
ਬਿਲਾਵਲੁ ਮਹਲਾ ੫ ਛੰਤ
ਬਿਲਾਵਲੁ ਮਹਲਾ ੫ ਛੰਤ
ੴ ਸਤਿਗੁਰ ਪ੍ਰਸਾਦਿ ॥
ਸਖੀ ਆਉ ਸਖੀ ਵਸਿ ਆਉ ਸਖੀ ਅਸੀ ਪਿਰ ਕਾ ਮੰਗਲੁ ਗਾਵਹ ॥
ਤਜਿ ਮਾਨੁ ਸਖੀ ਤਜਿ ਮਾਨੁ ਸਖੀ ਮਤੁ ਆਪਣੇ ਪ੍ਰੀਤਮ ਭਾਵਹ ॥
ਤਜਿ ਮਾਨੁ ਮੋਹੁ ਬਿਕਾਰੁ ਦੂਜਾ ਸੇਵਿ ਏਕੁ ਨਿਰੰਜਨੋ ॥
ਲਗੁ ਚਰਣ ਸਰਣ ਦਇਆਲ ਪ੍ਰੀਤਮ ਸਗਲ ਦੁਰਤ ਬਿਖੰਡਨੋ ॥
ਹੋਇ ਦਾਸ ਦਾਸੀ ਤਜਿ ਉਦਾਸੀ ਬਹੁੜਿ ਬਿਧੀ ਨ ਧਾਵਾ ॥
ਨਾਨਕੁ ਪਇਅੰਪੈ ਕਰਹੁ ਕਿਰਪਾ ਤਾਮਿ ਮੰਗਲੁ ਗਾਵਾ ॥੧॥
ਅੰਮ੍ਰਿਤੁ ਪ੍ਰਿਅ ਕਾ ਨਾਮੁ ਮੈ ਅੰਧੁਲੇ ਟੋਹਨੀ ॥
ਓਹ ਜੋਹੈ ਬਹੁ ਪਰਕਾਰ ਸੁੰਦਰਿ ਮੋਹਨੀ ॥
ਮੋਹਨੀ ਮਹਾ ਬਚਿਤ੍ਰਿ ਚੰਚਲਿ ਅਨਿਕ ਭਾਵ ਦਿਖਾਵਏ ॥
ਹੋਇ ਢੀਠ ਮੀਠੀ ਮਨਹਿ ਲਾਗੈ ਨਾਮੁ ਲੈਣ ਨ ਆਵਏ ॥
ਗ੍ਰਿਹ ਬਨਹਿ ਤੀਰੈ ਬਰਤ ਪੂਜਾ ਬਾਟ ਘਾਟੈ ਜੋਹਨੀ ॥
ਨਾਨਕੁ ਪਇਅੰਪੈ ਦਇਆ ਧਾਰਹੁ ਮੈ ਨਾਮੁ ਅੰਧੁਲੇ ਟੋਹਨੀ ॥੨॥
ਮੋਹਿ ਅਨਾਥ ਪ੍ਰਿਅ ਨਾਥ ਜਿਉ ਜਾਨਹੁ ਤਿਉ ਰਖਹੁ ॥
ਚਤੁਰਾਈ ਮੋਹਿ ਨਾਹਿ ਰੀਝਾਵਉ ਕਹਿ ਮੁਖਹੁ ॥
ਨਹ ਚਤੁਰਿ ਸੁਘਰਿ ਸੁਜਾਨ ਬੇਤੀ ਮੋਹਿ ਨਿਰਗੁਨਿ ਗੁਨੁ ਨਹੀ ॥
ਨਹ ਰੂਪ ਧੂਪ ਨ ਨੈਣ ਬੰਕੇ ਜਹ ਭਾਵੈ ਤਹ ਰਖੁ ਤੁਹੀ ॥
ਜੈ ਜੈ ਜਇਅੰਪਹਿ ਸਗਲ ਜਾ ਕਉ ਕਰੁਣਾਪਤਿ ਗਤਿ ਕਿਨਿ ਲਖਹੁ ॥
ਨਾਨਕੁ ਪਇਅੰਪੈ ਸੇਵ ਸੇਵਕੁ ਜਿਉ ਜਾਨਹੁ ਤਿਉ ਮੋਹਿ ਰਖਹੁ ॥੩॥
ਮੋਹਿ ਮਛੁਲੀ ਤੁਮ ਨੀਰ ਤੁਝ ਬਿਨੁ ਕਿਉ ਸਰੈ ॥
ਮੋਹਿ ਚਾਤ੍ਰਿਕ ਤੁਮ ਬੂੰਦ ਤ੍ਰਿਪਤਉ ਮੁਖਿ ਪਰੈ ॥
ਮੁਖਿ ਪਰੈ ਹਰੈ ਪਿਆਸ ਮੇਰੀ ਜੀਅ ਹੀਆ ਪ੍ਰਾਨਪਤੇ ॥
ਲਾਡਲੇ ਲਾਡ ਲਡਾਇ ਸਭ ਮਹਿ ਮਿਲੁ ਹਮਾਰੀ ਹੋਇ ਗਤੇ ॥
ਚੀਤਿ ਚਿਤਵਉ ਮਿਟੁ ਅੰਧਾਰੇ ਜਿਉ ਆਸ ਚਕਵੀ ਦਿਨੁ ਚਰੈ ॥
ਨਾਨਕੁ ਪਇਅੰਪੈ ਪ੍ਰਿਅ ਸੰਗਿ ਮੇਲੀ ਮਛੁਲੀ ਨੀਰੁ ਨ ਵੀਸਰੈ ॥੪॥
ਧਨਿ ਧੰਨਿ ਹਮਾਰੇ ਭਾਗ ਘਰਿ ਆਇਆ ਪਿਰੁ ਮੇਰਾ ॥
ਸੋਹੇ ਬੰਕ ਦੁਆਰ ਸਗਲਾ ਬਨੁ ਹਰਾ ॥
ਹਰ ਹਰਾ ਸੁਆਮੀ ਸੁਖਹ ਗਾਮੀ ਅਨਦ ਮੰਗਲ ਰਸੁ ਘਣਾ ॥
ਨਵਲ ਨਵਤਨ ਨਾਹੁ ਬਾਲਾ ਕਵਨ ਰਸਨਾ ਗੁਨ ਭਣਾ ॥
ਮੇਰੀ ਸੇਜ ਸੋਹੀ ਦੇਖਿ ਮੋਹੀ ਸਗਲ ਸਹਸਾ ਦੁਖੁ ਹਰਾ ॥
ਨਾਨਕੁ ਪਇਅੰਪੈ ਮੇਰੀ ਆਸ ਪੂਰੀ ਮਿਲੇ ਸੁਆਮੀ ਅਪਰੰਪਰਾ ॥੫॥੧॥੩॥
ਐਤਵਾਰ, ੧੯ ਅੱਸੂ (ਸੰਮਤ ੫੫੨ ਨਾਨਕਸ਼ਾਹੀ) ੪ ਅਕਤੂਬਰ, ੨੦੨੦ (ਅੰਗ: ੮੪੭)
ਪੰਜਾਬੀ ਵਿਆਖਿਆ :
ਬਿਲਾਵਲੁ ਮਹਲਾ ੫ ਛੰਤ
ੴ ਸਤਿਗੁਰ ਪ੍ਰਸਾਦਿ ॥
ਹੇ ਸਹੇਲੀਏ! ਆਓ (ਰਲ ਕੇ ਬੈਠੀਏ) ਹੇ ਸਹੇਲੀਏ! ਆਓ ਪ੍ਰਭੂ ਦੀ ਰਜ਼ਾ ਵਿਚ ਤੁਰੀਏ, ਅਤੇ ਪ੍ਰਭੂ-ਪਤੀ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਵੀਏ । ਹੇ ਸਹੇਲੀਏ! (ਆਪਣੇ ਅੰਦਰੋਂ) ਅਹੰਕਾਰ ਦੂਰ ਕਰ (ਆਪਣੇ ਅੰਦਰੋਂ) ਅਹੰਕਾਰ ਦੂਰ ਕਰ, ਸ਼ਾਇਦ (ਇਸ ਤਰ੍ਹਾਂ) ਅਸੀ ਆਪਣੇ ਪ੍ਰੀਤਮ ਪ੍ਰਭੂ-ਪਤੀ ਨੂੰ ਚੰਗੀਆਂ ਲੱਗ ਸਕੀਏ । ਹੇ ਸਹੇਲੀਏ! (ਆਪਣੇ ਅੰਦਰੋਂ) ਅਹੰਕਾਰ ਦੂਰ ਕਰ, ਮੋਹ ਦੂਰ ਕਰ, ਮਾਇਆ ਦੇ ਪਿਆਰ ਵਾਲਾ ਵਿਕਾਰ ਦੂਰ ਕਰ, ਸਿਰਫ਼ ਨਿਰਲੇਪ ਪ੍ਰਭੂ ਦੀ ਸਰਨ ਪਈ ਰਹੁ, ਸਾਰੇ ਪਾਪਾਂ ਦੇ ਨਾਸ ਕਰਨ ਵਾਲੇ ਦਇਆ ਦੇ ਸੋਮੇ ਪ੍ਰੀਤਮ ਪ੍ਰਭੂ ਦੇ ਚਰਨਾਂ ਦੀ ਓਟ ਪਕੜੀ ਰੱਖ ।
Darbar Sahib
ਨਾਨਕ ਬੇਨਤੀ ਕਰਦਾ ਹੈ—ਹੇ ਸਹੇਲੀਏ! (ਮੇਰੇ ਉੱਤੇ ਭੀ) ਮਿਹਰ ਕਰ, ਮੈਂ (ਪ੍ਰਭੂ ਦੇ) ਦਾਸਾਂ ਦੀ ਦਾਸੀ ਬਣ ਕੇ (ਸਿਫ਼ਤਿ-ਸਾਲਾਹ ਵਲੋਂ) ਉਪਰਾਮਤਾ ਛੱਡ ਕੇ ਮੁੜ ਹੋਰ ਹੋਰ ਪਾਸੇ ਨਾਹ ਭਟਕਦਾ ਫਿਰਾਂ । (ਤੂੰ ਮਿਹਰ ਕਰੇਂ), ਤਦੋਂ ਹੀ ਮੈਂ (ਭੀ) ਸਿਫ਼ਤਿ-ਸਾਲਾਹ ਦਾ ਗੀਤ ਗਾ ਸਕਾਂਗਾ ।੧।ਹੇ ਭਾਈ! ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਮੇਰੇ ਜੀਵਨ ਵਾਸਤੇ ਸਹਾਰਾ ਹੈ ਜਿਵੇਂ ਅੰਨ੍ਹੇ ਨੂੰ ਡੰਗੋਰੀ ਦਾ ਸਹਾਰਾ ਹੁੰਦਾ ਹੈ, (ਕਿਉਂਕਿ) ਉਹ ਮਨ ਨੂੰ ਫਸਾਣ ਵਾਲੀ ਸੁੰਦਰੀ ਮਾਇਆ ਕਈ ਤਰੀਕਿਆਂ ਨਾਲ (ਜੀਵਾਂ ਨੂੰ) ਤਾੜਦੀ ਰਹਿੰਦੀ ਹੈ (ਤੇ ਆਪਣੇ ਮੋਹ ਵਿਚ ਅੰਨ੍ਹਾ ਕਰ ਲੈਂਦੀ ਹੈ) ।
Darbar Sahib
ਹੇ ਭਾਈ! ਕਈ ਰੰਗਾਂ ਵਾਲੀ ਅਤੇ ਮਨ ਨੂੰ ਮੋਹਣ ਵਾਲੀ ਚੰਚਲ ਮਾਇਆ (ਜੀਵਾਂ ਨੂੰ) ਅਨੇਕਾਂ ਨਖ਼ਰੇ ਵਿਖਾਂਦੀ ਰਹਿੰਦੀ ਹੈ, ਢੀਠ ਬਣ ਕੇ (ਭਾਵ, ਮੁੜ ਮੁੜ ਆਪਣੇ ਹਾਵ-ਭਾਵ ਵਿਖਾ ਕੇ, ਆਖ਼ਰ ਜੀਵਾਂ ਦੇ) ਮਨ ਵਿਚ ਪਿਆਰੀ ਲੱਗਣ ਲੱਗ ਪੈਂਦੀ ਹੈ, (ਇਸ ਮੋਹਣੀ ਮਾਇਆ ਦੇ ਅਸਰ ਹੇਠ ਪਰਮਾਤਮਾ ਦਾ) ਨਾਮ ਜਪਿਆ ਨਹੀਂ ਜਾ ਸਕਦਾ । ਹੇ ਭਾਈ! ਗ੍ਰਿਹਸਤ ਵਿਚ (ਗ੍ਰਿਹਸਤੀਆਂ ਨੂੰ) ਜੰਗਲਾਂ ਵਿਚ (ਤਿਆਗੀਆਂ ਨੂੰ), ਤੀਰਥਾਂ ਦੇ ਕੰਢੇ (ਤੀਰਥ-ਇਸ਼ਨਾਨੀਆਂ ਨੂੰ), ਵਰਤ (ਰੱਖਣ ਵਾਲਿਆਂ ਨੂੰ) ਦੇਵ-ਪੂਜਾ (ਕਰਨ ਵਾਲਿਆਂ ਨੂੰ), ਰਾਹਾਂ ਵਿਚ, ਪੱਤਣਾਂ ਤੇ (ਹਰ ਥਾਂ ਇਹ ਮਾਇਆ ਆਪਣੀ) ਤਾੜ ਵਿਚ ਰੱਖਦੀ ਹੈ ।
ਨਾਨਕ ਬੇਨਤੀ ਕਰਦਾ ਹੈ—(ਹੇ ਪ੍ਰਭੂ! ਮੇਰੇ ਉੱਤੇ) ਮਿਹਰ ਕਰ (ਇਸ ਮਾਇਆ ਦੀ ਤੱਕ ਤੋਂ ਬਚਣ ਲਈ) ਮੈਨੂੰ ਆਪਣਾ ਨਾਮ (ਦਾ ਸਹਾਰਾ ਦੇਈ ਰੱਖ, ਜਿਵੇਂ) ਅੰਨ੍ਹੇ ਨੂੰ ਡੰਗੋਰੀ ਦਾ ਸਹਾਰਾ ਹੁੰਦਾ ਹੈ ।੨।ਹੇ ਪਿਆਰੇ ਖਸਮ-ਪ੍ਰਭੂ! ਜਿਵੇਂ ਹੋ ਸਕੇ, (ਇਸ ਮੋਹਣੀ ਮਾਇਆ ਦੇ ਪੰਜੇ ਤੋਂ) ਮੈਨੂੰ ਨਿਮਾਣੇ ਨੂੰ (ਬਚਾ ਕੇ) ਰੱਖ । ਮੇਰੇ ਅੰਦਰ ਕੋਈ ਸਿਆਣਪ ਨਹੀਂ ਕਿ ਮੈਂ (ਕੁਝ) ਮੂੰਹੋਂ ਆਖ ਕੇ ਤੈਨੂੰ ਪ੍ਰਸੰਨ ਕਰ ਸਕਾਂ ।
Darbar Sahib
ਹੇ ਪਿਆਰੇ ਨਾਥ! ਮੈਂ ਚਤੁਰ ਨਹੀਂ, ਮੈਂ ਚੰਗੀ ਮਾਨਸਕ ਘਾੜਤ ਵਾਲੀ ਨਹੀਂ, ਮੈਂ ਸਿਆਣੀ ਨਹੀਂ, ਮੈਂ ਚੰਗੀ ਸੂਝ ਵਾਲੀ ਨਹੀਂ, ਮੈਂ ਗੁਣ-ਹੀਨ ਵਿਚ (ਕੋਈ ਭੀ) ਗੁਣ ਨਹੀਂ । ਨਾਹ ਮੇਰਾ ਸੋਹਣਾ ਰੂਪ ਹੈ, ਨਾਹ (ਮੇਰੇ ਅੰਦਰ ਚੰਗੇ ਗੁਣਾਂ ਵਾਲੀ) ਸੁਗੰਧੀ ਹੈ ਨਾਹ ਮੇਰੇ ਬਾਂਕੇ ਨੈਣ ਹਨ—ਜਿੱਥੇ ਤੇਰੀ ਰਜ਼ਾ ਹੈ ਉਥੇ ਹੀ ਮੈਨੂੰ (ਇਸ ਮੋਹਣੀ ਮਾਇਆ ਤੋਂ) ਬਚਾ ਲੈ । ਹੇ ਤਰਸ ਦੇ ਮਾਲਕ ਪ੍ਰਭੂ! (ਤੂੰ ਐਸਾ ਹੈਂ) ਜਿਸ ਦੀ ਸਾਰੇ ਜੀਵ ਜੈ ਜੈਕਾਰ ਉਚਾਰਦੇ ਹਨ ।
DARBAR SAHIB
ਤੂੰ ਕਿਹੋ ਜਿਹਾ ਹੈਂ—ਕਿਸੇ ਨੇ ਭੀ ਇਹ ਭੇਤ ਨਹੀਂ ਸਮਝਿਆ । ਨਾਨਕ ਬੇਨਤੀ ਕਰਦਾ ਹੈ—ਹੇ ਪ੍ਰਭੂ! (ਮੈਂ ਤੇਰਾ) ਸੇਵਕ ਹਾਂ (ਮੈਨੂੰ ਆਪਣੀ) ਸੇਵਾ-ਭਗਤੀ (ਬਖ਼ਸ਼) ਜਿਵੇਂ ਹੋ ਸਕੇ, ਤਿਵੇਂ ਮੈਨੂੰ (ਇਸ ਮੋਹਣੀ ਮਾਇਆ ਤੋਂ) ਬਚਾਈ ਰੱਖ ।੩। ਹੇ ਪ੍ਰਭੂ! ਮੈਂ ਮੱਛੀ (ਵਾਸਤੇ) ਤੂੰ (ਤੇਰਾ ਨਾਮ) ਪਾਣੀ ਹੈ, ਤੈਥੋਂ ਬਿਨਾ (ਤੇਰੀ ਯਾਦ ਤੋਂ ਬਿਨਾ) ਮੇਰਾ ਜੀਊਣ ਨਹੀਂ ਹੋ ਸਕਦਾ । ਹੇ ਪ੍ਰਭੂ! ਮੈਂ ਪਪੀਹੇ (ਵਾਸਤੇ) ਤੂੰ (ਤੇਰਾ ਨਾਮ) ਵਰਖਾ ਦੀ ਬੂੰਦ ਹੈ, ਮੈਨੂੰ (ਤਦੋਂ) ਸ਼ਾਂਤੀ ਆਉਂਦੀ ਹੈ (ਜਦੋਂ ਨਾਮ-ਬੂੰਦ ਮੇਰੇ) ਮੂੰਹ ਵਿਚ ਪੈਂਦੀ ਹੈ । (ਜਿਵੇਂ ਵਰਖਾ ਦੀ ਬੂੰਦ ਪਪੀਹੇ ਦੇ ਮੂੰਹ ਵਿਚ ਪੈਂਦੀ ਹੈ ਤਾਂ ਉਹ ਬੂੰਦ ਉਸ ਦੀ ਪਿਆਸ ਦੂਰ ਕਰ ਦੇਂਦੀ ਹੈ, ਤਿਵੇਂ ਜਦੋਂ ਤੇਰਾ ਨਾਮ-ਬੂੰਦ ਮੇਰੇ) ਮੂੰਹ ਵਿਚ ਪੈਂਦੀ ਹੈ ਤਾਂ ਉਹ (ਮੇਰੇ ਅੰਦਰੋਂ ਮਾਇਆ ਦੀ) ਤ੍ਰਿਸ਼ਨਾ ਦੂਰ ਕਰ ਦੇਂਦੀ ਹੈ ।
Darbar Sahib
ਹੇ ਮੇਰੀ ਜਿੰਦ ਦੇ ਮਾਲਕ! ਹੇ ਮੇਰੇ ਹਿਰਦੇ ਦੇ ਸਾਈਂ! ਹੇ ਮੇਰੇ ਪ੍ਰਾਣਾਂ ਦੇ ਨਾਥ! ਹੇ ਪਿਆਰੇ! ਪਿਆਰ-ਭਰੇ ਕੌਤਕ ਕਰ ਕੇ ਤੂੰ ਸਾਰੀ ਸ੍ਰਿਸ਼ਟੀ ਵਿਚ (ਵੱਸ ਰਿਹਾ ਹੈਂ । ਹੇ ਪਿਆਰੇ! ਮੈਨੂੰ) ਮਿਲ, (ਤਾਕਿ) ਮੇਰੀ ਉੱਚੀ ਆਤਮਕ ਅਵਸਥਾ ਬਣ ਸਕੇ । ਹੇ ਪ੍ਰਭੂ! ਜਿਵੇਂ ਚਕਵੀ ਆਸ ਬਣਾਈ ਰੱਖਦੀ ਹੈ ਕਿ ਦਿਨ ਚੜ੍ਹ ਰਿਹਾ ਹੈ, ਤਿਵੇਂ ਮੈਂ ਭੀ (ਤੇਰਾ ਮਿਲਾਪ ਹੀ) ਚਿਤਾਰਦੀ ਰਹਿੰਦੀ ਹਾਂ (ਤੇ, ਆਖਦੀ ਰਹਿੰਦੀ ਹਾਂ—) ਹੇ ਹਨੇਰੇ! (ਮਾਇਆ ਦੇ ਮੋਹ ਦੇ ਹਨੇਰੇ! ਮੇਰੇ ਅੰਦਰੋਂ) ਦੂਰ ਹੋ ਜਾ । ਨਾਨਕ ਬੇਨਤੀ ਕਰਦਾ ਹੈ—ਹੇ ਪਿਆਰੇ (ਮੈਨੂੰ ਆਪਣੇ) ਨਾਲ ਮਿਲਾ ਲੈ, (ਮੈਂ) ਮੱਛੀ ਨੂੰ (ਤੇਰਾ ਨਾਮ-) ਪਾਣੀ ਭੁੱਲ ਨਹੀਂ ਸਕਦਾ ।੪। ਹੇ ਸਹੇਲੀਏ! (ਮੇਰੇ ਹਿਰਦੇ-) ਘਰ ਵਿਚ ਮੇਰਾ (ਪ੍ਰਭੂ) ਪਤੀ ਆ ਵੱਸਿਆ ਹੈ, ਮੇਰੇ ਭਾਗ ਜਾਗ ਪਏ ਹਨ ।
Darbar Sahib
(ਮੇਰੇ ਇਸ ਸਰੀਰ-ਘਰ ਦੇ) ਦਰਵਾਜ਼ੇ (ਸਾਰੇ ਗਿਆਨ-ਇੰਦ੍ਰੇ) ਸੋਹਣੇ ਬਣ ਗਏ ਹਨ (ਭਾਵ, ਹੁਣ ਇਹ ਗਿਆਨ-ਇੰਦ੍ਰੇ ਵਿਕਾਰਾਂ ਵਲ ਖਿੱਚ ਨਹੀਂ ਪਾਂਦੇ, ਮੇਰਾ) ਸਾਰਾ ਹਿਰਦੇ-ਜੂਹ ਆਤਮਕ ਜੀਵਨ ਵਾਲਾ ਹੋ ਗਿਆ ਹੈ । ਹੇ ਸਹੇਲੀਏ! ਆਤਮਕ ਜੀਵਨ ਨਾਲ ਭਰਪੂਰ ਅਤੇ ਸੁਖਾਂ ਦੀ ਦਾਤਿ ਦੇਣ ਵਾਲਾ ਮਾਲਕ-ਪ੍ਰਭੂ (ਮੇਰੇ ਹਿਰਦੇ-ਘਰ ਵਿਚ ਆ ਵੱਸਿਆ ਹੈ, ਜਿਸ ਦਾ ਸਦਕਾ ਮੇਰੇ ਅੰਦਰ) ਆਨੰਦ ਬਣ ਗਏ ਹਨ, ਖ਼ੁਸ਼ੀਆਂ ਹੋ ਗਈਆਂ ਹਨ, ਬਹੁਤ ਸੁਆਦ ਬਣ ਗਿਆ ਹੈ ।
Darbar Sahib
ਹੇ ਸਹੇਲੀਏ! ਮੇਰਾ ਖਸਮ-ਪ੍ਰਭੂ ਹਰ ਵੇਲੇ ਨਵਾਂ ਹੈ ਜੁਆਨ ਹੈ (ਭਾਵ, ਉਸ ਦਾ ਪਿਆਰ ਕਦੇ ਕਮਜ਼ੋਰ ਨਹੀਂ ਪੈਂਦਾ) । ਮੈਂ (ਆਪਣੀ) ਜੀਭ ਨਾਲ (ਉਸ ਦੇ) ਕਿਹੜੇ ਕਿਹੜੇ ਗੁਣ ਦੱਸਾਂ? ਨਾਨਕ ਬੇਨਤੀ ਕਰਦਾ ਹੈ—(ਹੇ ਸਹੇਲੀਏ! ਖਸਮ-ਪ੍ਰਭੂ ਦੇ ਮੇਰੇ ਹਿਰਦੇ ਵਿਚ ਆ ਵੱਸਣ ਨਾਲ) ਮੇਰੀ ਹਿਰਦਾ-ਸੇਜ ਸਜ ਗਈ ਹੈ, (ਉਸ ਪ੍ਰਭੂ-ਪਤੀ ਦਾ) ਦਰਸਨ ਕਰ ਕੇ ਮੈਂ ਮਸਤ ਹੋ ਰਹੀ ਹਾਂ (ਉਸ ਨੇ ਮੇਰੇ ਅੰਦਰੋਂ) ਹਰੇਕ ਸਹਿਮ ਤੇ ਦੁੱਖ ਦੂਰ ਕਰ ਦਿੱਤਾ ਹੈ । ਮੈਨੂੰ ਬੇਅੰਤ ਮਾਲਕ-ਪ੍ਰਭੂ ਮਿਲ ਪਿਆ ਹੈ, ਮੇਰੀ ਹਰੇਕ ਆਸ ਪੂਰੀ ਹੋ ਗਈ ਹੈ ।੫।੩।