
ਬਿਲਾਵਲੁ ਮਹਲਾ ੫ ॥
ਬਿਲਾਵਲੁ ਮਹਲਾ ੫ ॥
ਮਹਾ ਤਪਤਿ ਤੇ ਭਈ ਸਾਂਤਿ ਪਰਸਤ ਪਾਪ ਨਾਠੇ ॥
ਅੰਧ ਕੂਪ ਮਹਿ ਗਲਤ ਥੇ ਕਾਢੇ ਦੇ ਹਾਥੇ ॥੧॥
ਓਇ ਹਮਾਰੇ ਸਾਜਨਾ ਹਮ ਉਨ ਕੀ ਰੇਨ ॥
ਜਿਨ ਭੇਟਤ ਹੋਵਤ ਸੁਖੀ ਜੀਅ ਦਾਨੁ ਦੇਨ ॥੧॥ਰਹਾਉ ॥
ਪਰਾ ਪੂਰਬਲਾ ਲੀਖਿਆ ਮਿਲਿਆ ਅਬ ਆਇ ॥
ਬਸਤ ਸੰਗਿ ਹਰਿ ਸਾਧ ਕੈ ਪੂਰਨ ਆਸਾਇ ॥੨॥
ਭੈ ਬਿਨਸੇ ਤਿਹੁ ਲੋਕ ਕੇ ਪਾਏ ਸੁਖ ਥਾਨ ॥
ਦਇਆ ਕਰੀ ਸਮਰਥ ਗੁਰਿ ਬਸਿਆ ਮਨਿ ਨਾਮ ॥੩॥
ਨਾਨਕ ਕੀ ਤੂ ਟੇਕ ਪ੍ਰਭ ਤੇਰਾ ਆਧਾਰ ॥
ਕਰਣ ਕਾਰਣ ਸਮਰਥ ਪ੍ਰਭ ਹਰਿ ਅਗਮ ਅਪਾਰ ॥੪॥੧੯॥੪੯॥
ਬੁੱਧਵਾਰ, ੨੩ ਮੱਘਰ (ਸੰਮਤ ੫੫੩ ਨਾਨਕਸ਼ਾਹੀ) (ਅੰਗ: ੮੧੩)
Darbar Sahib
ਪੰਜਾਬੀ ਵਿਆਖਿਆ:
ਬਿਲਾਵਲੁ ਮਹਲਾ ੫ ॥
ਹੇ ਭਾਈ! (ਉਹਨਾਂ ਸੰਤ ਜਨਾਂ ਦੇ ਪੈਰ) ਪਰਸਿਆਂ ਸਾਰੇ ਪਾਪ ਨਾਸ ਹੋ ਜਾਂਦੇ ਹਨ, ਮਨ ਵਿਚ ਵਿਕਾਰਾਂ ਦੀ ਭਾਰੀ ਤਪਸ਼ ਤੋਂ ਸ਼ਾਂਤੀ ਬਣ ਜਾਂਦੀ ਹੈ । ਜੇਹੜੇ ਮਨੁੱਖ (ਵਿਕਾਰਾਂ ਪਾਪਾਂ ਦੇ) ਘੁੱਪ ਹਨੇਰੇ ਖੂਹ ਵਿਚ ਗਲ-ਸੜ ਰਹੇ ਹੁੰਦੇ ਹਨ, ਉਹਨਾਂ ਨੂੰ (ਉਹ ਸੰਤ ਜਨ ਆਪਣਾ) ਹੱਥ ਦੇ ਕੇ (ਉਸ ਖੂਹ ਵਿਚੋਂ) ਕੱਢ ਲੈਂਦੇ ਹਨ ।੧।
Harimandir Sahib
ਹੇ ਭਾਈ! ਜਿਨ੍ਹਾਂ ਨੂੰ ਮਿਲਿਆਂ (ਮੇਰਾ ਮਨ) ਆਨੰਦ ਨਾਲ ਭਰਪੂਰ ਹੋ ਜਾਂਦਾ ਹੈ, ਜੇਹੜੇ (ਮੈਨੂੰ) ਆਤਮਕ ਜੀਵਨ ਦੀ ਦਾਤਿ ਦੇਂਦੇ ਹਨ, ਉਹ (ਸੰਤ ਜਨ ਹੀ) ਮੇਰੇ (ਅਸਲ) ਮਿੱਤਰ ਹਨ, ਮੈਂ ਉਹਨਾਂ ਦੇ ਚਰਨਾਂ ਦੀ ਧੂੜ (ਲੋਚਦਾ) ਹਾਂ ।੧।ਰਹਾਉ। ਹੇ ਭਾਈ! ਇਸ ਮਨੁੱਖਾ ਜਨਮ ਵਿਚ (ਜਦੋਂ ਕਿਸੇ ਮਨੁੱਖ ਨੂੰ ਕੋਈ ਸੰਤ ਜਨ ਮਿਲ ਪੈਂਦਾ ਹੈ, ਤਾਂ) ਬੜੇ ਪੂਰਬਲੇ ਜਨਮ ਤੋਂ ਉਸ ਦੇ ਮੱਥੇ ਉਤੇ ਲਿਖਿਆ ਲੇਖ ਉਘੜ ਪੈਂਦਾ ਹੈ ।
Darbar Sahib
ਪ੍ਰਭੂ ਦੇ ਸੇਵਕ-ਜਨ ਦੀ ਸੰਗਤਿ ਵਿਚ ਵੱਸਦਿਆਂ (ਉਸ ਮਨੁੱਖ ਦੀਆਂ ਸਾਰੀਆਂ ਆਸਾਂ ਪੂਰੀਆਂ ਹੋ ਜਾਂਦੀਆਂ ਹਨ ।੨। ਹੇ ਭਾਈ! ਸਭ ਕੁਝ ਕਰ ਸਕਣ ਵਾਲੇ ਗੁਰੂ ਨੇ ਜਿਸ ਮਨੁੱਖ ਉਤੇ ਦਇਆ ਕੀਤੀ, ਉਸ ਦੇ ਮਨ ਵਿਚ ਪ੍ਰਭੂ ਦਾ ਨਾਮ ਵੱਸ ਪੈਂਦਾ ਹੈ, ਸਾਰੇ ਜਗਤ ਨੂੰ ਡਰਾਣ ਵਾਲੇ (ਉਸ ਦੇ) ਸਾਰੇ ਡਰ ਨਾਸ ਹੋ ਜਾਂਦੇ ਹਨ (ਕਿਉਂਕਿ ਗੁਰੂ ਦੀ ਕਿਰਪਾ ਨਾਲ) ਉਸ ਨੂੰ ਸੁਖਾਂ ਦਾ ਟਿਕਾਣਾ (ਸਾਧ-ਸੰਗ) ਮਿਲ ਜਾਂਦਾ ਹੈ ।੩।
Harimandir Sahib
ਹੇ ਜਗਤ ਦੇ ਮੂਲ ਪ੍ਰਭੂ! ਹੇ ਸਾਰੀਆਂ ਤਾਕਤਾਂ ਦੇ ਮਾਲਕ ਪ੍ਰਭੂ! ਹੇ ਅਪਹੁੰਚ ਹਰੀ! ਹੇ ਬੇਅੰਤ ਹਰੀ! ਨਾਨਕ ਦੀ ਤੂੰ ਹੀ ਓਟ ਹੈਂ, ਨਾਨਕ ਦਾ ਤੂੰ ਹੀ ਆਸਰਾ ਹੈਂ (ਮੈਨੂੰ ਨਾਨਕ ਨੂੰ ਭੀ ਗੁਰੂ ਮਿਲਾ, ਸੰਤ ਜਨ ਮਿਲਾ) ।੪।੧੯।੪੯।