
ਸਲੋਕੁ ਮ: ੩ ॥
ਸਲੋਕੁ ਮ: ੩ ॥
ਰੇ ਜਨ ਉਥਾਰੈ ਦਬਿਓਹੁ ਸੁਤਿਆ ਗਈ ਵਿਹਾਇ ॥
ਸਤਿਗੁਰ ਕਾ ਸਬਦੁ ਸੁਣਿ ਨ ਜਾਗਿਓ ਅੰਤਰਿ ਨ ਉਪਜਿਓ ਚਾਉ ॥
ਸਰੀਰੁ ਜਲਉ ਗੁਣ ਬਾਹਰਾ ਜੋ ਗੁਰ ਕਾਰ ਨ ਕਮਾਇ ॥
ਜਗਤੁ ਜਲੰਦਾ ਡਿਠੁ ਮੈ ਹਉਮੈ ਦੂਜੈ ਭਾਇ ॥
ਨਾਨਕ ਗੁਰ ਸਰਣਾਈ ਉਬਰੇ ਸਚੁ ਮਨਿ ਸਬਦਿ ਧਿਆਇ ॥੧॥ ਮ: ੩ ॥
ਸਬਦਿ ਰਤੇ ਹਉਮੈ ਗਈ ਸੋਭਾਵੰਤੀ ਨਾਰਿ ॥
ਪਿਰ ਕੈ ਭਾਣੈ ਸਦਾ ਚਲੈ ਤਾ ਬਨਿਆ ਸੀਗਾਰੁ ॥
ਸੇਜ ਸੁਹਾਵੀ ਸਦਾ ਪਿਰੁ ਰਾਵੈ ਹਰਿ ਵਰੁ ਪਾਇਆ ਨਾਰਿ ॥
ਨਾ ਹਰਿ ਮਰੈ ਨ ਕਦੇ ਦੁਖੁ ਲਾਗੈ ਸਦਾ ਸੁਹਾਗਣਿ ਨਾਰਿ ॥
ਨਾਨਕ ਹਰਿ ਪ੍ਰਭ ਮੇਲਿ ਲਈ ਗੁਰ ਕੈ ਹੇਤਿ ਪਿਆਰਿ ॥੨॥ ਪਉੜੀ ॥
ਜਿਨਾ ਗੁਰੁ ਗੋਪਿਆ ਆਪਣਾ ਤੇ ਨਰ ਬੁਰਿਆਰੀ ॥
ਹਰਿ ਜੀਉ ਤਿਨ ਕਾ ਦਰਸਨੁ ਨਾ ਕਰਹੁ ਪਾਪਿਸਟ ਹਤਿਆਰੀ ॥
ਓਹਿ ਘਰਿ ਘਰਿ ਫਿਰਹਿ ਕੁਸੁਧ ਮਨਿ ਜਿਉ ਧਰਕਟ ਨਾਰੀ ॥
ਵਡਭਾਗੀ ਸੰਗਤਿ ਮਿਲੇ ਗੁਰਮੁਖਿ ਸਵਾਰੀ ॥
ਹਰਿ ਮੇਲਹੁ ਸਤਿਗੁਰ ਦਇਆ ਕਰਿ ਗੁਰ ਕਉ ਬਲਿਹਾਰੀ ॥੨੩॥
ਸ਼ਨਿੱਚਰਵਾਰ, ੯ ਮਾਘ (ਸੰਮਤ ੫੫੩ ਨਾਨਕਸ਼ਾਹੀ) (ਅੰਗ : ੬੫੧)
ਪੰਜਾਬੀ ਵਿਆਖਿਆ:
ਸਲੋਕੁ ਮ: ੩ ॥
ਮੋਹ-ਰੂਪ ਉਥਾਰੇ ਦੇ ਦੱਬੇ ਹੋਏ ਹੇ ਭਾਈ! ਤੇਰੀ ਉਮਰ ਸੁੱਤਿਆਂ ਹੀ ਗੁਜ਼ਰ ਗਈ ਹੈ; ਸਤਿਗੁਰੂ ਦਾ ਸ਼ਬਦ ਸੁਣ ਕੇ ਤੈਨੂੰ ਜਾਗ ਨਹੀਂ ਆਈ ਤੇ ਨਾ ਹੀ ਹਿਰਦੇ ਵਿਚ ਨਾਮ ਜਪਣ ਦਾ ਚਾਉ ਉਪਜਿਆ ਹੈ। ਗੁਣਾਂ ਤੋਂ ਸੱਖਣਾ ਸਰੀਰ ਸੜ ਜਾਏ ਜੋ ਸਤਿਗੁਰੂ ਦੀ ਦੱਸੀ ਹੋਈ ਕਾਰ ਨਹੀਂ ਕਰਦਾ; ਇਸ ਤਰ੍ਹਾਂ ਦਾ ਸੰਸਾਰ ਮੈਂ ਹਉਮੈਂ ਵਿਚ ਤੇ ਮਾਇਆ ਦੇ ਮੋਹ ਵਿਚ ਸੜਦਾ ਵੇਖਿਆ ਹੈ। ਹੇ ਨਾਨਕ!
Darbar Sahib
ਗੁਰੂ ਦੇ ਸ਼ਬਦ ਦੇ ਰਾਹੀਂ ਸੱਚੇ ਹਰੀ ਨੂੰ ਮਨ ਵਿਚ ਸਿਮਰ ਕੇ ਜੀਵ ਸਤਿਗੁਰੂ ਦੀ ਸ਼ਰਨ ਪੈ ਕੇ ਇਸ ਹਉਮੈ ਵਿਚ ਸੜਨ ਤੋਂ ਬਚਦੇ ਹਨ।੧। ਜਿਸ ਦੀ ਹਉਮੈ ਸਤਿਗੁਰੂ ਦੇ ਸ਼ਬਦ ਵਿਚ ਰੰਗੇ ਜਾਣ ਨਾਲ ਦੂਰ ਹੋ ਜਾਂਦੀ ਹੈ ਉਹ ਜੀਵ-ਰੂਪੀ ਨਾਰੀ ਸੋਭਾਵੰਤੀ ਹੈ; ਉਹ ਨਾਰੀ ਆਪਣੇ ਪ੍ਰਭੂ-ਪਤੀ ਦੇ ਹੁਕਮ ਵਿਚ ਸਦਾ ਤੁਰਦੀ ਹੈ, ਇਸੇ ਕਰਕੇ ਉਸ ਦਾ ਸ਼ਿੰਗਾਰ ਸਫਲ ਸਮਝੋ। ਜਿਸ ਜੀਵ-ਇਸਤ੍ਰੀ ਨੇ ਪ੍ਰਭੂ-ਪਤੀ ਲੱਭ ਲਿਆ ਹੈ, ਉਸ ਦੀ ਹਿਰਦੇ-ਰੂਪ ਸੇਜ ਸੁੰਦਰ ਹੈ, ਕਿਉਂਕਿ ਉਸ ਨੂੰ ਪਤੀ ਸਦਾ ਮਿਲਿਆ ਹੋਇਆ ਹੈ, ਉਹ ਇਸਤ੍ਰੀ ਸਦਾ ਸੁਹਾਗ ਵਾਲੀ ਹੈ ਕਿਉਂਕਿ ਉਸ ਦਾ ਪਤੀ ਪ੍ਰਭੂ ਕਦੇ ਮਰਦਾ ਨਹੀਂ
Darbar Sahib
ਇਸ ਲਈ ਉਹ ਕਦੇ ਦੁਖੀ ਨਹੀਂ ਹੁੰਦੀ। ਹੇ ਨਾਨਕ! ਗੁਰੂ ਦੇ ਪਿਆਰ ਵਿਚ ਉਸ ਦੀ ਬ੍ਰਿਤੀ ਹੋਣ ਕਰਕੇ ਪ੍ਰਭੂ ਨੇ ਉਸ ਨੂੰ ਆਪਣੇ ਨਾਲ ਮਿਲਾਇਆ ਹੈ।੨। ਜੋ ਮਨੁੱਖ ਪਿਆਰੇ ਸਤਿਗੁਰੂ ਦੀ ਨਿੰਦਾ ਕਰਦੇ ਹਨ, ਉਹ ਬਹੁਤ ਭੈੜੇ ਹਨ, ਰੱਬ ਮਿਹਰ ਹੀ ਕਰੇ। ਹੇ ਭਾਈ! ਉਨ੍ਹਾਂ ਦਾ ਦਰਸ਼ਨ ਨਾਹ ਕਰੋ, ਉਹ ਬੜੇ ਪਾਪੀ ਤੇ ਹੱਤਿਆਰੇ ਹਨ; ਮਨੋਂ ਖੋਟੇ ਉਹ ਆਦਮੀ ਵਿਭਚਾਰਨ ਇਸਤ੍ਰੀ ਵਾਂਗ ਘਰ-ਘਰ ਫਿਰਦੇ ਹਨ। ਵਡਭਾਗੀ ਮਨੁੱਖ ਸਤਿਗੁਰੂ ਦੀ ਨਿਵਾਜੀ ਹੋਈ ਗੁਰਮੁਖਾਂ ਦੀ ਸੰਗਤ ਵਿਚ ਮਿਲਦੇ ਹਨ। ਹੇ ਹਰੀ! ਮੈਂ ਸਦਕੇ ਹਾਂ ਸਤਿਗੁਰੂ ਤੋਂ, ਮੇਹਰ ਕਰਕੇ ਸਤਿਗੁਰੂ ਨੂੰ ਮਿਲਾ।੨੩।