
ਅੰਮ੍ਰਿਤਸਰ, 21 ਫ਼ਰਵਰੀ (ਸੁਖਵਿੰਦਰਜੀਤ ਸਿੰਘ ਬਹੋੜੂ): ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਪੰਜਾਬ ਮਨੁੱਖੀ ਅਧਿਕਾਰ ਸੰਗਠਨ, ਮਨੁੱਖੀ ਅਧਿਕਾਰ ਇਨਸਾਫ਼ ਸੰਘਰਸ਼ ਕਮੇਟੀ ਵਲੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਦਰਬਾਰ ਸਾਹਿਬ ਫੇਰੀ ਸਮੇਂ ਪ੍ਰਧਾਨ ਮੰਤਰੀ ਦੇ ਨਾਂ ਖੁਲ੍ਹੀ ਚਿੱਠੀ ਵੰਡ ਕੇ ਉਨ੍ਹਾਂ ਦਾ ਧਨਵਾਦ ਕੀਤਾ ਗਿਆ। ਵਫ਼ਦ ਦੇ ਮੈਂਬਰਾਂ ਅਤੇ ਸਿੱਖ ਸੰਗਤ ਵਿਚ ਇਹ ਚਿੱਠੀ ਵੰਡੀ ਗਈ। ਇਨ੍ਹਾਂ ਜਥੇਬੰਦੀਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਸਵਾਗਤ ਸਮੇਂ ਸਿੱਖਾਂ ਦੀ ਕੁਲਨਾਸ ਬਾਰੇ ਪੂਰੀ ਤਰ੍ਹਾਂ ਪਰਦਾ ਪਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਗੁਰੂ ਘਰ ਤੇ ਹਮਲੇ ਦੇ ਯੋਜਨਾਕਾਰਾਂ ਨੇ ਪੂਰੀ ਯੋਜਨਾਬੰਦੀ ਨਾਲ ਫ਼ੌਜੀ ਹਮਲੇ, ਝੂਠੇ ਮੁਕਾਬਲਿਆਂ, ਨਸ਼ਿਆਂ, ਖ਼ੁਦਕੁਸ਼ੀਆਂ ਅਤੇ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਪਰਦਾ ਪਾਇਆ ਹੈ। ਕੇ.ਐਮ.ਓ., ਪੀ.ਐਚ.ਆਰ.ਓ., ਮਨੁੱਖੀ ਅਧਿਕਾਰ ਇਨਸਾਫ਼ ਸੰਘਰਸ਼ ਕਮੇਟੀ ਵਲੋਂ ਟਰੂਡੋ ਦੇ ਨਾਂ ਸਿੱਖ ਸੰਗਤ ਵਿਚ ਵੰਡੀ ਗਈ ਖੁਲ੍ਹੀ ਚਿੱਠੀ ਵਿਚ ਲਿਖਿਆ ਹੈ ਕਿ ਕੈਨੇਡਾ ਵਿਚ ਸਿੱਖਾਂ ਨੂੰ ਮਾਣ ਸਤਿਕਾਰ ਦੇਣ ਤੋਂ ਉਹ ਖ਼ੁਸ਼ ਹਨ। ਮਨੁੱਖੀ ਅਧਿਕਾਰਾਂ ਲਈ ਲੜ ਰਹੀਆਂ ਸਿੱਖ ਜਥੇਬੰਦੀਆਂ ਤੁਹਾਨੂੰ ਮਿਲ ਕੇ ਦਰਬਾਰ ਸਾਹਿਬ 'ਤੇ ਜੂਨ 1984 ਵਿਚ ਹੋਏ ਹਮਲੇ, ਬੰਦੀ ਸਿੰਘਾਂ ਨੂੰ ਜੇਲਾਂ ਵਿਚ ਲੰਮੇ ਸਮੇਂ ਤੋਂ ਰੋਲਣ ਬਾਰੇ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਬਾਰੇ ਅਤੇ ਬਹਿਬਲ ਕਲਾਂ ਕਾਂਡ ਦੇ ਦੋਸ਼ੀਆਂ ਦੇ ਬੱਚ ਨਿਕਲਣ ਬਾਰੇ ਜਾਣੂ ਕਰਾਉਣਾ ਚਾਹੁੰਦੇ ਸੀ।
ਪੰਜਾਬ ਅੰਦਰ ਹਾਕਮਾਂ ਦੇ ਮਾਲਾ ਮਾਲ ਹੋਣ ਬਾਰੇ ਅਤੇ ਇਥੋਂ ਦੇ ਵਸਨੀਕਾਂ ਦੇ ਕੰਗਾਲ ਹੋਣ ਬਾਰੇ ਹੀ ਨਹੀਂ, ਸਗੋਂ ਕੈਪਟਨ ਅਮਰਿੰਦਰ ਸਿੰਘ ਵਲੋਂ ਦੇਸ਼ ਦੇ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਕੋਲ ਪੇਸ਼ ਕਰਾਏ 21 ਨੌਜਵਾਨ ਜੋ ਬਾਅਦ ਵਿਚ ਬੇਅੰਤ ਸਿੰਘ ਕੇ.ਪੀ.ਐਸ. ਗਿੱਲ ਜੋੜੀ ਵਲੋਂ ਝੂਠੇ ਮੁਕਾਬਲਿਆਂ ਵਿਚ ਮਾਰ ਦਿਤੇ, ਬਾਰੇ ਜਾਣੂ ਕਰਾਉਣਾ ਚਾਹੁੰਦੇ ਸੀ। ਉਹ ਦਸਣਾ ਚਾਹੁੰਦੇ ਸੀ ਕਿ ਜੂਨ 1984 ਵਿਚ ਸਿੱਖਾਂ ਨਾਲ ਪੰਜ ਸਦੀਆਂ ਪੁਰਾਣਾ ਵੈਰ ਕੱਢਣ ਲਈ ਗੁਰੂ ਘਰ ਤੇ ਫ਼ੌਜੀ ਹਮਲਾ ਬੋਲ ਕੇ ਹਜ਼ਾਰਾਂ ਨਿਰਦੋਸ਼ਾਂ ਦਾ ਕਤਲੇਆਮ ਕੀਤਾ ਗਿਆ, ਲਾਸ਼ਾਂ ਵੀ ਵਾਰਸਾਂ ਨੂੰ ਨਾ ਸੌਂਪੀਆਂ ਗਈਆਂ। ਅੱਜ ਤਕ ਸ਼ਹੀਦ ਹੋਇਆਂ ਦੀ ਸੂਚੀ ਵੀ ਜਾਰੀ ਨਹੀਂ ਕੀਤੀ। ਹਮਲਾਵਰਾਂ ਨੂੰ ਵਿਸ਼ੇਸ਼ ਸਨਮਾਨ ਮਿਲੇ। ਫ਼ੌਜੀ ਹਮਲੇ ਤੋਂ ਪਹਿਲਾਂ ਕਾਂਗਰਸ, ਭਾਜਪਾ, ਆਰ.ਐਸ.ਐਸ. ਵਰਗੀਆਂ ਪਾਰਟੀਆਂ ਹੀ ਨਹੀਂ, ਬਾਦਲਾਂ ਨੇ ਵੀ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਨੂੰ ਗ਼ੈਰ ਕਾਨੂੰਨੀ ਤਰੀਕੇ ਨਾਲ ਅਤਿਵਾਦੀ ਕਹਿ ਕੇ ਭੰਡਿਆ। ਜਲਿਆਂਵਾਲੇ ਬਾਗ਼ ਅੰਦਰ 1919 ਵਿਚ 10 ਮਿੰਟ ਚੱਲੀ ਗੋਲੀ ਦੀ ਪੜਤਾਲ ਲਈ ਹੰਟਰ ਕਮਿਸ਼ਨ ਬਣਿਆ ਅਤੇ ਕਾਂਗਰਸ ਨੇ ਵੀ ਵਖਰੀ ਕਮੇਟੀ ਪੜਤਾਲ ਲਈ ਬਣਾਈ ਪਰ ਜੂਨ 1984 ਦੇ ਹਮਲੇ ਬਾਰੇ ਕਿਸੇ ਵੀ ਸਰਕਾਰ ਨੇ ਕੋਈ ਪੜਤਾਲ ਨਹੀ ਕਰਾਈ।