ਅੱਜ ਦਾ ਹੁਕਮਨਾਮਾ (3 ਅਗਸਤ 2021)
Published : Aug 3, 2021, 7:03 am IST
Updated : Aug 3, 2021, 7:03 am IST
SHARE ARTICLE
  Sachkhand Sri Harmandir Sahib
Sachkhand Sri Harmandir Sahib

ਸੋਰਠਿ ਮਹਲਾ ੫ ਘਰੁ ੨ ਅਸਟਪਦੀਆ

ਸੋਰਠਿ ਮਹਲਾ ੫ ਘਰੁ ੨ ਅਸਟਪਦੀਆ

ੴ ਸਤਿਗੁਰ ਪ੍ਰਸਾਦਿ ॥

ਪਾਠੁ ਪੜਿਓ ਅਰੁ ਬੇਦੁ ਬੀਚਾਰਿਓ ਨਿਵਲਿ ਭੁਅੰਗਮ ਸਾਧੇ ॥

ਪੰਚ ਜਨਾ ਸਿਉ ਸੰਗੁ ਨ ਛੁਟਕਿਓ ਅਧਿਕ ਅਹੰਬੁਧਿ ਬਾਧੇ ॥੧॥

ਪਿਆਰੇ ਇਨ ਬਿਧਿ ਮਿਲਣੁ ਨ ਜਾਈ ਮੈ ਕੀਏ ਕਰਮ ਅਨੇਕਾ ॥

ਹਾਰਿ ਪਰਿਓ ਸੁਆਮੀ ਕੈ ਦੁਆਰੈ ਦੀਜੈ ਬੁਧਿ ਬਿਬੇਕਾ ॥ ਰਹਾਉ ॥

ਮੋਨਿ ਭਇਓ ਕਰਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ ॥

ਤਟ ਤੀਰਥ ਸਭ ਧਰਤੀ ਭ੍ਰਮਿਓ ਦੁਬਿਧਾ ਛੁਟਕੈ ਨਾਹੀ ॥੨॥

ਮਨ ਕਾਮਨਾ ਤੀਰਥ ਜਾਇ ਬਸਿਓ ਸਿਰਿ ਕਰਵਤ ਧਰਾਏ ॥

ਮਨ ਕੀ ਮੈਲੁ ਨ ਉਤਰੈ ਇਹ ਬਿਧਿ ਜੇ ਲਖ ਜਤਨ ਕਰਾਏ ॥੩॥

ਕਨਿਕ ਕਾਮਿਨੀ ਹੈਵਰ ਗੈਵਰ ਬਹੁ ਬਿਧਿ ਦਾਨੁ ਦਾਤਾਰਾ ॥

ਅੰਨ ਬਸਤ੍ਰ ਭੂਮਿ ਬਹੁ ਅਰਪੇ ਨਹ ਮਿਲੀਐ ਹਰਿ ਦੁਆਰਾ ॥੪॥

ਪੂਜਾ ਅਰਚਾ ਬੰਦਨ ਡੰਡਉਤ ਖਟੁ ਕਰਮਾ ਰਤੁ ਰਹਤਾ ॥

ਹਉ ਹਉ ਕਰਤ ਬੰਧਨ ਮਹਿ ਪਰਿਆ ਨਹ ਮਿਲੀਐ ਇਹ ਜੁਗਤਾ ॥੫॥

ਜੋਗ ਸਿਧ ਆਸਣ ਚਉਰਾਸੀਹ ਏ ਭੀ ਕਰਿ ਕਰਿ ਰਹਿਆ ॥

ਵਡੀ ਆਰਜਾ ਫਿਰਿ ਫਿਰਿ ਜਨਮੈ ਹਰਿ ਸਿਉ ਸੰਗੁ ਨ ਗਹਿਆ ॥੬॥

ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮੁ ਅਫਾਰਾ ॥

ਸੇਜ ਸੋਹਨੀ ਚੰਦਨੁ ਚੋਆ ਨਰਕ ਘੋਰ ਕਾ ਦੁਆਰਾ ॥੭॥

ਹਰਿ ਕੀਰਤਿ ਸਾਧਸੰਗਤਿ ਹੈ ਸਿਰਿ ਕਰਮਨ ਕੈ ਕਰਮਾ ॥

ਕਹੁ ਨਾਨਕ ਤਿਸੁ ਭਇਓ ਪਰਾਪਤਿ ਜਿਸੁ ਪੁਰਬ ਲਿਖੇ ਕਾ ਲਹਨਾ ॥੮॥

ਤੇਰੋ ਸੇਵਕੁ ਇਹ ਰੰਗਿ ਮਾਤਾ ॥

ਭਇਓ ਕ੍ਰਿਪਾਲੁ ਦੀਨ ਦੁਖ ਭੰਜਨੁ ਹਰਿ ਹਰਿ ਕੀਰਤਨਿ ਇਹੁ ਮਨੁ ਰਾਤਾ ॥ ਰਹਾਉ ਦੂਜਾ ॥੧॥੩॥

Sachkhand Sri Harmandir SahibSachkhand Sri Harmandir Sahib

ਮੰਗਲਵਾਰ, ੧੯ ਸਾਵਣ (ਸੰਮਤ ੫੫੩ ਨਾਨਕਸ਼ਾਹੀ) ੩ ਅਗਸਤ, ੨੦੨੧ (ਅੰਗ: ੬੪੧)

ਪੰਜਾਬੀ ਵਿਆਖਿਆ:

ਸੋਰਠਿ ਮਹਲਾ ੫ ਘਰੁ ੨ ਅਸਟਪਦੀਆ

ੴ ਸਤਿਗੁਰ ਪ੍ਰਸਾਦਿ ॥

ਹੇ ਭਾਈ! ਕੋਈ ਮਨੁੱਖ ਵੇਦ (ਆਦਿਕ ਧਰਮ-ਪੁਸਤਕ ਨੂੰ) ਪੜ੍ਹਦਾ ਹੈ ਅਤੇ ਵਿਚਾਰਦਾ ਹੈ । ਕੋਈ ਮਨੁੱਖ ਨਿਵਲੀਕਰਮ ਕਰਦਾ ਹੈ, ਕੋਈ ਕੁੰਡਲਨੀ ਨਾੜੀ ਰਸਤੇ ਪ੍ਰਾਣ ਚਾੜ੍ਹਦਾ ਹੈ । (ਪਰ ਇਹਨਾਂ ਸਾਧਨਾਂ ਨਾਲ ਕਾਮਾਦਿਕ) ਪੰਜਾਂ ਨਾਲੋਂ ਸਾਥ ਮੁੱਕ ਨਹੀਂ ਸਕਦਾ । (ਸਗੋਂ) ਵਧੀਕ ਅਹੰਕਾਰ ਵਿਚ (ਮਨੁੱਖ) ਬੱਝ ਜਾਂਦੇ ਹਨ ।੧। ਹੇ ਭਾਈ! ਮੇਰੇ ਵੇਖਦਿਆਂ ਲੋਕ ਅਨੇਕਾਂ ਹੀ (ਮਿਥੇ ਹੋਏ ਧਾਰਮਿਕ) ਕਰਮ ਕਰਦੇ ਹਨ, ਪਰ ਇਹਨਾਂ ਤਰੀਕਿਆਂ ਨਾਲ ਪਰਮਾਤਮਾ ਦੇ ਚਰਨਾਂ ਵਿਚ ਜੁੜਿਆ ਨਹੀਂ ਜਾ ਸਕਦਾ । ਹੇ ਭਾਈ! ਮੈਂ ਤਾਂ ਇਹਨਾਂ ਕਰਮਾਂ ਦਾ ਆਸਰਾ ਛੱਡ ਕੇ ਮਾਲਕ-ਪ੍ਰਭੂ ਦੇ ਦਰ ਤੇ ਆ ਡਿੱਗਾ ਹਾਂ (ਤੇ ਅਰਜ਼ੋਈ ਕਰਦਾ ਰਹਿੰਦਾ ਹਾਂ—ਹੇ ਪ੍ਰਭੂ! ਮੈਨੂੰ ਭਲਾਈ ਬੁਰਾਈ ਦੀ) ਪਰਖ ਕਰ ਸਕਣ ਵਾਲੀ ਅਕਲ ਦੇਹ ।ਰਹਾਉ। ਹੇ ਭਾਈ! ਕੋਈ ਮਨੁੱਖ ਚੁੱਪ ਸਾਧੀ ਬੈਠਾ ਹੈ, ਕੋਈ ਕਰ-ਪਾਤੀ ਬਣ ਗਿਆ ਹੈ (ਭਾਂਡਿਆਂ ਦੇ ਥਾਂ ਆਪਣੇ ਹੱਥ ਹੀ ਵਰਤਦਾ ਹੈ), ਕੋਈ ਜੰਗਲ ਵਿਚ ਨੰਗਾ ਤੁਰਿਆ ਫਿਰਦਾ ਹੈ । ਕੋਈ ਮਨੁੱਖ ਸਾਰੇ ਤੀਰਥਾਂ ਦਾ ਰਟਨ ਕਰ ਰਿਹਾ ਹੈ, ਕੋਈ ਸਾਰੀ ਧਰਤੀ ਦਾ ਭ੍ਰਮਣ ਕਰ ਰਿਹਾ ਹੈ, (ਪਰ ਇਸ ਤਰ੍ਹਾਂ ਭੀ) ਮਨ ਦੀ ਡਾਂਵਾਂ-ਡੋਲ ਹਾਲਤ ਮੁੱਕਦੀ ਨਹੀਂ ।੨। ਹੇ ਭਾਈ! ਕੋਈ ਮਨੁੱਖ ਆਪਣੀ ਮਨੋ-ਕਾਮਨਾ ਅਨੁਸਾਰ ਤੀਰਥਾਂ ਉੱਤੇ ਜਾ ਵੱਸਿਆ ਹੈ, (ਮੁਕਤੀ ਦਾ ਚਾਹਵਾਨ ਆਪਣੇ) ਸਿਰ ਉਤੇ (ਸ਼ਿਵ ਜੀ ਵਾਲਾ) ਆਰਾ ਰਖਾਂਦਾ ਹੈ (ਤੇ, ਆਪਣੇ ਆਪ ਨੂੰ ਚਿਰਾ ਲੈਂਦਾ ਹੈ) । ਪਰ ਜੇ ਕੋਈ ਮਨੁੱਖ (ਇਹੋ ਜਿਹੇ) ਲੱਖਾਂ ਹੀ ਜਤਨ ਕਰੇ, ਇਸ ਤਰ੍ਹਾਂ ਭੀ ਮਨ ਦੀ (ਵਿਕਾਰਾਂ ਦੀ) ਮੈਲ ਨਹੀਂ ਲਹਿੰਦੀ ।੩। ਹੇ ਭਾਈ! ਕੋਈ ਮਨੁੱਖ ਸੋਨਾ, ਇਸਤ੍ਰੀ, ਵਧੀਆ ਘੋੜੇ, ਵਧੀਆ ਹਾਥੀ (ਅਤੇ ਇਹੋ ਜਿਹੇ) ਕਈ ਕਿਸਮਾਂ ਦੇ ਦਾਨ ਕਰਨ ਵਾਲਾ ਹੈ । ਕੋਈ ਮਨੁੱਖ ਅੰਨ ਦਾਨ ਕਰਦਾ ਹੈ, ਕੱਪੜੇ ਦਾਨ ਕਰਦਾ ਹੈ, ਜ਼ਿਮੀਂ ਦਾਨ ਕਰਦਾ ਹੈ । (ਇਸ ਤਰ੍ਹਾਂ ਭੀ) ਪਰਮਾਤਮਾ ਦੇ ਦਰ ਤੇ ਪਹੁੰਚ ਨਹੀਂ ਸਕੀਦਾ ।੪। ਹੇ ਭਾਈ! ਕੋਈ ਮਨੁੱਖ ਦੇਵ-ਪੂਜਾ ਵਿਚ, ਦੇਵਤਿਆਂ ਨੂੰ ਨਮਸਕਾਰ ਡੰਡਉਤ ਕਰਨ ਵਿਚ, ਛੇ ਕਰਮਾਂ ਦੇ ਕਰਨ ਵਿਚ ਮਸਤ ਰਹਿੰਦਾ ਹੈ । ਪਰ ਉਹ ਭੀ (ਇਹਨਾਂ ਮਿੱਥੇ ਹੋਏ ਧਾਰਮਿਕ ਕਰਮਾਂ ਦੇ ਕਰਨ ਕਰ ਕੇ ਆਪਣੇ ਆਪ ਨੂੰ ਧਰਮੀ ਜਾਣ ਕੇ) ਅਹੰਕਾਰ ਨਾਲ ਕਰਦਾ ਕਰਦਾ (ਮਾਇਆ ਦੇ ਮੋਹ ਦੇ) ਬੰਧਨਾਂ ਵਿਚ ਜਕੜਿਆ ਰਹਿੰਦਾ ਹੈ । ਇਸ ਤਰੀਕੇ ਭੀ ਪਰਮਾਤਮਾ ਨੂੰ ਨਹੀਂ ਮਿਲ ਸਕੀਦਾ ।੫। ਜੋਗ-ਮਤ ਵਿਚ ਸਿੱਧਾਂ ਦੇ ਪ੍ਰਸਿੱਧ ਚੌਰਾਸੀ ਆਸਣ ਹਨ । ਇਹ ਆਸਣ ਕਰ ਕਰ ਕੇ ਭੀ ਮਨੁੱਖ ਥੱਕ ਜਾਂਦਾ ਹੈ । ਉਮਰ ਤਾਂ ਲੰਮੀ ਕਰ ਲੈਂਦਾ ਹੈ, ਪਰ ਇਸ ਤਰ੍ਹਾਂ ਪਰਮਾਤਮਾ ਨਾਲ ਮਿਲਾਪ ਨਾਲ ਨਹੀਂ ਬਣਦਾ, ਮੁੜ ਮੁੜ ਜਨਮਾਂ ਦੇ ਗੇੜ ਵਿਚ ਪਿਆ ਰਹਿੰਦਾ ਹੈ ।੬।

Sri Harmandir SahibSri Harmandir Sahib

ਹੇ ਭਾਈ! ਕਈ ਐਸੇ ਹਨ ਜੋ ਰਾਜ-ਹਕੂਮਤ ਦੇ ਰੰਗ-ਤਮਾਸ਼ੇ ਮਾਣਦੇ ਹਨ, ਰਾਜਿਆਂ ਵਾਲੇ ਠਾਠ-ਬਾਠ ਬਣਾਂਦੇ ਹਨ, ਲੋਕਾਂ ਉੱਤੇ ਹੁਕਮ ਚਲਾਂਦੇ ਹਨ, ਕੋਈ ਉਹਨਾਂ ਦਾ ਹੁਕਮ ਮੋੜ ਨਹੀਂ ਸਕਦਾ । ਸੁੰਦਰ ਇਸਤ੍ਰੀ ਦੀ ਸੇਜ ਮਾਣਦੇ ਹਨ, (ਆਪਣੇ ਸਰੀਰ ਉਤੇ) ਚੰਦਨ ਤੇ ਅਤਰ ਵਰਤਦੇ ਹਨ । ਪਰ ਇਹ ਸਭ ਕੁਝ ਤਾਂ ਭਿਆਨਕ ਨਰਕ ਵਲ ਲੈ ਜਾਣ ਵਾਲਾ ਹੈ ।੭। ਹੇ ਭਾਈ! ਸਾਧ ਸੰਗਤਿ ਵਿਚ ਬੈਠ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ—ਇਹ ਕੰਮ ਹੋਰ ਸਾਰੇ ਕਰਮਾਂ ਨਾਲੋਂ ਸ੍ਰੇਸ਼ਟ ਹੈ । ਪਰ, ਹੇ ਨਾਨਕ! ਆਖ—ਇਹ ਅਵਸਰ ਉਸ ਮਨੁੱਖ ਨੂੰ ਹੀ ਮਿਲਦਾ ਹੈ ਜਿਸ ਦੇ ਮੱਥੇ ਉਤੇ ਪੂਰਬਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਲੇਖ ਲਿਖਿਆ ਹੁੰਦਾ ਹੈ ।੮। ਹੇ ਭਾਈ! ਤੇਰਾ ਸੇਵਕ ਤੇਰੀ ਸਿਫ਼ਤਿ-ਸਾਲਾਹ ਦੇ ਰੰਗ ਵਿਚ ਮਸਤ ਰਹਿੰਦਾ ਹੈ । ਹੇ ਭਾਈ! ਦੀਨਾਂ ਦੇ ਦੁੱਖ ਦੂਰ ਕਰਨ ਵਾਲਾ ਪਰਮਾਤਮਾ ਜਿਸ ਮਨੁੱਖ ਉਤੇ ਦਇਆਵਾਨ ਹੁੰਦਾ ਹੈ, ਉਸ ਦਾ ਇਹ ਮਨ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਰੰਗ ਵਿਚ ਰੰਗਿਆ ਰਹਿੰਦਾ ਹੈ । ਰਹਾਉ ਦੂਜਾ ।੧।੩।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੰਗ ਨੂੰ ਲੈ ਕੇ Fake news ਫ਼ੈਲਾਉਣ ਵਾਲਿਆਂ ਦੀ ਨਹੀਂ ਖ਼ੈਰ,Ludhiana Police Arrested 2 youth|Operation Sindoor

10 May 2025 5:20 PM

"Pakistan ਜਿੰਨੇ ਮਰਜ਼ੀ ਬੰਬ ਵਰਸਾ ਲਵੇ, ਅਸੀਂ ਭੱਜਣ ਵਾਲੇ ਨਹੀਂ"| Chandigarh Volunteers To Aid In Assistance

10 May 2025 5:18 PM

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM
Advertisement