
ਅੰਮ੍ਰਿਤਸਰ, 29 ਜਨਵਰੀ (ਸੁਖਵਿੰਦਰਜੀਤ ਸਿੰਘ ਬਹੋੜੂ) : ਭਾਰਤੀ ਫ਼ੌਜੀ ਅਧਿਕਾਰੀ ਅਨਵਰ ਹਲੀਮ ਨਾਲ ਨਿਊਜ਼ੀਲੈਂਡ ਦੇ ਮਿਸਟਰ ਐਂਡਰਿਊ ਚਾਰਲਸ ਫ਼ੌਕਸ, ਸ੍ਰੀਲੰਕਾ ਦੇ ਹਰੇਂਦਰਾ ਪਰਕਰਮਾ ਰੇਨਾਸੰਘੇ, ਓਮਾਨ ਦੇ ਹਮੇਦ ਅਬਦੁੱਲਾ ਅਹਿਮਦ, ਯੁਗਾਂਡਾ ਦੇ ਬੇਗੁਮਾ ਮੁਗਮੇ ਅਤੇ ਭੂਟਾਨ ਦੇ ਪੋਮਾ ਡੋਰਜੀ ਨੇ ਅੱਜ ਦਰਬਾਰ ਸਾਹਿਬ ਮੱਥਾ ਟੇਕ ਕੇ ਇਲਾਹੀ ਬਾਣੀ ਦਾ ਕੀਰਤਨ ਸਰਵਣ ਕੀਤਾ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਸ਼੍ਰੋਮਣੀ ਕਮੇਟੀ ਦੇ ਇਕੱਤਰਤਾ ਹਾਲ ਵਿਖੇ ਮੁਲਾਕਾਤ ਦੌਰਾਨ ਵਿਦੇਸ਼ੀ ਅਧਿਕਾਰੀਆਂ ਨੇ ਮੁੱਖ ਸਕੱਤਰ ਡਾ. ਰੂਪ ਸਿੰਘ ਕੋਲੋਂ ਸ਼੍ਰੋਮਣੀ ਕਮੇਟੀ ਵੱਲੋਂ
ਨਿਭਾਈਆਂ ਜਾਂਦੀਆਂ ਸੇਵਾਵਾਂ ਬਾਰੇ ਜਾਣਕਾਰੀ ਹਾਸਲ ਕੀਤੀ। ਸ਼੍ਰੋਮਣੀ ਕਮੇਟੀ ਵਲੋਂ ਐਜੂਕੇਸ਼ਨ ਤੇ ਮੈਡੀਕਲ ਖੇਤਰ ਵਿਚ ਨਿਭਾਈਆਂ ਜਾ ਰਹੀਆਂ ਸੇਵਾਵਾਂ ਤੋਂ ਇਲਾਵਾ ਕੈਂਸਰ ਪੀੜਤਾਂ, ਹੜ੍ਹ ਪੀੜਤਾਂ ਤੇ ਭੁਚਾਲ ਪੀੜਤਾਂ ਦੀ ਕੀਤੀ ਜਾਂਦੀ ਸਹਾਇਤਾ ਅਤੇ ਨੰਨ੍ਹੀਂ ਛਾਂ ਰਾਹੀਂ ਕੁਦਰਤੀ ਵਾਤਾਵਰਣ ਨੂੰ ਬਚਾਉਣ ਲਈ ਕੀਤੇ ਜਾ ਰਹੇ ਸਮਾਜ ਭਲਾਈ ਦੇ ਕਾਰਜਾਂ ਬਾਰੇ ਵੀ ਫ਼ੌਜੀ ਅਧਿਕਾਰੀਆਂ ਨੂੰ ਦਸਿਆ ਗਿਆ। ਇਸ ਤੋਂ ਬਾਅਦ ਇਨ੍ਹਾਂ ਅਧਿਕਾਰੀਆਂ ਨੂੰ ਸਨਮਾਨ ਕੀਤਾ ਗਿਆ।