ਅੱਜ ਦਾ ਹੁਕਮਨਾਮਾ (10 ਮਾਰਚ 2023)

By : KOMALJEET

Published : Mar 10, 2023, 7:24 am IST
Updated : Mar 10, 2023, 7:26 am IST
SHARE ARTICLE
Hukamnama sri darbar sahib amritsar
Hukamnama sri darbar sahib amritsar

ਵਡਹੰਸੁ ਮਹਲਾ ੪ ॥

ਵਡਹੰਸੁ ਮਹਲਾ ੪ ॥

ਹਰਿ ਸਤਿਗੁਰ ਹਰਿ ਸਤਿਗੁਰ ਮੇਲਿ ਹਰਿ ਸਤਿਗੁਰ ਚਰਣ ਹਮ ਭਾਇਆ ਰਾਮ ॥

ਤਿਮਰ ਅਗਿਆਨੁ ਗਵਾਇਆ ਗੁਰ ਗਿਆਨੁ ਅੰਜਨੁ ਗੁਰਿ ਪਾਇਆ ਰਾਮ ॥

ਗੁਰ ਗਿਆਨ ਅੰਜਨੁ ਸਤਿਗੁਰੂ ਪਾਇਆ ਅਗਿਆਨ ਅੰਧੇਰ ਬਿਨਾਸੇ ॥

ਸਤਿਗੁਰ ਸੇਵਿ ਪਰਮ ਪਦੁ ਪਾਇਆ ਹਰਿ ਜਪਿਆ ਸਾਸ ਗਿਰਾਸੇ ॥

ਜਿਨ ਕੰਉ ਹਰਿ ਪ੍ਰਭਿ ਕਿਰਪਾ ਧਾਰੀ ਤੇ ਸਤਿਗੁਰ ਸੇਵਾ ਲਾਇਆ ॥

ਹਰਿ ਸਤਿਗੁਰ ਹਰਿ ਸਤਿਗੁਰ ਮੇਲਿ ਹਰਿ ਸਤਿਗੁਰ ਚਰਣ ਹਮ ਭਾਇਆ ॥੧॥

ਮੇਰਾ ਸਤਿਗੁਰੁ ਮੇਰਾ ਸਤਿਗੁਰੁ ਪਿਆਰਾ ਮੈ ਗੁਰ ਬਿਨੁ ਰਹਣੁ ਨ ਜਾਈ ਰਾਮ ॥

ਹਰਿ ਨਾਮੋ ਹਰਿ ਨਾਮੁ ਦੇਵੈ ਮੇਰਾ ਅੰਤਿ ਸਖਾਈ ਰਾਮ ॥

ਹਰਿ ਹਰਿ ਨਾਮੁ ਮੇਰਾ ਅੰਤਿ ਸਖਾਈ ਗੁਰਿ ਸਤਿਗੁਰਿ ਨਾਮੁ ਦ੍ਰਿੜਾਇਆ ॥

ਜਿਥੈ ਪੁਤੁ ਕਲਤ੍ਰੁ ਕੋਈ ਬੇਲੀ ਨਾਹੀ ਤਿਥੈ ਹਰਿ ਹਰਿ ਨਾਮਿ ਛਡਾਇਆ ॥

ਧਨੁ ਧਨੁ ਸਤਿਗੁਰੁ ਪੁਰਖੁ ਨਿਰੰਜਨੁ ਜਿਤੁ ਮਿਲਿ ਹਰਿ ਨਾਮੁ ਧਿਆਈ ॥

ਮੇਰਾ ਸਤਿਗੁਰੁ ਮੇਰਾ ਸਤਿਗੁਰੁ ਪਿਆਰਾ ਮੈ ਗੁਰ ਬਿਨੁ ਰਹਣੁ ਨ ਜਾਈ ॥੨॥

ਜਿਨੀ ਦਰਸਨੁ ਜਿਨੀ ਦਰਸਨੁ ਸਤਿਗੁਰ ਪੁਰਖ ਨ ਪਾਇਆ ਰਾਮ ॥

ਤਿਨ ਨਿਹਫਲੁ ਤਿਨ ਨਿਹਫਲੁ ਜਨਮੁ ਸਭੁ ਬ੍ਰਿਥਾ ਗਵਾਇਆ ਰਾਮ ॥

ਨਿਹਫਲੁ ਜਨਮੁ ਤਿਨ ਬ੍ਰਿਥਾ ਗਵਾਇਆ ਤੇ ਸਾਕਤ ਮੁਏ ਮਰਿ ਝੂਰੇ ॥

ਘਰਿ ਹੋਦੈ ਰਤਨਿ ਪਦਾਰਥਿ ਭੂਖੇ ਭਾਗਹੀਣ ਹਰਿ ਦੂਰੇ ॥

ਹਰਿ ਹਰਿ ਤਿਨ ਕਾ ਦਰਸੁ ਨ ਕਰੀਅਹੁ ਜਿਨੀ ਹਰਿ ਹਰਿ ਨਾਮੁ ਨ ਧਿਆਇਆ ॥

ਜਿਨੀ ਦਰਸਨੁ ਜਿਨੀ ਦਰਸਨੁ ਸਤਿਗੁਰ ਪੁਰਖ ਨ ਪਾਇਆ ॥੩॥

ਹਮ ਚਾਤ੍ਰਿਕ ਹਮ ਚਾਤ੍ਰਿਕ ਦੀਨ ਹਰਿ ਪਾਸਿ ਬੇਨੰਤੀ ਰਾਮ ॥

ਗੁਰ ਮਿਲਿ ਗੁਰ ਮੇਲਿ ਮੇਰਾ ਪਿਆਰਾ ਹਮ ਸਤਿਗੁਰ ਕਰਹ ਭਗਤੀ ਰਾਮ ॥

ਹਰਿ ਹਰਿ ਸਤਿਗੁਰ ਕਰਹ ਭਗਤੀ ਜਾਂ ਹਰਿ ਪ੍ਰਭੁ ਕਿਰਪਾ ਧਾਰੇ ॥

ਮੈ ਗੁਰ ਬਿਨੁ ਅਵਰੁ ਨ ਕੋਈ ਬੇਲੀ ਗੁਰੁ ਸਤਿਗੁਰੁ ਪ੍ਰਾਣ ਹਮੑਾਰੇ ॥

ਕਹੁ ਨਾਨਕ ਗੁਰਿ ਨਾਮੁ ਦ੍ਰਿੜ੍ਹਾਇਆ ਹਰਿ ਹਰਿ ਨਾਮੁ ਹਰਿ ਸਤੀ ॥

ਹਮ ਚਾਤ੍ਰਿਕ ਹਮ ਚਾਤ੍ਰਿਕ ਦੀਨ ਹਰਿ ਪਾਸਿ ਬੇਨੰਤੀ ॥੪॥੩॥

ਸ਼ੁੱਕਰਵਾਰ, ੨੬ ਫੱਗਣ (ਸੰਮਤ ੫੫੪ ਨਾਨਕਸ਼ਾਹੀ) ੧੦ ਮਾਰਚ, ੨੦੨੩ (ਅੰਗ: ੫੭੩)

ਪੰਜਾਬੀ ਵਿਆਖਿਆ:

ਵਡਹੰਸੁ ਮਹਲਾ ੪ ॥

ਹੇ ਹਰੀ! ਮੈਨੂੰ ਗੁਰੂ ਦੇ ਚਰਨਾਂ ਵਿਚ ਰੱਖ, ਮੈਨੂੰ ਗੁਰੂ ਦੇ ਚਰਨਾਂ ਵਿਚ ਰੱਖ । ਗੁਰੂ ਦੇ ਚਰਨ ਮੈਨੂੰ ਪਿਆਰੇ ਲੱਗਦੇ ਹਨ । (ਜਿਸ ਮਨੁੱਖ ਨੇ) ਗੁਰੂ ਦੀ ਰਾਹੀਂ ਆਤਮਕ ਜੀਵਨ ਦੀ ਸੂਝ (ਦਾ) ਸੁਰਮਾ ਹਾਸਲ ਕਰ ਲਿਆ, (ਉਸ ਨੇ ਆਪਣੇ ਅੰਦਰੋਂ) ਆਤਮਕ ਜੀਵਨ ਵਲੋਂ ਬੇਸਮਝੀ (ਦਾ) ਹਨੇਰਾ ਦੂਰ ਕਰ ਲਿਆ । ਜਿਸ ਮਨੁੱਖ ਨੇ ਗੁਰੂ ਪਾਸੋਂ ਗਿਆਨ ਦਾ ਸੁਰਮਾ ਲੈ ਲਿਆ ਉਸ ਮਨੁੱਖ ਦੇ ਅਗਿਆਨ ਦੇ ਹਨੇਰੇ ਨਾਸ ਹੋ ਜਾਂਦੇ ਹਨ । ਗੁਰੂ ਦੀ ਦੱਸੀ ਸੇਵਾ ਕਰ ਕੇ ਉਹ ਮਨੁੱਖ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦਾ ਹੈ, ਉਹ ਮਨੁੱਖ ਹਰੇਕ ਸਾਹ ਨਾਲ ਹਰੇਕ ਗਿਰਾਹੀ ਨਾਲ ਪਰਮਾਤਮਾ ਦਾ ਨਾਮ ਜਪਦਾ ਰਹਿੰਦਾ ਹੈ । ਹੇ ਭਾਈ! ਹਰਿ-ਪ੍ਰਭੂ ਨੇ ਜਿਨ੍ਹਾਂ ਮਨੁੱਖਾਂ ਉਤੇ ਮੇਹਰ ਕੀਤੀ, ਉਹਨਾਂ ਨੂੰ ਉਸ ਨੇ ਗੁਰੂ ਦੀ ਸੇਵਾ ਵਿਚ ਜੋੜ ਦਿੱਤਾ ।

ਹੇ ਹਰੀ! ਮੈਨੂੰ ਗੁਰੂ ਦੇ ਚਰਨਾਂ ਵਿਚ ਰੱਖ, ਗੁਰੂ ਦੇ ਚਰਨਾਂ ਵਿਚ ਰੱਖ, ਗੁਰੂ ਦੇ ਚਰਨ ਮੈਨੂੰ ਪਿਆਰੇ ਲੱਗਦੇ ਹਨ ।੧। ਹੇ ਭਾਈ! ਮੈਨੂੰ ਮੇਰਾ ਗੁਰੂ ਬਹੁਤ ਪਿਆਰਾ ਲੱਗਦਾ ਹੈ, ਗੁਰੂ ਤੋਂ ਬਿਨਾ ਮੈਥੋਂ ਰਿਹਾ ਨਹੀਂ ਜਾ ਸਕਦਾ । ਗੁਰੂ ਮੈਨੂੰ ਉਹ ਹਰਿ-ਨਾਮ ਦੇਂਦਾ ਹੈ ਜੇਹੜਾ ਅੰਤ ਵੇਲੇ ਮੇਰਾ ਸਾਥੀ ਬਣੇਗਾ । ਗੁਰੂ ਨੇ ਉਹ ਹਰਿ-ਨਾਮ ਮੇਰੇ ਹਿਰਦੇ ਵਿਚ ਪੱਕਾ ਕਰ ਦਿੱਤਾ ਹੈ ਜੇਹੜਾ ਅਖ਼ੀਰ ਵੇਲੇ ਮੇਰਾ ਮਿੱਤਰ ਬਣਨ ਵਾਲਾ ਹੈ, ਜਿਸ ਥਾਂ ਪੁਤ੍ਰ ਇਸਤ੍ਰੀ ਕੋਈ ਭੀ ਮਦਦਗਾਰ ਨਹੀਂ ਬਣਦਾ, ਉਥੇ ਹਰਿ-ਨਾਮ ਨੇ ਹੀ (ਜੀਵ ਨੂੰ ਬਿਪਤਾ ਤੋਂ) ਛੁਡਾਣਾ ਹੈ । ਧੰਨ ਹੈ ਗੁਰੂ, ਗੁਰੂ ਨਿਰਲੇਪ ਪਰਮਾਤਮਾ ਦਾ ਰੂਪ ਹੈ, ਉਸ ਗੁਰੂ ਵਿਚ ਲੀਨ ਹੋ ਕੇ ਮੈਂ ਪਰਮਾਤਮਾ ਦਾ ਨਾਮ ਸਿਮਰਦਾ ਹਾਂ । ਹੇ ਭਾਈ! ਮੈਨੂੰ ਗੁਰੂ ਬਹੁਤ ਪਿਆਰਾ ਲੱਗਦਾ ਹੈ, ਗੁਰੂ ਤੋਂ ਬਿਨਾ ਮੈਂ ਰਹਿ ਨਹੀਂ ਸਕਦਾ ।੨।

ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਗੁਰੂ ਮਹਾਪੁਰਖ ਦਾ ਦਰਸਨ ਨਹੀਂ ਕੀਤਾ, ਉਹਨਾਂ ਦਾ ਜਨਮ ਬੇ-ਫ਼ਾਇਦਾ ਗਿਆ, ਉਹਨਾਂ ਨੇ ਸਾਰਾ ਮਨੁੱਖਾ ਜੀਵਨ ਵਿਅਰਥ ਗਵਾ ਲਿਆ । ਉਹਨਾਂ ਨੇ ਆਪਣਾ ਜਨਮ ਵਿਅਰਥ ਅਕਾਰਥ ਗਵਾ ਲਿਆ, ਪਰਮਾਤਮਾ ਨਾਲੋਂ ਟੁੱਟੇ ਹੋਏ ਉਹ ਮਨੁੱਖ ਆਤਮਕ ਮੌਤੇ ਮਰ ਗਏ, ਆਤਮਕ ਮੌਤ ਸਹੇੜ ਕੇ ਉਹ (ਸਾਰੀ ਉਮਰ) ਦੁੱਖੀ ਹੀ ਰਹੇ । ਹਿਰਦੇ-ਘਰ ਵਿਚ ਕੀਮਤੀ ਨਾਮ-ਰਤਨ ਹੁੰਦਿਆਂ ਭੀ ਉਹ ਬਦ-ਨਸੀਬ ਮਰੂੰ-ਮਰੂੰ ਕਰਦੇ ਰਹੇ, ਤੇ, ਪਰਮਾਤਮਾ ਤੋਂ ਵਿਛੁੜੇ ਰਹੇ । ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਨਹੀਂ ਸਿਮਰਿਆ, ਜਿਨ੍ਹਾਂ ਨੇ ਗੁਰੂ ਮਹਾਪੁਰਖ ਦਾ ਦਰਸਨ ਨਹੀਂ ਕੀਤਾ, ਰੱਬ ਕਰ ਕੇ ਤੁਸਾਂ ਉਹਨਾਂ ਦਾ ਦਰਸਨ ਨਾਹ ਕਰਨਾ ।੩।

(ਹੇ ਭਾਈ! ਪਰਮਾਤਮਾ ਸਾਡਾ ਬੱਦਲ ਹੈ) ਅਸੀ ਨਿਮਾਣੇ ਪਪੀਹੇ ਹਾਂ (ਮੈਂ ਨਿਮਾਣਾ ਪਪੀਹਾ ਹਾਂ), ਮੈਂ ਨਿਮਾਣਾ ਪਪੀਹਾ ਹਾਂ), ਮੈਂ ਪਰਮਾਤਮਾ ਪਾਸ ਬੇਨਤੀ ਕਰਦਾ ਹਾਂ ਕਿ ਮੈਨੂੰ ਮੇਰਾ ਪਿਆਰਾ ਗੁਰੂ ਮਿਲਾ, ਗੁਰੂ ਸਤਿਗੁਰੂ ਨੂੰ ਮਿਲ ਕੇ ਮੈਂ ਪਰਮਾਤਮਾ ਦੀ ਭਗਤੀ ਕਰਾਂਗਾ । ਹੇ ਭਾਈ! ਗੁਰੂ ਨੂੰ ਮਿਲ ਕੇ ਪਰਮਾਤਮਾ ਦੀ ਭਗਤੀ ਅਸੀ ਤਦੋਂ ਹੀ ਕਰ ਸਕਦੇ ਹਾਂ ਜਦੋਂ ਪਰਮਾਤਮਾ ਕਿਰਪਾ ਕਰਦਾ ਹੈ । ਗੁਰੂ ਤੋਂ ਬਿਨਾ ਮੈਨੂੰ ਕੋਈ ਹੋਰ ਮਦਦਗਾਰ ਨਹੀਂ ਦਿੱਸਦਾ, ਗੁਰੂ ਹੀ ਮੇਰੀ ਜ਼ਿੰਦਗੀ (ਦਾ ਆਸਰਾ) ਹੈ । ਹੇ ਨਾਨਕ! ਆਖ—ਗੁਰੂ ਨੇ ਹੀ ਪਰਮਾਤਮਾ ਦਾ ਸਦਾ ਕਾਇਮ ਰਹਿਣ ਵਾਲਾ ਨਾਮ (ਮੇਰੇ) ਹਿਰਦੇ ਵਿਚ ਪੱਕਾ ਕੀਤਾ ਹੈ । ਮੈਂ ਪਪੀਹਾ ਹਾਂ (ਪਰਮਾਤਮਾ ਮੇਰਾ ਬੱਦਲ ਹੈ) ਮੈਂ ਪਰਮਾਤਮਾ ਪਾਸ ਬੇਨਤੀ ਕਰਦਾ ਹਾਂ (ਕਿ ਮੈਨੂੰ ਗੁਰੂ ਮਿਲਾ) ।੪।੩।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਹਰਿਆਣਾ 'ਚ ਵੋਟਾਂ ਵਿਚਾਲੇ ਸਾਬਕਾ MLA ਦੇ ਪਾੜੇ ਕੱਪੜੇ, ਸਾਥੀਆਂ ਨੂੰ ਬੁਰੀ ਤਰ੍ਹਾਂ ਕੁੱਟਿਆ

05 Oct 2024 1:20 PM

ਹਰਿਆਣਾ 'ਚ ਵੋਟਾਂ ਵਿਚਾਲੇ ਸਾਬਕਾ MLA ਦੇ ਪਾੜੇ ਕੱਪੜੇ, ਸਾਥੀਆਂ ਨੂੰ ਬੁਰੀ ਤਰ੍ਹਾਂ ਕੁੱਟਿਆ

05 Oct 2024 1:18 PM

Polling booth ਦੇ ਬਾਹਰ ਮਿਲੀ ਸ਼ੱਕੀ ਗੱਡੀ, ਜਦੋਂ Police ਨੇ ਕੀਤੀ ਤਾਂ ਨਿਕਲੇ ਹਥਿਆਰ, ਦੇਖੋ ਤਸਵੀਰਾਂ

05 Oct 2024 1:15 PM

'ਆਪਣੇ ਖਾਸ ਬੰਦਿਆਂ ਨੂੰ ਦਿੱਤੀਆਂ ਜਾ ਰਹੀਆਂ NOC' ਲੋਕਾਂ ਨੇ BDPO Office 'ਚ ਕੀਤਾ Hungama ਭਖ ਗਿਆ ਮਾਹੌਲ

04 Oct 2024 12:25 PM

Canada ਚੋਂ 1 Lakh ਤੋਂ ਵੱਧ Students December 'ਚ ਹੋ ਸਕਦੇ ਨੇ Deport- ਸਖ਼ਤੀ ਕਰਕੇ ਨਹੀਂ ਮਿਲ ਰਿਹਾ Work Visa

04 Oct 2024 12:18 PM
Advertisement