰ ਸਿੰਘ ਮਾਝੀ ਅਤੇ ਭਾਈ ਹਰਜੀਤ ਸਿੰਘ ਢਪਾਲੀ ਨੇ ਵੀ 'ਸਪੋਕਸਮੈਨ' ਦੀਆਂ ਦੋਵੇਂ ਸੰਪਾਦਕੀਆਂ ਦੀ ਪ੍ਰਸ਼ੰਸਾ ਕਰਨ ਦੇ ਨਾਲ-ਨਾਲ ਸਹਿਮਤੀ ਪ੍ਰਗਟਾਉਂਦਿਆਂ ਕਿਹਾ ਕਿ ਪੌਪ ਦੇ ਰੱਬੀ ਅਧਿਕਾਰ ਅਤੇ ਬਾਦਸ਼ਾਹਾਂ ਦੀਆਂ ਪਦਵੀਆਂ ਦੇ ਨਾਲ-ਨਾਲ ਇਲਾਹੀ ਤਾਕਤਾਂ ਦਾ ਵਿਸਥਾਰ ਸਹਿਤ ਵਰਨਣ ਕਰ ਕੇ ਸ. ਜੋਗਿੰਦਰ ਸਿੰਘ ਨੇ ਜੋ ਸਵਾਲ ਕੀਤੇ ਹਨ ਕਿ ਈਸਾਈਆਂ ਨੇ ਪੌਪ ਦੇ ਅਧਿਕਾਰ ਖ਼ਤਮ ਕਰ ਦਿਤੇ ਅਤੇ ਜਵਾਹਰ ਲਾਲ ਨਹਿਰੂ ਨੇ ਵੀ ਤਾਨਾਸ਼ਾਹੀ ਹੁਕਮ ਜਾਰੀ ਕਰਨ ਵਾਲੇ ਪੁਜਾਰੀਆਂ ਨੂੰ ਵਰਜ ਦਿਤਾ, ਉਸ ਤੋਂ ਬਾਅਦ ਨਾ ਤਾਂ ਪੌਪ ਨੇ ਅਪਣੇ ਅਧਿਕਾਰਾਂ ਦੀ ਉਲੰਘਣਾ ਕੀਤੀ ਅਤੇ ਨਾ ਹੀ ਹਿੰਦੂ ਪੁਜਾਰੀਆਂ ਨੇ ਕੋਈ ਤਾਨਾਸ਼ਾਹੀ ਪਾਬੰਦੀ ਲਾਈ, ਫਿਰ ਸਿੱਖ ਧਰਮ 'ਚ ਦਾਖ਼ਲ ਹੋ ਚੁਕੀਆਂ ਅਜਿਹੀਆਂ ਬੁਰਾਈਆਂ ਨੂੰ ਵੀ ਖ਼ਤਮ ਕਰ ਦੇਣਾ ਚਾਹੀਦਾ ਹੈ। ਭਾਈ ਗੁਰਜੰਟ ਸਿੰਘ ਰੂਪੋਵਾਲੀ ਅਤੇ ਭਾਈ ਸਤਨਾਮ ਸਿੰਘ ਚੰਦੜ ਨੇ ਕਿਹਾ ਕਿ ਉਨ੍ਹਾਂ ਨੂੰ ਦੇਸ਼ ਦੇ ਵੱਖ-ਵੱਖ ਪਿੰਡਾਂ, ਸ਼ਹਿਰਾਂ ਤੇ ਕਸਬਿਆਂ 'ਚ ਪੰਥਕ ਪ੍ਰਚਾਰ ਲਈ ਜਾਣ ਦਾ ਮੌਕਾ ਮਿਲਦਾ ਹੈ ਪਰ ਦਿਨੋ-ਦਿਨ ਵੱਧ ਰਹੇ ਪਤਿਤਪੁਣੇ ਅਤੇ ਗੁਰਦਵਾਰਿਆਂ 'ਚ ਹੀ ਹੁੰਦੀ ਮਨਮੱਤ ਤੇ ਕਰਮਕਾਂਡ ਵੇਖ ਕੇ ਮਨ ਦੁਖੀ ਹੁੰਦਾ ਹੈ। ਉਨ੍ਹਾਂ 'ਰੋਜ਼ਾਨਾ ਸਪੋਕਸਮੈਨ' ਦੀ ਉਕਤ ਗੱਲ ਦਾ ਸਮਰਥਨ ਕੀਤਾ ਜਿਸ ਵਿਚ ਸ. ਜੋਗਿੰਦਰ ਸਿੰਘ ਨੇ ਕਿਹਾ ਸੀ ਕਿ ਪੁਜਾਰੀਵਾਦ ਤੇ ਸਿਆਸਤਦਾਨਾਂ ਦੇ ਗਠਜੋੜ ਨੇ ਸਿੱਖ ਕੌਮ ਦਾ ਬਹੁਤ ਨੁਕਸਾਨ ਕਰ ਦਿਤਾ ਹੈ ਅਤੇ ਇਸ ਸਮੇਂ ਹਰ ਭਲੇ ਸਿੱਖ ਦੇ ਦਿਲ ਦੀ ਪੁਕਾਰ ਹੈ ਕਿ ਅਕਾਲ ਤਖ਼ਤ ਦਾ ਨਾਂ ਵਰਤ ਕੇ ਬਲਾਤਕਾਰੀਆਂ ਨਾਲ ਸੌਦੇਬਾਜ਼ੀ, ਹੁਕਮਨਾਮੇ ਜਾਰੀ ਕਰ ਕੇ ਵਾਪਸ ਕਰਨ, ਸੌਧਾ ਸਾਧ ਵਰਗੇ ਕਈਆਂ ਨੂੰ ਚੁੱਪ-ਚਪੀਤੇ ਦੋਸ਼ ਮੁਕਤ ਕਰਨ ਵਰਗੀਆਂ ਕਈ ਸਾਹਮਣੇ ਆ ਰਹੀਆਂ ਨਿੰਦਣਯੋਗ ਘਟਨਾਵਾਂ ਸੰਗਤ ਦੀ ਕਚਹਿਰੀ 'ਚ ਰੱਖ ਕੇ ਅਜਿਹੀਆਂ ਬੁਰਾਈਆਂ ਦਾ ਖ਼ਾਤਮਾ ਯਕੀਨੀ ਬਣਾਇਆ ਜਾਵੇ। 


ਭਾਈ ਤਰਲੋਚਨ ਸਿੰਘ ਦੁਪਾਲਪੁਰ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ ਅਤੇ ਭਾਈ ਸੁਖਵਿੰਦਰ ਸਿੰਘ ਦਦੇਹਰ ਨੇ ਕਿਹਾ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਅਕਾਲ ਤਖ਼ਤ ਜਾਂ ਉਸ ਦੇ ਜਥੇਦਾਰ ਨੂੰ ਪਾਰਟੀ ਨਹੀਂ ਬਣਾਇਆ, ਸਿਰਫ਼ ਅਕਾਲ ਤਖ਼ਤ ਦੇ ਸਕੱਤਰੇਤ ਨੂੰ ਹੀ ਕਿਹਾ ਹੈ ਕਿ ਸੌਧਾ ਸਾਧ ਨੂੰ ਮੁਆਫ਼ ਕਰਨ ਸਬੰਧੀ ਸਾਰੇ ਦਸਤਾਵੇਜ਼ ਕਮਿਸ਼ਨ ਨੂੰ ਵਿਖਾ ਦੇਵੇ ਤੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਜਾਂ ਕੋਈ ਵੀ ਅਹੁਦੇਦਾਰ ਕੁੱਝ ਸਵਾਲਾਂ ਦੇ ਜਵਾਬ ਦੇ ਦੇਵੇ ਤਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਵਲੋਂ 500 ਸਾਲ ਪਹਿਲਾਂ ਦੇ ਪੌਪ ਵਾਲਾ ਧਰਮ ਦਾ ਡੰਡਾ ਚੁੱਕ ਕੇ ਇਹ ਕਹਿ ਦੇਣਾ ਕਿ ਇਹ ਤਾਂ ਵੱਡੇ ਧਰਮੀ ਮਹਾਂਪੁਰਸ਼ਾਂ ਦਾ ਅਪਮਾਨ ਕਰ ਦਿਤਾ ਗਿਆ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ! ਉਨ੍ਹਾਂ ਪੁਛਿਆ ਕਿ ਭਲਾ ਇਹ ਦੱਸਣ ਦੀ ਖੇਚਲ ਜ਼ਰੂਰ ਕਰੋ ਕਿ ਅਪਮਾਨ ਕਿਵੇਂ ਹੋ ਗਿਆ ਕਿਉਂਕਿ ਸਕੱਤਰੇਤ ਤਾਂ ਬਣਿਆ ਹੀ ਰੀਕਾਰਡ ਸਾਂਭਣ ਲਈ ਹੈ ਤੇ ਕਿਸੇ ਨੂੰ ਪੁਰਾਣੇ ਰੀਕਾਰਡ ਬਾਰੇ ਜਾਣਕਾਰੀ ਚਾਹੀਦੀ ਹੋਵੇ ਤਾਂ ਕੋਈ ਵੀ ਉਥੋਂ ਲੈ ਸਕਦਾ ਹੈ। ਉਨ੍ਹਾਂ ਕਿਹਾ ਕਿ ਹੁਕਮਨਾਮਿਆਂ ਅਤੇ ਆਦੇਸ਼ਾਂ ਨੂੰ ਤਾਂ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਰੂਪ ਸਿੰਘ ਵਲੋਂ ਅਪਣੀ ਪੁਸਤਕ ਵਿਚ ਛਾਪ ਵੀ ਦਿਤਾ ਗਿਆ ਹੈ।
ਗਿ. ਜਗਤਾਰ ਸਿੰਘ ਜਾਚਕ ਅਤੇ ਭਾਈ ਹਰਦੀਪ ਸਿੰਘ ਨਿਮਾਣਾ ਨੇ ਵੀ ਸ. ਜੋਗਿੰਦਰ ਸਿੰਘ ਵਲੋਂ ਸੰਪਾਦਕੀਆਂ ਤੇ 'ਮੇਰੀ ਨਿਜੀ ਡਾਇਰੀ ਦੇ ਪੰਨਿਆਂ ਰਾਹੀਂ ਸਮੇਂ-ਸਮੇਂ ਉਠਾਏ ਪੰਥਕ ਮੁਦਿਆਂ ਅਤੇ ਭੰਬਲਭੂਸਾ ਦੂਰ ਕਰਨ ਦੀਆਂ ਦਿਤੀਆਂ ਦਲੀਲਾਂ ਸਬੰਧੀ ਸਹਿਮਤੀ ਪ੍ਰਗਟਾਉਂਦਿਆਂ ਕਿਹਾ ਕਿ ਭਾਵੇਂ ਤਖ਼ਤਾਂ ਦੇ ਪੁਜਾਰੀਆਂ, ਸ਼੍ਰੋ੍ਰਮਣੀ ਕਮੇਟੀ, ਅਕਾਲੀ ਦਲ ਬਾਦਲ ਅਤੇ ਘੜੰਮ ਚੌਧਰੀਆਂ ਨੇ ਸ. ਜੋਗਿੰਦਰ ਸਿੰਘ ਨੂੰ ਜ਼ਲੀਲ ਕਰਨ ਦੀ ਕੋਈ ਕਸਰ ਨਹੀਂ ਛੱਡੀ ਪਰ ਇਸ ਦੇ ਬਾਵਜੂਦ ਸ. ਜੋਗਿੰਦਰ ਸਿੰਘ ਨੇ ਸਮੇਂ-ਸਮੇਂ ਨਿਮਰਤਾ ਨਾਲ ਦਲੀਲਾਂ ਸਮੇਤ ਉਨ੍ਹਾਂ ਨੂੰ ਸੇਧ ਦੇਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਲਗਾਤਾਰ ਦੋ ਦਿਨ ਛਪੀਆਂ ਉਕਤ ਸੰਪਾਦਕੀਆਂ ਦੀ ਪ੍ਰਸ਼ੰਸਾ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਉਸ ਦੇ ਸਾਥੀਆਂ ਨੂੰ ਪੁਛਿਆ ਕਿ ਉਹ 'ਰੋਜ਼ਾਨਾ ਸਪੋਕਸਮੈਨ' ਵਲੋਂ ਉਠਾਏ ਉਸ ਸਵਾਲ ਦਾ ਜਵਾਬ ਜ਼ਰੂਰ ਦੇਣ ਕਿ ਭਾਈ ਰੂਪ ਸਿੰਘ ਵਲੋਂ ਜੋ ਪੁਸਤਕ 'ਚ ਛਾਪਿਆ ਗਿਆ ਸੀ, ਉਸ ਦੀ ਜਾਣਕਾਰੀ ਅਕਾਤ ਤਖ਼ਤ ਦੇ ਸਕੱਤਰੇਤ ਤੋਂ ਨਹੀਂ ਸੀ ਲਈ ਗਈ? ਉਨ੍ਹਾਂ ਕਿਹਾ ਕਿ ਜੇ ਕਮਿਸ਼ਨ ਨੇ ਰੀਕਾਰਡ ਦੀ ਜਾਣਕਾਰੀ ਮੰਗ ਲਈ ਤਾਂ ਕੀ ਅਨਰਥ ਹੋ ਗਿਆ?
ਭਾਈ ਹਰਜਿੰਦਰ ਸਿੰਘ ਸਭਰਾ ਅਤੇ ਬਲਵਿੰਦਰ ਸਿੰਘ ਮਿਸ਼ਨਰੀ ਨੇ ਕਿਹਾ ਕਿ ਜੇ ਜਥੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਵਾਲਿਆਂ ਦੇ ਦਿਲ ਸਾਫ਼ ਹੁੰਦੇ ਤਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਜਾਂਚ ਕਰਨ ਵਾਲੇ ਨੂੰ ਉਹ ਆਪ ਜੀ ਆਇਆਂ ਕਹਿ ਕੇ ਸਹਿਯੋਗ ਦੇਣ ਲਈ ਉਸ ਕੋਲ ਜਾਂਦੇ ਤਾਕਿ ਗੁਰੂ ਗੰ੍ਰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਦਾ ਪਤਾ ਲੱਗ ਸਕੇ ਪਰ ਉਹ ਤਾਂ ਕਹਿੰਦੇ ਹਨ ਕਿ ਅਸੀਂ ਤਾਂ ਸਰਬਉਚ ਹਾਂ ਤੇ ਸਰਬਉਚ ਨੂੰ ਅਪਣੀ ਕਥਿਤ ਸਰਬਉਚਤਾ ਨਾਲ ਮਤਲਬ ਹੈ, ਕਿਸੇ ਹੋਰ ਦੀ ਬੇਅਦਬੀ ਨਾਲ ਨਹੀਂ। ਉਨ੍ਹਾਂ ਪੁਛਿਆ ਕਿ ਕੀ ਤੁਸੀ ਅਪਣੇ-ਆਪ ਨੂੰ ਗੁਰੂ ਗੰ੍ਰਥ ਸਾਹਿਬ ਨਾਲੋਂ ਵੀ ਸਰਬਉਚ ਮੰਨਦੇ ਹੋ? ਕਮਿਸ਼ਨ ਨੇ ਤੁਹਾਡੀ ਸਰਬਉਚਤਾ ਬਾਰੇ ਤਾਂ ਫ਼ੈਸਲਾ ਨਹੀਂ ਦੇਣਾ, ਉਸ ਨੇ ਤਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਾਰੇ ਰੀਪੋਰਟ ਦੇਣੀ ਹੈ। ਉਨ੍ਹਾਂ ਖ਼ਦਸ਼ਾ ਪ੍ਰਗਟਾਇਆ ਕਿ ਜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਜਾਂਚ 'ਚ ਵੀ ਤੁਸੀ ਸਹਿਯੋਗ ਨਹੀਂ ਦਿੰਦੇ ਤਾਂ ਯਕੀਨਨ ਤੁਸੀ ਅਪਣੇ-ਆਪ ਨੂੰ ਗੁਰੂ ਗ੍ਰੰਥ ਸਾਹਿਬ ਤੋਂ ਵੀ ਉਪਰ ਸਮਝਣ ਲੱਗ ਪਏ ਹੋ।  


ਤਖ਼ਤ ਦਮਦਮਾ ਸਾਹਿਬ ਦੇ ਸਾਬਕਾ ਮੁੱਖ ਸੇਵਾਦਾਰਾਂ ਗਿ. ਬਲਵੰਤ ਸਿੰਘ ਨੰਦਗੜ੍ਹ ਅਤੇ ਗਿ. ਕੇਵਲ ਸਿੰਘ ਸਮੇਤ ਹੋਰ ਵੀ ਅਨੇਕਾਂ ਪੰਥਦਰਦੀਆਂ ਨੇ ਹੈਰਾਨੀ ਪ੍ਰਗਟਾਈ ਹੈ ਕਿ ਜੇ ਕਮਿਸ਼ਨ ਨੇ ਪੇਸ਼ੀ 'ਤੇ ਨਹੀਂ ਬੁਲਾਇਆ, ਸਿਰਫ਼  ਅਕਾਲ ਤਖ਼ਤ ਦੇ ਸਕੱਤਰੇਤ 'ਚ ਪਿਆ ਰੀਕਾਰਡ ਹੀ ਮੰਗਿਆ ਹੈ ਤਾਂ ਧਰਮ ਦੇ ਨਾਂਅ ਦੀ ਦੁਰਵਰਤੋਂ ਉਨ੍ਹਾਂ ਨੂੰ ਸੋਭਾ ਨਹੀਂ ਦਿੰਦੀ ਕਿਉਂਕਿ ਸਿੱਖ ਅਤਿ-ਆਧੁਨਕ ਧਰਮ ਬਣ ਚੁੱਕਾ ਹੈ ਤੇ ਇਸ ਨੂੰ ਪੁਰਾਤਨਵਾਦੀ ਬਣਾਉਣਾ ਵੀ ਚਿੰਤਾਜਨਕ ਹੈ। ਉਕਤ ਮਾਮਲੇ ਸਬੰਧੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਸੇਵਾਦਾਰ ਗਿਆਨੀ ਗੁਰਬਚਨ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਦਾ ਪੱਖ ਜਾਣਨ ਲਈ ਉਨ੍ਹਾਂ ਦੇ ਮੋਬਾਈਲਾਂ ਰਾਹੀਂ ਦਰਜਨਾਂ ਵਾਰ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਸੰਪਰਕ ਨਹੀਂ ਹੋ ਸਕਿਆ। ਜਦਕਿ ਗਿਆਨੀ ਹਰਪ੍ਰੀਤ ਸਿੰਘ ਮੁੱਖ ਸੇਵਾਦਾਰ ਤਖ਼ਤ ਦਮਦਮਾ ਸਾਹਿਬ ਨੇ ਕਿਹਾ ਕਿ ਉਹ ਇਸ ਮਾਮਲੇ 'ਚ ਗਿਆਨੀ ਗੁਰਬਚਨ ਸਿੰਘ ਨਾਲ ਗੱਲ ਕਰਨਗੇ। ਉਨ੍ਹਾਂ ਮੰਨਿਆ ਕਿ ਜੇ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਅਤੇ ਪੀੜਤ ਪਰਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਉਕਤ ਰੀਕਾਰਡ ਦੀ ਕਮਿਸ਼ਨ ਮੰਗ ਕਰਦਾ ਹੈ ਤਾਂ ਬਿਨਾਂ ਦੇਰੀ ਮੁਹੱਈਆ ਕਰਾਉਣਾ ਚਾਹੀਦਾ ਹੈ।    ਪੰਥਕ ਵਿਦਵਾਨਾਂ ਦੀਆਂ ਤਸਵੀਰਾਂ ਵੀ ਨਾਲ ਭੇਜੀਆਂ ਜਾ ਰਹੀਆਂ ਹਨ, ਜੇਕਰ ਗਿਆਨੀ ਗੁਰਬਚਨ ਸਿੰਘ, ਪ੍ਰੋ. ਬਡੂੰਗਰ ਜਾਂ ਗਿਆਨੀ ਹਰਪ੍ਰੀਤ ਸਿੰਘ ਦੀਆਂ ਤਸਵੀਰਾਂ ਐਡ ਕਰਨੀਆਂ ਹੋਣ ਤਾਂ ਗੁੱਗਲ ਤੋਂ ਸਰਚ ਮਾਰ ਕੇ ਲਈਆਂ ਜਾ ਸਕਦੀਆਂ ਹਨ।

SHARE ARTICLE
Advertisement

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM
Advertisement