ਅੱਜ ਦਾ ਹੁਕਮਨਾਮਾ (6 ਜੁਲਾਈ 2023)

By : GAGANDEEP

Published : Jul 6, 2023, 6:57 am IST
Updated : Jul 6, 2023, 6:57 am IST
SHARE ARTICLE
 Sachkhand Sri Harmandir Sahib
Sachkhand Sri Harmandir Sahib

ਸੋਰਠਿ ਮਃ ੧ ਚਉਤੁਕੇ ॥

 

ਸੋਰਠਿ ਮਃ ੧ ਚਉਤੁਕੇ ॥

ਮਾਇ ਬਾਪ ਕੋ ਬੇਟਾ ਨੀਕਾ ਸਸੁਰੈ ਚਤੁਰੁ ਜਵਾਈ ॥

ਬਾਲ ਕੰਨਿਆ ਕੌ ਬਾਪੁ ਪਿਆਰਾ ਭਾਈ ਕੌ ਅਤਿ ਭਾਈ ॥

ਹੁਕਮੁ ਭਇਆ ਬਾਹਰੁ ਘਰੁ ਛੋਡਿਆ ਖਿਨ ਮਹਿ ਭਈ ਪਰਾਈ ॥

ਨਾਮੁ ਦਾਨੁ ਇਸਨਾਨੁ ਨ ਮਨਮੁਖਿ ਤਿਤੁ ਤਨਿ ਧੂੜਿ ਧੁਮਾਈ ॥੧॥

ਮਨੁ ਮਾਨਿਆ ਨਾਮੁ ਸਖਾਈ ॥

ਪਾਇ ਪਰਉ ਗੁਰ ਕੈ ਬਲਿਹਾਰੈ ਜਿਨਿ ਸਾਚੀ ਬੂਝ ਬੁਝਾਈ ॥ ਰਹਾਉ ॥

ਜਗ ਸਿਉ ਝੂਠ ਪ੍ਰੀਤਿ ਮਨੁ ਬੇਧਿਆ ਜਨ ਸਿਉ ਵਾਦੁ ਰਚਾਈ ॥

ਮਾਇਆ ਮਗਨੁ ਅਹਿਨਿਸਿ ਮਗੁ ਜੋਹੈ ਨਾਮੁ ਨ ਲੇਵੈ ਮਰੈ ਬਿਖੁ ਖਾਈ ॥

ਗੰਧਣ ਵੈਣਿ ਰਤਾ ਹਿਤਕਾਰੀ ਸਬਦੈ ਸੁਰਤਿ ਨ ਆਈ ॥

ਰੰਗਿ ਨ ਰਾਤਾ ਰਸਿ ਨਹੀ ਬੇਧਿਆ ਮਨਮੁਖਿ ਪਤਿ ਗਵਾਈ ॥੨॥

ਸਾਧ ਸਭਾ ਮਹਿ ਸਹਜੁ ਨ ਚਾਖਿਆ ਜਿਹਬਾ ਰਸੁ ਨਹੀ ਰਾਈ ॥

ਮਨੁ ਤਨੁ ਧਨੁ ਅਪੁਨਾ ਕਰਿ ਜਾਨਿਆ ਦਰ ਕੀ ਖਬਰਿ ਨ ਪਾਈ ॥

ਅਖੀ ਮੀਟਿ ਚਲਿਆ ਅੰਧਿਆਰਾ ਘਰੁ ਦਰੁ ਦਿਸੈ ਨ ਭਾਈ ॥

ਜਮ ਦਰਿ ਬਾਧਾ ਠਉਰ ਨ ਪਾਵੈ ਅਪੁਨਾ ਕੀਆ ਕਮਾਈ ॥੩॥

ਨਦਰਿ ਕਰੇ ਤਾ ਅਖੀ ਵੇਖਾ ਕਹਣਾ ਕਥਨੁ ਨ ਜਾਈ ॥

ਕੰਨੀ ਸੁਣਿ ਸੁਣਿ ਸਬਦਿ ਸਲਾਹੀ ਅੰਮ੍ਰਿਤੁ ਰਿਦੈ ਵਸਾਈ ॥

ਨਿਰਭਉ ਨਿਰੰਕਾਰੁ ਨਿਰਵੈਰੁ ਪੂਰਨ ਜੋਤਿ ਸਮਾਈ ॥

ਨਾਨਕ ਗੁਰ ਵਿਣੁ ਭਰਮੁ ਨ ਭਾਗੈ ਸਚਿ ਨਾਮਿ ਵਡਿਆਈ ॥੪॥੩॥

ਵੀਰਵਾਰ, ੨੨ ਹਾੜ (ਸੰਮਤ ੫੫੫ ਨਾਨਕਸ਼ਾਹੀ) ੬ ਜੁਲਾਈ, ੨੦੨੩ (ਅੰਗ: ੫੯੬)

ਪੰਜਾਬੀ ਵਿਆਖਿਆ:

ਸੋਰਠਿ ਮਃ ੧ ਚਉਤੁਕੇ ॥

ਜੋ ਮਨੁੱਖ ਕਦੇ ਮਾਪਿਆਂ ਦਾ ਪਿਆਰਾ ਪੁੱਤਰ ਸੀ, ਕਦੇ ਸਹੁਰੇ ਦਾ ਸਿਆਣਾ ਜਵਾਈ ਸੀ, ਕਦੇ ਪੁੱਤਰ ਧੀ ਵਾਸਤੇ ਪਿਆਰਾ ਪਿਉ ਸੀ, ਅਤੇ ਭਰਾ ਦਾ ਬੜਾ (ਸਨੇਹੀ) ਭਰਾ ਸੀ, ਜਦੋਂ ਅਕਾਲ ਪੁਰਖ ਦਾ ਹੁਕਮ ਹੋਇਆ ਤਾਂ ਉਸ ਨੇ ਘਰ ਬਾਰ (ਸਭ ਕੁਝ) ਛੱਡ ਦਿੱਤਾ, ਇਕ ਪਲਕ ਵਿਚ ਸਭ ਕੁਝ ਓਪਰਾ ਹੋ ਗਿਆ । ਆਪਣੇ ਮਨ ਦੇ ਪਿੱਛੇ ਹੀ ਤੁਰਨ ਵਾਲੇ ਬੰਦੇ ਨੇ ਨਾਹ ਨਾਮ ਜਪਿਆ ਨਾਹ ਸੇਵਾ ਕੀਤੀ ਅਤੇ ਨਾਹ ਪਵਿਤ੍ਰ ਆਚਰਨ ਬਣਾਇਆ । ਇਸ ਮਨੁੱਖਾ ਸਰੀਰ ਦੀ ਰਾਹੀਂ ਖੇਹ-ਖ਼ੁਆਰੀ ਹੀ ਕਰਦਾ ਰਿਹਾ ।੧।ਜਿਸ ਮਨੁੱਖ ਦਾ ਮਨ ਗੁਰੂ ਦੇ ਉਪਦੇਸ਼ ਵਿਚ ਪਤੀਜਦਾ ਹੈ ਉਹ ਪਰਮਾਤਮਾ ਦੇ ਨਾਮ ਨੂੰ ਅਸਲ ਮਿਤ੍ਰ ਸਮਝਦਾ ਹੈ । ਮੈਂ ਤਾਂ ਗੁਰੂ ਦੇ ਪੈਰੀਂ ਲੱਗਦਾ ਹਾਂ, ਗੁਰੂ ਤੋਂ ਸਦਕੇ ਜਾਂਦਾ ਹਾਂ ਜਿਸ ਨੇ ਇਹ ਸੱਚੀ ਮਤਿ ਦਿੱਤੀ ਹੈ (ਕਿ ਪਰਮਾਤਮਾ ਹੀ ਅਸਲ ਮਿਤ੍ਰ ਹੈ) ।੧।ਮਨਮੁਖ ਦਾ ਮਨ ਜਗਤ ਨਾਲ ਝੂਠੇ ਪਿਆਰ ਵਿਚ ਪ੍ਰੋਇਆ ਰਹਿੰਦਾ ਹੈ, ਸੰਤ ਜਨਾਂ ਨਾਲ ਉਹ ਝਗੜਾ ਖੜਾ ਕਰੀ ਰੱਖਦਾ ਹੈ । ਮਾਇਆ (ਦੇ ਮੋਹ) ਵਿਚ ਮਸਤ ਉਹ ਦਿਨ ਰਾਤ ਮਾਇਆ ਦਾ ਰਾਹ ਹੀ ਤੱਕਦਾ ਰਹਿੰਦਾ ਹੈ, ਪਰਮਾਤਮਾ ਦਾ ਨਾਮ ਕਦੇ ਨਹੀਂ ਸਿਮਰਦਾ, ਇਸ ਤਰ੍ਹਾਂ (ਮਾਇਆ ਦੇ ਮੋਹ ਦੀ) ਜ਼ਹਿਰ ਖਾ ਖਾ ਕੇ ਆਤਮਕ ਮੌਤੇ ਮਰ ਜਾਂਦਾ ਹੈ । ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਗੰਦੇ ਗੀਤਾਂ (ਗਾਵਣ ਸੁਣਨ) ਵਿਚ ਮਸਤ ਰਹਿੰਦਾ ਹੈ, ਗੰਦੇ ਗੀਤ ਨਾਲ ਹੀ ਹਿਤ ਕਰਦਾ ਹੈ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਾਲੀ ਬਾਣੀ ਵਿਚ ਉਸ ਦੀ ਸੁਰਤਿ ਨਹੀਂ ਲੱਗਦੀ । ਨਾਹ ਉਹ ਪਰਮਾਤਮਾ ਦੇ ਪਿਆਰ ਵਿਚ ਰੰਗੀਜਦਾ ਹੈ, ਨਾਹ ਉਸ ਨੂੰ ਨਾਮ-ਰਸ ਵਿਚ ਖਿੱਚ ਪੈਂਦੀ ਹੈ । ਮਨਮੁਖ ਇਸੇ ਤਰ੍ਹਾਂ ਆਪਣੀ ਇੱਜ਼ਤ ਗਵਾ ਲੈਂਦਾ ਹੈ ।੨।ਸਾਧ ਸੰਗਤਿ ਵਿਚ ਜਾ ਕੇ ਮਨਮੁਖ ਆਤਮਕ ਅਡੋਲਤਾ ਦਾ ਆਨੰਦ ਕਦੇ ਨਹੀਂ ਮਾਣਦਾ, ਉਸ ਦੀ ਜੀਭ ਨੂੰ ਨਾਮ ਜਪਣ ਦਾ ਸੁਆਦ ਕਦੇ ਰਤਾ ਭੀ ਨਹੀਂ ਆਉਂਦਾ । ਮਨਮੁਖ ਆਪਣੇ ਮਨ ਨੂੰ ਤਨ ਨੂੰ ਧਨ ਨੂੰ ਹੀ ਆਪਣਾ ਸਮਝੀ ਬੈਠਦਾ ਹੈ, ਪਰਮਾਤਮਾ ਦੇ ਦਰ ਦੀ ਉਸ ਨੂੰ ਕੋਈ ਖ਼ਬਰ-ਸੂਝ ਨਹੀਂ ਪੈਂਦੀ । ਮਨਮੁਖ ਅੰਨ੍ਹਾ (ਜੀਵਨ ਸਫ਼ਰ ਵਿਚ) ਅੱਖਾਂ ਮੀਟ ਕੇ ਹੀ ਤੁਰਿਆ ਜਾਂਦਾ ਹੈ, ਹੇ ਭਾਈ! ਪਰਮਾਤਮਾ ਦਾ ਘਰ ਪਰਮਾਤਮਾ ਦਾ ਦਰ ਉਸ ਨੂੰ ਕਦੇ ਦਿੱਸਦਾ ਹੀ ਨਹੀਂ । ਆਖ਼ਰ ਆਪਣੇ ਕੀਤੇ ਦਾ ਇਹ ਨਫ਼ਾ ਖੱਟਦਾ ਹੈ ਕਿ ਜਮਰਾਜ ਦੇ ਬੂਹੇ ਤੇ ਬੱਝਾ ਹੋਇਆ (ਚੋਟਾਂ ਖਾਂਦਾ ਹੈ, ਇਸ ਸਜ਼ਾ ਤੋਂ ਬਚਣ ਲਈ) ਉਸ ਨੂੰ ਕੋਈ ਸਹਾਰਾ ਨਹੀਂ ਲੱਭਦਾ ।੩।(ਪਰ ਅਸਾਂ ਜੀਵਾਂ ਦੇ ਕੀਹ ਵੱਸ?) ਜੇ ਪ੍ਰਭੂ ਆਪ ਮੇਹਰ ਦੀ ਨਜ਼ਰ ਕਰੇ ਤਾਂ ਹੀ ਮੈਂ ਉਸ ਨੂੰ ਅੱਖਾਂ ਨਾਲ ਵੇਖ ਸਕਦਾ ਹਾਂ, ਉਸ ਦੇ ਗੁਣਾਂ ਦਾ ਬਿਆਨ ਨਹੀਂ ਕੀਤਾ ਜਾ ਸਕਦਾ । (ਉਸ ਦੀ ਮੇਹਰ ਹੋਵੇ ਤਾਂ ਹੀ) ਕੰਨਾਂ ਨਾਲ ਉਸ ਦੀ ਸਿਫ਼ਤਿ-ਸਾਲਾਹ ਸੁਣ ਸੁਣ ਕੇ ਗੁਰੂ ਦੇ ਸ਼ਬਦ ਦੀ ਰਾਹੀਂ ਉਸ ਦੀ ਸਿਫ਼ਤਿ-ਸਾਲਾਹ ਮੈਂ ਕਰ ਸਕਦਾ ਹਾਂ, ਤੇ ਅਟੱਲ ਆਤਮਕ ਜੀਵਨ ਦੇਣ ਵਾਲਾ ਉਸ ਦਾ ਨਾਮ ਹਿਰਦੇ ਵਿਚ ਵਸਾ ਸਕਦਾ ਹਾਂ ।ਹੇ ਨਾਨਕ! ਪ੍ਰਭੂ ਨਿਰਭਉ ਹੈ ਨਿਰ-ਆਕਾਰ ਹੈ ਨਿਰਵੈਰ ਹੈ ਉਸ ਦੀ ਜੋਤਿ ਸਾਰੇ ਜਗਤ ਵਿਚ ਪੂਰਨ ਤੌਰ ਤੇ ਵਿਆਪਕ ਹੈ, ਉਸ ਦੇ ਸਦਾ-ਥਿਰ ਰਹਿਣ ਵਾਲੇ ਨਾਮ ਵਿਚ ਟਿਕਿਆਂ ਹੀ ਆਦਰ ਮਿਲਦਾ ਹੈ, ਪਰ ਗੁਰੂ ਦੀ ਸ਼ਰਨ ਤੋਂ ਬਿਨਾ ਮਨ ਦੀ ਭਟਕਣਾ ਦੂਰ ਨਹੀਂ ਹੁੰਦੀ (ਤੇ ਭਟਕਣਾ ਦੂਰ ਹੋਣ ਤੋਂ ਬਿਨਾ ਨਾਮ ਵਿਚ ਜੁੜ ਨਹੀਂ ਸਕੀਦਾ) ।੪।੩।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM

Operation Sindoor's 'Youngest Civil Warrior' ਫੌਜੀਆਂ ਦੀ ਸੇਵਾ ਕਰਨ ਵਾਲਾ ਬੱਚਾ

27 Dec 2025 3:07 PM

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM
Advertisement