
ਅਗਰਬੱਤੀਆਂ ਬਣਾਉਣ ਵਾਲੀ ‘ਦੇਵ ਦਰਸ਼ਨ’ ਨਾਮ ਦੀ ਕੰਪਨੀ ਵੱਲੋਂ ਜਪੁਜੀ ਸਾਹਿਬ ਦੀ ਗੁਰਬਾਣੀ ਦਾ ਹਿੰਦੀ ’ਚ ਗੁਟਕਾ ਸਾਹਿਬ ਤਿਆਰ ਕਰਕੇ ਕੀਤੀ ਜਾ ਰਹੀ ਸੀ ਕੰਪਨੀ ਦੀ ਮਸ਼ਹੂਰੀ!
ਅੰਮ੍ਰਿਤਸਰ : ਚੰਡੀਗੜ੍ਹ ਦੀ ਅਗਰਬੱਤੀਆਂ ਬਣਾਉਣ ਵਾਲੀ ਕੰਪਨੀ ਵਲੋਂ ਗੁਰਬਾਣੀ ਨੂੰ ਵਪਾਰਕ ਹਿੱਤਾਂ ਲਈ ਵਰਤਣ ਦੇ ਮਾਮਲੇ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖਤ ਨੋਟਿਸ ਲਿਆ ਹੈ। ਐਸ.ਜੀ.ਪੀ.ਸੀ. ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਧਰਮ ਪ੍ਰਚਾਰ ਕਮੇਟੀ ਦੇ ਧਾਰਮਿਕ ਪੜਤਾਲਾਂ ਵਿਭਾਗ ਨੂੰ ਜਾਂਚ ਲਈ ਟੀਮ ਭੇਜਣ ਦੇ ਆਦੇਸ਼ ਜਾਰੀ ਕੀਤੇ ਹਨ।
Harjinder Singh Dhami
ਜਾਣਕਾਰੀ ਅਨੁਸਾਰ ਚੰਡੀਗੜ੍ਹ ਦੀ ਅਗਰਬੱਤੀਆਂ ਬਣਾਉਣ ਵਾਲੀ ‘ਦੇਵ ਦਰਸ਼ਨ’ ਨਾਮ ਦੀ ਇਕ ਕੰਪਨੀ ਵੱਲੋਂ ਸ੍ਰੀ ਜਪੁਜੀ ਸਾਹਿਬ ਦੀ ਪਾਵਨ ਗੁਰਬਾਣੀ ਦਾ ਹਿੰਦੀ ’ਚ ਗੁਟਕਾ ਸਾਹਿਬ ਤਿਆਰ ਕਰਕੇ ਉਸ ’ਤੇ ਆਪਣੀ ਕੰਪਨੀ ਦੀ ਮਸ਼ਹੂਰੀ ਛਾਪਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ 'ਤੇ ਐਡਵੋਕੇਟ ਧਾਮੀ ਨੇ ਆਖਿਆ ਹੈ ਕਿ ਵਪਾਰਕ ਲਾਭਾਂ ਲਈ ਗੁਰਬਾਣੀ ਦੀ ਵਰਤੋਂ ਕਰਨਾ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
SGPC
ਉਨ੍ਹਾਂ ਕਿਹਾ ਕਿ ਜਾਂਚ ਪੜਤਾਲ ਦੀ ਰਿਪੋਰਟ ਮਿਲਣ ਮਗਰੋਂ ਸਬੰਧਤ ਫਰਮ ਵਿਰੁੱਧ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਇਸ ਤੋਂ ਇਲਾਵਾ ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕੰਪਨੀ ਵੱਲੋਂ ਅਗਰਬੱਤੀਆਂ ਦੇ ਡੱਬਿਆਂ ਵਿਚ ਗੁਟਕਾ ਸਾਹਿਬ ਪੈਕ ਕਰ ਕੇ ਵੀ ਭੇਜੇ ਜਾ ਰਹੇ ਹਨ। ਇਹ ਬੇਹੱਦ ਸੰਜੀਦਾ ਮਾਮਲਾ ਹੈ, ਜਿਸ ਨਾਲ ਸੰਗਤ ਦੀਆਂ ਭਾਵਨਾਵਾਂ ਨੂੰ ਜਿਥੇ ਠੇਸ ਪੁੱਜ ਰਹੀ ਹੈ, ਉਥੇ ਗੁਰਬਾਣੀ ਦਾ ਵੀ ਨਿਰਾਦਰ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਤੁਰੰਤ ਕਾਰਵਾਈ ਕਰਨ ਲਈ ਆਖਿਆ ਹੈ। ਉਨ੍ਹਾਂ ਕਿਹਾ ਕਿ ਰਿਪੋਰਟ ਮਿਲਣ ’ਤੇ ਸ਼੍ਰੋਮਣੀ ਕਮੇਟੀ ਬਣਦੀ ਕਾਰਵਾਈ ਕਰੇਗੀ।