
ਰਾਮਕਲੀ ਮਹਲਾ ੧ ਦਖਣੀ ਓਅੰਕਾਰੁ
ਰਾਮਕਲੀ ਮਹਲਾ ੧ ਦਖਣੀ ਓਅੰਕਾਰੁ
ੴ ਸਤਿਗੁਰ ਪ੍ਰਸਾਦਿ ॥
ਸ੍ਰਿਸਟੇ ਭੇਉ ਨ ਜਾਣੈ ਕੋਇ ॥
ਸ੍ਰਿਸਟਾ ਕਰੈ ਸੁ ਨਿਹਚਉ ਹੋਇ ॥
ਸੰਪੈ ਕਉ ਈਸਰੁ ਧਿਆਈਐ ॥
ਸੰਪੈ ਪੁਰਬਿ ਲਿਖੇ ਕੀ ਪਾਈਐ ॥
ਸੰਪੈ ਕਾਰਣਿ ਚਾਕਰ ਚੋਰ ॥
ਸੰਪੈ ਸਾਥਿ ਨ ਚਾਲੈ ਹੋਰ ॥
ਬਿਨੁ ਸਾਚੇ ਨਹੀ ਦਰਗਹ ਮਾਨੁ ॥
ਹਰਿ ਰਸੁ ਪੀਵੈ ਛੁਟੈ ਨਿਦਾਨਿ ॥੫੦॥
ਹੇਰਤ ਹੇਰਤ ਹੇ ਸਖੀ ਹੋਇ ਰਹੀ ਹੈਰਾਨੁ ॥
ਹਉ ਹਉ ਕਰਤੀ ਮੈ ਮੁਈ ਸਬਦਿ ਰਵੈ ਮਨਿ ਗਿਆਨੁ ॥
ਹਾਰ ਡੋਰ ਕੰਕਨ ਘਣੇ ਕਰਿ ਥਾਕੀ ਸੀਗਾਰੁ ॥
ਮਿਲਿ ਪ੍ਰੀਤਮ ਸੁਖੁ ਪਾਇਆ ਸਗਲ ਗੁਣਾ ਗਲਿ ਹਾਰੁ ॥
ਨਾਨਕ ਗੁਰਮੁਖਿ ਪਾਈਐ ਹਰਿ ਸਿਉ ਪ੍ਰੀਤਿ ਪਿਆਰੁ ॥
ਹਰਿ ਬਿਨੁ ਕਿਨਿ ਸੁਖੁ ਪਾਇਆ ਦੇਖਹੁ ਮਨਿ ਬੀਚਾਰਿ ॥
ਹਰਿ ਪੜਣਾ ਹਰਿ ਬੁਝਣਾ ਹਰਿ ਸਿਉ ਰਖਹੁ ਪਿਆਰੁ ॥
ਹਰਿ ਜਪੀਐ ਹਰਿ ਧਿਆਈਐ ਹਰਿ ਕਾ ਨਾਮੁ ਅਧਾਰੁ ॥੫੧॥
ਲੇਖੁ ਨ ਮਿਟਈ ਹੇ ਸਖੀ ਜੋ ਲਿਖਿਆ ਕਰਤਾਰਿ ॥
ਆਪੇ ਕਾਰਣੁ ਜਿਨਿ ਕੀਆ ਕਰਿ ਕਿਰਪਾ ਪਗੁ ਧਾਰਿ ॥
ਕਰਤੇ ਹਥਿ ਵਡਿਆਈਆ ਬੂਝਹੁ ਗੁਰ ਬੀਚਾਰਿ ॥
ਲਿਖਿਆ ਫੇਰਿ ਨ ਸਕੀਐ ਜਿਉ ਭਾਵੀ ਤਿਉ ਸਾਰਿ ॥
ਨਦਰਿ ਤੇਰੀ ਸੁਖੁ ਪਾਇਆ ਨਾਨਕ ਸਬਦੁ ਵੀਚਾਰਿ ॥
ਮਨਮੁਖ ਭੂਲੇ ਪਚਿ ਮੁਏ ਉਬਰੇ ਗੁਰ ਬੀਚਾਰਿ ॥
ਜਿ ਪੁਰਖੁ ਨਦਰਿ ਨ ਆਵਈ ਤਿਸ ਕਾ ਕਿਆ ਕਰਿ ਕਹਿਆ ਜਾਇ ॥
ਬਲਿਹਾਰੀ ਗੁਰ ਆਪਣੇ ਜਿਨਿ ਹਿਰਦੈ ਦਿਤਾ ਦਿਖਾਇ ॥੫੨॥
ਪਾਧਾ ਪੜਿਆ ਆਖੀਐ ਬਿਦਿਆ ਬਿਚਰੈ ਸਹਜਿ ਸੁਭਾਇ ॥
ਬਿਦਿਆ ਸੋਧੈ ਤਤੁ ਲਹੈ ਰਾਮ ਨਾਮ ਲਿਵ ਲਾਇ ॥
ਮਨਮੁਖੁ ਬਿਦਿਆ ਬਿਕ੍ਰਦਾ ਬਿਖੁ ਖਟੇ ਬਿਖੁ ਖਾਇ ॥
ਮੂਰਖੁ ਸਬਦੁ ਨ ਚੀਨਈ ਸੂਝ ਬੂਝ ਨਹ ਕਾਇ ॥੫੩॥
ਪਾਧਾ ਗੁਰਮੁਖਿ ਆਖੀਐ ਚਾਟੜਿਆ ਮਤਿ ਦੇਇ ॥
ਨਾਮੁ ਸਮਾਲਹੁ ਨਾਮੁ ਸੰਗਰਹੁ ਲਾਹਾ ਜਗ ਮਹਿ ਲੇਇ ॥
ਸਚੀ ਪਟੀ ਸਚੁ ਮਨਿ ਪੜੀਐ ਸਬਦੁ ਸੁ ਸਾਰੁ ॥
ਨਾਨਕ ਸੋ ਪੜਿਆ ਸੋ ਪੰਡਿਤੁ ਬੀਨਾ ਜਿਸੁ ਰਾਮ ਨਾਮੁ ਗਲਿ ਹਾਰੁ ॥੫੪॥੧॥
ਸ਼ੁੱਕਰਵਾਰ, ੩੦ ਅੱਸੂ (ਸੰਮਤ ੫੫੩ ਨਾਨਕਸ਼ਾਹੀ) ੧੫ ਅਕਤੂਬਰ, ੨੦੨੧ (ਅੰਗ: ੯੩੭)
Guru Granth Sahib Ji
ਪੰਜਾਬੀ ਵਿਆਖਿਆ:
ਰਾਮਕਲੀ ਮਹਲਾ ੧ ਦਖਣੀ ਓਅੰਕਾਰੁ
ੴ ਸਤਿਗੁਰ ਪ੍ਰਸਾਦਿ ॥
ਕੋਈ ਜੀਵ ਸਿਰਜਣਹਾਰ-ਪ੍ਰਭੂ ਦਾ ਭੇਤ ਨਹੀਂ ਪਾ ਸਕਦਾ (ਤੇ, ਕੋਈ ਉਸ ਦੀ ਰਜ਼ਾ ਵਿਚ ਦਖ਼ਲ ਨਹੀਂ ਦੇ ਸਕਦਾ, ਕਿਉਂਕਿ ਜਗਤ ਵਿਚ) ਜ਼ਰੂਰ ਉਹੀ ਹੁੰਦਾ ਹੈ ਜੋ ਸਿਰਜਣਹਾਰ-ਕਰਤਾਰ ਕਰਦਾ ਹੈ । (ਸਿਰਜਣਹਾਰ ਦੀ ਇਹ ਇਕ ਅਜਬ ਖੇਡ ਹੈ ਕਿ ਆਮ ਤੌਰ ਤੇ ਮਨੁੱਖ) ਧਨ ਦੀ ਖ਼ਾਤਰ ਹੀ ਪਰਮਾਤਮਾ ਨੂੰ ਧਿਆਉਂਦਾ ਹੈ, ਤੇ ਹੁਣ ਤਕ ਦੀ ਕੀਤੀ ਮਿਹਨਤ ਦੇ ਲਿਖੇ ਅਨੁਸਾਰ ਧਨ ਮਿਲ (ਭੀ) ਜਾਂਦਾ ਹੈ । ਧਨ ਦੀ ਖ਼ਾਤਰ ਮਨੁੱਖ ਦੂਜਿਆਂ ਦੇ ਨੌਕਰ (ਭੀ) ਬਣਦੇ ਹਨ, ਚੋਰ (ਭੀ) ਬਣਦੇ ਹਨ (ਭਾਵ, ਚੋਰੀ ਭੀ ਕਰਦੇ ਹਨ) । ਪਰ ਧਨ ਕਿਸੇ ਦੇ ਨਾਲ ਨਹੀਂ ਨਿਭਦਾ, (ਮਰਨ ਤੇ) ਹੋਰਨਾਂ ਦਾ ਬਣ ਜਾਂਦਾ ਹੈ । ਸਦਾ-ਥਿਰ ਰਹਿਣ ਵਾਲਾ ਗੋਪਾਲ (ਦੇ ਨਾਮ) ਤੋਂ ਬਿਨਾ ਉਸ ਦੀ ਹਜ਼ੂਰੀ ਵਿਚ ਆਦਰ ਨਹੀਂ ਮਿਲਦਾ । ਜੋ ਮਨੁੱਖ ਪਰਮਾਤਮਾ ਦੇ ਨਾਮ ਦਾ ਰਸ ਪੀਂਦਾ ਹੈ ਉਹ (ਸੰਪੈ-ਧਨ ਦੇ ਮੋਹ ਤੋਂ) ਅੰਤ ਨੂੰ ਬਚ ਜਾਂਦਾ ਹੈ ।੫੦।
Sri Guru Granth Sahib Ji
ਹੇ ਸਖੀ! (ਇਹ ਗੱਲ) ਵੇਖ ਵੇਖ ਕੇ ਮੈਂ ਹੈਰਾਨ ਹੋ ਰਹੀ ਹਾਂ ਕਿ (ਮੇਰੇ ਅੰਦਰੋਂ) ‘ਹਉਂ ਹਉਂ’ ਕਰਨ ਵਾਲੀ ‘ਮੈਂ’ ਮਰ ਗਈ ਹੈ (ਭਾਵ, ‘ਹਉਮੈ’ ਕਰਨ ਵਾਲੀ ਆਦਤ ਮੁੱਕ ਗਈ ਹੈ) । (ਹੁਣ ਮੇਰੀ ਸੁਰਤਿ) ਗੁਰ-ਸ਼ਬਦ ਵਿਚ ਜੁੜ ਰਹੀ ਹੈ, ਤੇ (ਮੇਰੇ) ਮਨ ਵਿਚ ਪ੍ਰਭੂ ਨਾਲ ਜਾਣ-ਪਛਾਣ ਬਣ ਗਈ ਹੈ । ਮੈਂ ਬਥੇਰੇ ਹਾਰ ਹਮੇਲਾਂ ਕੰਙਣ (ਪਾ ਪਾ ਕੇ) ਸ਼ਿੰਗਾਰ ਕਰ ਕੇ ਥੱਕ ਚੁਕੀ ਸਾਂ (ਪਰ ਪ੍ਰੀਤਮ ਪ੍ਰਭੂ ਦੇ ਮਿਲਾਪ ਦਾ ਸੁਖ ਨਾਹ ਮਿਲਿਆ, ਭਾਵ, ਬਾਹਰਲੇ ਧਾਰਮਿਕ ਉੱਦਮਾਂ ਤੋਂ ਆਨੰਦ ਨਾਹ ਲੱਭਾ, ਹੁਣ ਜਦੋਂ ‘ਹਉਮੈ’ ਮੁਈ) ਪ੍ਰੀਤਮ-ਪ੍ਰਭੂ ਨੂੰ ਮਿਲ ਕੇ ਸੁਖ ਲੱਭਾ ਹੈ (ਉਸ ਦੇ ਗੁਣ ਮੇਰੇ ਹਿਰਦੇ ਵਿਚ ਆ ਵੱਸੇ ਹਨ, ਇਹੀ ਉਸ ਦੇ) ਸਾਰੇ ਗੁਣਾਂ ਦਾ ਮੇਰੇ ਗਲ ਵਿਚ ਹਾਰ ਹੈ (ਕਿਸੇ ਹੋਰ ਹਾਰ ਸਿੰਗਾਰ ਦੀ ਲੋੜ ਨਹੀਂ ਰਹੀ) । ਹੇ ਨਾਨਕ! ਪ੍ਰਭੂ ਨਾਲ ਪ੍ਰੀਤ, ਪ੍ਰਭੂ ਨਾਲ ਪਿਆਰ, ਸਤਿਗੁਰੂ ਦੀ ਰਾਹੀਂ ਹੀ ਪੈ ਸਕਦਾ ਹੈ; ਤੇ, (ਬੇਸ਼ਕ) ਮਨ ਵਿਚ ਵਿਚਾਰ ਕੇ ਵੇਖ ਲਵੋ, (ਭਾਵ, ਤੁਹਾਨੂੰ ਆਪਣੀ ਹੱਡ-ਬੀਤੀ ਹੀ ਦੱਸ ਦੇਵੇਗੀ ਕਿ) ਪ੍ਰਭੂ ਦੇ ਮੇਲ ਤੋਂ ਬਿਨਾ ਕਦੇ ਕਿਸੇ ਨੇ ਸੁਖ ਨਹੀਂ ਲੱਭਾ । (ਸੋ, ਹੇ ਪਾਂਡੇ! ਜੇ ਸੁਖ ਲੱਭਦਾ ਹੈ ਤਾਂ) ਪ੍ਰਭੂ ਦਾ ਨਾਮ ਪੜ੍ਹ, ਪ੍ਰਭੂ ਦਾ ਨਾਮ ਹੀ ਵਿਚਾਰ, ਪ੍ਰਭੂ ਨਾਲ ਹੀ ਪਿਆਰ ਪਾ, (ਜੀਭ ਨਾਲ) ਪ੍ਰਭੂ ਦਾ ਨਾਮ ਜਪੀਏ, (ਮਨ ਵਿਚ) ਪ੍ਰਭੂ ਨੂੰ ਹੀ ਸਿਮਰੀਏ, ਤੇ ਪ੍ਰਭੂ ਦਾ ਨਾਮ ਹੀ (ਜ਼ਿੰਦਗੀ ਦਾ) ਆਸਰਾ (ਬਣਾਈਏ) ।੫੧।
Shri Guru Granth Sahib Ji
ਹੇ ਸਖੀ! (ਸਾਡੇ ਕੀਤੇ ਕਰਮਾਂ ਅਨੁਸਾਰ, ਹਉਮੈ ਦਾ) ਜੋ ਲੇਖ ਕਰਤਾਰ ਨੇ (ਸਾਡੇ ਮੱਥੇ ਉੱਤੇ) ਲਿਖ ਦਿੱਤਾ ਹੈ ਉਹ (ਸਾਡੀ ਆਪਣੀ ਚਤੁਰਾਈ ਜਾਂ ਹਿੰਮਤ ਨਾਲ) ਮਿਟ ਨਹੀਂ ਸਕਦਾ । (ਇਹ ਲੇਖ ਤਦੋਂ ਮਿਟਦਾ ਹੈ, ਜਦੋਂ) ਜਿਸ ਪ੍ਰਭੂ ਨੇ ਆਪ ਹੀ (ਇਸ ਹਉਮੈ ਦੇ ਲੇਖ ਦਾ) ਸਬੱਬ (ਭਾਵ, ਵਿਛੋੜਾ) ਬਣਾਇਆ ਹੈ ਉਹ ਮਿਹਰ ਕਰ ਕੇ (ਸਾਡੇ ਅੰਦਰ) ਆ ਵੱਸੇ । ਕਰਤਾਰ ਦੇ ਗੁਣ ਗਾਵਣ ਦੀ ਦਾਤਿ ਕਰਤਾਰ ਦੇ ਆਪਣੇ ਹੱਥ ਵਿਚ ਹੈ; ਗੁਰੂ ਦੇ ਸ਼ਬਦ ਦੀ ਵਿਚਾਰ ਦੀ ਰਾਹੀਂ ਸਮਝਣ ਦਾ ਜਤਨ ਕਰੋ (ਤਾਂ ਸਮਝ ਆ ਜਾਇਗੀ) । (ਹੇ ਪ੍ਰਭੂ! ਹਉਮੈ ਦੇ) ਜੋ ਸੰਸਕਾਰ (ਸਾਡੇ ਮਨ ਵਿਚ ਸਾਡੇ ਕਰਮਾਂ ਅਨੁਸਾਰ) ਉਕਰੇ ਜਾਂਦੇ ਹਨ ਉਹ (ਸਾਡੀ ਆਪਣੀ ਚਤੁਰਾਈ ਨਾਲ) ਬਦਲੇ ਨਹੀਂ ਜਾ ਸਕਦੇ; ਜਿਵੇਂ ਤੈਨੂੰ ਚੰਗਾ ਲੱਗੇ ਤੂੰ ਆਪ (ਸਾਡੀ) ਸੰਭਾਲ ਕਰ । ਹੇ ਨਾਨਕ! (ਆਖ—) ਗੁਰੂ ਦੇ ਸ਼ਬਦ ਨੂੰ ਵਿਚਾਰ ਕੇ (ਵੇਖ ਲਿਆ ਹੈ ਕਿ ਹੇ ਪ੍ਰਭੂ!) ਤੇਰੀ ਮਿਹਰ ਦੀ ਨਜ਼ਰ ਨਾਲ ਹੀ ਸੁਖ ਮਿਲਦਾ ਹੈ । ਜਿਹੜੇ ਮਨੁੱਖ ਆਪਣੇ ਮਨ ਦੇ ਪਿੱਛੇ ਤੁਰੇ ਉਹ (ਇਸ ਹਉਮੈ ਦੇ ਗੇੜ ਵਿਚ ਫਸ ਕੇ) ਦੁਖੀ ਹੋਏ । ਬਚੇ ਉਹ ਜੋ ਗੁਰ-ਸ਼ਬਦ ਦੀ ਵਿਚਾਰ ਵਿਚ (ਜੁੜੇ) । (ਮਨੁੱਖ ਦੀ ਆਪਣੀ ਚਤੁਰਾਈ ਕਰੇ ਭੀ ਕੀਹ? ਕਿਉਂਕਿ) ਜੋ ਪ੍ਰਭੂ (ਇਹਨਾਂ ਅੱਖਾਂ ਨਾਲ) ਦਿੱਸਦਾ ਹੀ ਨਹੀਂ, ਉਸ ਦੇ ਗੁਣ ਗਾਏ ਨਹੀਂ ਜਾ ਸਕਦੇ । (ਤਾਹੀਏਂ) ਮੈਂ ਆਪਣੇ ਗੁਰੂ ਤੋਂ ਸਦਕੇ ਹਾਂ ਜਿਸ ਨੇ (ਮੈਨੂੰ ਮੇਰੇ) ਹਿਰਦੇ ਵਿਚ ਹੀ (ਪ੍ਰਭੂ) ਵਿਖਾ ਦਿੱਤਾ ਹੈ ।੫੨।
Guru Granth Sahib Ji
ਉਸ ਪਾਂਧੇ ਨੂੰ ਵਿਦਵਾਨ ਆਖਣਾ ਚਾਹੀਦਾ ਹੈ, ਜਿਹੜਾ ਵਿੱਦਿਆ ਦੀ ਰਾਹੀਂ ਸ਼ਾਂਤੀ ਵਾਲੇ ਸੁਭਾਵ ਵਿਚ ਜੀਵਨ ਬਤੀਤ ਕਰਦਾ ਹੈ, ਜਿਹੜਾ ਵਿੱਦਿਆ ਦੀ ਰਾਹੀਂ ਆਪਣੇ ਅਸਲੇ ਦੀ ਵਿਚਾਰ ਕਰਦਾ ਹੈ, ਅਤੇ ਪਰਮਾਤਮਾ ਦੇ ਨਾਮ ਨਾਲ ਸੁਰਤਿ ਜੋੜ ਕੇ ਜੀਵਨ ਦਾ ਅਸਲ ਮਨੋਰਥ ਹਾਸਲ ਕਰ ਲੈਂਦਾ ਹੈ । (ਪਰ) ਜਿਹੜਾ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ, ਉਹ ਵਿੱਦਿਆ ਨੂੰ (ਸਿਰਫ਼) ਵੇਚਦਾ ਹੀ ਹੈ (ਭਾਵ, ਸਿਰਫ਼ ਆਜੀਵਕਾ ਲਈ ਵਰਤਦਾ ਹੈ । ਵਿਦਿਆ ਦੇ ਵੱਟੇ ਆਤਮਕ ਮੌਤ ਲਿਆਉਣ ਵਾਲੀ) ਮਾਇਆ-ਜ਼ਹਿਰ ਹੀ ਖੱਟਦਾ ਕਮਾਂਦਾ ਹੈ । ਉਹ ਮੂਰਖ ਗੁਰੂ ਦੇ ਸ਼ਬਦ ਨੂੰ ਨਹੀਂ ਪਛਾਣਦਾ, ਸ਼ਬਦ ਦੀ ਸੁਧ-ਬੁਧ ਉਸ ਨੂੰ ਰਤਾ ਭੀ ਨਹੀਂ ਹੁੰਦੀ ।੫੩। ਉਹ ਪਾਂਧਾ ਗੁਰਮੁਖਿ ਆਖਣਾ ਚਾਹੀਦਾ ਹੈ, (ਉਹ ਪਾਂਧਾ) ਦੁਨੀਆ ਵਿਚ (ਅਸਲ) ਨਫ਼ਾ ਖੱਟਦਾ ਹੈ ਜੋ ਆਪਣੇ ਸ਼ਾਗਿਰਦਾਂ ਨੂੰ ਇਹ ਸਿੱਖਿਆ ਦੇਂਦਾ ਹੈ ਕਿ (ਹੇ ਵਿੱਦਿਆਰਥੀਓ!) ਪ੍ਰਭੂ ਦਾ ਨਾਮ ਜਪੋ ਅਤੇ ਨਾਮ-ਧਨ ਇਕੱਠਾ ਕਰੋ । ਸੱਚਾ ਪ੍ਰਭੂ ਮਨ ਵਿਚ ਵੱਸ ਪੈਣਾ—ਇਹੀ ਸੱਚੀ ਪੱਟੀ ਹੈ (ਜੋ ਪਾਂਧਾ ਆਪਣੇ ਚਾਟੜਿਆਂ ਨੂੰ ਪੜ੍ਹਾਏ) । (ਪ੍ਰਭੂ ਨੂੰ ਹਿਰਦੇ ਵਿਚ ਵਸਾਣ ਲਈ) ਸਤਿਗੁਰੂ ਦਾ ਸ੍ਰੇਸ਼ਟ ਸ਼ਬਦ ਪੜ੍ਹਨਾ ਚਾਹੀਦਾ ਹੈ । ਹੇ ਨਾਨਕ! ਉਹੀ ਮਨੁੱਖ ਵਿਦਵਾਨ ਹੈ ਉਹੀ ਪੰਡਿਤ ਹੈ ਤੇ ਸਿਆਣਾ ਹੈ ਜਿਸ ਦੇ ਗਲ ਵਿਚ ਪ੍ਰਭੂ ਦਾ ਨਾਮ-ਰੂਪ ਹਾਰ ਹੈ (ਭਾਵ, ਜੋ ਹਰ ਵੇਲੇ ਪ੍ਰਭੂ ਨੂੰ ਚੇਤੇ ਰੱਖਦਾ ਹੈ ਤੇ ਹਰ ਥਾਂ ਵੇਖਦਾ ਹੈ) ।੫੪।੧।