
ਅੰਮ੍ਰਿਤਸਰ, 7 ਫ਼ਰਵਰੀ (ਸੁਖਵਿੰਦਰਜੀਤ ਸਿੰਘ ਬਹੋੜੂ) : ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਅਤੇ ਲਾਇਰਜ ਫ਼ਾਰ ਜਸਟਿਸ ਐਂਡ ਡੈਮੋਕਰੇਟਿਕ ਰਾਈਟਸ ਨੇ ਕਿਹਾ ਹੈ ਕਿ ਸਿੱਖਾਂ ਦੀਆਂ ਲਾਸ਼ਾਂ 'ਤੇ ਭੰਗੜੇ ਪਾਉਣ ਵਾਲੇ ਆਗੂਆਂ ਦੇ ਨਾਰਕੋ ਟੈਸਟ ਹੋਣ ਨਾਲ ਕੁੱਲ ਨਾਸ਼ ਦਾ ਸੱਚ ਸਾਹਮਣੇ ਆ ਸਕਦਾ ਹੈ।
ਖਾਲੜਾ ਮਿਸ਼ਨ ਦੇ ਮੀਤ ਪ੍ਰਧਾਨ ਵਿਰਸਾ ਸਿੰਘ ਬਹਿਲਾ, ਸਤਵਿੰਦਰ ਸਿੰਘ ਪਲਾਸੌਰ, ਕਾਨੂੰਨੀ ਸਲਾਹਕਾਰ ਐਡਵੋਕੇਟ ਜਗਦੀਪ ਸਿੰਘ ਰੰਧਾਵਾ, ਲਾਇਰਜ ਫਾਰ ਜਸਟਿਸ ਐਂਡ ਡੈਮੋਕਰੇਟਿਕ ਰਾਈਟਸ ਦੇ ਪ੍ਰਧਾਨ ਬਲਵੰਤ ਸਿੰਘ ਐਡਵੋਕੇਟ ਬਠਿੰਡਾ ਅਤੇ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਜਨਰਲ ਸਕੱਤਰ ਗੁਰਬਚਨ ਸਿੰਘ ਨੇ ਕਿਹਾ ਕਿ ਦਰਬਾਰ
ਸਾਹਿਬ 'ਤੇ ਫ਼ੌਜੀ ਹਮਲੇ, ਝੂਠੇ ਮੁਕਾਬਲਿਆਂ ਤੇ ਨਵੰਬਰ '84 ਦੇ ਕਤਲੇਆਮ ਅਤੇ ਨਸ਼ਿਆਂ ਰਾਹੀਂ ਹੋਈ ਤਬਾਹੀ ਦਾ ਸੱਚ ਸਾਹਮਣੇ ਲਿਆਉਣ ਲਈ ਜਗਦੀਸ਼ ਟਾਈਟਲਰ, ਸੱਜਣ ਕੁਮਾਰ, ਕਮਲ ਨਾਥ, ਪ੍ਰਕਾਸ਼ ਸਿੰਘ ਬਾਦਲ, ਐਲਕੇ ਅਡਵਾਨੀ, ਕੁਲਦੀਪ ਬਰਾੜ, ਕੈਪਟਨ ਅਮਰਿੰਦਰ ਸਿੰਘ, ਰਮੇਸ਼ ਇੰਦਰ ਸਿੰਘ, ਸਮੇਧ ਸੈਣੀ, ਇਜਹਾਰ ਆਲਮ ਆਦਿ ਲੋਕਾਂ ਦੇ ਨਾਰਕੋ ਟੈਸਟ ਹੋਣੇ ਚਾਹੀਦੇ ਹਨ। ਜਥੇਬੰਦੀਆਂ ਨੇ ਕਿਹਾ ਕਿ ਜੇ ਉਪਰੋਕਤ ਆਗੂਆਂ ਦੇ ਨਾਰਕੋ ਟੈਸਟ ਹੋ ਜਾਣ ਤਾਂ ਸੱਚ ਹੀ ਸਾਹਮਣੇ ਨਹੀਂ ਆਵੇਗਾ, ਸਗੋਂ ਬਾਦਲਾਂ ਵਲੋਂ ਫ਼ੌਜੀ ਹਮਲੇ ਸਮੇਂ ਦਿੱਲੀ ਦਰਬਾਰ ਨੂੰ ਲਿਖੀਆ ਗੁਪਤ ਚਿਠੀਆਂ, ਕੀਤੀਆਂ ਗੁਪਤ ਮੀਟਿੰਗਾਂ ਅਤੇ ਕੇ. ਪੀ. ਐਸ. ਗਿੱਲ ਨਾਲ ਹੋਈਆਂ ਮੀਟਿੰਗਾਂ ਦੇ ਭੇਦ ਵੀ ਖੁੱਲ੍ਹ ਜਾਣਗੇ। ਬਾਦਲਾਂ ਨੂੰ ਦਸਣਾ ਚਾਹੀਦਾ ਹੈ ਕਿ ਉਹ 20ਵੀ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਨੂੰ ਦਿੱਲੀ, ਨਾਗਪੁਰ ਨਾਲ ਰੱਲ ਕੇ ਅਤਿਵਾਦੀ ਕਿਉਂ ਪ੍ਰਚਾਰਦੇ ਹਨ?