ਅੱਜ ਦਾ ਹੁਕਮਨਾਮਾ (6 ਮਾਰਚ 2022)
Published : Mar 6, 2022, 7:51 am IST
Updated : Mar 6, 2022, 7:52 am IST
SHARE ARTICLE
Hukamnama Sahib
Hukamnama Sahib

ਵਡਹੰਸੁ ਮਹਲਾ ੧ ॥

ਵਡਹੰਸੁ ਮਹਲਾ ੧ ॥

ਕਰਹੁ ਦਇਆ ਤੇਰਾ ਨਾਮੁ ਵਖਾਣਾ ॥

ਸਭ ਉਪਾਈਐ ਆਪਿ ਆਪੇ ਸਰਬ ਸਮਾਣਾ ॥

ਸਰਬੇ ਸਮਾਣਾ ਆਪਿ ਤੂਹੈ ਉਪਾਇ ਧੰਧੈ ਲਾਈਆ ॥

ਇਕਿ ਤੁਝੁ ਹੀ ਕੀਏ ਰਾਜੇ ਇਕਨਾ ਭਿਖ ਭਵਾਈਆ ॥

ਲੋਭੁ ਮੋਹੁ ਤੁਝੁ ਕੀਆ ਮੀਠਾ ਏਤੁ ਭਰਮਿ ਭੁਲਾਣਾ ॥

ਸਦਾ ਦਇਆ ਕਰਹੁ ਅਪਣੀ ਤਾਮਿ ਨਾਮੁ ਵਖਾਣਾ ॥੧॥

ਨਾਮੁ ਤੇਰਾ ਹੈ ਸਾਚਾ ਸਦਾ ਮੈ ਮਨਿ ਭਾਣਾ ॥

ਦੂਖੁ ਗਇਆ ਸੁਖੁ ਆਇ ਸਮਾਣਾ ॥

ਗਾਵਨਿ ਸੁਰਿ ਨਰ ਸੁਘੜ ਸੁਜਾਣਾ ॥

ਸੁਰਿ ਨਰ ਸੁਘੜ ਸੁਜਾਣ ਗਾਵਹਿ ਜੋ ਤੇਰੈ ਮਨਿ ਭਾਵਹੇ ॥

ਮਾਇਆ ਮੋਹੇ ਚੇਤਹਿ ਨਾਹੀ ਅਹਿਲਾ ਜਨਮੁ ਗਵਾਵਹੇ ॥

ਇਕਿ ਮੂੜ ਮੁਗਧ ਨ ਚੇਤਹਿ ਮੂਲੇ ਜੋ ਆਇਆ ਤਿਸੁ ਜਾਣਾ ॥

ਨਾਮ ਤੇਰਾ ਸਦਾ ਸਾਚਾ ਸੋਇ ਮੈ ਮਨਿ ਭਾਣਾ ॥੨॥

ਤੇਰਾ ਵਖਤੁ ਸੁਹਾਵਾ ਅੰਮ੍ਰਿਤੁ ਤੇਰੀ ਬਾਣੀ ॥

ਸੇਵਕ ਸੇਵਹਿ ਭਾਉ ਕਰਿ ਲਾਗਾ ਸਾਉ ਪਰਾਣੀ ॥

ਸਾਉ ਪ੍ਰਾਣੀ ਤਿਨਾ ਲਾਗਾ ਜਿਨੀ ਅੰਮ੍ਰਿਤੁ ਪਾਇਆ ॥

ਨਾਮਿ ਤੇਰੈ ਜੋਇ ਰਾਤੇ ਨਿਤ ਚੜਹਿ ਸਵਾਇਆ ॥

ਇਕੁ ਕਰਮੁ ਧਰਮੁ ਨ ਹੋਇ ਸੰਜਮੁ ਜਾਮਿ ਨ ਏਕੁ ਪਛਾਣੀ ॥

ਵਖਤੁ ਸੁਹਾਵਾ ਸਦਾ ਤੇਰਾ ਅੰਮ੍ਰਿਤ ਤੇਰੀ ਬਾਣੀ ॥੩॥

ਹਉ ਬਲਿਹਾਰੀ ਸਾਚੇ ਨਾਵੈ ॥

ਰਾਜੁ ਤੇਰਾ ਕਬਹੁ ਨ ਜਾਵੈ ॥

ਰਾਜੋ ਤ ਤੇਰਾ ਸਦਾ ਨਿਹਚਲੁ ਏਹੁ ਕਬਹੁ ਨ ਜਾਵਏ ॥

ਚਾਕਰੁ ਤ ਤੇਰਾ ਸੋਇ ਹੋਵੈ ਜੋਇ ਸਹਜਿ ਸਮਾਵਏ ॥

ਦੁਸਮਨੁ ਤ ਦੂਖੁ ਨ ਲਗੈ ਮੂਲੇ ਪਾਪੁ ਨੇੜਿ ਨ ਆਵਏ ॥

ਹਉ ਬਲਿਹਾਰੀ ਸਦਾ ਹੋਵਾ ਏਕ ਤੇਰੇ ਨਾਵਏ ॥੪॥

ਜੁਗਹ ਜੁਗੰਤਰਿ ਭਗਤ ਤੁਮਾਰੇ ॥

ਕੀਰਤਿ ਕਰਹਿ ਸੁਆਮੀ ਤੇਰੈ ਦੁਆਰੇ ॥

ਜਪਹਿ ਤ ਸਾਚਾ ਏਕੁ ਮੁਰਾਰੇ ॥

ਸਾਚਾ ਮੁਰਾਰੇ ਤਾਮਿ ਜਾਪਹਿ ਜਾਮਿ ਮੰਨਿ ਵਸਾਵਹੇ ॥

ਭਰਮੋ ਭੁਲਾਵਾ ਤੁਝਹਿ ਕੀਆ ਜਾਮਿ ਏਹੁ ਚੁਕਾਵਹੇ ॥

ਗੁਰ ਪਰਸਾਦੀ ਕਰਹੁ ਕਿਰਪਾ ਲੇਹੁ ਜਮਹੁ ਉਬਾਰੇ ॥

ਜੁਗਹ ਜੁਗੰਤਰਿ ਭਗਤ ਤੁਮਾਰੇ ॥੫॥

ਵਡੇ ਮੇਰੇ ਸਾਹਿਬਾ ਅਲਖ ਅਪਾਰਾ ॥

ਕਿਉ ਕਰਿ ਕਰਉ ਬੇਨੰਤੀ ਹਉ ਆਖਿ ਨ ਜਾਣਾ ॥

ਨਦਰਿ ਕਰਹਿ ਤਾ ਸਾਚੁ ਪਛਾਣਾ ॥

ਸਾਚੋ ਪਛਾਣਾ ਤਾਮਿ ਤੇਰਾ ਜਾਮਿ ਆਪਿ ਬੁਝਾਵਹੇ ॥

ਦੂਖ ਭੂਖ ਸੰਸਾਰਿ ਕੀਏ ਸਹਸਾ ਏਹੁ ਚੁਕਾਵਹੇ ॥

ਬਿਨਵੰਤਿ ਨਾਨਕੁ ਜਾਇ ਸਹਸਾ ਬੁਝੈ ਗੁਰ ਬੀਚਾਰਾ ॥

ਵਡਾ ਸਾਹਿਬੁ ਹੈ ਆਪਿ ਅਲਖ ਅਪਾਰਾ ॥੬॥

ਤੇਰੇ ਬੰਕੇ ਲੋਇਣ ਦੰਤ ਰੀਸਾਲਾ ॥

ਸੋਹਣੇ ਨਕ ਜਿਨ ਲੰਮੜੇ ਵਾਲਾ ॥

ਕੰਚਨ ਕਾਇਆ ਸੁਇਨੇ ਕੀ ਢਾਲਾ ॥

ਸੋਵੰਨ ਢਾਲਾ ਕ੍ਰਿਸਨ ਮਾਲਾ ਜਪਹੁ ਤੁਸੀ ਸਹੇਲੀਹੋ ॥

ਜਮ ਦੁਆਰਿ ਨ ਹੋਹੁ ਖੜੀਆ ਸਿਖ ਸੁਣਹੁ ਮਹੇਲੀਹੋ ॥

ਹੰਸ ਹੰਸਾ ਬਗ ਬਗਾ ਲਹੈ ਮਨ ਕੀ ਜਾਲਾ ॥

ਬੰਕੇ ਲੋਇਣ ਦੰਤ ਰੀਸਾਲਾ ॥੭॥

ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ ॥

ਕੁਹਕਨਿ ਕੋਕਿਲਾ ਤਰਲ ਜੁਆਣੀ ॥

ਤਰਲਾ ਜੁਆਣੀ ਆਪਿ ਭਾਣੀ ਇਛ ਮਨ ਕੀ ਪੂਰੀਏ ॥

ਸਾਰੰਗ ਜਿਉ ਪਗੁ ਧਰੈ ਠਿਮਿ ਠਮਿ ਆਪਿ ਆਪੁ ਸੰਧੂਰਏ ॥

ਸ੍ਰੀਰੰਗ ਰਾਤੀ ਫਿਰੈ ਮਾਤੀ ਉਦਕੁ ਗੰਗਾ ਵਾਣੀ ॥

ਬਿਨਵੰਤਿ ਨਾਨਕੁ ਦਾਸੁ ਹਰਿ ਕਾ ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ ॥੮॥੨॥

ਐਤਵਾਰ, ੨੩ ਫੱਗਣ (ਸੰਮਤ ੫੫੩ ਨਾਨਕਸ਼ਾਹੀ) (ਅੰਗ: ੫੬੬)

ਪੰਜਾਬੀ ਵਿਆਖਿਆ:

ਵਡਹੰਸੁ ਮਹਲਾ ੧ ॥

ਹੇ ਪ੍ਰਭੂ! ਮੇਹਰ ਕਰ ਕਿ ਮੈਂ ਤੇਰਾ ਨਾਮ ਸਿਮਰ ਸਕਾਂ । ਤੂੰ ਸਾਰੀ ਸ੍ਰਿਸ਼ਟੀ ਆਪ ਹੀ ਪੈਦਾ ਕੀਤੀ ਹੈ ਤੇ ਆਪ ਹੀ ਸਭ ਜੀਵਾਂ ਵਿਚ ਵਿਆਪਕ ਹੈਂ । ਤੂੰ ਆਪ ਹੀ ਸਭ ਜੀਵਾਂ ਵਿਚ ਸਮਾਇਆ ਹੋਇਆ ਹੈਂ, ਪੈਦਾ ਕਰ ਕੇ ਤੂੰ ਆਪ ਹੀ ਸ੍ਰਿਸ਼ਟੀ ਨੂੰ ਮਾਇਆ ਦੀ ਦੌੜ-ਭੱਜ ਵਿਚ ਲਾਇਆ ਹੋਇਆ ਹੈ । ਕਈ ਜੀਵਾਂ ਨੂੰ ਤੂੰ ਆਪ ਹੀ ਰਾਜੇ ਬਣਾ ਦਿੱਤਾ ਹੈ, ਤੇ ਕਈ ਜੀਵਾਂ ਨੂੰ (ਮੰਗਤੇ ਬਣਾ ਕੇ) ਭਿੱਖਿਆ ਮੰਗਣ ਵਾਸਤੇ (ਦਰ ਦਰ) ਭਵਾ ਰਿਹਾ ਹੈਂ । ਹੇ ਪ੍ਰਭੂ! ਤੂੰ ਲੋਭ ਅਤੇ ਮੋਹ ਨੂੰ ਮਿੱਠਾ ਬਣਾ ਦਿੱਤਾ ਹੈ, ਜਗਤ ਇਸ ਭਟਕਣਾ ਵਿਚ ਪੈ ਕੇ ਕੁਰਾਹੇ ਪੈ ਰਿਹਾ ਹੈ ।

Darbar SahibDarbar Sahib

ਜੇ ਤੂੰ ਸਦਾ ਆਪਣੀ ਮੇਹਰ ਕਰਦਾ ਰਹੇਂ ਤਾਂ ਹੀ ਮੈਂ ਤੇਰਾ ਨਾਮ ਸਿਮਰ ਸਕਦਾ ਹਾਂ ।੧। ਹੇ ਪ੍ਰਭੂ! ਤੇਰਾ ਨਾਮ ਸਦਾ-ਥਿਰ ਰਹਿਣ ਵਾਲਾ ਹੈ, ਤੇਰਾ ਨਾਮ ਮੈਨੂੰ ਮਨ ਵਿਚ ਪਿਆਰਾ ਲੱਗਦਾ ਹੈ । ਜੇਹੜਾ ਮਨੁੱਖ ਤੇਰਾ ਨਾਮ ਸਿਮਰਦਾ ਹੈ ਉਸ ਦਾ ਦੁਖ ਦੂਰ ਹੋ ਜਾਂਦਾ ਹੈ ਤੇ ਆਤਮਕ ਆਨੰਦ ਉਸ ਦੇ ਅੰਦਰ ਆ ਵੱਸਦਾ ਹੈ । ਭਾਗਾਂ ਵਾਲੇ ਸੁਚੱਜੇ ਸਿਆਣੇ ਮਨੁੱਖ ਤੇਰੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦੇ ਹਨ । ਹੇ ਪ੍ਰਭੂ! ਜੇਹੜੇ ਬੰਦੇ ਤੇਰੇ ਮਨ ਵਿਚ ਪਿਆਰੇ ਲੱਗਦੇ ਹਨ ਉਹ ਭਾਗਾਂ ਵਾਲੇ ਸੁਚੱਜੇ ਸਿਆਣੇ ਤੇਰੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦੇ ਹਨ । ਪਰ ਜੋ ਮਨੁੱਖ ਮਾਇਆ ਵਿਚ ਮੋਹੇ ਜਾਂਦੇ ਹਨ ਉਹ ਤੈਨੂੰ ਨਹੀਂ ਸਿਮਰਦੇ ਉਹ ਆਪਣਾ ਅਮੋਲਕ ਜਨਮ ਗਵਾ ਲੈਂਦੇ ਹਨ । ਅਨੇਕਾਂ ਐਸੇ ਮੂਰਖ ਮਨੁੱਖ ਹਨ ਜੋ, ਹੇ ਪ੍ਰਭੂ!

Darbar SahibDarbar Sahib

ਤੈਨੂੰ ਯਾਦ ਨਹੀਂ ਕਰਦੇ (ਉਹ ਇਹ ਨਹੀਂ ਸਮਝਦੇ ਕਿ) ਜੇਹੜਾ ਜਗਤ ਵਿਚ ਜੰਮਿਆ ਹੈ ਉਸ ਨੇ (ਆਖ਼ਰ ਇਥੋਂ) ਚਲੇ ਜਾਣਾ ਹੈ । ਹੇ ਪ੍ਰਭੂ! ਤੇਰਾ ਨਾਮ ਸਦਾ ਹੀ ਥਿਰ ਰਹਿਣ ਵਾਲਾ ਹੈ, ਤੇਰਾ ਨਾਮ ਮੇਰੇ ਮਨ ਵਿਚ ਪਿਆਰਾ ਲੱਗ ਰਿਹਾ ਹੈ ।੨। ਹੇ ਪ੍ਰਭੂ! ਤੇਰੀ ਸਿਫ਼ਤਿ-ਸਾਲਾਹ ਦੀ ਬਾਣੀ ਅੰਮ੍ਰਿਤ ਹੈ (ਅਟੱਲ ਆਤਮਕ ਜੀਵਨ ਦੇਣ ਵਾਲੀ ਹੈ) ਉਹ ਵਕਤ ਬਹੁਤ ਸੁਹਾਵਣਾ ਲੱਗਦਾ ਹੈ ਜਦੋਂ ਤੇਰਾ ਨਾਮ ਚੇਤੇ ਕਰੀਦਾ ਹੈ । ਜਿਨ੍ਹਾਂ ਬੰਦਿਆਂ ਨੂੰ ਤੇਰੇ ਨਾਮ ਦਾ ਰਸ ਆਉਂਦਾ ਹੈ ਉਹ ਸੇਵਕ ਪ੍ਰੇਮ ਨਾਲ ਤੇਰਾ ਨਾਮ ਸਿਮਰਦੇ ਹਨ । ਉਹਨਾਂ ਹੀ ਬੰਦਿਆਂ ਨੂੰ ਨਾਮ ਦਾ ਰਸ ਆਉਂਦਾ ਹੈ ਜਿਨ੍ਹਾਂ ਨੂੰ ਇਹ ਨਾਮ-ਅੰਮ੍ਰਿਤ ਪ੍ਰਾਪਤ ਹੁੰਦਾ ਹੈ । ਹੇ ਪ੍ਰਭੂ! ਜੇਹੜੇ ਬੰਦੇ ਤੇਰੇ ਨਾਮ ਵਿਚ ਜੁੜਦੇ ਹਨ ਉਹ (ਆਤਮਕ ਜੀਵਨ ਦੀ ਉੱਨਤੀ ਵਿਚ) ਸਦਾ ਵਧਦੇ ਫੁੱਲਦੇ ਰਹਿੰਦੇ ਹਨ । ਹੇ ਪ੍ਰਭੂ! ਜਦੋਂ ਤਕ ਮੈਂ ਇਕ ਤੇਰੇ ਨਾਲ ਡੂੰਘੀ ਸਾਂਝ ਨਹੀਂ ਪਾਂਦਾ ਤਦੋਂ ਤਕ ਹੋਰ ਕੋਈ ਇੱਕ ਭੀ ਧਰਮ-ਕਰਮ ਕੋਈ ਇੱਕ ਭੀ ਸੰਜਮ ਕਿਸੇ ਅਰਥ ਨਹੀਂ ।

Darbar SahibDarbar Sahib

ਤੇਰੀ ਸਿਫ਼ਤਿ-ਸਾਲਾਹ ਦੀ ਬਾਣੀ ਆਤਮਕ ਜੀਵਨ-ਦਾਤੀ ਹੈ, ਉਹ ਵੇਲਾ ਬਹੁਤ ਸੁਹਾਵਣਾ ਲੱਗਦਾ ਹੈ ਜਦੋਂ ਤੇਰਾ ਨਾਮ ਸਿਮਰੀਦਾ ਹੈ ।੩। ਹੇ ਪ੍ਰਭੂ! ਮੈਂ ਤੇਰੇ ਸਦਾ-ਥਿਰ ਰਹਿਣ ਵਾਲੇ ਨਾਮ ਤੋਂ ਕੁਰਬਾਨ ਜਾਂਦਾ ਹਾਂ । ਤੇਰਾ ਰਾਜ ਕਦੇ ਭੀ ਨਾਸ ਹੋਣ ਵਾਲਾ ਨਹੀਂ ਹੈ । ਹੇ ਪ੍ਰਭੂ! ਤੇਰਾ ਰਾਜ ਸਦਾ ਅਟੱਲ ਰਹਿਣ ਵਾਲਾ ਹੈ, ਇਹ ਕਦੇ ਭੀ ਨਾਸ ਨਹੀਂ ਹੋ ਸਕਦਾ । ਉਹੀ ਮਨੁੱਖ ਤੇਰਾ ਅਸਲ ਭਗਤ-ਸੇਵਕ ਹੈ ਜੋ (ਤੇਰਾ ਨਾਮ ਸਿਮਰ ਕੇ) ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ । ਕੋਈ ਵੈਰੀ ਕੋਈ ਦੁੱਖ ਕਦੇ ਭੀ ਉਸ ਦਾ ਲਾਗੂ ਨਹੀਂ ਹੋ ਸਕਦਾ, ਕੋਈ ਪਾਪ ਉਸ ਦੇ ਨੇੜੇ ਨਹੀਂ ਢੁਕਦਾ । ਹੇ ਪ੍ਰਭੂ! ਮੈਂ ਸਦਾ ਤੇਰੇ ਹੀ ਨਾਮ ਤੋਂ ਸਦਕੇ ਜਾਂਦਾ ਹਾਂ ।੪। ਹੇ ਪ੍ਰਭੂ! ਹਰੇਕ ਜੁਗ ਵਿਚ ਹੀ ਤੇਰੇ ਭਗਤ ਮੌਜੂਦ ਰਹੇ ਹਨ, ਜੋ, ਹੇ ਸੁਆਮੀ!

Darbar SahibDarbar Sahib

ਤੇਰੇ ਦਰ ਤੇ ਤੇਰੀ ਸਿਫ਼ਤਿ-ਸਾਲਾਹ ਕਰਦੇ ਹਨ, ਜੋ ਸਦਾ ਤੈਨੂੰ ਹੀ ਸਦਾ-ਥਿਰ ਪ੍ਰਭੂ ਨੂੰ ਸਿਮਰਦੇ ਹਨ । ਹੇ ਪ੍ਰਭੂ! ਤੈਨੂੰ ਸਦਾ-ਥਿਰ ਨੂੰ ਉਹ ਤਦੋਂ ਹੀ ਜਪ ਸਕਦੇ ਹਨ ਜਦੋਂ ਤੂੰ ਆਪ ਉਹਨਾਂ ਦੇ ਮਨ ਵਿਚ ਆਪਣਾ ਨਾਮ ਵਸਾਂਦਾ ਹੈਂ, ਜਦੋਂ ਤੂੰ ਉਹਨਾਂ ਦੇ ਮਨ ਵਿਚੋਂ ਮਾਇਆ ਵਾਲੀ ਭਟਕਣਾ ਦੂਰ ਕਰਦਾ ਹੈਂ ਜੋ ਤੂੰ ਆਪ ਹੀ ਪੈਦਾ ਕੀਤੀ ਹੋਈ ਹੈ । ਹੇ ਪ੍ਰਭੂ! ਗੁਰੂ ਦੀ ਕਿਰਪਾ ਦੀ ਰਾਹੀਂ ਤੂੰ ਆਪਣੇ ਭਗਤਾਂ ਉੱਤੇ ਮੇਹਰ ਕਰਦਾ ਹੈਂ, ਤੇ ਉਹਨਾਂ ਨੂੰ ਜਮਾਂ ਤੋਂ ਬਚਾ ਲੈਂਦਾ ਹੈਂ । ਹਰੇਕ ਜੁਗ ਵਿਚ ਹੀ ਤੇਰੇ ਭਗਤ-ਸੇਵਕ ਮੌਜੂਦ ਰਹੇ ਹਨ ।੫। ਹੇ ਮੇਰੇ ਵੱਡੇ ਮਾਲਕ! ਹੇ ਅਦ੍ਰਿਸ਼ਟ ਮਾਲਕ! ਹੇ ਬੇਅੰਤ ਮਾਲਕ! ਮੈਂ (ਤੇਰੇ ਦਰ ਤੇ) ਕਿਵੇਂ ਬੇਨਤੀ ਕਰਾਂ? ਮੈਨੂੰ ਤਾਂ ਬੇਨਤੀ ਕਰਨੀ ਭੀ ਨਹੀਂ ਆਉਂਦੀ । ਜੇ ਤੂੰ ਆਪ (ਮੇਰੇ ਉਤੇ) ਮੇਹਰ ਦੀ ਨਿਗਾਹ ਕਰੇਂ ਤਾਂ ਹੀ ਮੈਂ ਤੇਰੇ ਸਦਾ-ਥਿਰ ਨਾਮ ਨਾਲ ਸਾਂਝ ਪਾ ਸਕਦਾ ਹਾਂ । ਤੇਰਾ ਸਦਾ-ਥਿਰ ਨਾਮ ਮੈਂ ਤਦੋਂ ਹੀ ਪਛਾਣ ਸਕਦਾ ਹਾਂ (ਤਦੋਂ ਹੀ ਇਸ ਦੀ ਕਦਰ ਪਾ ਸਕਦਾ ਹਾਂ) ਜਦੋਂ ਤੂੰ ਆਪ ਮੈਨੂੰ ਇਹ ਸੂਝ ਬਖ਼ਸ਼ੇਂ, ਜਦੋਂ ਤੂੰ ਮੇਰੇ ਮਨ ਵਿਚੋਂ ਮਾਇਆ ਦੀ ਤਿ੍ਰਸ਼ਨਾ ਅਤੇ (ਇਸ ਤੋਂ ਪੈਦਾ ਹੋਣ ਵਾਲੇ) ਉਹਨਾਂ ਦੁੱਖਾਂ ਦਾ ਸਹਿਮ ਦੂਰ ਕਰੇਂ ਜੇਹੜੇ ਕਿ ਜਗਤ ਵਿਚ ਤੂੰ ਆਪ ਹੀ ਪੈਦਾ ਕੀਤੇ ਹੋਏ ਹਨ ।

Darbar SahibDarbar Sahib

ਨਾਨਕ ਬੇਨਤੀ ਕਰਦਾ ਹੈ ਕਿ ਜਦੋਂ ਮਨੁੱਖ ਗੁਰੂ ਦੇ ਸ਼ਬਦ ਦੀ ਵਿਚਾਰ ਸਮਝਦਾ ਹੈ ਤਾਂ (ਇਸ ਦੇ ਅੰਦਰੋਂ ਦੁੱਖ ਆਦਿਕਾਂ ਦਾ) ਸਹਿਮ ਦੂਰ ਹੋ ਜਾਂਦਾ ਹੈ (ਅਤੇ ਯਕੀਨ ਬਣ ਜਾਂਦਾ ਹੈ ਕਿ) ਅਦ੍ਰਿਸ਼ਟ ਤੇ ਬੇਅੰਤ ਪ੍ਰਭੂ ਆਪ (ਸਭ ਜੀਵਾਂ ਦੇ ਸਿਰ ਉਤੇ) ਵੱਡਾ ਮਾਲਕ ਹੈ ।੬। (ਹੇ ਸਰਬ-ਵਿਆਪਕ ਸਿਰਜਣਹਾਰ! ਜਗਤ ਦੀ ਸਾਰੀ ਸੁੰਦਰਤਾ ਤੂੰ ਹੀ ਆਪਣੇ ਸਰੂਪ ਤੋਂ ਰਚੀ ਹੈ । ਤੂੰ ਉਹ ਉਹ ਇਸਤ੍ਰੀ ਮਰਦ ਪੈਦਾ ਕੀਤੇ ਹਨ ਜਿਨ੍ਹਾਂ ਦੇ ਨੈਣ ਦੰਦ ਨੱਕ ਕੇਸ ਆਦਿਕ ਸਾਰੇ ਹੀ ਅੰਗ ਮਹਾਨ ਸੁੰਦਰ ਹਨ । ਉਹਨਾਂ ਵਿਚ, ਹੇ ਪ੍ਰਭੂ! ਤੂੰ ਆਪ ਹੀ ਬੈਠਾ ਜੀਵਨ-ਜੋਤਿ ਜਗਾ ਰਿਹਾ ਹੈਂ । ਸੋ) ਹੇ ਪ੍ਰਭੂ! ਤੇਰੇ ਨੈਣ ਬਾਂਕੇ ਹਨ, ਤੇਰੇ ਦੰਦ ਸੋਹਣੇ ਹਨ, ਤੇਰਾ ਨੱਕ ਸੋਹਣਾ ਹੈ, ਤੇਰੇ ਸੋਹਣੇ ਲੰਮੇ ਕੇਸ ਹਨ (ਜਿਨ੍ਹਾਂ ਦੇ ਸੋਹਣੇ ਨੱਕ ਹਨ, ਜਿਨ੍ਹਾਂ ਦੇ ਸੋਹਣੇ ਲੰਮੇ ਕੇਸ ਹਨ; ਇਹ ਭੀ, ਹੇ ਪ੍ਰਭੂ! ਤੇਰੇ ਹੀ ਨੱਕ ਤੇਰੇ ਹੀ ਕੇਸ ਹਨ) । ਹੇ ਪ੍ਰਭੂ! ਤੇਰਾ ਸਰੀਰ ਸੋਨੇ ਵਰਗਾ ਸੁੱਧ ਅਰੋਗ ਹੈ ਤੇ ਸੁਡੌਲ ਹੈ, ਮਾਨੋ, ਸੋਨੇ ਵਿਚ ਹੀ ਢਲਿਆ ਹੋਇਆ ਹੈ।

Prakash Purab of Sri Guru Nanak Dev Ji celebrated at Darbar Sahib Darbar Sahib

ਹੇ ਸਹੇਲੀਹੋ! (ਹੇ ਸਤਸੰਗੀ ਸੱਜਣੋ! ਤੁਸੀ ਉਸ ਪਰਮਾਤਮਾ (ਦੇ ਨਾਮ) ਦੀ ਮਾਲਾ ਜਪੋ (ਉਸ ਪਰਮਾਤਮਾ ਦਾ ਨਾਮ ਮੁੜ ਮੁੜ ਜਪੋ) ਜਿਸ ਦਾ ਸਰੀਰ ਅਰੋਗ ਤੇ ਸੁਡੌਲ ਹੈ, ਮਾਨੋ, ਸੋਨੇ ਵਿਚ ਢਲਿਆ ਹੋਇਆ ਹੈ । ਹੇ ਜੀਵ-ਇਸਤ੍ਰੀਓ! ਮੇਰੀ ਸਿੱਖਿਆ ਸੁਣੋ । (ਜੇ ਤੁਸੀ ਉਸ ਅਰੋਗ ਤੇ ਸੁਡੌਲ ਸਰੂਪ ਵਾਲੇ ਸਰਬ-ਵਿਆਪਕ ਸਿਰਜਣਹਾਰ ਦਾ ਨਾਮ ਜਪੋ ਗੀਆਂ, ਤਾਂ) ਤੁਸੀ (ਅੰਤ ਵੇਲੇ) ਜਮ-ਰਾਜ ਦੇ ਦਰਵਾਜ਼ੇ ਤੇ ਖੜੀਆਂ ਨਹੀਂ ਹੋਵੋਗੀਆਂ । (ਜੇਹੜੇ ਬੰਦੇ ਉਸ ਪਰਮਾਤਮਾ ਦਾ ਨਾਮ ਜਪਦੇ ਹਨ ਉਹਨਾਂ ਦੇ) ਮਨ ਤੋਂ ਵਿਕਾਰਾਂ ਦੀ ਮੈਲ ਲਹਿ ਜਾਂਦੀ ਹੈ । (ਸਿਮਰਨ ਦੀ ਬਰਕਤਿ ਨਾਲ (ਮਹਾ ਪਾਖੰਡੀ ਬਗਲਿਆਂ ਤੋਂ ਸ੍ਰੇਸ਼ਟ ਹੰਸ ਬਣ ਜਾਂਦੇ ਹਨ (ਪਖੰਡੀ ਬੰਦਿਆਂ ਤੋਂ ਉੱਚੇ ਜੀਵਨ ਵਾਲੇ ਗੁਰਮੁਖ ਬਣ ਜਾਂਦੇ ਹਨ) ।

Prakash Purab of Sri Guru Nanak Dev Ji celebrated at Darbar Sahib  Darbar Sahib

ਹੇ ਸਹੇਲੀਹੋ! (ਉਸ ਸਰਬ-ਵਿਆਪਕ ਪ੍ਰਭੂ ਦੇ) ਸੋਹਣੇ ਨੈਣ ਹਨ, ਸੋਹਣੇ ਦੰਦ ਹਨ (ਇਸ ਦਿੱਸਦੇ ਸੰਸਾਰ ਦੀ ਸਾਰੀ ਹੀ ਸੁੰਦਰਤਾ ਦਾ ਸੋਮਾ ਪ੍ਰਭੂ ਆਪ ਹੀ ਹੈ) ।੭। (ਕਿਤੇ ਮਿੱਠੀ ਵੈਰਾਗ-ਭਰੀ ਸੁਰ ਵਿਚ ਕੋਇਲਾਂ ਕੂਕ ਰਹੀਆਂ ਹਨ, ਕਿਤੇ ਚੰਚਲ ਜਵਾਨੀ ਦੇ ਮਦ-ਭਰੀਆਂ ਸੁੰਦਰੀਆਂ ਹਨ ਜੋ ਮਸਤ ਹਾਥੀ ਵਾਂਗ ਬੜੀ ਮਟਕ ਨਾਲ ਤੁਰਦੀਆਂ ਹਨ । ਹੇ ਪ੍ਰਭੂ! ਇਹ ਕੋਇਲ ਦੀ ਮਿੱਠੀ ਬੋਲੀ ਤੇ ਚੰਚਲ ਜਵਾਨੀ ਦਾ ਮਦ ਸਭ ਕੁਝ ਤੂੰ ਆਪ ਹੀ ਪੈਦਾ ਕੀਤਾ ਹੈ । ਸੋ ਹੇ ਪ੍ਰਭੂ!) ਤੇਰੀ (ਮਸਤ) ਚਾਲ (ਮਨ ਨੂੰ) ਸੁਖ ਦੇਣ ਵਾਲੀ ਹੈ, ਤੇਰੀ ਬੋਲੀ ਸੋਹਣੀ ਮਿੱਠੀ ਮਿੱਠੀ ਹੈ । (ਤੇਰੀਆਂ ਹੀ ਪੈਦਾ ਕੀਤੀਆਂ) ਕੋਇਲਾਂ ਮਿੱਠੀ (ਵੈਰਾਗ-ਭਰੀ ਸੁਰ ਵਿਚ) ਕੂਕ ਰਹੀਆਂ ਹਨ, (ਤੇਰੀਆਂ ਹੀ ਪੈਦਾ ਕੀਤੀਆਂ) ਚੰਚਲ ਜਵਾਨੀ ਦੇ ਮਦ-ਭਰੀਆਂ ਸੁੰਦਰੀਆਂ ਹਨ ।

 Man throws Gutka Sahib in Sarovar of Sri Darbar Sahib Darbar Sahib

ਇਹ ਚੰਚਲ ਜੁਆਨੀ ਪ੍ਰਭੂ ਨੇ ਆਪ ਹੀ ਪੈਦਾ ਕੀਤੀ, ਉਸ ਨੂੰ ਆਪ ਨੂੰ ਹੀ ਇਸ ਦਾ ਪੈਦਾ ਕਰਨਾ ਚੰਗਾ ਲੱਗਾ, ਉਸ ਨੇ ਆਪਣੇ ਹੀ ਮਨ ਦੀ ਇੱਛਾ ਪੂਰੀ ਕੀਤੀ । (ਚੰਚਲ ਜਵਾਨੀ ਦੇ ਮਦ-ਮੱਤੀ ਸੁੰਦਰੀ ਵਿਚ ਬੈਠ ਕੇ ਪ੍ਰਭੂ ਆਪ ਹੀ) ਮਸਤ ਹਾਥੀ ਵਾਂਗ ਬੜੀ ਮਟਕ ਨਾਲ ਪੈਰ ਧਰਦਾ ਹੈ, ਉਹ ਆਪ ਹੀ ਆਪਣੇ ਆਪ ਨੂੰ (ਜਵਾਨੀ ਦੇ ਮਦ ਵਿਚ) ਮਸਤ ਕਰ ਰਿਹਾ ਹੈ । (ਪ੍ਰਭੂ ਦੀ ਆਪਣੀ ਹੀ ਕਿਰਪਾ ਨਾਲ ਕੋਈ ਵਡ-ਭਾਗਣ ਜੀਵ-ਇਸਤ੍ਰੀ ਉਸ) ਲੱਛਮੀ-ਪਤੀ ਦੇ ਪ੍ਰੇਮ-ਰੰਗ ਵਿਚ ਰੰਗੀ ਹੋਈ (ਉਸ ਦੇ ਨਾਮ ਵਿਚ) ਮਸਤ ਫਿਰਦੀ ਹੈ, (ਉਸ ਦਾ ਜੀਵਨ ਪਵਿਤ੍ਰ ਹੋ ਜਾਂਦਾ ਹੈ) ਜਿਵੇਂ ਗੰਗਾ ਦਾ ਪਾਣੀ (ਪਵਿਤ੍ਰ ਮੰਨਿਆ ਜਾਂਦਾ ਹੈ) । ਹਰੀ ਦਾ ਦਾਸ ਨਾਨਕ ਬੇਨਤੀ ਕਰਦਾ ਹੈ—ਹੇ ਪ੍ਰਭੂ! ਤੇਰੀ ਚਾਲ ਸੁਹਾਵਣੀ ਹੈ ਤੇ ਤੇਰੀ ਬੋਲੀ ਮਿੱਠੀ ਮਿੱਠੀ ਹੈ ।੮।੨।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement