
ਸਿਰਸਾ,
30 ਸਤੰਬਰ (ਕਰਨੈਲ ਸਿੰਘ,ਸ.ਸ.ਬੇਦੀ): ਅਖ਼ਬਾਰਾਂ ਦੇ ਮੁੱਖ ਪੰਨਿਆਂ 'ਤੇ ਸੁੱਚਾ ਸਿੰਘ
ਲੰਗਾਹ ਬਾਰੇ ਛਪੀਆਂ ਬਲਾਤਕਾਰ ਅਤੇ ਧੋਖਾਧੜੀ ਦੀਆਂ ਖ਼ਬਰਾਂ ਬਾਰੇ ਅਪਣਾ ਪ੍ਰਤੀਕਰਮ ਜ਼ਾਹਰ
ਕਰਦਿਆਂ ਏਕਸ ਕੇ ਬਾਰਕ ਜਥੇਬੰਦੀ ਸਿਰਸਾ ਦੇ ਮੈਂਬਰਾਂ ਨੇ ਕਿਹਾ ਕਿ ਸੁੱਚਾ ਸਿੰਘ ਲੰਗਾਹ
ਦਾ ਜ਼ੁਲਮ ਸਿਰਸੇ ਦੇ ਬਲਾਤਕਾਰੀ ਸਾਧ ਨਾਲੋਂ ਕਿਸੇ ਗੱਲੋਂ ਵੀ ਘੱਟ ਨਹੀਂ।
ਉਨ੍ਹਾਂ
ਕਿਹਾ ਕਿ ਕਿੰਨੀ ਸ਼ਰਮ ਦੀ ਗੱਲ ਹੈ ਕਿ ਪਿਛਲੇ 32 ਸਾਲਾਂ ਤੋਂ ਸਿੱਖਾਂ ਦੀ ਸਿਰਮੌਰ ਸੰਸਥਾ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਦਾ ਮਕਸਦ ਸਿੱਖ ਸਿਧਾਂਤ (ਦੇਖ ਪਰਾਈਆਂ
ਚੰਗੀਆਂ ਮਾਵਾਂ ਧੀਆਂ ਭੈਣਾਂ ਜਾਣੇ) ਦੀ ਰਾਖੀ ਕਰਨੀ ਅਤੇ ਪ੍ਰਫ਼ੁੱਲਤ ਕਰਨਾ ਸੀ ਦਾ ਮੈਂਬਰ
ਚਲਿਆ ਆ ਰਿਹਾ ਸੀ ਤਾਂ ਸਵਾਲ ਪੈਦਾ ਹੁੰਦਾ ਹੈ ਕਿ ਕੀ ਸੈਂਕੜੇ ਕੁਰਬਾਨੀਆਂ ਦੇ ਕੇ ਹੋਂਦ
ਵਿਚ ਲਿਆਂਦੀ ਗਈ ਇਹ ਸੰਸਥਾ ਇਥੋਂ ਤਕ ਗਰਕ ਗਈ ਹੈ, ਬਾਰੇ ਸੋਚ ਕੇ ਤਾਂ ਰੂਹ ਧੁਰ ਅੰਦਰ
ਤਕ ਕੰਬ ਜਾਂਦੀ ਹੈ। ਪਿਛਲੇ 10 ਸਾਲਾਂ ਦੇ ਇਨ੍ਹਾਂ ਕਾਲ੍ਹੀਆਂ ਦੇ ਰਾਜ ਵਿਚ ਜਿਹੜਾ
ਸਿੱਖਾਂ ਅਤੇ ਸਿੱਖੀ ਦਾ ਸਰਵਨਾਸ਼ ਹੋਇਆ ਹੈ ਉਸ ਨੂੰ ਵੇਖ ਕੇ ਘੱਟੋ ਘੱਟ ਹੁਣ ਤਾਂ ਪੰਜਾਬ
ਦੇ ਲੋਕਾਂ ਨੂੰ ਇੰਨ੍ਹਾਂ ਦੀਆਂ ਕਰਤੂਤਾਂ ਨੂੰ ਸਮਝਣਾ ਚਾਹੀਦਾ ਹੈ। ਉਨ੍ਹਾਂ ਕਿਹਾ ਇਸ
ਤਰ੍ਹਾਂ ਦਾ ਘਿਨੌਣਾ ਕਾਰਾ ਕਰਨ ਵਾਲਾ ਇਹ ਮਨੁੱਖ ਪਿਛਲੇ ਲੰਮੇ ਅਰਸੇ ਤੋਂ ਸਰਕਾਰ ਦੇ ਉੱਚ
ਅਹੁਦਿਆਂ ਦਾ ਜਿਥੇ ਸੁੱਖ ਮਾਣਦਾ ਰਿਹਾ ਉਥੇ ਇਸ ਨੇ ਅਪਣੇ ਇਸ ਪਦਵੀ ਨੂੰ ਕਲੰਕਿਤ ਹੀ
ਨਹੀਂ ਕੀਤਾ ਸਗੋਂ ਮੰਤਰੀ ਪਦ ਦੀ ਮਾਣ ਮਰਿਆਦਾ ਨੂੰ ਮਿੱਟੀ ਵਿਚ ਰੋਲ ਦਿਤਾ ਅਤੇ ਇਕ
ਮਜਬੂਰ ਔਰਤ ਵਲੋਂ ਅਪਣੇ ਸਿਰ ਦੇ ਸੋਹਾਗ ਦਾ ਅਕਾਲ ਚਲਾਣਾ ਕਰ ਜਾਣ ਕਰ ਕੇ ਤਰਸ ਦੇ ਆਧਾਰ
'ਤੇ ਮੰਗੀ ਨੌਕਰੀ ਦੀ ਜਾਇਜ਼ ਮੰਗ ਦਾ ਨਾਜਾਇਜ਼ ਫ਼ਾਇਦਾ ਉਠਾ ਕੇ ਲਗਾਤਾਰ 8 ਸਾਲ ਉਸ ਦੇ
ਸਰੀਰ ਨੂੰ ਨੋਚਦਾ ਰਿਹਾ ਜਿਹੜੀ ਇਸ ਦੀ ਧੀ ਦੀ ਉਮਰ ਦੀ ਹੈ।
ਉਨ੍ਹਾਂ ਕਿਹਾ ਜਿਸ
ਤਰ੍ਹਾਂ ਸੌਦਾ ਸਾਧ ਧਰਮ ਦੀ ਆੜ ਵਿਚ ਅਪਣੀਆਂ ਧੀਆਂ ਦੀ ਉਮਰ ਦੀਆਂ ਬੱਚੀਆਂ ਨਾਲ ਸਾਲਾਂ
ਬੱਧੀ ਕੁਕਰਮ ਕਰਦਾ ਰਿਹਾ ਅਤੇ ਹੁਣ ਉਸ ਨੂੰ ਉਸ ਦੇ ਕੁਕਰਮਾਂ ਦੀ ਸਜ਼ਾ ਮਿਲੀ ਹੈ ਇਸੇ
ਤਰ੍ਹਾਂ ਇਸ ਦਾ ਕੁਕਰਮ ਵੀ ਉਸ ਨਾਲੋਂ ਕਿਸੇ ਸੂਰਤ ਵਿਚ ਵੀ ਘੱਟ ਨਹੀਂ ਹੈ ਤਾਂ ਇਸ ਦੇ
ਕੇਸ ਵਿਚ ਵੀ ਕਾਨੂੰਨ ਨੂੰ ਕਿਸੇ ਤਰ੍ਹਾਂ ਦੀ ਢਿੱਲ ਨਹੀਂ ਵਰਤਣੀ ਚਾਹੀਦੀ। ਇਸ ਮੌਕੇ ਏਕਸ
ਕੇ ਬਾਰਕ ਜਥੇਬੰਦੀ ਦੇ ਇੰਦਰਜੀਤ ਸਿੰਘ ਐਡਵੋਕੇਟ, ਸ. ਹਰਦੀਪ ਸਿੰਘ ਰਿਟਾਇਰਡ ਹੈਡ
ਮਾਸਟਰ, ਸ. ਅਜੀਤ ਸਿੰਘ, ਸੁਰਜੀਤ ਸਿੰਘ ,ਗੁਰਮੀਤ ਸਿੰਘ ਆਦਿ ਹਾਜ਼ਰ ਸਨ।