
ਅੰਮ੍ਰਿਤਸਰ, 7 ਸਤੰਬਰ
(ਸੁਖਵਿੰਦਰਜੀਤ ਸਿੰਘ ਬਹੋੜੂ): ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ
ਨੇ ਕਾਲਮਨਵੀਸ ਕੁਲਦੀਪ ਨਈਅਰ ਵਲੋਂ ਗਿ. ਜਰਨੈਲ ਸਿੰਘ ਭਿੰਡਰਾਂਵਾਲਿਆਂ ਪ੍ਰਤੀ ਭੱਦੀ
ਸ਼ਬਦਾਵਲੀ ਵਰਤਣ ਅਤੇ ਉਨ੍ਹਾਂ ਦੀ ਤੁਲਨਾ ਬਲਾਤਕਾਰੀ ਸੌਦਾ ਸਾਧ ਨਾਲ ਕਰਨ ਦਾ ਸਖ਼ਤ ਨੋਟਿਸ
ਲਿਆ ਹੈ। ਉਨ੍ਹਾਂ ਕਿਹਾ ਕਿ ਨਈਅਰ ਨੇ ਅਤੀਤ ਤੋਂ ਕੋਈ ਸਬਕ ਨਹੀਂ ਸਿਖਿਆ। ਉਹ
ਫ਼ਿਰਕਾਪ੍ਰਸਤ ਲਿਖਤਾਂ ਰਾਹੀਂ ਸਿੱਖ ਭਾਵਨਾਵਾਂ ਨੂੰ ਭੜਕਾ ਰਿਹਾ ਹੈ।
ਖ਼ਾਲਸਾ ਨੇ
ਕਿਹਾ ਕਿ ਉਹ ਪ੍ਰੈੱਸ ਦੀ ਆਜ਼ਾਦੀ ਦੇ ਮੁਦਈ ਹਨ ਅਤੇ ਮੀਡੀਆ ਦਾ ਪੂਰਾ ਸਤਿਕਾਰ ਕਰਦੇ ਹਨ
ਪਰ ਨਈਅਰ ਦੀ ਸੰਤ ਭਿੰਡਰਾਂਵਾਲਿਆਂ ਪ੍ਰਤੀ ਭੱਦੀ ਸ਼ਬਦਾਵਲੀ ਨਾਲ ਸੂਬੇ ਦਾ ਮਾਹੌਲ
ਪ੍ਰਭਾਵਤ ਹੋਵੇਗਾ। ਸਿੱਖ ਕੌਮ ਸੰਤ ਭਿੰਡਰਾਂਵਾਲਿਆਂ ਨੂੰ ਅਪਣਾ ਨਾਇਕ ਮੰਨਦੀ ਹੈ। ਅਕਾਲ
ਤਖ਼ਤ ਵਲੋਂ ਸੰਤ ਭਿੰਡਰਾਂਵਾਲੇ ਨੂੰ ਵੀਹਵੀਂ ਸਦੀ ਦਾ ਮਹਾਨ ਸਿੱਖ ਜਰਨੈਲ ਅਤੇ ਸ਼ਹੀਦ
ਐਲਾਨਿਆ ਹੈ। ਸੰਤ ਭਿੰਡਰਾਂਵਾਲਿਆਂ ਨੇ ਸਿੱਖ ਅਤੇ ਪੰਜਾਬ ਦੇ ਹੱਕਾਂ ਹਿਤਾਂ ਲਈ
ਪਹਿਰੇਦਾਰੀ ਕੀਤੀ। ਨਈਅਰ ਨੇ ਸੰਤਾਂ ਪ੍ਰਤੀ ਹਿੰਦੂ ਮਿਥਿਹਾਸ ਦੇ ਕਿਰਦਾਰ (ਭਸਮਾਸੁਰ)
ਵਰਗੀ ਭੱਦੀ ਸ਼ਬਦਾਵਲੀ ਰਾਹੀਂ ਫਿਰਕੂ ਜ਼ਹਿਰ ਉਗਲ ਕੇ ਬੀਮਾਰ ਮਾਨਸਿਕਤਾ ਦਾ ਪ੍ਰਗਟਾਵਾ
ਕੀਤਾ। ਉਨ੍ਹਾਂ ਸੰਤ ਭਿੰਡਰਾਂਵਾਲਿਆਂ ਨੂੰ ਅਤਿਵਾਦੀ ਕਹਿਣ ਦੀ ਤੰਗ ਨਜ਼ਰੀਏ ਪ੍ਰਤੀ ਨਈਅਰ
ਦੀ ਨਿਖੇਧੀ ਕੀਤੀ।
ਖ਼ਾਲਸਾ ਮੁਤਾਬਕ ਨਈਅਰ ਲੰਮੇ ਸਮੇਂ ਤੋਂ ਆਏ ਦਿਨ ਸੰਤਾਂ ਪ੍ਰਤੀ
ਵਿਰੋਧੀ ਭਾਵਨਾ ਅਤੇ ਜ਼ਹਿਰ ਉਗਲਨ ਦੇ ਬਾਵਜੂਦ ਅੱਜ ਤਕ ਇਕ ਵੀ ਅਜਿਹਾ ਠੋਸ ਸਬੂਤ ਜਾਂ
ਪ੍ਰਮਾਣ ਨਹੀਂ ਦੇ ਸਕਿਆ ਜਿਸ ਨਾਲ ਸੰਤ ਨੂੰ ਅਤਿਵਾਦੀ ਸਿੱਧ ਕੀਤਾ ਜਾ ਸਕੇ। ਖ਼ਾਲਸਾ ਨੇ
ਨਈਅਰ ਨੂੰ ਚੁਨੌਤੀ ਦਿੰਦਿਆਂ ਕਿਹਾ ਕਿ ਭਾਰਤੀ ਗ੍ਰਹਿ ਵਿਭਾਗ ਅਤੇ ਪੰਜਾਬ ਦੀ ਪੁਲਿਸ
ਪ੍ਰਸ਼ਾਸਨ ਨੇ ਆਰਟੀਆਈ ਦੇ ਜਵਾਬ ਵਿਚ ਸਪੱਸ਼ਟ ਕਿਹਾ ਹੈ ਕਿ 6 ਜੂਨ 1984 ਤਕ ਕਿਸੇ ਵੀ
ਥਾਣੇ ਵਿਚ ਸੰਤ ਭਿੰਡਰਾਂਵਾਲੇ ਵਿਰੁਧ ਕੋਈ ਕੇਸ ਦਰਜ ਨਹੀਂ ਸੀ।
ਨਈਅਰ ਨੂੰ ਪਤਾ
ਹੋਣਾ ਚਾਹੀਦਾ ਹੈ ਕਿ ਕਿਸੇ ਵੀ ਸਟੇਟ ਜਾਂ ਕੇਂਦਰ ਸਰਕਾਰ ਦੀ ਤਰਫ਼ੋਂ ਸੰਤ
ਭਿੰਡਰਾਂਵਾਲਿਆਂ ਨੂੰ ਨਾ ਤਾਂ ਭਗੌੜਾ ਕਰਾਰ ਦਿਤਾ, ਨਾ ਹੀ ਕਿਸੇ ਕਿਸਮ ਦਾ ਕੇਸ ਦਰਜ
ਹੋਇਆ ਅਤੇ ਨਾ ਹੀ ਉਨ੍ਹਾਂ ਦੀਆਂ ਧਾਰਮਕ ਗਤੀਵਿਧੀਆਂ 'ਤੇ ਕਿਸੇ ਨੇ ਕੋਈ ਇਤਰਾਜ਼ ਜਤਾਇਆ
ਤੇ ਨਾ ਹੀ ਕਿਸੇ ਸਰਕਾਰ ਜਾਂ ਅਦਾਲਤ ਨੇ ਉਨ੍ਹਾਂ ਨੂੰ ਅਤਿਵਾਦੀ ਠਹਿਰਾਇਆ।