Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (7 ਮਾਰਚ 2024)
Published : Mar 7, 2024, 7:22 am IST
Updated : Mar 7, 2024, 7:22 am IST
SHARE ARTICLE
Hukamnama Sahib
Hukamnama Sahib

ਵਡਹੰਸੁ ਮਹਲਾ ੪ ਘਰੁ ੨

Ajj da Hukamnama Sri Darbar Sahib Today: ਵਡਹੰਸੁ ਮਹਲਾ ੪ ਘਰੁ ੨

ੴ ਸਤਿਗੁਰ ਪ੍ਰਸਾਦਿ ॥

ਮੈ ਮਨਿ ਵਡੀ ਆਸ ਹਰੇ ਕਿਉ ਕਰਿ ਹਰਿ ਦਰਸਨੁ ਪਾਵਾ ॥

ਹਉ ਜਾਇ ਪੁਛਾ ਅਪਨੇ ਸਤਗੁਰੈ ਗੁਰ ਪੁਛਿ ਮਨੁ ਮੁਗਧੁ ਸਮਝਾਵਾ ॥

ਭੂਲਾ ਮਨੁ ਸਮਝੈ ਗੁਰ ਸਬਦੀ ਹਰਿ ਹਰਿ ਸਦਾ ਧਿਆਏ ॥

ਨਾਨਕ ਜਿਸੁ ਨਦਰਿ ਕਰੇ ਮੇਰਾ ਪਿਆਰਾ ਸੋ ਹਰਿ ਚਰਣੀ ਚਿਤੁ ਲਾਏ ॥੧॥

ਹਉ ਸਭਿ ਵੇਸ ਕਰੀ ਪਿਰ ਕਾਰਣਿ ਜੇ ਹਰਿ ਪ੍ਰਭ ਸਾਚੇ ਭਾਵਾ ॥

ਸੋ ਪਿਰੁ ਪਿਆਰਾ ਮੈ ਨਦਰਿ ਨ ਦੇਖੈ ਹਉ ਕਿਉ ਕਰਿ ਧੀਰਜੁ ਪਾਵਾ ॥

ਜਿਸੁ ਕਾਰਣਿ ਹਉ ਸੀਗਾਰੁ ਸੀਗਾਰੀ ਸੋ ਪਿਰੁ ਰਤਾ ਮੇਰਾ ਅਵਰਾ ॥

ਨਾਨਕ ਧਨੁ ਧੰਨੁ ਧੰਨੁ ਸੋਹਾਗਣਿ ਜਿਨਿ ਪਿਰੁ ਰਾਵਿਅੜਾ ਸਚੁ ਸਵਰਾ ॥੨॥

ਹਉ ਜਾਇ ਪੁਛਾ ਸੋਹਾਗ ਸੁਹਾਗਣਿ ਤੁਸੀ ਕਿਉ ਪਿਰੁ ਪਾਇਅੜਾ ਪ੍ਰਭੁ ਮੇਰਾ ॥

ਮੈ ਊਪਰਿ ਨਦਰਿ ਕਰੀ ਪਿਰਿ ਸਾਚੈ ਮੈ ਛੋਡਿਅੜਾ ਮੇਰਾ ਤੇਰਾ ॥

ਸਭੁ ਮਨੁ ਤਨੁ ਜੀਉ ਕਰਹੁ ਹਰਿ ਪ੍ਰਭ ਕਾ ਇਤੁ ਮਾਰਗਿ ਭੈਣੇ ਮਿਲੀਐ ॥

ਆਪਨੜਾ ਪ੍ਰਭੁ ਨਦਰਿ ਕਰਿ ਦੇਖੈ ਨਾਨਕ ਜੋਤਿ ਜੋਤੀ ਰਲੀਐ ॥੩॥

ਜੋ ਹਰਿ ਪ੍ਰਭ ਕਾ ਮੈ ਦੇਇ ਸਨੇਹਾ ਤਿਸੁ ਮਨੁ ਤਨੁ ਅਪਣਾ ਦੇਵਾ ॥

ਨਿਤ ਪਖਾ ਫੇਰੀ ਸੇਵ ਕਮਾਵਾ ਤਿਸੁ ਆਗੈ ਪਾਣੀ ਢੋਵਾਂ ॥

ਨਿਤ ਨਿਤ ਸੇਵ ਕਰੀ ਹਰਿ ਜਨ ਕੀ ਜੋ ਹਰਿ ਹਰਿ ਕਥਾ ਸੁਣਾਏ ॥

ਧਨੁ ਧੰਨੁ ਗੁਰੂ ਗੁਰ ਸਤਿਗੁਰੁ ਪੂਰਾ ਨਾਨਕ ਮਨਿ ਆਸ ਪੁਜਾਏ ॥੪॥

ਗੁਰੁ ਸਜਣੁ ਮੇਰਾ ਮੇਲਿ ਹਰੇ ਜਿਤੁ ਮਿਲਿ ਹਰਿ ਨਾਮੁ ਧਿਆਵਾ ॥

ਗੁਰ ਸਤਿਗੁਰ ਪਾਸਹੁ ਹਰਿ ਗੋਸਟਿ ਪੂਛਾਂ ਕਰਿ ਸਾਂਝੀ ਹਰਿ ਗੁਣ ਗਾਵਾਂ ॥

ਗੁਣ ਗਾਵਾ ਨਿਤ ਨਿਤ ਸਦ ਹਰਿ ਕੇ ਮਨੁ ਜੀਵੈ ਨਾਮੁ ਸੁਣਿ ਤੇਰਾ ॥

ਨਾਨਕ ਜਿਤੁ ਵੇਲਾ ਵਿਸਰੈ ਮੇਰਾ ਸੁਆਮੀ ਤਿਤੁ ਵੇਲੈ ਮਰਿ ਜਾਇ ਜੀਉ ਮੇਰਾ ॥੫॥

ਹਰਿ ਵੇਖਣ ਕਉ ਸਭੁ ਕੋਈ ਲੋਚੈ ਸੋ ਵੇਖੈ ਜਿਸੁ ਆਪਿ ਵਿਖਾਲੇ ॥

ਜਿਸ ਨੋ ਨਦਰਿ ਕਰੇ ਮੇਰਾ ਪਿਆਰਾ ਸੋ ਹਰਿ ਹਰਿ ਸਦਾ ਸਮਾਲੇ ॥

ਸੋ ਹਰਿ ਹਰਿ ਨਾਮੁ ਸਦਾ ਸਦਾ ਸਮਾਲੇ ਜਿਸੁ ਸਤਗੁਰੁ ਪੂਰਾ ਮੇਰਾ ਮਿਲਿਆ ॥

ਨਾਨਕ ਹਰਿ ਜਨ ਹਰਿ ਇਕੇ ਹੋਏ ਹਰਿ ਜਪਿ ਹਰਿ ਸੇਤੀ ਰਲਿਆ ॥੬॥੧॥੩॥

ਵੀਰਵਾਰ, ੨੪ ਫੱਗਣ (ਸੰਮਤ ੫੫੫ ਨਾਨਕਸ਼ਾਹੀ)

(ਅੰਗ: ੫੬੧)

ਪੰਜਾਬੀ ਵਿਆਖਿਆ:

ਮੇਰੇ ਮਨ ਵਿਚ ਬੜੀ ਤਾਂਘ ਹੈ ਕਿ ਮੈਂ ਕਿਸੇ ਨ ਕਿਸੇ ਤਰ੍ਹਾਂ, ਹੇ ਹਰੀ! ਤੇਰਾ ਦਰਸਨ ਕਰ ਸਕਾਂ । (ਇਸ ਵਾਸਤੇ) ਮੈਂ ਆਪਣੇ ਗੁਰੂ ਪਾਸ ਜਾ ਕੇ ਗੁਰੂ ਪਾਸੋਂ ਪੁੱਛਦੀ ਹਾਂ, ਤੇ, ਗੁਰੂ ਨੂੰ ਪੁੱਛ ਕੇ ਆਪਣੇ ਮੂਰਖ ਮਨ ਨੂੰ ਸਿੱਖਿਆ ਦੇਂਦੀ ਰਹਿੰਦੀ ਹਾਂ । ਕੁਰਾਹੇ ਪਿਆ ਹੋਇਆ ਮਨ ਗੁਰੂ ਦੇ ਸ਼ਬਦ ਵਿਚ ਜੁੜ ਕੇ ਹੀ ਅਕਲ ਸਿੱਖਦਾ ਹੈ, ਤੇ ਫਿਰ ਉਹ ਸਦਾ ਪਰਮਾਤਮਾ ਦਾ ਨਾਮ ਯਾਦ ਕਰਦਾ ਰਹਿੰਦਾ ਹੈ । ਹੇ ਨਾਨਕ! ਜਿਸ ਮਨੁੱਖ ਉਤੇ ਮੇਰਾ ਪਿਆਰਾ ਪ੍ਰਭੂ ਮੇਹਰ ਦੀ ਨਜ਼ਰ ਕਰਦਾ ਹੈ, ਉਹ ਪ੍ਰਭੂ ਦੇ ਚਰਨਾਂ ਵਿਚ ਆਪਣਾ ਚਿੱਤ ਜੋੜੀ ਰੱਖਦਾ ਹੈ ।੧।

 

ਮੈਂ ਪ੍ਰਭੂ-ਪਤੀ ਮਿਲਣ ਦੀ ਖ਼ਾਤਰ ਸਾਰੇ ਵੇਸ (ਧਾਰਮਿਕ ਪਹਿਰਾਵੇ ਆਦਿਕ) ਕਰਦੀ ਹਾਂ, ਤਾਂ ਕਿ ਮੈਂ ਉਸ ਸਦਾ ਕਾਇਮ ਰਹਿਣ ਵਾਲੇ ਹਰੀ ਪ੍ਰਭੂ ਨੂੰ ਪਸੰਦ ਆ ਜਾਵਾਂ । ਪਰ ਉਹ ਪਿਆਰਾ ਪ੍ਰਭੂ ਮੇਰੇ ਵਲ (ਮੇਰੇ ਇਹਨਾਂ ਵੇਸਾਂ ਵਲ) ਨਿਗਾਹ ਕਰ ਕੇ ਭੀ ਨਹੀਂ ਤੱਕਦਾ, (ਤਾਂ ਫਿਰ ਇਹਨਾਂ ਬਾਹਰਲੇ ਵੇਸਾਂ ਨਾਲ) ਮੈਂ ਕਿਵੇਂ ਸ਼ਾਂਤੀ ਹਾਸਲ ਕਰ ਸਕਦੀ ਹਾਂ? ਜਿਸ ਪ੍ਰਭੂ-ਪਤੀ ਦੀ ਖ਼ਾਤਰ ਮੈਂ (ਇਹ ਬਾਹਰਲਾ) ਸਿੰਗਾਰ ਕਰਦੀ ਹਾਂ, ਮੇਰਾ ਉਹ ਪ੍ਰਭੂ-ਪਤੀ ਤਾਂ ਹੋਰਨਾਂ (ਅੰਦਰਲੇ ਆਤਮਕ ਸੁਹਜਾਂ) ਵਿਚ ਪ੍ਰਸੰਨ ਹੁੰਦਾ ਹੈ । ਹੇ ਨਾਨਕ! (ਆਖ-) ਉਹ ਜੀਵ-ਇਸਤ੍ਰੀ ਸਲਾਹੁਣ-ਜੋਗ ਹੈ, ਭਾਗਾਂ ਵਾਲੀ ਹੈ

ਜਿਸ ਨੇ ਉਸ ਸਦਾ ਕਾਇਮ ਰਹਿਣ ਵਾਲੇ ਸੁੰਦਰ ਪ੍ਰਭੂ-ਪਤੀ ਨੂੰ ਆਪਣੇ ਹਿਰਦੇ ਵਿਚ ਵਸਾ ਲਿਆ ਹੈ ।੨। ਪ੍ਰਭੂ-ਖਸਮ ਦੀ ਪਿਆਰੀ (ਜੀਵ-ਇਸਤ੍ਰੀ) ਨੂੰ ਮੈਂ ਜਾ ਕੇ ਪੁੱਛਦੀ ਹਾਂ—(ਹੇ ਭੈਣ!) ਤੂੰ ਪਿਆਰਾ ਪ੍ਰਭੂ-ਪਤੀ ਕਿਵੇਂ ਲੱਭਾ? (ਉਹ ਉੱਤਰ ਦੇਂਦੀ ਹੈ—ਹੇ ਭੈਣ!) ਸਦਾ ਕਾਇਮ ਰਹਿਣ ਵਾਲੇ ਪ੍ਰਭੂ-ਪਤੀ ਨੇ ਮੇਰੇ ਉਤੇ ਮੇਹਰ ਦੀ ਨਜ਼ਰ ਕੀਤੀ, ਤਾਂ ਮੈਂ ਮੇਰ-ਤੇਰ (=ਵਿਤਕਰਾ) ਛੱਡ ਦਿੱਤੀ । ਹੇ ਭੈਣ! ਆਪਣਾ ਮਨ, ਆਪਣਾ ਸਰੀਰ, ਆਪਣੀ ਜਿੰਦ—ਸਭ ਕੁਝ ਪ੍ਰਭੂ ਦੇ ਹਵਾਲੇ ਕਰ ਦਿਉ—ਇਸ ਰਾਹ ਉਤੇ ਤੁਰਿਆਂ ਹੀ ਉਸ ਨੂੰ ਮਿਲ ਸਕੀਦਾ ਹੈ । ਹੇ ਨਾਨਕ! (ਆਖ—ਹੇ ਭੈਣ!) ਪਿਆਰਾ ਪ੍ਰਭੂ ਜਿਸ ਜੀਵ ਨੂੰ ਮੇਹਰ ਦੀ ਨਿਗਾਹ ਨਾਲ ਵੇਖਦਾ ਹੈ, ਉਸ ਦੀ ਜਿੰਦ ਪ੍ਰਭੂ ਦੀ ਜੋਤਿ ਨਾਲ ਇਕ-ਮਿਕ ਹੋ ਜਾਂਦੀ ਹੈ ।੩।

ਜੇਹੜਾ (ਗੁਰਮੁਖਿ) ਮੈਨੂੰ ਹਰੀ-ਪ੍ਰਭੂ (ਦੀ ਸਿਫ਼ਤਿ-ਸਾਲਾਹ) ਦਾ ਸੁਨੇਹਾ ਦੇਵੇ, ਮੈਂ ਆਪਣਾ ਮਨ ਆਪਣਾ ਹਿਰਦਾ ਉਸ ਦੇ ਹਵਾਲੇ ਕਰਨ ਨੂੰ ਤਿਆਰ ਹਾਂ; ਮੈਂ ਸਦਾ ਉਸ ਨੂੰ ਪੱਖਾ ਝੱਲਣ ਨੂੰ ਤਿਆਰ ਹਾਂ, ਉਸ ਦੀ ਸੇਵਾ ਕਰਨ ਨੂੰ ਤਿਆਰ ਹਾਂ, ਤੇ, ਉਸ ਦੇ ਵਾਸਤੇ ਪਾਣੀ ਢੋਣ ਨੂੰ ਤਿਆਰ ਹਾਂ । ਪਰਮਾਤਮਾ ਦਾ ਜੇਹੜਾ ਭਗਤ ਮੈਨੂੰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਸੁਣਾਏ, ਮੈਂ ਉਸ ਦੀ ਸੇਵਾ ਕਰਨ ਨੂੰ ਸਦਾ ਤਿਆਰ ਹਾਂ ਸਦਾ ਤਿਆਰ ਹਾਂ । ਹੇ ਨਾਨਕ! (ਆਖ—) ਧੰਨ ਹੈ ਮੇਰਾ ਗੁਰੂ, ਸ਼ਾਬਾਸ਼ ਹੈ ਮੇਰੇ ਪੂਰੇ ਗੁਰੂ ਨੂੰ, ਜੇਹੜਾ ਮੇਰੇ ਮਨ ਵਿਚ (ਪ੍ਰਭੂ-ਮਿਲਾਪ ਦੀ ਟਿਕੀ ਹੋਈ) ਆਸ ਪੂਰੀ ਕਰਦਾ ਹੈ ।੪।

ਹੇ ਹਰੀ! ਮੈਨੂੰ ਮੇਰਾ ਮਿੱਤਰ ਗੁਰੂ ਮਿਲਾ, ਜਿਸ (ਦੇ ਚਰਨਾਂ) ਵਿਚ ਲੀਨ ਹੋ ਕੇ ਮੈਂ ਹਰਿ-ਨਾਮ ਸਿਮਰਦਾ ਰਹਾਂ, ਗੁਰੂ ਪਾਸੋਂ ਮੈਂ ਹਰਿ-ਮਿਲਾਪ (ਦੀਆਂ ਗੱਲਾਂ) ਪੁੱਛਦਾ ਰਹਾਂ, ਗੁਰੂ ਦੀ ਸੰਗਤਿ ਕਰ ਕੇ ਮੈਂ ਹਰਿ-ਗੁਣ ਗਾਂਦਾ ਰਹਾਂ । (ਗੁਰੂ ਦੇ ਮਿਲਾਪ ਦੀ ਬਰਕਤਿ ਨਾਲ) ਮੈਂ ਸਦਾ ਹੀ ਸਦਾ ਹੀ ਹਰੀ ਦੇ ਗੁਣ ਗਾਂਦਾ ਰਹਾਂ । ਹੇ ਹਰੀ! ਤੇਰਾ ਨਾਮ ਸੁਣ ਕੇ ਮੇਰਾ ਮਨ ਆਤਮਕ ਜੀਵਨ ਪ੍ਰਾਪਤ ਕਰਦਾ ਹੈ । ਹੇ ਨਾਨਕ! (ਆਖ—) ਜਦੋਂ ਮੈਨੂੰ ਮੇਰਾ ਮਾਲਕ-ਪ੍ਰਭੂ ਭੁੱਲ ਜਾਂਦਾ ਹੈ, ਉਸ ਵੇਲੇ ਮੇਰੀ ਜਿੰਦ ਆਤਮਕ ਮੌਤੇ ਮਰ ਜਾਂਦੀ ਹੈ ।੫। ਪਰਮਾਤਮਾ ਦਾ ਦਰਸਨ ਕਰਨ ਵਾਸਤੇ ਹਰੇਕ ਜੀਵ ਤਾਂਘ ਤਾਂ ਕਰ ਲੈਂਦਾ ਹੈ

 ਪਰ ਉਹੀ ਮਨੁੱਖ ਦਰਸਨ ਕਰ ਸਕਦਾ ਹੈ ਜਿਸ ਨੂੰ ਪਰਮਾਤਮਾ ਆਪ ਦਰਸਨ ਕਰਾਂਦਾ ਹੈ । ਪਿਆਰਾ ਪ੍ਰਭੂ ਜਿਸ ਮਨੁੱਖ ਉੱਤੇ ਮੇਹਰ ਦੀ ਨਜ਼ਰ ਕਰਦਾ ਹੈ ਉਹ ਮਨੁੱਖ ਸਦਾ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ । (ਹੇ ਭਾਈ!) ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ ਉਹ ਮਨੁੱਖ ਪਰਮਾਤਮਾ ਦਾ ਨਾਮ ਸਦਾ ਆਪਣੇ ਹਿਰਦੇ ਵਿਚ ਵਸਾਂਦਾ ਹੈ । ਹੇ ਨਾਨਕ! ਮਨੁੱਖ ਪਰਮਾਤਮਾ ਦਾ ਨਾਮ ਜਪ ਜਪ ਕੇ ਪਰਮਾਤਮਾ ਦੇ ਨਾਲ ਮਿਲ ਜਾਂਦਾ ਹੈ (ਇਸ ਤਰ੍ਹਾਂ) ਪਰਮਾਤਮਾ ਤੇ ਪਰਮਾਤਮਾ ਦੇ ਭਗਤ ਇੱਕ-ਰੂਪ ਹੋ ਜਾਂਦੇ ਹਨ ।੬।੧।੩।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement