
ਸਲੋਕੁ ਮਰਦਾਨਾ ੧ ॥
ਸਲੋਕੁ ਮਰਦਾਨਾ ੧ ॥
ਕਲਿ ਕਲਵਾਲੀ ਕਾਮੁ ਮਦੁ ਮਨੂਆ ਪੀਵਣਹਾਰੁ ॥
ਕ੍ਰੋਧੁ ਕਟੋਰੀ ਮੋਹਿ ਭਰੀ ਪੀਲਾਵਾ ਅਹੰਕਾਰੁ ॥
ਮਜਲਸ ਕੂੜੇ ਲਬ ਕੀ ਪੀ ਪੀ ਹੋਇ ਖੁਆਰੁ ॥
ਕਰਣੀ ਲਾਹਣਿ ਸਤੁ ਗੁੜੁ ਸਚੁ ਸਰਾ ਕਰਿ ਸਾਰੁ ॥
ਗੁਣ ਮੰਡੇ ਕਰਿ ਸੀਲੁ ਘਿਉ ਸਰਮੁ ਮਾਸੁ ਆਹਾਰੁ ॥
ਗੁਰਮੁਖਿ ਪਾਈਐ ਨਾਨਕਾ ਖਾਧੈ ਜਾਹਿ ਬਿਕਾਰ ॥੧॥
ਮਰਦਾਨਾ ੧ ॥ ਕਾਇਆ ਲਾਹਣਿ ਆਪੁ ਮਦੁ ਮਜਲਸ ਤ੍ਰਿਸਨਾ ਧਾਤੁ ॥
ਮਨਸਾ ਕਟੋਰੀ ਕੂੜਿ ਭਰੀ ਪੀਲਾਏ ਜਮਕਾਲੁ ॥
ਇਤੁ ਮਦਿ ਪੀਤੈ ਨਾਨਕਾ ਬਹੁਤੇ ਖਟੀਅਹਿ ਬਿਕਾਰ ॥
ਗਿਆਨੁ ਗੁੜੁ ਸਾਲਾਹ ਮੰਡੇ ਭਉ ਮਾਸੁ ਆਹਾਰੁ ॥
ਨਾਨਕ ਇਹੁ ਭੋਜਨੁ ਸਚੁ ਹੈ ਸਚੁ ਨਾਮੁ ਆਧਾਰੁ ॥੨॥
ਕਾਂਯਾਂ ਲਾਹਣਿ ਆਪੁ ਮਦੁ ਅੰਮ੍ਰਿਤ ਤਿਸ ਕੀ ਧਾਰ ॥
ਸਤਸੰਗਤਿ ਸਿਉ ਮੇਲਾਪੁ ਹੋਇ ਲਿਵ ਕਟੋਰੀ ਅੰਮ੍ਰਿਤ ਭਰੀ ਪੀ ਪੀ ਕਟਹਿ ਬਿਕਾਰ ॥੩॥ ਪਉੜੀ ॥
Darbar Sahib
ਆਪੇ ਸੁਰਿ ਨਰ ਗਣ ਗੰਧਰਬਾ ਆਪੇ ਖਟ ਦਰਸਨ ਕੀ ਬਾਣੀ ॥
ਆਪੇ ਸਿਵ ਸੰਕਰ ਮਹੇਸਾ ਆਪੇ ਗੁਰਮੁਖਿ ਅਕਥ ਕਹਾਣੀ ॥
ਆਪੇ ਜੋਗੀ ਆਪੇ ਭੋਗੀ ਆਪੇ ਸੰਨਿਆਸੀ ਫਿਰੈ ਬਿਬਾਣੀ ॥
ਆਪੈ ਨਾਲਿ ਗੋਸਟਿ ਆਪਿ ਉਪਦੇਸੈ ਆਪੇ ਸੁਘੜੁ ਸਰੂਪੁ ਸਿਆਣੀ ॥
ਆਪਣਾ ਚੋਜੁ ਕਰਿ ਵੇਖੈ ਆਪੇ ਆਪੇ ਸਭਨਾ ਜੀਆ ਕਾ ਹੈ ਜਾਣੀ ॥੧੨॥
ਮੰਗਲਵਾਰ, ੨੫ ਜੇਠ (ਸੰਮਤ ੫੫੪ ਨਾਨਕਸ਼ਾਹੀ) (ਅੰਗ: ੫੫੩)
ਪੰਜਾਬੀ ਵਿਆਖਿਆ:
ਸਲੋਕੁ ਮਰਦਾਨਾ ੧ ॥
Darbar Sahib
ਕਲਜੁਗੀ ਸੁਭਾਉ (ਮਾਨੋਂ) ਸ਼ਰਾਬ ਕੱਢਣ ਵਾਲੀ) ਮੱਟੀ ਹੈ; ਕਾਮ (ਮਾਨੋਂ) ਸ਼ਰਾਬ ਹੈ ਤੇ ਇਸ ਨੂੰ ਪੀਣ ਵਾਲਾ (ਮਨੁੱਖ ਦਾ) ਮਨ ਹੈ, ਮੋਹ ਨਾਲ ਭਰੀ ਹੋਈ ਕ੍ਰੋਧ ਦੀ (ਮਾਨੋਂ) ਕਟੋਰੀ ਹੈ ਤੇ ਅਹੰਕਾਰ (ਮਾਨੋਂ) ਪਿਲਾਉਣ ਵਾਲਾ ਹੈ, ਕੂੜੇ ਲੋਬ ਦੀ (ਮਾਨੋਂ) ਮਜਲਸ ਹੈ (ਜਿਸ ਵਿਚ ਬਹਿ ਕੇ) ਮਨ (ਕਾਮ ਦੀ ਸ਼ਰਾਬ ਨੂੰ) ਪੀ ਕੇ ਖੁਆਰ ਹੁੰਦਾ ਹੈ। ਚੰਗੀ ਕਰਣੀ ਨੂੰ (ਸ਼ਰਾਬ ਕੱਢਣ ਵਾਲੀ) ਲਾਹਣ, ਸੱਚ ਬੋਲਣ ਨੂੰ ਗੁੜ ਬਣਾ ਕੇ ਸੱਚੇ ਨਾਮ ਨੂੰ ਸ੍ਰੇਸ਼ਟ ਸ਼ਰਾਬ ਬਣਾ।
ਗੁਣਾਂ ਨੂੰ ਮੰਡੇ, ਸੀਤਲ ਸੁਭਾਉ ਨੂੰ ਘਿਉ ਤੇ ਸ਼ਰਮ ਨੂੰ ਮਾਸ-(ਇਹ ਸਾਰੀ) ਖ਼ੁਰਾਕ ਬਣਾ; ਹੇ ਨਾਨਕ! ਇਹ ਖ਼ੁਰਾਕ ਸਤਿਗੁਰੂ ਦੇ ਸਨਮੁਖ ਹੋਇਆਂ ਮਿਲਦੀ ਹੈ ਤੇ ਇਸ ਦੇ ਖਾਧਿਆਂ ਸਾਰੇ ਵਿਕਾਰ ਦੂਰ ਹੋ ਜਾਂਦੇ ਹਨ।੧। ਸਰੀਰ (ਮਾਨੋਂ) (ਸ਼ਰਾਬ ਕੱਢਣ ਵਾਲੀ ਸਮਗਰੀ ਸਮੇਤ) ਮੱਟੀ ਹੈ, ਅਹੰਕਾਰ ਸ਼ਰਾਬ, ਤੇ ਤ੍ਰਿਸ਼ਨਾ ਵਿਚ ਭਟਕਣਾ (ਮਾਨੋਂ) ਮਹਫਲ ਹੈ, ਕੂੜ ਨਾਲ ਭਰੀ ਹੋਈ ਵਾਸਨਾ (ਮਾਨੋਂ) ਕਟੋਰੀ ਹੈ ਤੇ ਜਮ ਕਾਲ (ਮਾਨੋਂ) ਪਿਲਾਉਂਦਾ ਹੈ। ਹੇ ਨਾਨਕ! ਇਸ ਸ਼ਰਾਬ ਦੇ ਪੀਤਿਆਂ ਬਹੁਤੇ ਵਿਕਾਰ ਖੱਟੇ ਜਾਂਦੇ ਹਨ ( ਭਾਵ, ਅਹੰਕਾਰ ਤ੍ਰਿਸ਼ਨਾਂ ਕੂੜ ਆਦਿਕ ਦੇ ਕਾਰਣ ਵਿਕਾਰ ਹੀ ਵਿਕਾਰ ਪੈਦਾ ਹੋ ਰਹੇ ਹਨ।
Guru Granth Sahib JI
ਪ੍ਰਭੂ ਦਾ ਗਿਆਨ (ਮਾਨੋਂ) ਗੁੜ ਹੋਵੇ, ਸਿਫ਼ਤਿ ਸਾਲਾਹ ਰੋਟੀਆਂ, (ਪ੍ਰਭੂ ਦਾ) ਡਰ ਮਾਸ-ਇਹ ਖ਼ੁਰਾਕ ਹੋਵੇ, ਹੇ ਨਾਨਕ! ਇਹ ਭੋਜਨ ਸੱਚਾ ਹੈ, ਕਿਉਂਕਿ ਸੱਚਾ ਨਾਮ ਹੀ (ਜ਼ਿੰਦਗੀ ਦਾ) ਆਸਰਾ ਹੋ ਸਕਦਾ ਹੈ।੨। (ਜੇ) ਸਰੀਰ ਮੱਟੀ ਹੋਵੇ, ਆਪੇ ਦੀ ਪਛਾਣ ਸ਼ਰਾਬ ਤੇ ਉਸ ਦੀ ਧਾਰ (ਭਾਵ, ਜਿਸ ਦੀ ਧਾਰ) ਅਮਰ ਕਰਨ ਵਾਲੀ ਹੋਵੇ, ਸਤਸੰਗਤਿ ਨਾਲ ਮੇਲ ਹੋਵੇ (ਭਾਵ, ਮਜਲਸ ਸਤਸੰਗਤਿ ਹੋਵੇ), ਅੰਮ੍ਰਿਤ (ਨਾਮ) ਦੀ ਭਰੀ ਹੋਈ ਲਿਵ (ਰੂਪ) ਕਟੋਰੀ ਹੋਵੇ, (ਤਾਂ ਹੀ ਮਨੁਖ) (ਇਸ ਸ਼ਰਾਬ ਨੂੰ) ਪੀ ਪੀ ਕੇ ਸਾਰੇ ਵਿਕਾਰ ਪਾਪ ਦੂਰ ਕਰਦੇ ਹਨ।੩।
Guru Granth Sahib Ji
ਪ੍ਰਭੂ ਆਪ ਹੀ ਦੇਵਤੇ, ਮਨੁਖ, (ਸ਼ਿਵ ਜੀ ਦੇ) ਗਣ, ਦੇਵਤਿਆਂ ਦੇ ਰਾਗੀ, ਅਤੇ ਆਪ ਹੀ ਛੇ ਦਰਸ਼ਨਾਂ ਦੀ ਬੋਲੀ (ਬਨਾਣ ਵਾਲਾ) ਹੈ, ਆਪ ਹੀ ਸ਼ਿਵ, ਸ਼ੰਕਰ ਤੇ ਮਹੇਸ਼ (ਦਾ ਕਰਤਾ) ਹੈ, ਆਪ ਹੀ ਗੁਰੂ ਦੇ ਸਨਮੁਖ ਹੋ ਕੇ ਆਪਣੇ ਅਕੱਥ ਸਰੂਪ ਦੀਆਂ ਵਡਿਆਈਆਂ (ਕਰਦਾ ਹੈ), ਆਪ ਹੀ ਜੋਗ ਦੀ ਸਾਧਨਾ ਕਰਨ ਵਾਲਾ ਹੈ, ਆਪ ਹੀ ਭੋਗਾਂ ਵਿਚ ਪਰਵਿਰਤ ਹੈ ਤੇ ਆਪ ਹੀ ਸੰਨਿਆਸੀ ਬਣ ਕੇ ਉਜਾੜਾਂ ਵਿਚ ਫਿਰਦਾ ਹੈ, ਆਪ ਹੀ ਆਪਣੇ ਨਾਲ ਚਰਚਾ ਕਰਦਾ ਹੈ, ਆਪ ਹੀ ਉਪਦੇਸ਼ ਕਰਦਾ ਹੈ, ਆਪ ਹੀ ਸਿਆਣੀ ਮਤਿ ਵਾਲਾ ਸੁੰਦਰ ਸਰੂਪ ਵਾਲਾ ਹੈ, ਆਪਣਾ ਕੌਤਕ ਕਰ ਕੇ ਆਪ ਹੀ ਵੇਖਦਾ ਹੈ ਤੇ ਆਪ ਹੀ ਸਾਰੇ ਜੀਵਾਂ ਦੇ ਹਿਰਦੇ ਦੀ ਜਾਨਣ ਵਾਲਾ ਹੈ।੧੨।