
ਰਾਮਕਲੀ ਮਹਲਾ ੫ ॥
ਰਾਮਕਲੀ ਮਹਲਾ ੫ ॥
ਤਨ ਤੇ ਛੁਟਕੀ ਅਪਨੀ ਧਾਰੀ ॥
ਪ੍ਰਭ ਕੀ ਆਗਿਆ ਲਗੀ ਪਿਆਰੀ ॥
ਜੋ ਕਿਛੁ ਕਰੈ ਸੁ ਮਨਿ ਮੇਰੈ ਮੀਠਾ ॥
ਤਾ ਇਹੁ ਅਚਰਜੁ ਨੈਨਹੁ ਡੀਠਾ ॥੧॥
ਅਬ ਮੋਹਿ ਜਾਨੀ ਰੇ ਮੇਰੀ ਗਈ ਬਲਾਇ ॥
ਬੁਝਿ ਗਈ ਤ੍ਰਿਸਨ ਨਿਵਾਰੀ ਮਮਤਾ ਗੁਰਿ ਪੂਰੈ ਲੀਓ ਸਮਝਾਇ ॥੧॥ ਰਹਾਉ ॥
ਕਰਿ ਕਿਰਪਾ ਰਾਖਿਓ ਗੁਰਿ ਸਰਨਾ ॥
ਗੁਰਿ ਪਕਰਾਏ ਹਰਿ ਕੇ ਚਰਨਾ ॥
ਬੀਸ ਬਿਸੁਏ ਜਾ ਮਨ ਠਹਰਾਨੇ ॥
ਗੁਰ ਪਾਰਬ੍ਰਹਮ ਏਕੈ ਹੀ ਜਾਨੇ ॥੨॥
ਜੋ ਜੋ ਕੀਨੋ ਹਮ ਤਿਸ ਕੇ ਦਾਸ ॥
ਪ੍ਰਭ ਮੇਰੇ ਕੋ ਸਗਲ ਨਿਵਾਸ ॥
ਨਾ ਕੋ ਦੂਤੁ ਨਹੀ ਬੈਰਾਈ ॥
ਗਲਿ ਮਿਲਿ ਚਾਲੇ ਏਕੈ ਭਾਈ ॥੩॥
ਜਾ ਕਉ ਗੁਰਿ ਹਰਿ ਦੀਏ ਸੂਖਾ ॥
ਤਾ ਕਉ ਬਹੁਰਿ ਨ ਲਾਗਹਿ ਦੂਖਾ ॥
ਆਪੇ ਆਪਿ ਸਰਬ ਪ੍ਰਤਿਪਾਲ ॥
ਨਾਨਕ ਰਾਤਉ ਰੰਗਿ ਗੋਪਾਲ ॥੪॥੫॥੧੬॥
ਬੁੱਧਵਾਰ, ੨੯ ਪੋਹ (ਸੰਮਤ ੫੫੩ ਨਾਨਕਸ਼ਾਹੀ) (ਅੰਗ: ੮੮੭)
ਪੰਜਾਬੀ ਵਿਆਖਿਆ :
ਰਾਮਕਲੀ ਮਹਲਾ ੫ ॥
ਹੇ ਭਾਈ! ਹੁਣ ਮੈਂ (ਆਤਮਕ ਜੀਵਨ ਦੀ ਮਰਯਾਦਾ) ਸਮਝ ਲਈ ਹੈ, ਮੇਰੇ ਅੰਦਰੋਂ (ਚਿਰਾਂ ਦੀ ਚੰਬੜੀ ਹੋਈ ਮਮਤਾ ਦੀ) ਡੈਣ ਨਿਕਲ ਗਈ ਹੈ । ਪੂਰੇ ਗੁਰੂ ਨੇ ਮੈਨੂੰ (ਜੀਵਨ ਦੀ) ਸੂਝ ਬਖ਼ਸ਼ ਦਿੱਤੀ ਹੈ । (ਮੇਰੇ ਅੰਦਰੋਂ) ਮਾਇਆ ਦੇ ਲਾਲਚ ਦੀ ਅੱਗ ਬੁੱਝ ਗਈ ਹੈ, ਗੁਰੂ ਨੇ ਮੇਰਾ ਮਾਇਆ ਦਾ ਮੋਹ ਦੂਰ ਕਰ ਦਿੱਤਾ ਹੈ ।੧।ਰਹਾਉ।(ਹੇ ਭਾਈ! ਗੁਰੂ ਦੀ ਕਿਰਪਾ ਨਾਲ) ਮੇਰੇ ਸਰੀਰ ਵਿਚੋਂ ਇਹ ਮਿੱਥ ਮੁੱਕ ਗਈ ਹੈ ਕਿ ਇਹ ਸਰੀਰ ਮੇਰਾ ਹੈ, ਇਹ ਸਰੀਰ ਮੇਰਾ ਹੈ । ਹੁਣ ਮੈਨੂੰ ਪਰਮਾਤਮਾ ਦੀ ਰਜ਼ਾ ਮਿੱਠੀ ਲੱਗਣ ਲੱਗ ਪਈ ਹੈ । ਜੋ ਕੁਝ ਪਰਮਾਤਮਾ ਕਰਦਾ ਹੈ, ਉਹ (ਹੁਣ) ਮੇਰੇ ਮਨ ਵਿਚ ਮਿੱਠਾ ਲੱਗ ਰਿਹਾ ਹੈ । (ਇਸ ਆਤਮਕ ਤਬਦੀਲੀ ਦਾ) ਇਹ ਅਚਰਜ ਤਮਾਸ਼ਾ ਮੈਂ ਪਰਤੱਖ ਵੇਖ ਲਿਆ ਹੈ ।੧।
(ਹੇ ਭਾਈ! ਗੁਰੂ ਨੇ ਮੇਹਰ ਕਰ ਕੇ ਮੈਨੂੰ ਆਪਣੀ ਸਰਨ ਵਿਚ ਰੱਖਿਆ ਹੋਇਆ ਹੈ । ਗੁਰੂ ਨੇ ਪ੍ਰਭੂ ਦੇ ਚਰਨ ਫੜਾ ਦਿੱਤੇ ਹਨ । ਹੁਣ ਜਦੋਂ ਮੇਰਾ ਮਨ ਪੂਰੇ ਤੌਰ ਤੇ ਠਹਿਰ ਗਿਆ ਹੈ, (ਟਿਕ ਗਿਆ ਹੈ), ਮੈਨੂੰ ਗੁਰੂ ਅਤੇ ਪਰਮਾਤਮਾ ਇੱਕ-ਰੂਪ ਦਿੱਸ ਰਹੇ ਹਨ ।੨।(ਹੇ ਭਾਈ! ਗੁਰੂ ਦੀ ਕਿਰਪਾ ਨਾਲ ਮੈਨੂੰ ਦਿੱਸ ਪਿਆ ਹੈ ਕਿ) ਸਾਰੇ ਹੀ ਜੀਵਾਂ ਵਿਚ ਮੇਰੇ ਪਰਮਾਤਮਾ ਦਾ ਨਿਵਾਸ ਹੈ, (ਇਸ ਵਾਸਤੇ) ਜੇਹੜਾ ਜੇਹੜਾ ਜੀਵ ਪਰਮਾਤਮਾ ਨੇ ਪੈਦਾ ਕੀਤਾ ਹੈ ਮੈਂ ਹਰੇਕ ਦਾ ਸੇਵਕ ਬਣ ਗਿਆ ਹਾਂ । ਮੈਨੂੰ ਕੋਈ ਭੀ ਜੀਵ ਆਪਣਾ ਦੁਸ਼ਮਨ ਵੈਰੀ ਨਹੀਂ ਦਿੱਸਦਾ । ਹੁਣ ਮੈਂ ਸਭਨਾਂ ਦੇ ਗਲ ਨਾਲ ਮਿਲ ਕੇ ਤੁਰਦਾ ਹਾਂ (ਜਿਵੇਂ ਅਸੀ) ਇੱਕੋ ਪਿਤਾ (ਦੇ ਪੁੱਤਰ) ਭਰਾ ਹਾਂ ।੩।ਹੇ ਨਾਨਕ! ਜਿਸ ਮਨੁੱਖ ਨੂੰ ਗੁਰੂ ਨੇ ਪ੍ਰਭੂ ਨੇ (ਇਹ) ਸੁਖ ਦੇ ਦਿੱਤੇ, ਉਸ ਉੱਤੇ ਦੁੱਖ ਮੁੜ ਆਪਣਾ ਜ਼ੋਰ ਨਹੀਂ ਪਾ ਸਕਦੇ । (ਉਸ ਨੂੰ ਇਹ ਦਿੱਸ ਪੈਂਦਾ ਹੈ ਕਿ) ਪਰਮਾਤਮਾ ਆਪ ਹੀ ਸਭਨਾਂ ਦੀ ਪਾਲਣਾ ਕਰਨ ਵਾਲਾ ਹੈ । ਉਹ ਮਨੁੱਖ ਸ੍ਰਿਸ਼ਟੀ ਦੇ ਰੱਖਿਅਕ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗਿਆ ਰਹਿੰਦਾ ਹੈ ।੪।੫।੧੬।