
ਸਲੋਕ ॥
ਸਲੋਕ ॥
ਤਿਅਕਤ ਜਲੰ ਨਹ ਜੀਵ ਮੀਨੰ ਨਹ ਤਿਆਗਿ ਚਾਤ੍ਰਿਕ ਮੇਘ ਮੰਡਲਹ ॥
ਬਾਣ ਬੇਧੰਚ ਕੁਰੰਕ ਨਾਦੰ ਅਲਿ ਬੰਧਨ ਕੁਸਮ ਬਾਸਨਹ ॥
ਚਰਨ ਕਮਲ ਰਚੰਤਿ ਸੰਤਹ ਨਾਨਕ ਆਨ ਨ ਰੁਚਤੇ ॥੧॥
ਮੁਖੁ ਡੇਖਾਊ ਪਲਕ ਛਡਿ ਆਨ ਨ ਡੇਊ ਚਿਤੁ ॥
ਜੀਵਣ ਸੰਗਮੁ ਤਿਸੁ ਧਣੀ ਹਰਿ ਨਾਨਕ ਸੰਤਾਂ ਮਿਤੁ ॥੨॥ ਪਉੜੀ ॥
ਜਿਉ ਮਛੁਲੀ ਬਿਨੁ ਪਾਣੀਐ ਕਿਉ ਜੀਵਣੁ ਪਾਵੈ ॥
ਬੂੰਦ ਵਿਹੂਣਾ ਚਾਤ੍ਰਿਕੋ ਕਿਉ ਕਰਿ ਤ੍ਰਿਪਤਾਵੈ ॥
ਨਾਦ ਕੁਰੰਕਹਿ ਬੇਧਿਆ ਸਨਮੁਖ ਉਠਿ ਧਾਵੈ ॥
ਭਵਰੁ ਲੋਭੀ ਕੁਸਮ ਬਾਸੁ ਕਾ ਮਿਲਿ ਆਪੁ ਬੰਧਾਵੈ ॥
ਤਿਉ ਸੰਤ ਜਨਾ ਹਰਿ ਪ੍ਰੀਤਿ ਹੈ ਦੇਖਿ ਦਰਸੁ ਅਘਾਵੈ ॥੧੨॥
ਐਤਵਾਰ, ੨੬ ਪੋਹ (ਸੰਮਤ ੫੫੩ ਨਾਨਕਸ਼ਾਹੀ) (ਅੰਗ: ੭੦੮)
ਪੰਜਾਬੀ ਵਿਆਖਿਆ:
ਸਲੋਕ ॥
ਪਾਣੀ ਨੂੰ ਛੱਡ ਕੇ ਮੱਛੀ ਜੀਊ ਨਹੀਂ ਸਕਦੀ, ਬੱਦਲਾਂ ਦੇ ਦੇਸ ਨੂੰ ਛੱਡ ਕੇ ਪਪੀਹਾ ਨਹੀਂ ਜੀਊ ਸਕਦਾ, ਹਰਨ ਰਾਗ ਦੇ ਤੀਰ ਨਾਲ ਵਿੰਨਿ੍ਹਆ ਜਾਂਦਾ ਹੈ ਤੇ ਫੁੱਲਾਂ ਦੀ ਸੁਗੰਧੀ ਭੌਰੇ ਦੇ ਬੱਝਣ ਦਾ ਕਾਰਨ ਬਣ ਜਾਂਦੀ ਹੈ ।
ਇਸੇ ਤਰ੍ਹਾਂ, ਹੇ ਨਾਨਕ! ਸੰਤ ਪ੍ਰਭੂ ਦੇ ਚਰਨ ਕਮਲਾਂ ਵਿਚ ਮਸਤ ਰਹਿੰਦੇ ਹਨ, ਪ੍ਰਭੂ-ਚਰਨਾਂ ਤੋਂ ਬਿਨਾ ਉਹਨਾਂ ਨੂੰ ਹੋਰ ਕੁਝ ਨਹੀਂ ਭਾਉਂਦਾ ।੧।ਜੇ ਇਕ ਪਲਕ ਮਾਤ੍ਰ ਹੀ ਮੈਂ ਤੇਰਾ ਮੁਖ ਵੇਖ ਲਵਾਂ, ਤਾਂ ਤੈਨੂੰ ਛੱਡ ਕੇ ਮੈਂ ਕਿਸੇ ਹੋਰ ਪਾਸੇ ਚਿੱਤ (ਦੀ ਪ੍ਰੀਤ) ਨਾਹ ਜੋੜਾਂ । ਹੇ ਨਾਨਕ! ਜੀਊਣ ਦਾ ਜੋੜ ਉਸ ਮਾਲਕ-ਪ੍ਰਭੂ ਨਾਲ ਹੀ ਹੋ ਸਕਦਾ ਹੈ, ਉਹ ਪ੍ਰਭੂ ਸੰਤਾਂ ਦਾ ਮਿੱਤਰ ਹੈ ।੨।
ਜਿਵੇਂ ਮੱਛੀ ਪਾਣੀ ਤੋਂ ਬਿਨਾ ਜੀਊ ਨਹੀਂ ਸਕਦੀ, ਜਿਵੇਂ ਮੀਂਹ ਦੀ ਕਣੀ ਤੋਂ ਬਿਨਾ ਪਪੀਹਾ ਰੱਜ ਨਹੀਂ ਸਕਦਾ, ਜਿਵੇਂ, (ਘੰਡੇਹੇੜੇ ਦੀ) ਆਵਾਜ਼ ਹਰਨ ਨੂੰ ਮੋਹ ਲੈਂਦੀ ਹੈ, ਉਹ ਓਧਰ ਹੀ ਉੱਠ ਦੌੜਦਾ ਹੈ, ਜਿਵੇਂ, ਭੌਰਾ ਫੁੱਲ ਦੀ ਸੁਗੰਧੀ ਦਾ ਆਸ਼ਕ ਹੁੰਦਾ ਹੈ, (ਫੁੱਲ ਨਾਲ) ਮਿਲ ਕੇ ਆਪਣੇ ਆਪ ਨੂੰ ਫਸਾ ਲੈਂਦਾ ਹੈ । ਤਿਵੇਂ, ਸੰਤਾਂ ਨੂੰ ਪ੍ਰਭੂ ਨਾਲ ਪ੍ਰੇਮ ਹੁੰਦਾ ਹੈ, ਪ੍ਰਭੂ ਦਾ ਦੀਦਾਰ ਕਰ ਕੇ ਉਹ ਰੱਜ ਜਾਂਦੇ ਹਨ ।੧੨।