ਅੱਜ ਦਾ ਹੁਕਮਨਾਮਾ (14 ਦਸੰਬਰ 2022)

By : GAGANDEEP

Published : Dec 14, 2022, 7:07 am IST
Updated : Dec 14, 2022, 7:08 am IST
SHARE ARTICLE
 Hukamnama Sahib
Hukamnama Sahib

ਸੂਹੀ ਮਹਲਾ ੩ ॥

 

ਸੂਹੀ ਮਹਲਾ ੩ ॥

ਕਾਇਆ ਕਾਮਣਿ ਅਤਿ ਸੁਆਲਿੑਉ ਪਿਰੁ ਵਸੈ ਜਿਸੁ ਨਾਲੇ ॥

ਪਿਰ ਸਚੇ ਤੇ ਸਦਾ ਸੁਹਾਗਣਿ ਗੁਰ ਕਾ ਸਬਦੁ ਸਮੑਾਲੇ ॥

ਹਰਿ ਕੀ ਭਗਤਿ ਸਦਾ ਰੰਗਿ ਰਾਤਾ ਹਉਮੈ ਵਿਚਹੁ ਜਾਲੇ ॥੧॥

ਵਾਹੁ ਵਾਹੁ ਪੂਰੇ ਗੁਰ ਕੀ ਬਾਣੀ ॥

ਪੂਰੇ ਗੁਰ ਤੇ ਉਪਜੀ ਸਾਚਿ ਸਮਾਣੀ ॥੧॥ ਰਹਾਉ ॥

ਕਾਇਆ ਅੰਦਰਿ ਸਭੁ ਕਿਛੁ ਵਸੈ ਖੰਡ ਮੰਡਲ ਪਾਤਾਲਾ ॥

ਕਾਇਆ ਅੰਦਰਿ ਜਗਜੀਵਨ ਦਾਤਾ ਵਸੈ ਸਭਨਾ ਕਰੇ ਪ੍ਰਤਿਪਾਲਾ ॥

ਕਾਇਆ ਕਾਮਣਿ ਸਦਾ ਸੁਹੇਲੀ ਗੁਰਮੁਖਿ ਨਾਮੁ ਸਮੑਾਲਾ ॥੨॥

ਕਾਇਆ ਅੰਦਰਿ ਆਪੇ ਵਸੈ ਅਲਖੁ ਨ ਲਖਿਆ ਜਾਈ ॥

ਮਨਮੁਖੁ ਮੁਗਧੁ ਬੂਝੈ ਨਾਹੀ ਬਾਹਰਿ ਭਾਲਣਿ ਜਾਈ ॥

ਸਤਿਗੁਰੁ ਸੇਵੇ ਸਦਾ ਸੁਖੁ ਪਾਏ ਸਤਿਗੁਰਿ ਅਲਖੁ ਦਿਤਾ ਲਖਾਈ ॥੩॥

ਕਾਇਆ ਅੰਦਰਿ ਰਤਨ ਪਦਾਰਥ ਭਗਤਿ ਭਰੇ ਭੰਡਾਰਾ ॥

ਇਸੁ ਕਾਇਆ ਅੰਦਰਿ ਨਉਖੰਡ ਪ੍ਰਿਥਮੀ ਹਾਟ ਪਟਣ ਬਾਜਾਰਾ ॥

ਇਸੁ ਕਾਇਆ ਅੰਦਰਿ ਨਾਮੁ ਨਉ ਨਿਧਿ ਪਾਈਐ ਗੁਰ ਕੈ ਸਬਦਿ ਵੀਚਾਰਾ ॥੪॥

ਕਾਇਆ ਅੰਦਰਿ ਤੋਲਿ ਤੁਲਾਵੈ ਆਪੇ ਤੋਲਣਹਾਰਾ ॥

ਇਹੁ ਮਨੁ ਰਤਨੁ ਜਵਾਹਰ ਮਾਣਕੁ ਤਿਸ ਕਾ ਮੋਲੁ ਅਫਾਰਾ ॥

ਮੋਲਿ ਕਿਤ ਹੀ ਨਾਮੁ ਪਾਈਐ ਨਾਹੀ ਨਾਮੁ ਪਾਈਐ ਗੁਰ ਬੀਚਾਰਾ ॥੫॥

ਗੁਰਮੁਖਿ ਹੋਵੈ ਸੁ ਕਾਇਆ ਖੋਜੈ ਹੋਰ ਸਭ ਭਰਮਿ ਭੁਲਾਈ ॥

ਜਿਸ ਨੋ ਦੇਇ ਸੋਈ ਜਨੁ ਪਾਵੈ ਹੋਰ ਕਿਆ ਕੋ ਕਰੇ ਚਤੁਰਾਈ ॥

ਕਾਇਆ ਅੰਦਰਿ ਭਉ ਭਾਉ ਵਸੈ ਗੁਰ ਪਰਸਾਦੀ ਪਾਈ ॥੬॥

ਕਾਇਆ ਅੰਦਰਿ ਬ੍ਰਹਮਾ ਬਿਸਨੁ ਮਹੇਸਾ ਸਭ ਓਪਤਿ ਜਿਤੁ ਸੰਸਾਰਾ ॥

ਸਚੈ ਆਪਣਾ ਖੇਲੁ ਰਚਾਇਆ ਆਵਾ ਗਉਣੁ ਪਾਸਾਰਾ ॥

ਪੂਰੈ ਸਤਿਗੁਰਿ ਆਪਿ ਦਿਖਾਇਆ ਸਚਿ ਨਾਮਿ ਨਿਸਤਾਰਾ ॥੭॥

ਸਾ ਕਾਇਆ ਜੋ ਸਤਿਗੁਰੁ ਸੇਵੈ ਸਚੈ ਆਪਿ ਸਵਾਰੀ ॥

ਵਿਣੁ ਨਾਵੈ ਦਰਿ ਢੋਈ ਨਾਹੀ ਤਾ ਜਮੁ ਕਰੇ ਖੁਆਰੀ ॥

ਨਾਨਕ ਸਚੁ ਵਡਿਆਈ ਪਾਏ ਜਿਸ ਨੋ ਹਰਿ ਕਿਰਪਾ ਧਾਰੀ ॥੮॥੨॥

ਬੁੱਧਵਾਰ, ੨੯ ਮੱਘਰ (ਸੰਮਤ ੫੫੪ ਨਾਨਕਸ਼ਾਹੀ) (ਅੰਗ: ੭੫੪)

ਪੰਜਾਬੀ ਵਿਆਖਿਆ:

ਸੂਹੀ ਮਹਲਾ ੩ ॥

ਹੇ ਭਾਈ! ਗੁਰੂ ਦੀ ਬਾਣੀ ਦੀ ਬਰਕਤਿ ਨਾਲ ਜਿਸ ਕਾਂਇਆਂ ਵਿਚ ਪ੍ਰਭੂ-ਪਤੀ ਆ ਵੱਸਦਾ ਹੈ, ਉਹ ਕਾਂਇਆਂ-ਇਸਤ੍ਰੀ ਬਹੁਤ ਸੁੰਦਰ ਬਣ ਜਾਂਦੀ ਹੈ। ਜੇਹੜੀ ਜੀਵ-ਇਸਤ੍ਰੀ ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ ਵਿਚ ਵਸਾਉਂਦੀ ਹੈ, ਸਦਾ-ਥਿਰ ਪ੍ਰਭੂ-ਪਤੀ ਦੇ ਮਿਲਾਪ ਦੇ ਕਾਰਨ ਉਹ ਸਦਾ ਲਈ ਸੁਹਾਗ ਭਾਗ ਵਾਲੀ ਬਣ ਜਾਂਦੀ ਹੈ। ਹੇ ਭਾਈ! ਬਾਣੀ ਦੀ ਬਰਕਤਿ ਨਾਲ ਜੇਹੜਾ ਮਨੁੱਖ ਆਪਣੇ ਅੰਦਰੋਂ ਹਉਮੈ ਸਾੜ ਲੈਂਦਾ ਹੈ, ਉਹ ਸਦਾ ਵਾਸਤੇ ਪਰਮਾਤਮਾ ਦੀ ਭਗਤੀ ਦੇ ਰੰਗ ਵਿਚ ਰੰਗਿਆ ਜਾਂਦਾ ਹੈ।੧। ਹੇ ਭਾਈ! ਪੂਰੇ ਗੁਰੂ ਦੀ ਬਾਣੀ ਧੰਨ ਹੈ ਧੰਨ ਹੈ । ਇਹ “ਬਾਣੀ ਪੂਰੇ ਗੁਰੂ ਦੇ ਹਿਰਦੇ ਵਿਚੋਂ ਪੈਦਾ ਹੁੰਦੀ ਹੈ, ਅਤੇ ਜੇਹੜਾ ਮਨੁੱਖ ਇਸ ਨੂੰ ਆਪਣੇ ਹਿਰਦੇ ਵਿਚ ਵਸਾਉਂਦਾ ਹੈ ਉਸ ਨੂੰ ਸਦਾ ਥਿਰ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਕਰ ਦੇਂਦੀ ਹੈ।੧। ਰਹਾਉ। ਹੇ ਭਾਈ! ਖੰਡਾਂ, ਮੰਡਲਾਂ, ਪਾਤਾਲਾਂ ਸਾਰੇ ਜਗਤ ਦਾ ਹਰੇਕ ਸੁਖ ਉਸ ਸਰੀਰ ਦੇ ਅੰਦਰ ਆ ਵੱਸਦਾ ਹੈ, ਜਿਸ ਸਰੀਰ ਵਿਚ ਜਗਤ ਦਾ ਜੀਵਨ ਉਹ ਦਾਤਾਰ-ਪ੍ਰਭੂ ਪਰਗਟ ਹੋ ਜਾਂਦਾ ਹੈ ਜੋ ਸਾਰੇ ਜੀਵਾਂ ਦੀ ਪਾਲਣਾ ਕਰਦਾ ਹੈ। ਜੇਹੜਾ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਉਂਦਾ ਹੈ ਉਸ ਦੀ ਕਾਂਇਆਂ-ਇਸਤ੍ਰੀ ਸਦਾ ਸੁਖੀ ਰਹਿੰਦੀ ਹੈ।੨। ਹੇ ਭਾਈ! ਇਸ ਸਰੀਰ ਵਿਚ ਪ੍ਰਭੂ ਆਪ ਹੀ ਵੱਸਦਾ ਹੈ, ਪਰ ਉਹ ਅਦ੍ਰਿਸ਼ਟ ਹੈ ਸਧਾਰਨ ਤੌਰ ਤੇ ਵੇਖਿਆ ਨਹੀਂ ਜਾ ਸਕਦਾ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮੂਰਖ ਮਨੁੱਖ ਇਹ ਭੇਤ ਨਹੀਂ ਸਮਝਦਾ, ਉਸ ਪ੍ਰਭੂ ਨੂੰ ਬਾਹਰ ਜੰਗਲ ਆਦਿਕ ਵਿਚ ਲੱਭਣ ਤੁਰ ਪੈਂਦਾ ਹੈ। ਜੇਹੜਾ ਮਨੁੱਖ ਗੁਰੂ ਦੀ ਸ਼ਰਨ ਆ ਪੈਂਦਾ ਹੈ, ਉਹ ਸਦਾ ਆਤਮਕ ਆਨੰਦ ਮਾਣਦਾ ਹੈ ਕਿਉਂਕਿ ਜੇਹੜਾ ਭੀ ਮਨੁੱਖ ਗੁਰੂ ਦੀ ਸ਼ਰਨ ਆ ਪਿਆ ਗੁਰੂ ਨੇ ਉਸ ਨੂੰ ਅਦ੍ਰਿਸ਼ਟ ਪਰਮਾਤਮਾ ਉਸ ਦੇ ਅੰਦਰ ਵੱਸਦਾ ਵਿਖਾ ਦਿੱਤਾ।੩। ਹੇ ਭਾਈ! ਪਰਮਾਤਮਾ ਦੀ ਭਗਤੀ ਮਾਨੋ ਰਤਨ ਪਦਾਰਥ ਹੈ ਇਹਨਾਂ ਰਤਨਾਂ ਪਦਾਰਥਾਂ ਦੇ ਖ਼ਜ਼ਾਨੇ ਇਸ ਮਨੁੱਖ ਸਰੀਰ ਵਿਚ ਭਰੇ ਪਏ ਹਨ। ਇਸ ਸਰੀਰ ਦੇ ਅੰਦਰ ਹੀ ਮਾਨੋ ਸਾਰੀ ਧਰਤੀ ਦੇ ਹੱਟ ਬਾਜ਼ਾਰ ਤੇ ਸ਼ਹਿਰ ਵੱਸ ਰਹੇ ਹਨ। ਗੁਰੂ ਦੀ ਬਾਣੀ ਦੀ ਬਰਕਤਿ ਨਾਲ ਮਨੁੱਖ ਅੰਦਰ ਹੀ ਨਾਮ ਧਨ ਵਿਹਾਝਦਾ ਹੈ। ਗੁਰੂ ਦੇ ਸ਼ਬਦ ਦੇ ਰਾਹੀਂ ਵਿਚਾਰ ਕਰ ਕੇ ਇਸ ਸਰੀਰ ਦੇ ਵਿਚੋਂ ਹੀ ਪਰਮਾਤਮਾ ਦਾ ਨਾਮ ਪ੍ਰਾਪਤ ਹੋ ਜਾਂਦਾ ਹੈ ਜੇਹੜਾ ਮਾਨੋ ਧਰਤੀ ਦੇ ਨੌ ਹੀ ਖ਼ਜ਼ਾਨੇ ਹੈ।੪। ਹੇ ਭਾਈ! ਇਸ ਮਨੁੁੱਖਾ ਸਰੀਰ ਵਿਚ ਨਾਮ-ਰਤਨ ਦੀ ਪਰਖ ਕਰਨ ਵਾਲਾ ਪ੍ਰਭੂ ਆਪ ਹੀ ਵੱਸਦਾ ਹੈ, ਉਹ ਆਪ ਪਰਖ ਕਰ ਕੇ ਨਾਮ-ਰਤਨ ਦੀ ਪਰਖ ਦੀ ਜਾਚ ਸਿਖਾਉਂਦਾ ਹੈ, ਜਿਸ ਮਨੁੱਖ ਨੂੰ ਜਾਚ ਸਿਖਾ ਦੇਂਦਾ ਹੈ, ਉਸ ਦਾ ਇਹ ਮਨ ਮਾਨੋ ਰਤਨ ਵਰਗਾ ਜਵਾਹਰ ਮੋਤੀ ਵਰਗਾ ਕੀਮਤੀ ਬਣ ਜਾਂਦਾ ਹੈ। ਇਤਨਾ ਕੀਮਤੀ ਬਣ ਜਾਂਦਾ ਹੈ ਕਿ ਉਸ ਦਾ ਮੁੱਲ ਨਹੀਂ ਪੈ ਸਕਦਾ। ਉਸ ਮਨੁੱਖ ਨੂੰ ਸਮਝ ਪੈ ਜਾਂਦੀ ਹੈ ਕਿ ਪਰਮਾਤਮਾ ਦਾ ਨਾਮ ਕਿਸੇ ਦੁਨੀਆਵੀ ਕੀਮਤ ਨਾਲ ਨਹੀਂ ਮਿਲ ਸਕਦਾ।ਸਤਿਗੁਰੂ ਦੀ ਬਾਣੀ ਦੀ ਵਿਚਾਰ ਦੀ ਬਰਕਤਿ ਨਾਲ ਪਰਮਾਤਮਾ ਦਾ ਨਾਮ ਮਿਲਦਾ ਹੈ।੫। ਹੇ ਭਾਈ! ਜੇਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ ਉਹ ਪਰਮਾਤਮਾ ਦੇ ਨਾਮ ਦੀ ਪ੍ਰਾਪਤੀ ਵਾਸਤੇ ਆਪਣੇ ਸਰੀਰ ਨੂੰ ਹੀ ਖੋਜਦਾ ਹੈ। ਬਾਕੀ ਦੀ ਲੁਕਾਈ ਭਟਕਣਾ ਵਿਚ ਪੈ ਕੇ ਕੁਰਾਹੇ ਪਈ ਰਹਿੰਦੀ ਹੈ। ਪਰਮਾਤਮਾ ਆਪ ਜਿਸ ਮਨੁੱਖ ਨੂੰ ਆਪਣੇ ਨਾਮ ਦੀ ਦਾਤਿ ਦੇਂਦਾ ਹੈ, ਉਹੀ ਮਨੁੱਖ ਪ੍ਰਾਪਤ ਕਰਦਾ ਹੈ। ਕੋਈ ਭੀ ਮਨੁੱਖ ਗੁਰੂ ਦੀ ਸ਼ਰਨ ਤੋਂ ਬਿਨਾ ਹੋਰ ਕੋਈ ਸਿਆਣਪ ਨਹੀਂ ਕਰ ਸਕਦਾ ਜਿਸ ਨਾਲ ਨਾਮ ਪ੍ਰਾਪਤ ਕਰ ਸਕੇ। ਗੁਰੂ ਦੀ ਕਿਰਪਾ ਨਾਲ ਹੀ ਨਾਮ ਪ੍ਰਾਪਤ ਹੁੰਦਾ ਹੈ। ਜਿਸ ਨੂੰ ਪ੍ਰਾਪਤ ਹੁੰਦਾ ਹੈ ਉਸ ਦੇ ਸਰੀਰ ਵਿਚ ਪਰਮਾਤਮਾ ਦਾ ਡਰ-ਅਦਬ ਅਤੇ ਪਿਆਰ ਆ ਵੱਸਦਾ ਹੈ।੬। ਹੇ ਭਾਈ! ਇਸ ਸਰੀਰ ਵਿਚ ਉਹ ਪਰਮਾਤਮਾ ਵੱਸ ਰਿਹਾ ਹੈ, ਜਿਸ ਤੋਂ ਬ੍ਰਹਮਾ, ਬਿਸ਼ਨ, ਸ਼ਿਵ ਅਤੇ ਹੋਰ ਸਾਰੀ ਸ੍ਰਿਸ਼ਟੀ ਦੀ ਉਤਪੱਤੀ ਹੋਈ ਹੈ। ਸਦਾ-ਥਿਰ ਪ੍ਰਭੂ ਨੇ ਇਹ ਜਗਤ ਆਪਣਾ ਇਕ ਤਮਾਸ਼ਾ ਰਚਿਆ ਹੋਇਆ ਹੈ ਇਹ ਜੰਮਣ ਮਰਨ ਇਕ ਖਿਲਾਰਾ ਖਿਲਾਰ ਦਿੱਤਾ ਹੈ। ਜਿਸ ਮਨੁੱਖ ਨੂੰ ਪੂਰੇ ਗੁਰੂ ਨੇ ਇਹ ਅਸਲੀਅਤ ਵਿਖਾ ਦਿੱਤੀ, ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਜੁੜ ਕੇ ਉਸ ਮਨੁੱਖ ਦਾ ਪਾਰ-ਉਤਾਰਾ ਹੋ ਗਿਆ।੭। ਹੇ ਭਾਈ! ਉਹੀ ਸਰੀਰ ਸਫਲ ਹੈ ਜੇਹੜਾ ਗੁਰੂ ਦੀ ਸ਼ਰਨ ਪੈਂਦਾ ਹੈ। ਉਸ ਸਰੀਰ ਨੂੰ ਸਦਾ ਥਿਰ ਰਹਿਣ ਵਾਲੇ ਕਰਤਾਰ ਨੇ ਆਪ ਸੋਹਣਾ ਬਣਾ ਦਿੱਤਾ। ਪਰਮਾਤਮਾ ਦੇ ਨਾਮ ਤੋਂ ਬਿਨਾ ਪਰਮਾਤਮਾ ਦੇ ਦਰ ਤੇ ਖਲੋਣਾ ਨਹੀਂ ਮਿਲਦਾ। ਤਦੋਂ ਅਜੇਹੇ ਮਨੁੱਖ ਨੂੰ ਜਮਰਾਜ ਖ਼ੁਆਰ ਕਰਦਾ ਹੈ। ਹੇ ਨਾਨਕ! ਜਿਸ ਮਨੁੱਖ ਉਤੇ ਪਰਮਾਤਮਾ ਆਪ ਕਿਰਪਾ ਕਰਦਾ ਹੈ, ਉਸ ਨੂੰ ਆਪਣਾ ਸਦਾ-ਥਿਰ ਨਾਮ ਬਖ਼ਸ਼ਦਾ ਹੈ ਇਹੀ ਉਸ ਵਾਸਤੇ ਸਭ ਤੋਂ ਵਡੀ ਇੱਜ਼ਤ ਹੈ।੮।੨।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement