
ਰਾਗੁ ਬਿਹਾਗੜਾ ਛੰਤ ਮਹਲਾ ੪ ਘਰੁ ੧
ਰਾਗੁ ਬਿਹਾਗੜਾ ਛੰਤ ਮਹਲਾ ੪ ਘਰੁ ੧
ੴ ਸਤਿਗੁਰ ਪ੍ਰਸਾਦਿ॥
ਹਰਿ ਹਰਿ ਨਾਮੁ ਧਿਆਈਐ ਮੇਰੀ ਜਿੰਦੁੜੀਏ ਗੁਰਮੁਖਿ ਨਾਮੁ ਅਮੋਲੇ ਰਾਮ ॥
ਹਰਿ ਰਸਿ ਬੀਧਾ ਹਰਿ ਮਨੁ ਪਿਆਰਾ ਮਨੁ ਹਰਿ ਰਸਿ ਨਾਮਿ ਝਕੋਲੇ ਰਾਮ ॥
ਗੁਰਮਤਿ ਮਨੁ ਠਹਰਾਈਐ ਮੇਰੀ ਜਿੰਦੁੜੀਏ ਅਨਤ ਨ ਕਾਹੂ ਡੋਲੇ ਰਾਮ ॥
ਮਨ ਚਿੰਦਿਅੜਾ ਫਲੁ ਪਾਇਆ ਹਰਿ ਪ੍ਰਭੁ ਗੁਣ ਨਾਨਕ ਬਾਣੀ ਬੋਲੇ ਰਾਮ ॥੧॥
ਗੁਰਮਤਿ ਮਨਿ ਅੰਮ੍ਰਿਤੁ ਵੁਠੜਾ ਮੇਰੀ ਜਿੰਦੁੜੀਏ ਮੁਖਿ ਅੰਮ੍ਰਿਤ ਬੈਣ ਅਲਾਏ ਰਾਮ ॥
ਅੰਮ੍ਰਿਤ ਬਾਣੀ ਭਗਤ ਜਨਾ ਕੀ ਮੇਰੀ ਜਿੰਦੁੜੀਏ ਮਨਿ ਸੁਣੀਐ ਹਰਿ ਲਿਵ ਲਾਏ ਰਾਮ ॥
ਚਿਰੀ ਵਿਛੁੰਨਾ ਹਰਿ ਪ੍ਰਭੁ ਪਾਇਆ ਗਲਿ ਮਿਲਿਆ ਸਹਜਿ ਸੁਭਾਏ ਰਾਮ ॥
ਜਨ ਨਾਨਕ ਮਨਿ ਅਨਦੁ ਭਇਆ ਹੈ ਮੇਰੀ ਜਿੰਦੁੜੀਏ ਅਨਹਤ ਸਬਦ ਵਜਾਏ ਰਾਮ ॥੨॥
ਸਖੀ ਸਹੇਲੀ ਮੇਰੀਆ ਮੇਰੀ ਜਿੰਦੁੜੀਏ ਕੋਈ ਹਰਿ ਪ੍ਰਭੁ ਆਣਿ ਮਿਲਾਵੈ ਰਾਮ ॥
ਹਉ ਮਨੁ ਦੇਵਉ ਤਿਸੁ ਆਪਣਾ ਮੇਰੀ ਜਿੰਦੁੜੀਏ ਹਰਿ ਪ੍ਰਭ ਕੀ ਹਰਿ ਕਥਾ ਸੁਣਾਵੈ ਰਾਮ ॥
ਗੁਰਮੁਖਿ ਸਦਾ ਅਰਾਧਿ ਹਰਿ ਮੇਰੀ ਜਿੰਦੁੜੀਏ ਮਨ ਚਿੰਦਿਅੜਾ ਫਲੁ ਪਾਵੈ ਰਾਮ ॥
ਨਾਨਕ ਭਜੁ ਹਰਿ ਸਰਣਾਗਤੀ ਮੇਰੀ ਜਿੰਦੁੜੀਏ ਵਡਭਾਗੀ ਨਾਮੁ ਧਿਆਵੈ ਰਾਮ ॥੩॥
ਕਰਿ ਕਿਰਪਾ ਪ੍ਰਭ ਆਇ ਮਿਲੁ ਮੇਰੀ ਜਿੰਦੁੜੀਏ ਗੁਰਮਤਿ ਨਾਮੁ ਪਰਗਾਸੇ ਰਾਮ ॥
ਹਉ ਹਰਿ ਬਾਝੁ ਉਡੀਣੀਆ ਮੇਰੀ ਜਿੰਦੁੜੀਏ ਜਿਉ ਜਲ ਬਿਨੁ ਕਮਲ ਉਦਾਸੇ ਰਾਮ ॥
ਗੁਰਿ ਪੂਰੈ ਮੇਲਾਇਆ ਮੇਰੀ ਜਿੰਦੁੜੀਏ ਹਰਿ ਸਜਣੁ ਹਰਿ ਪ੍ਰਭੁ ਪਾਸੇ ਰਾਮ ॥
ਧਨੁ ਧਨੁ ਗੁਰੂ ਹਰਿ ਦਸਿਆ ਮੇਰੀ ਜਿੰਦੁੜੀਏ ਜਨ ਨਾਨਕ ਨਾਮਿ ਬਿਗਾਸੇ ਰਾਮ ॥੪॥੧॥
ਮੰਗਲਵਾਰ, ੨੨ ਮੱਘਰ (ਸੰਮਤ ੫੫੩ ਨਾਨਕਸ਼ਾਹੀ) ੭ ਦਸੰਬਰ, ੨੦੨੧ (ਅੰਗ: ੫੩੭)
ਪੰਜਾਬੀ ਵਿਆਖਿਆ :
ਰਾਗੁ ਬਿਹਾਗੜਾ ਛੰਤ ਮਹਲਾ ੪ ਘਰੁ ੧
ੴ ਸਤਿਗੁਰ ਪ੍ਰਸਾਦਿ॥
ਹੇ ਮੇਰੀ ਸੋਹਣੀ ਜਿੰਦੇ! ਸਦਾ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ ਪਰਮਾਤਮਾ ਦਾ ਅਮੋਲਕ ਨਾਮ ਗੁਰੂ ਦੀ ਰਾਹੀਂ (ਹੀ) ਮਿਲਦਾ ਹੈ । ਜੇਹੜਾ ਮਨ ਪਰਮਾਤਮਾ ਦੇ ਨਾਮ-ਰਸ ਵਿਚ ਵਿੱਝ ਜਾਂਦਾ ਹੈ, ਉਹ ਮਨ ਪਰਮਾਤਮਾ ਨੂੰ ਪਿਆਰਾ ਲੱਗਦਾ ਹੈ, ਉਹ ਮਨ ਆਨੰਦ ਨਾਲ ਪ੍ਰਭੂ ਦੇ ਨਾਮ ਵਿਚ ਚੁੱਭੀ ਲਾਈ ਰੱਖਦਾ ਹੈ ।
Darbar Sahib
ਹੇ ਮੇਰੀ ਸੋਹਣੀ ਜਿੰਦੇ! ਗੁਰੂ ਦੀ ਮਤਿ ਉਤੇ ਤੁਰ ਕੇ ਇਸ ਮਨ ਨੂੰ (ਪ੍ਰਭੂ-ਚਰਨਾਂ ਵਿਚ) ਟਿਕਾਣਾ ਚਾਹੀਦਾ ਹੈ (ਗੁਰੂ ਦੀ ਮਤਿ ਦੀ ਬਰਕਤਿ ਨਾਲ ਮਨ) ਕਿਸੇ ਹੋਰ ਪਾਸੇ ਨਹੀਂ ਡੋਲਦਾ । ਹੇ ਨਾਨਕ! ਜੇਹੜਾ ਮਨੁੱਖ (ਗੁਰਮਤਿ ਤੇ ਤੁਰ ਕੇ) ਪ੍ਰਭੂ ਦੇ ਗੁਣਾਂ ਵਾਲੀ ਬਾਣੀ ਉਚਾਰਦਾ ਰਹਿੰਦਾ ਹੈ, ਉਹ ਮਨ-ਇੱਛਤ ਫਲ ਪਾ ਲੈਂਦਾ ਹੈ ।੧। ਹੇ ਮੇਰੀ ਸੋਹਣੀ ਜਿੰਦੇ! ਗੁਰੂ ਦੀ ਮਤਿ ਦੀ ਬਰਕਤਿ ਨਾਲ ਜਿਸ ਮਨੁੱਖ ਦੇ ਮਨ ਵਿਚ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਆ ਵੱਸਦਾ ਹੈ ਉਹ ਮਨੁੱਖ ਆਪਣੇ ਮੂੰਹ ਨਾਲ ਆਤਮਕ ਜੀਵਨ ਦੇਣ ਵਾਲੀ ਬਾਣੀ ਸਦਾ ਉਚਾਰਦਾ ਰਹਿੰਦਾ ਹੈ ।
Harimandir Sahib
ਹੇ ਜਿੰਦੇ! ਪਰਮਾਤਮਾ ਦੀ ਭਗਤੀ ਕਰਨ ਵਾਲੇ ਮਨੁੱਖਾਂ ਦੀ ਬਾਣੀ ਆਤਮਕ ਜੀਵਨ ਦੇਣ ਵਾਲੀ ਹੈ ਪਰਮਾਤਮਾ ਦੇ ਚਰਨਾਂ ਵਿਚ ਸੁਰਤਿ ਜੋੜ ਕੇ ਉਹ ਬਾਣੀ ਮਨ ਨਾਲ (ਧਿਆਨ ਨਾਲ) ਸੁਣਨੀ ਚਾਹੀਦੀ ਹੈ (ਜੇਹੜਾ ਮਨੁੱਖ ਸੁਣਦਾ ਹੈ ਉਸ ਨੂੰ) ਚਿਰ ਦਾ ਵਿਛੁੜਿਆ ਹੋਇਆ ਪਰਮਾਤਮਾ ਆ ਮਿਲਦਾ ਹੈ, ਆਤਮਕ ਅਡੋਲਤਾ ਤੇ ਪ੍ਰੇਮ ਦੇ ਕਾਰਨ ਉਸ ਦੇ ਗਲ ਆ ਲੱਗਦਾ ਹੈ । ਹੇ ਦਾਸ ਨਾਨਕ! (ਆਖ—) ਹੇ ਮੇਰੀ ਸੋਹਣੀ ਜਿੰਦੇ!
Darbar Sahib
ਉਸ ਮਨੁੱਖ ਦੇ ਮਨ ਵਿਚ ਆਤਮਕ ਆਨੰਦ ਬਣਿਆ ਰਹਿੰਦਾ ਹੈ, ਉਹ ਆਪਣੇ ਅੰਦਰ ਇਕ-ਰਸ ਸਿਫ਼ਤਿ-ਸਾਲਾਹ ਦੀ ਬਾਣੀ ਦਾ (ਮਾਨੋ, ਵਾਜਾ) ਵਜਾਂਦਾ ਰਹਿੰਦਾ ਹੈ ।੨। ਹੇ ਮੇਰੀ ਸੋਹਣੀ ਜਿੰਦੇ! (ਆਖ—) ਹੇ ਮੇਰੀ ਸਖੀ ਸਹੇਲੀਹੋ! ਜੇ ਕੋਈ ਧਿਰ ਮੇਰਾ ਹਰਿ-ਪ੍ਰਭੂ ਲਿਆ ਕੇ ਮੈਨੂੰ ਮਿਲਾ ਦੇਵੇ, ਜੇ ਕੋਈ ਮੈਨੂੰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਸੁਣਾਇਆ ਕਰੇ, ਤਾਂ ਮੈਂ ਆਪਣਾ ਮਨ ਉਸ ਦੇ ਹਵਾਲੇ ਕਰ ਦਿਆਂ । ਹੇ ਮੇਰੀ ਸੋਹਣੀ ਜਿੰਦੇ! ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰਿਆ ਕਰ, (ਜੇਹੜਾ ਕੋਈ ਸਿਮਰਦਾ ਹੈ ਉਹ) ਮਨ-ਇੱਛਤ ਫਲ ਪ੍ਰਾਪਤ ਕਰ ਲੈਂਦਾ ਹੈ ।
Darbar Sahib
ਹੇ ਨਾਨਕ! (ਆਖ—) ਹੇ ਮੇਰੀ ਸੋਹਣੀ ਜਿੰਦੇ! ਪਰਮਾਤਮਾ ਦੀ ਸਰਨ ਪਈ ਰਹੁ । ਵੱਡੇ ਭਾਗਾਂ ਵਾਲਾ ਮਨੁੱਖ ਹੀ ਪਰਮਾਤਮਾ ਦਾ ਨਾਮ ਸਿਮਰਦਾ ਹੈ ।੩। ਹੇ ਮੇਰੀ ਸੋਹਣੀ ਜਿੰਦੇ! (ਆਖ—) ਹੇ ਪ੍ਰਭੂ! ਕਿਰਪਾ ਕਰ ਕੇ ਮੈਨੂੰ ਆ ਮਿਲ । (ਹੇ ਜਿੰਦੇ!) ਗੁਰੂ ਦੀ ਮਤਿ ਉਤੇ ਤੁਰਿਆਂ ਹੀ ਹਰਿ-ਨਾਮ (ਹਿਰਦੇ ਵਿਚ) ਚਮਕਦਾ ਹੈ । ਹੇ ਮੇਰੀ ਸੋਹਣੀ ਜਿੰਦੇ! (ਆਖ—) ਮੈਂ ਪਰਮਾਤਮਾ ਤੋਂ ਬਿਨਾ ਕੁਮਲਾਈ ਰਹਿੰਦੀ ਹਾਂ, ਜਿਵੇਂ ਪਾਣੀ ਤੋਂ ਬਿਨਾ ਕੌਲ-ਫੁੱਲ ਕੁਮਲਾਇਆ ਰਹਿੰਦਾ ਹੈ ।
Darbar Sahib
ਹੇ ਮੇਰੀ ਸੋਹਣੀ ਜਿੰਦੇ! ਜਿਸ ਨੂੰ ਪੂਰੇ ਗੁਰੂ ਨੇ ਸੱਜਣ-ਹਰੀ ਮਿਲਾ ਦਿੱਤਾ, ਉਸ ਨੂੰ ਹਰੀ ਪ੍ਰਭੂ ਆਪਣੇ ਅੰਗ-ਸੰਗ ਵੱਸਦਾ ਦਿੱਸ ਪੈਂਦਾ ਹੈ । ਹੇ ਦਾਸ ਨਾਨਕ! (ਆਖ—) ਹੇ ਮੇਰੀ ਸੋਹਣੀ ਜਿੰਦੇ! ਗੁਰੂ ਸਲਾਹੁਣ-ਜੋਗ ਹੈ, ਸਦਾ ਸਲਾਹੁਣ-ਜੋਗ ਹੈ । ਗੁਰੂ ਨੇ ਜਿਸ ਨੂੰ (ਪਰਮਾਤਮਾ ਦੀ) ਦੱਸ ਪਾ ਦਿੱਤੀ (ਉਸ ਦਾ ਹਿਰਦਾ) ਨਾਮ ਦੀ ਬਰਕਤਿ ਨਾਲ ਖਿੜ ਪੈਂਦਾ ਹੈ ।੪।੧।