ਅੱਜ ਦਾ ਹੁਕਮਨਾਮਾ
Published : Feb 19, 2021, 7:05 am IST
Updated : Feb 19, 2021, 7:05 am IST
SHARE ARTICLE
Shri Darbar Sahib
Shri Darbar Sahib

ਤਿਲੰਗ ਮਹਲਾ ੪ ॥

ਤਿਲੰਗ ਮਹਲਾ ੪ ॥

ਹਰਿ ਕੀਆ ਕਥਾ ਕਹਾਣੀਆ ਗੁਰਿ ਮੀਤਿ ਸੁਣਾਈਆ ॥

ਬਲਿਹਾਰੀ ਗੁਰ ਆਪਣੇ ਗੁਰ ਕਉ ਬਲਿ ਜਾਈਆ ॥੧॥

ਆਇ ਮਿਲੁ ਗੁਰਸਿਖ ਆਇ ਮਿਲੁ ਤੂ ਮੇਰੇ ਗੁਰੂ ਕੇ ਪਿਆਰੇ ॥ ਰਹਾਉ ॥

ਹਰਿ ਕੇ ਗੁਣ ਹਰਿ ਭਾਵਦੇ ਸੇ ਗੁਰੂ ਤੇ ਪਾਏ ॥

ਜਿਨ ਗੁਰ ਕਾ ਭਾਣਾ ਮੰਨਿਆ ਤਿਨ ਘੁਮਿ ਘੁਮਿ ਜਾਏ ॥੨॥

ਜਿਨ ਸਤਿਗੁਰੁ ਪਿਆਰਾ ਦੇਖਿਆ ਤਿਨ ਕਉ ਹਉ ਵਾਰੀ ॥

ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਦ ਬਲਿਹਾਰੀ ॥੩॥

ਹਰਿ ਹਰਿ ਤੇਰਾ ਨਾਮੁ ਹੈ ਦੁਖ ਮੇਟਣਹਾਰਾ ॥

ਗੁਰ ਸੇਵਾ ਤੇ ਪਾਈਐ ਗੁਰਮੁਖਿ ਨਿਸਤਾਰਾ ॥੪॥

ਜੋ ਹਰਿ ਨਾਮੁ ਧਿਆਇਦੇ ਤੇ ਜਨ ਪਰਵਾਨਾ ॥

ਤਿਨ ਵਿਟਹੁ ਨਾਨਕੁ ਵਾਰਿਆ ਸਦਾ ਸਦਾ ਕੁਰਬਾਨਾ ॥੫॥

ਸਾ ਹਰਿ ਤੇਰੀ ਉਸਤਤਿ ਹੈ ਜੋ ਹਰਿ ਪ੍ਰਭ ਭਾਵੈ ॥

ਜੋ ਗੁਰਮੁਖਿ ਪਿਆਰਾ ਸੇਵਦੇ ਤਿਨ ਹਰਿ ਫਲੁ ਪਾਵੈ ॥੬॥

ਜਿਨਾ ਹਰਿ ਸੇਤੀ ਪਿਰਹੜੀ ਤਿਨਾ ਜੀਅ ਪ੍ਰਭ ਨਾਲੇ ॥

ਓਇ ਜਪਿ ਜਪਿ ਪਿਆਰਾ ਜੀਵਦੇ ਹਰਿ ਨਾਮੁ ਸਮਾਲੇ ॥੭॥

ਜਿਨ ਗੁਰਮੁਖਿ ਪਿਆਰਾ ਸੇਵਿਆ ਤਿਨ ਕਉ ਘੁਮਿ ਜਾਇਆ ॥

ਓਇ ਆਪਿ ਛੁਟੇ ਪਰਵਾਰ ਸਿਉ ਸਭੁ ਜਗਤੁ ਛਡਾਇਆ ॥੮॥

ਗੁਰਿ ਪਿਆਰੈ ਹਰਿ ਸੇਵਿਆ ਗੁਰੁ ਧੰਨੁ ਗੁਰੁ ਧੰਨੋ ॥

ਗੁਰਿ ਹਰਿ ਮਾਰਗੁ ਦਸਿਆ ਗੁਰ ਪੁੰਨੁ ਵਡ ਪੁੰਨੋ ॥੯॥

ਜੋ ਗੁਰਸਿਖ ਗੁਰੁ ਸੇਵਦੇ ਸੇ ਪੁੰਨ ਪਰਾਣੀ ॥

ਜਨੁ ਨਾਨਕੁ ਤਿਨ ਕਉ ਵਾਰਿਆ ਸਦਾ ਸਦਾ ਕੁਰਬਾਣੀ ॥੧੦॥

ਗੁਰਮੁਖਿ ਸਖੀ ਸਹੇਲੀਆ ਸੇ ਆਪਿ ਹਰਿ ਭਾਈਆ ॥

ਹਰਿ ਦਰਗਹ ਪੈਨਾਈਆ ਹਰਿ ਆਪਿ ਗਲਿ ਲਾਈਆ ॥੧੧॥

ਜੋ ਗੁਰਮੁਖਿ ਨਾਮੁ ਧਿਆਇਦੇ ਤਿਨ ਦਰਸਨੁ ਦੀਜੈ ॥

ਹਮ ਤਿਨ ਕੇ ਚਰਣ ਪਖਾਲਦੇ ਧੂੜਿ ਘੋਲਿ ਘੋਲਿ ਪੀਜੈ ॥੧੨॥

ਪਾਨ ਸੁਪਾਰੀ ਖਾਤੀਆ ਮੁਖਿ ਬੀੜੀਆ ਲਾਈਆ ॥

ਹਰਿ ਹਰਿ ਕਦੇ ਨ ਚੇਤਿਓ ਜਮਿ ਪਕੜਿ ਚਲਾਈਆ ॥੧੩॥

ਜਿਨ ਹਰਿ ਨਾਮਾ ਹਰਿ ਚੇਤਿਆ ਹਿਰਦੈ ਉਰਿ ਧਾਰੇ ॥

ਤਿਨ ਜਮੁ ਨੇੜਿ ਨ ਆਵਈ ਗੁਰਸਿਖ ਗੁਰ ਪਿਆਰੇ ॥੧੪॥

ਹਰਿ ਕਾ ਨਾਮੁ ਨਿਧਾਨੁ ਹੈ ਕੋਈ ਗੁਰਮੁਖਿ ਜਾਣੈ ॥

ਨਾਨਕ ਜਿਨ ਸਤਿਗੁਰੁ ਭੇਟਿਆ ਰੰਗਿ ਰਲੀਆ ਮਾਣੈ ॥੧੫॥

ਸਤਿਗੁਰੁ ਦਾਤਾ ਆਖੀਐ ਤੁਸਿ ਕਰੇ ਪਸਾਓ ॥

ਹਉ ਗੁਰ ਵਿਟਹੁ ਸਦ ਵਾਰਿਆ ਜਿਨਿ ਦਿਤੜਾ ਨਾਓ ॥੧੬॥

ਸੋ ਧੰਨੁ ਗੁਰੂ ਸਾਬਾਸਿ ਹੈ ਹਰਿ ਦੇਇ ਸਨੇਹਾ ॥

ਹਉ ਵੇਖਿ ਵੇਖਿ ਗੁਰੂ ਵਿਗਸਿਆ ਗੁਰ ਸਤਿਗੁਰ ਦੇਹਾ ॥੧੭॥

ਗੁਰ ਰਸਨਾ ਅੰਮ੍ਰਿਤੁ ਬੋਲਦੀ ਹਰਿ ਨਾਮਿ ਸੁਹਾਵੀ ॥

ਜਿਨ ਸੁਣਿ ਸਿਖਾ ਗੁਰੁ ਮੰਨਿਆ ਤਿਨਾ ਭੁਖ ਸਭ ਜਾਵੀ ॥੧੮॥

ਹਰਿ ਕਾ ਮਾਰਗੁ ਆਖੀਐ ਕਹੁ ਕਿਤੁ ਬਿਧਿ ਜਾਈਐ ॥

ਹਰਿ ਹਰਿ ਤੇਰਾ ਨਾਮੁ ਹੈ ਹਰਿ ਖਰਚੁ ਲੈ ਜਾਈਐ ॥੧੯॥

ਜਿਨ ਗੁਰਮੁਖਿ ਹਰਿ ਆਰਾਧਿਆ ਸੇ ਸਾਹ ਵਡ ਦਾਣੇ ॥

ਹਉ ਸਤਿਗੁਰ ਕਉ ਸਦ ਵਾਰਿਆ ਗੁਰ ਬਚਨਿ ਸਮਾਣੇ ॥੨੦॥

ਤੂ ਠਾਕੁਰੁ ਤੂ ਸਾਹਿਬੋ ਤੂਹੈ ਮੇਰਾ ਮੀਰਾ ॥

ਤੁਧੁ ਭਾਵੈ ਤੇਰੀ ਬੰਦਗੀ ਤੂ ਗੁਣੀ ਗਹੀਰਾ ॥੨੧॥

ਆਪੇ ਹਰਿ ਇਕ ਰੰਗੁ ਹੈ ਆਪੇ ਬਹੁ ਰੰਗੀ ॥

ਜੋ ਤਿਸੁ ਭਾਵੈ ਨਾਨਕਾ ਸਾਈ ਗਲ ਚੰਗੀ ॥੨੨॥੨॥

ਸ਼ੁੱਕਰਵਾਰ, ੮ ਫੱਗਣ (ਸੰਮਤ ੫੫੨ ਨਾਨਕਸ਼ਾਹੀ) (ਅੰਗ: ੭੨੫)

Guru Granth Sahib JiGuru Granth Sahib Ji

ਪੰਜਾਬੀ ਵਿਆਖਿਆ:

ਤਿਲੰਗ ਮਹਲਾ ੪ ॥

ਹੇ ਗੁਰਸਿੱਖ! ਮਿੱਤਰ ਗੁਰੂ ਨੇ (ਮੈਨੂੰ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਸੁਣਾਈਆਂ ਹਨ । ਮੈਂ ਆਪਣੇ ਗੁਰੂ ਤੋਂ ਮੁੜ ਮੁੜ ਸਦਕੇ ਕੁਰਬਾਨ ਜਾਂਦਾ ਹਾਂ ।੧। ਹੇ ਮੇਰੇ ਗੁਰੂ ਦੇ ਪਿਆਰੇ ਸਿੱਖ! ਮੈਨੂੰ ਆ ਕੇ ਮਿਲ, ਮੈਨੂੰ ਆ ਕੇ ਮਿਲ ।ਰਹਾਉ। ਹੇ ਗੁਰਸਿੱਖ! ਪਰਮਾਤਮਾ ਦੇ ਗੁਣ (ਗਾਉਣੇ) ਪਰਮਾਤਮਾ ਨੂੰ ਪਸੰਦ ਆਉਂਦੇ ਹਨ । ਮੈਂ ਉਹ ਗੁਣ (ਗਾਉਣੇ) ਗੁਰੂ ਪਾਸੋਂ ਸਿੱਖੇ ਹਨ । ਮੈਂ ਉਹਨਾਂ (ਵਡ-ਭਾਗੀਆਂ ਤੋਂ) ਮੁੜ ਮੁੜ ਕੁਰਬਾਨ ਜਾਂਦਾ ਹਾਂ, ਜਿਨ੍ਹਾਂ ਨੇ ਗੁਰੂ ਦੇ ਹੁਕਮ ਨੂੰ (ਮਿੱਠਾ ਕਰ ਕੇ) ਮੰਨਿਆ ਹੈ ।੨।

Darbar SahibDarbar Sahib

ਹੇ ਗੁਰਸਿੱਖ! ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ ਸਦਾ ਸਦਕੇ ਜਾਂਦਾ ਹਾਂ, ਜਿਨ੍ਹਾਂ ਪਿਆਰੇ ਗੁਰੂ ਦਾ ਦਰਸਨ ਕੀਤਾ ਹੈ, ਜਿਨ੍ਹਾਂ ਗੁਰੂ ਦੀ (ਦੱਸੀ) ਸੇਵਾ ਕੀਤੀ ਹੈ ।੩। ਹੇ ਹਰੀ! ਤੇਰਾ ਨਾਮ ਸਾਰੇ ਦੁੱਖ ਦੂਰ ਕਰਨ ਦੇ ਸਮਰੱਥ ਹੈ, (ਪਰ ਇਹ ਨਾਮ) ਗੁਰੂ ਦੀ ਸਰਨ ਪਿਆਂ ਹੀ ਮਿਲਦਾ ਹੈ । ਗੁਰੂ ਦੇ ਸਨਮੁਖ ਰਿਹਾਂ ਹੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਸਕੀਦਾ ਹੈ ।੪। ਹੇ ਗੁਰਸਿੱਖ! ਜੇਹੜੇ ਮਨੁੱਖ ਪਰਮਾਤਮਾ ਦਾ ਨਾਮ ਸਿਮਰਦੇ ਹਨ, ਉਹ ਮਨੁੱਖ (ਪਰਮਾਤਮਾ ਦੀ ਹਜ਼ੂਰੀ ਵਿਚ) ਕਬੂਲ ਹੋ ਜਾਂਦੇ ਹਨ । ਨਾਨਕ ਉਹਨਾਂ ਮਨੁੱਖਾਂ ਤੋਂ ਕੁਰਬਾਨ ਜਾਂਦਾ ਹੈ, ਸਦਾ ਸਦਕੇ ਜਾਂਦਾ ਹੈ ।੫।

Darbar SahibDarbar Sahib

ਹੇ ਹਰੀ! ਹੇ ਪ੍ਰਭੂ! ਉਹੀ ਸਿਫ਼ਤਿ-ਸਾਲਾਹ ਤੇਰੀ ਸਿਫ਼ਤਿ-ਸਾਲਾਹ ਕਹੀ ਜਾ ਸਕਦੀ ਹੈ ਜੇਹੜੀ ਤੈਨੂੰ ਪਸੰਦ ਆ ਜਾਂਦੀ ਹੈ । (ਹੇ ਭਾਈ!) ਜੇਹੜੇ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਪਿਆਰੇ ਪ੍ਰਭੂ ਦੀ ਸੇਵਾ-ਭਗਤੀ ਕਰਦੇ ਹਨ, ਉਹਨਾਂ ਨੂੰ ਪ੍ਰਭੂ (ਸੁਖ-) ਫਲ ਦੇਂਦਾ ਹੈ ।੬। ਹੇ ਭਾਈ! ਜਿਨ੍ਹਾਂ ਮਨੁੱਖਾਂ ਦਾ ਪਰਮਾਤਮਾ ਨਾਲ ਪਿਆਰ ਪੈ ਜਾਂਦਾ ਹੈ, ਉਹਨਾਂ ਦੇ ਦਿਲ (ਸਦਾ) ਪ੍ਰਭੂ (ਦੇ ਚਰਨਾਂ) ਨਾਲ ਹੀ (ਜੁੜੇ ਰਹਿੰਦੇ) ਹਨ । ਉਹ ਮਨੁੱਖ ਪਿਆਰੇ ਪ੍ਰਭੂ ਨੂੰ ਸਦਾ ਸਿਮਰ ਸਿਮਰ ਕੇ, ਪ੍ਰਭੂ ਦਾ ਨਾਮ ਹਿਰਦੇ ਵਿਚ ਸੰਭਾਲ ਕੇ ਆਤਮਕ ਜੀਵਨ ਹਾਸਲ ਕਰਦੇ ਹਨ ।੭।

ਹੇ ਭਾਈ! ਮੈਂ ਉਹਨਾਂ ਮਨੁੱਖਾਂ ਤੋਂ ਸਦਕੇ ਜਾਂਦਾ ਹਾਂ, ਜਿਨ੍ਹਾਂ ਨੇ ਗੁਰੂ ਦੀ ਸਰਨ ਪੈ ਕੇ ਪਿਆਰੇ ਪ੍ਰਭੂ ਦੀ ਸੇਵਾ-ਭਗਤੀ ਕੀਤੀ ਹੈ । ਉਹ ਮਨੁੱਖ ਆਪ (ਆਪਣੇ) ਪਰਵਾਰ ਸਮੇਤ (ਸੰਸਾਰ-ਸਮੁੰਦਰ ਦੇ ਵਿਕਾਰਾਂ ਤੋਂ) ਬਚ ਗਏ, ਉਹਨਾਂ ਸਾਰਾ ਸੰਸਾਰ ਭੀ ਬਚਾ ਲਿਆ ਹੈ ।੮। ਹੇ ਭਾਈ! ਗੁਰੂ ਸਲਾਹੁਣ-ਜੋਗ ਹੈ, ਗੁਰੂ ਸਲਾਹੁਣ-ਜੋਗ ਹੈ, ਪਿਆਰੇ ਗੁਰੂ ਦੀ ਰਾਹੀਂ (ਹੀ) ਮੈਂ ਪਰਮਾਤਮਾ ਦੀ ਸੇਵਾ-ਭਗਤੀ ਸ਼ੁਰੂ ਕੀਤੀ ਹੈ । ਮੈਨੂੰ ਗੁਰੂ ਨੇ (ਹੀ) ਪਰਮਾਤਮਾ (ਦੇ ਮਿਲਾਪ) ਦਾ ਰਸਤਾ ਦੱਸਿਆ ਹੈ । ਗੁਰੂ ਦਾ (ਮੇਰੇ ਉਤੇ ਇਹ) ਉਪਕਾਰ ਹੈ, ਵੱਡਾ ਉਪਕਾਰ ਹੈ ।੯।

Guru Granth Sahib JiGuru Granth Sahib Ji

ਹੇ ਭਾਈ! ਗੁਰੂ ਦੇ ਜੇਹੜੇ ਸਿੱਖ ਗੁਰੂ ਦੀ (ਦੱਸੀ) ਸੇਵਾ ਕਰਦੇ ਹਨ, ਉਹ ਭਾਗਾਂ ਵਾਲੇ ਹੋ ਗਏ ਹਨ । ਦਾਸ ਨਾਨਕ ਉਹਨਾਂ ਤੋਂ ਸਦਕੇ ਜਾਂਦਾ ਹੈ, ਸਦਾ ਹੀ ਕੁਰਬਾਨ ਜਾਂਦਾ ਹੈ ।੧੦। ਹੇ ਭਾਈ! ਗੁਰੂ ਦੀ ਸਰਨ ਪੈ ਕੇ (ਪਰਸਪਰ ਪ੍ਰੇਮ ਨਾਲ ਰਹਿਣ ਵਾਲੀਆਂ ਸਤ-ਸੰਗੀ) ਸਹੇਲੀਆਂ (ਐਸੀਆਂ ਹੋ ਜਾਂਦੀਆਂ ਹਨ ਕਿ) ਉਹ ਆਪ ਪ੍ਰਭੂ ਨੂੰ ਪਿਆਰੀਆਂ ਲੱਗਦੀਆਂ ਹਨ । ਪਰਮਾਤਮਾ ਦੀ ਹਜ਼ੂਰੀ ਵਿਚ ਉਹਨਾਂ ਨੂੰ ਆਦਰ ਮਿਲਦਾ ਹੈ, ਪਰਮਾਤਮਾ ਨੇ ਉਹਨਾਂ ਨੂੰ ਆਪ ਆਪਣੇ ਗਲ ਨਾਲ (ਸਦਾ) ਲਾ ਲਿਆ ਹੈ ।੧੧।

Darbar sahibDarbar sahib

ਹੇ ਪ੍ਰਭੂ! ਜੇਹੜੇ ਮਨੁੱਖ ਗੁਰੂ ਦੀ ਸਰਨ ਪੈ ਕੇ (ਤੇਰਾ) ਨਾਮ ਸਿਮਰਦੇ ਹਨ, ਉਹਨਾਂ ਦਾ ਮੈਨੂੰ ਦਰਸਨ ਬਖ਼ਸ਼ । ਮੈਂ ਉਹਨਾਂ ਦੇ ਚਰਨ ਧੋਂਦਾ ਰਹਾਂ, ਤੇ, ਉਹਨਾਂ ਦੀ ਚਰਨ-ਧੂੜ ਘੋਲ ਘੋਲ ਕੇ ਪੀਂਦਾ ਰਹਾਂ ।੧੨। ਹੇ ਭਾਈ! ਜੇਹੜੀਆਂ ਜੀਵ-ਇਸਤ੍ਰੀਆਂ ਪਾਨ ਸੁਪਾਰੀ ਆਦਿਕ ਖਾਂਦੀਆਂ ਰਹਿੰਦੀਆਂ ਹਨ, ਮੂੰਹ ਵਿਚ ਪਾਨ ਚਬਾਂਦੀਆਂ ਰਹਿੰਦੀਆਂ ਹਨ (ਭਾਵ, ਸਦਾ ਪਦਾਰਥਾਂ ਦੇ ਭੋਗਾਂ ਵਿਚ ਮਸਤ ਹਨ), ਤੇ, ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਕਦੇ ਭੀ ਨਾਹ ਸਿਮਰਿਆ, ਉਹਨਾਂ ਨੂੰ ਮੌਤ (ਦੇ ਗੇੜ) ਨੇ ਫੜ ਕੇ (ਸਦਾ ਲਈ) ਅੱਗੇ ਲਾ ਲਿਆ (ਉਹ ਚੌਰਾਸੀ ਦੇ ਗੇੜ ਵਿਚ ਪੈ ਗਈਆਂ) ।੧੩।

Darbar sahibDarbar sahib

ਹੇ ਭਾਈ! ਜਿਨ੍ਹਾਂ ਆਪਣੇ ਮਨ ਵਿਚ ਹਿਰਦੇ ਵਿਚ ਟਿਕਾ ਕੇ ਪਰਮਾਤਮਾ ਦਾ ਨਾਮ ਸਿਮਰਿਆ, ਉਹਨਾਂ ਗੁਰੂ ਦੇ ਪਿਆਰੇ ਗੁਰਸਿੱਖਾਂ ਦੇ ਨੇੜੇ ਮੌਤ (ਦਾ ਡਰ) ਨਹੀਂ ਆਉਂਦਾ ।੧੪। ਹੇ ਭਾਈ! ਪਰਮਾਤਮਾ ਦਾ ਨਾਮ ਖ਼ਜ਼ਾਨਾ ਹੈ, ਕੋਈ ਵਿਰਲਾ ਮਨੁੱਖ ਗੁਰੂ ਦੀ ਸਰਨ ਪੈ ਕੇ (ਨਾਮ ਨਾਲ) ਸਾਂਝ ਪਾਂਦਾ ਹੈ । ਹੇ ਨਾਨਕ! (ਆਖ—) ਜਿਨ੍ਹਾਂ ਮਨੁੱਖਾਂ ਨੂੰ ਗੁਰੂ ਮਿਲ ਪੈਂਦਾ ਹੈ, ਉਹ (ਹਰੇਕ ਮਨੁੱਖ) ਹਰਿ-ਨਾਮ ਦੇ ਪ੍ਰੇਮ ਵਿਚ ਜੁੜ ਕੇ ਆਤਮਕ ਆਨੰਦ ਮਾਣਦਾ ਹੈ ।੧੫। ਹੇ ਭਾਈ! ਗੁਰੂ ਨੂੰ (ਹੀ ਨਾਮ ਦੀ ਦਾਤਿ) ਦੇਣ ਵਾਲਾ ਆਖਣਾ ਚਾਹੀਦਾ ਹੈ । ਗੁਰੂ ਤੱü੍ਰਠ ਕੇ (ਨਾਮ ਦੇਣ ਦੀ) ਕਿਰਪਾ ਕਰਦਾ ਹੈ । ਮੈਂ (ਤਾਂ) ਸਦਾ ਗੁਰੂ ਤੋਂ (ਹੀ) ਕੁਰਬਾਨ ਜਾਂਦਾ ਹਾਂ, ਜਿਸ ਨੇ (ਮੈਨੂੰ) ਪਰਮਾਤਮਾ ਦਾ ਨਾਮ ਦਿੱਤਾ ਹੈ ।੧੬।

Shri Darbar SahibShri Darbar Sahib

ਹੇ ਭਾਈ! ਉਹ ਗੁਰੂ ਸਲਾਹੁਣ-ਜੋਗ ਹੈ, ਉਸ ਗੁਰੂ ਦੀ ਵਡਿਆਈ ਕਰਨੀ ਚਾਹੀਦੀ ਹੈ, ਜੇਹੜਾ ਪਰਮਾਤਮਾ ਦਾ ਨਾਮ ਜਪਣ ਦਾ ਉਪਦੇਸ਼ ਦੇਂਦਾ ਹੈ । ਮੈਂ (ਤਾਂ) ਗੁਰੂ ਨੂੰ ਵੇਖ ਵੇਖ ਕੇ ਗੁਰੂ ਦਾ (ਸੋਹਣਾ) ਸਰੀਰ ਵੇਖ ਕੇ ਖਿੜ ਰਿਹਾ ਹਾਂ ।੧੭। ਹੇ ਭਾਈ! ਗੁਰੂ ਦੀ ਜੀਭ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਉਚਾਰਦੀ ਹੈ, ਹਰਿ-ਨਾਮ (ਉਚਾਰਨ ਦੇ ਕਾਰਨ ਸੋਹਣੀ ਲੱਗਦੀ ਹੈ । ਜਿਨ੍ਹਾਂ ਭੀ ਸਿੱਖਾਂ ਨੇ (ਗੁਰੂ ਦਾ ਉਪਦੇਸ਼) ਸੁਣ ਕੇ ਗੁਰੂ ਉੱਤੇ ਯਕੀਨ ਲਿਆਂਦਾ ਹੈ, ਉਹਨਾਂ ਦੀ (ਮਾਇਆ ਦੀ) ਸਾਰੀ ਭੁੱਖ ਦੂਰ ਹੋ ਗਈ ਹੈ ।੧੮। ਹੇ ਭਾਈ! (ਹਰਿ-ਨਾਮ ਸਿਮਰਨ ਹੀ) ਪਰਮਾਤਮਾ (ਦੇ ਮਿਲਾਪ) ਦਾ ਰਸਤਾ ਕਿਹਾ ਜਾਂਦਾ ਹੈ ।

Shri Darbar SahibShri Darbar Sahib

ਹੇ ਭਾਈ! ਦੱਸ, ਕਿਸ ਤਰੀਕੇ ਨਾਲ (ਇਸ ਰਸਤੇ ਉੱਤੇ) ਤੁਰ ਸਕੀਦਾ ਹੈ? ਹੇ ਪ੍ਰਭੂ! ਤੇਰਾ ਨਾਮ ਹੀ (ਰਸਤੇ ਦਾ) ਖ਼ਰਚ ਹੈ, ਇਹ ਖ਼ਰਚ ਪੱਲੇ ਬੰਨ੍ਹ ਕੇ (ਇਸ ਰਸਤੇ ਉੱਤੇ) ਤੁਰਨਾ ਚਾਹੀਦਾ ਹੈ ।੧੯। ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਜਪਿਆ ਹੈ ਉਹ ਵੱਡੇ ਸਿਆਣੇ ਸ਼ਾਹ ਬਣ ਗਏ ਹਨ । ਮੈਂ ਸਦਾ ਗੁਰੂ ਤੋਂ ਕੁਰਬਾਨ ਜਾਂਦਾ ਹਾਂ, ਗੁਰੂ ਦੇ ਬਚਨ ਦੀ ਰਾਹੀਂ (ਪਰਮਾਤਮਾ ਦੇ ਨਾਮ ਵਿਚ) ਲੀਨ ਹੋ ਸਕੀਦਾ ਹੈ ।੨੦। ਹੇ ਪ੍ਰਭੂ! ਤੂੰ ਮੇਰਾ ਮਾਲਕ ਹੈਂ ਤੂੰ ਮੇਰਾ ਸਾਹਿਬ ਹੈਂ, ਤੂੰ ਹੀ ਮੇਰਾ ਪਾਤਿਸ਼ਾਹ ਹੈਂ । ਜੇ ਤੈਨੂੰ ਪਸੰਦ ਆਵੇ, ਤਾਂ ਹੀ ਤੇਰੀ ਭਗਤੀ ਕੀਤੀ ਜਾ ਸਕਦੀ ਹੈ । ਤੂੰ ਗੁਣਾਂ ਦਾ ਖ਼ਜ਼ਾਨਾ ਹੈਂ, ਤੂੰ ਡੂੰਘੇ ਜਿਗਰੇ ਵਾਲਾ ਹੈਂ ।੨੧। ਹੇ ਨਾਨਕ! (ਆਖ—ਹੇ ਭਾਈ!) ਪਰਮਾਤਮਾ ਆਪ ਹੀ (ਨਿਰਗੁਣ ਸਰੂਪ ਵਿਚ) ਇਕੋ ਇਕ ਹਸਤੀ ਹੈ, ਤੇ, ਆਪ ਹੀ (ਸਰਗੁਣ ਸਰੂਪ ਵਿਚ) ਅਨੇਕਾਂ ਰੂਪਾਂ ਵਾਲਾ ਹੈ । ਜੇਹੜੀ ਗੱਲ ਉਸ ਨੂੰ ਚੰਗੀ ਲੱਗਦੀ ਹੈ, ਉਹੀ ਗੱਲ ਜੀਵਾਂ ਦੇ ਭਲੇ ਵਾਸਤੇ ਹੁੰਦੀ ਹੈ ।੨੨।੨।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM

Raja Warring on Khalistan: 'ਸਾਨੂੰ ਹਿੰਦੁਸਤਾਨ ਚਾਹੀਦਾ, ਖ਼ਾਲਿਸਤਾਨ ਨਹੀਂ',ਸੁਣੋ ਗੁੱਸੇ 'ਚ ਕੀ-ਕੁਝ ਸੁਣਾ ਗਏ?

14 Oct 2025 3:01 PM
Advertisement