
ਸਲੋਕੁ ॥
ਸਲੋਕੁ ॥
ਕਿਆ ਸੁਣੇਦੋ ਕੂੜੁ ਵੰਞਨਿ ਪਵਣ ਝੁਲਾਰਿਆ ॥
ਨਾਨਕ ਸੁਣੀਅਰ ਤੇ ਪਰਵਾਣੁ ਜੋ ਸੁਣੇਦੇ ਸਚੁ ਧਣੀ ॥੧॥ ਛੰਤੁ ॥
ਤਿਨ ਘੋਲਿ ਘੁਮਾਈ ਜਿਨ ਪ੍ਰਭੁ ਸ੍ਰਵਣੀ ਸੁਣਿਆ ਰਾਮ ॥
ਸੇ ਸਹਜਿ ਸੁਹੇਲੇ ਜਿਨ ਹਰਿ ਹਰਿ ਰਸਨਾ ਭਣਿਆ ਰਾਮ ॥
ਸੇ ਸਹਜਿ ਸੁਹੇਲੇ ਗੁਣਹ ਅਮੋਲੇ ਜਗਤ ਉਧਾਰਣ ਆਏ ॥
ਭੈ ਬੋਹਿਥ ਸਾਗਰ ਪ੍ਰਭ ਚਰਣਾ ਕੇਤੇ ਪਾਰਿ ਲਘਾਏ ॥
ਜਿਨ ਕੰਉ ਕ੍ਰਿਪਾ ਕਰੀ ਮੇਰੈ ਠਾਕੁਰਿ ਤਿਨ ਕਾ ਲੇਖਾ ਨ ਗਣਿਆ ॥
ਕਹੁ ਨਾਨਕ ਤਿਸੁ ਘੋਲਿ ਘੁਮਾਈ ਜਿਨਿ ਪ੍ਰਭੁ ਸ੍ਰਵਣੀ ਸੁਣਿਆ ॥੧॥ ਸਲੋਕੁ ॥
ਲੋਇਣ ਲੋਈ ਡਿਠ ਪਿਆਸ ਨ ਬੁਝੈ ਮੂ ਘਣੀ ॥
ਨਾਨਕ ਸੇ ਅਖੜੀਆਂ ਬਿਅੰਨਿ ਜਿਨੑੀ ਡਿਸੰਦੋ ਮਾ ਪਿਰੀ ॥੧॥ ਛੰਤੁ ॥
ਜਿਨੀ ਹਰਿ ਪ੍ਰਭੁ ਡਿਠਾ ਤਿਨ ਕੁਰਬਾਣੇ ਰਾਮ ॥
ਸੇ ਸਾਚੀ ਦਰਗਹ ਭਾਣੇ ਰਾਮ ॥
ਠਾਕੁਰਿ ਮਾਨੇ ਸੇ ਪਰਧਾਨੇ ਹਰਿ ਸੇਤੀ ਰੰਗਿ ਰਾਤੇ ॥
ਹਰਿ ਰਸਹਿ ਅਘਾਏ ਸਹਜਿ ਸਮਾਏ ਘਟਿ ਘਟਿ ਰਮਈਆ ਜਾਤੇ ॥
ਸੇਈ ਸਜਣ ਸੰਤ ਸੇ ਸੁਖੀਏ ਠਾਕੁਰ ਅਪਣੇ ਭਾਣੇ ॥
ਕਹੁ ਨਾਨਕ ਜਿਨ ਹਰਿ ਪ੍ਰਭੁ ਡਿਠਾ ਤਿਨ ਕੈ ਸਦ ਕੁਰਬਾਣੇ ॥੨॥ ਸਲੋਕੁ ॥
ਦੇਹ ਅੰਧਾਰੀ ਅੰਧ ਸੁੰਞੀ ਨਾਮ ਵਿਹੂਣੀਆ ॥
ਨਾਨਕ ਸਫਲ ਜਨੰਮੁ ਜੈ ਘਟਿ ਵੁਠਾ ਸਚੁ ਧਣੀ ॥੧॥ ਛੰਤੁ ॥
ਤਿਨ ਖੰਨੀਐ ਵੰਞਾਂ ਜਿਨ ਮੇਰਾ ਹਰਿ ਪ੍ਰਭੁ ਡੀਠਾ ਰਾਮ ॥
ਜਨ ਚਾਖਿ ਅਘਾਣੇ ਹਰਿ ਹਰਿ ਅੰਮ੍ਰਿਤੁ ਮੀਠਾ ਰਾਮ ॥
ਹਰਿ ਮਨਹਿ ਮੀਠਾ ਪ੍ਰਭੂ ਤੂਠਾ ਅਮਿਉ ਵੂਠਾ ਸੁਖ ਭਏ ॥
ਦੁਖ ਨਾਸ ਭਰਮ ਬਿਨਾਸ ਤਨ ਤੇ ਜਪਿ ਜਗਦੀਸ ਈਸਹ ਜੈ ਜਏ ॥
ਮੋਹ ਰਹਤ ਬਿਕਾਰ ਥਾਕੇ ਪੰਚ ਤੇ ਸੰਗੁ ਤੂਟਾ ॥
ਕਹੁ ਨਾਨਕ ਤਿਨ ਖੰਨੀਐ ਵੰਞਾ ਜਿਨ ਘਟਿ ਮੇਰਾ ਹਰਿ ਪ੍ਰਭੁ ਵੂਠਾ ॥੩॥ ਸਲੋਕੁ ॥
ਜੋ ਲੋੜੀਦੇ ਰਾਮ ਸੇਵਕ ਸੇਈ ਕਾਂਢਿਆ ॥
ਨਾਨਕ ਜਾਣੇ ਸਤਿ ਸਾਂਈ ਸੰਤ ਨ ਬਾਹਰਾ ॥੧॥ ਛੰਤੁ ॥
ਮਿਲਿ ਜਲੁ ਜਲਹਿ ਖਟਾਨਾ ਰਾਮ ॥
ਸੰਗਿ ਜੋਤੀ ਜੋਤਿ ਮਿਲਾਨਾ ਰਾਮ ॥
ਸੰਮਾਇ ਪੂਰਨ ਪੁਰਖ ਕਰਤੇ ਆਪਿ ਆਪਹਿ ਜਾਣੀਐ ॥
ਤਹ ਸੁੰਨਿ ਸਹਜਿ ਸਮਾਧਿ ਲਾਗੀ ਏਕੁ ਏਕੁ ਵਖਾਣੀਐ ॥
ਆਪਿ ਗੁਪਤਾ ਆਪਿ ਮੁਕਤਾ ਆਪਿ ਆਪੁ ਵਖਾਨਾ ॥
ਨਾਨਕ ਭ੍ਰਮ ਭੈ ਗੁਣ ਬਿਨਾਸੇ ਮਿਲਿ ਜਲੁ ਜਲਹਿ ਖਟਾਨਾ ॥੪॥੨॥
ਬੁੱਧਵਾਰ, ੧੦ ਚੇਤ (ਸੰਮਤ ੫੫੪ ਨਾਨਕਸ਼ਾਹੀ) (ਅੰਗ: ੫੭੭)
ਪੰਜਾਬੀ ਵਿਆਖਿਆ:
ਸਲੋਕੁ ॥
ਹੇ ਭਾਈ! ਨਾਸਵੰਤ ਪਦਾਰਥਾਂ ਦੀ ਗੱਲ ਕੀਹ ਸੁਣਦਾ ਹੈਂ? (ਇਹ ਪਦਾਰਥ ਤਾਂ) ਹਵਾ ਦੇ ਬੁੱਲਿਆਂ ਵਾਂਗ ਚਲੇ ਜਾਂਦੇ ਹਨ । ਹੇ ਨਾਨਕ! (ਸਿਰਫ਼) ਉਹ ਕੰਨ (ਪਰਮਾਤਮਾ ਦੀ ਹਜ਼ੂਰੀ ਵਿਚ) ਕਬੂਲ ਹਨ ਜੇਹੜੇ ਸਦਾ-ਥਿਰ ਰਹਿਣ ਵਾਲੇ ਮਾਲਕ-ਪ੍ਰਭੂ (ਦੀ ਸਿਫ਼ਤਿ-ਸਾਲਾਹ) ਨੂੰ ਸੁਣਦੇ ਹਨ ।੧। ਛੰਤੁ । ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਆਪਣੇ ਕੰਨਾਂ ਨਾਲ ਪ੍ਰਭੂ (ਦਾ ਨਾਮ) ਸੁਣਿਆ ਹੈ, ਉਹਨਾਂ ਤੋਂ ਮੈਂ ਸਦਕੇ ਕੁਰਬਾਨ ਜਾਂਦਾ ਹਾਂ । ਜੇਹੜੇ ਮਨੁੱਖ ਆਪਣੀ ਜੀਭ ਨਾਲ ਪਰਮਾਤਮਾ ਦਾ ਨਾਮ ਜਪਦੇ ਹਨ ਉਹ ਆਤਮਕ ਅਡੋਲਤਾ ਵਿਚ ਟਿਕ ਕੇ ਸੁਖੀ ਰਹਿੰਦੇ ਹਨ । ਉਹ ਮਨੁੱਖ ਆਤਮਕ ਅਡੋਲਤਾ ਵਿਚ ਰਹਿ ਕੇ ਸੁਖੀ ਜੀਵਨ ਜੀਊਂਦੇ ਹਨ, ਉਹ ਅਮੋਲਕ ਗੁਣਾਂ ਵਾਲੇ ਹੋ ਜਾਂਦੇ ਹਨ, ਉਹ ਤਾਂ ਜਗਤ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਵਾਸਤੇ ਆਉਂਦੇ ਹਨ ।
ਹੇ ਭਾਈ! ਇਸ ਭਿਆਨਕ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਵਾਸਤੇ ਪਰਮਾਤਮਾ ਦੇ ਚਰਨ ਜਹਾਜ਼ ਹਨ (ਆਪ ਨਾਮ ਜਪਣ ਵਾਲੇ ਮਨੁੱਖ) ਅਨੇਕਾਂ ਨੂੰ (ਪ੍ਰਭੂ-ਚਰਨਾਂ ਵਿਚ ਜੋੜ ਕੇ) ਪਾਰ ਲੰਘਾ ਦੇਂਦੇ ਹਨ । ਮੇਰੇ ਮਾਲਕ-ਪ੍ਰਭੂ ਨੇ ਜਿਨ੍ਹਾਂ ਉਤੇ ਮੇਹਰ (ਦੀ ਨਿਗਾਹ) ਕੀਤੀ, ਉਹਨਾਂ ਦੇ ਕਰਮਾਂ ਦਾ ਹਿਸਾਬ ਕਰਨਾ ਉਸ ਨੇ ਛੱਡ ਦਿੱਤਾ । ਹੇ ਨਾਨਕ! ਆਖ—ਮੈਂ ਉਸ ਮਨੁੱਖ ਤੋਂ ਸਦਕੇ ਕੁਰਬਾਨ ਜਾਂਦਾ ਹਾਂ ਜਿਸ ਨੇ ਆਪਣੇ ਕੰਨਾਂ ਨਾਲ ਪਰਮਾਤਮਾ (ਦੀ ਸਿਫ਼ਤਿ-ਸਾਲਾਹ) ਨੂੰ ਸੁਣਿਆ ਹੈ ।੧। ਮੈਂ ਆਪਣੀਆਂ ਅੱਖਾਂ ਨਾਲ ਜਗਤ ਨੂੰ ਵੇਖਿਆ ਹੈ, (ਅਜੇ ਭੀ) ਮੈਨੂੰ (ਜਗਤ ਵੇਖਣ ਦੀ ਪਿਆਸ) ਬਹੁਤ ਹੈ, ਇਹ ਪਿਆਸ ਬੁੱਝਦੀ ਨਹੀਂ । ਹੇ ਨਾਨਕ! ਜਿਨ੍ਹਾਂ ਅੱਖਾਂ ਨੇ ਮੇਰੇ ਪਿਆਰੇ ਪ੍ਰਭੂ ਨੂੰ ਵੇਖਿਆ, ਉਹ ਅੱਖਾਂ ਹੋਰ ਕਿਸਮ ਦੀਆਂ ਹਨ (ਉਹਨਾਂ ਅੱਖਾਂ ਨੂੰ ਦੁਨੀਆ ਦੇ ਪਦਾਰਥ ਵੇਖਣ ਦੀ ਲਾਲਸਾ ਨਹੀਂ ਹੁੰਦੀ) ।੧।
Darbar Sahib
ਛੰਤੁ । ਮੈਂ ਉਹਨਾਂ ਤੋਂ ਸਦਕੇ ਹਾਂ, ਜਿਨ੍ਹਾਂ ਨੇ ਪਰਮਾਤਮਾ ਦਾ ਦਰਸਨ ਕੀਤਾ ਹੈ, ਉਹ (ਵਡ-ਭਾਗੀ) ਬੰਦੇ ਸਦਾ-ਥਿਰ ਪ੍ਰਭੂ ਦੀ ਹਜ਼ੂਰੀ ਵਿਚ ਪਸੰਦ ਆਉਂਦੇ ਹਨ । ਜਿਨ੍ਹਾਂ ਜੀਵਾਂ ਨੂੰ ਮਾਲਕ-ਪ੍ਰਭੂ ਨੇ ਆਦਰ-ਮਾਣ ਦਿੱਤਾ ਹੈ, (ਹਰ ਥਾਂ) ਮੰਨੇ-ਪ੍ਰਮੰਨੇ ਜਾਂਦੇ ਹਨ, ਉਹ ਪਰਮਾਤਮਾ ਦੇ ਚਰਨਾਂ ਨਾਲ ਜੁੜੇ ਰਹਿੰਦੇ ਹਨ, ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ । ਉਹ ਮਨੁੱਖ ਪਰਮਾਤਮਾ ਦੇ ਨਾਮ-ਰਸ ਨਾਲ (ਦੁਨੀਆ ਦੇ ਪਦਾਰਥਾਂ ਵੱਲੋਂ) ਰੱਜੇ ਰਹਿੰਦੇ ਹਨ ਉਹ ਆਤਮਕ ਅਡੋਲਤਾ ਵਿਚ ਲੀਨ ਰਹਿੰਦੇ ਹਨ, ਉਹ ਮਨੁੱਖ ਪਰਮਾਤਮਾ ਨੂੰ ਹਰੇਕ ਸਰੀਰ ਵਿਚ ਵੱਸਦਾ ਪਛਾਣਦੇ ਹਨ । ਹੇ ਭਾਈ! ਉਹੀ ਮਨੁੱਖ ਭਲੇ ਹਨ, ਸੰਤ ਹਨ, ਸੁਖੀ ਹਨ, ਜੋ ਆਪਣੇ ਮਾਲਕ ਪ੍ਰਭੂ ਨੂੰ ਚੰਗੇ ਲੱਗਦੇ ਹਨ ।
Darbar Sahib
ਹੇ ਨਾਨਕ! ਆਖ—ਜਿਨ੍ਹਾਂ ਮਨੁੱਖਾਂ ਨੇ ਹਰੀ ਪ੍ਰਭੂ ਦਾ ਦਰਸਨ ਕਰ ਲਿਆ ਹੈ, ਮੈਂ ਉਹਨਾਂ ਤੋਂ ਸਦਾ ਸਦਕੇ ਜਾਂਦਾ ਹਾਂ ।੨। ਹੇ ਭਾਈ! ਜੇਹੜਾ ਸਰੀਰ ਪਰਮਾਤਮਾ ਦੇ ਨਾਮ ਤੋਂ ਸੱਖਣਾ ਰਹਿੰਦਾ ਹੈ, ਉਹ ਮਾਇਆ ਦੇ ਮੋਹ ਦੇ ਹਨੇਰੇ ਵਿਚ ਅੰਨ੍ਹਾ ਹੋਇਆ ਰਹਿੰਦਾ ਹੈ । ਹੇ ਨਾਨਕ! ਉਸ ਮਨੁੱਖ ਦਾ ਜੀਵਨ ਕਾਮਯਾਬ ਹੈ ਜਿਸ ਦੇ ਹਿਰਦੇ ਵਿਚ ਸਦਾ ਕਾਇਮ ਰਹਿਣ ਵਾਲਾ ਮਾਲਕ-ਪ੍ਰਭੂ ਆ ਵੱਸਦਾ ਹੈ ।੧। ਛੰਤੁ । ਮੈਂ ਉਹਨਾਂ ਮਨੁੱਖਾਂ ਤੋਂ ਸਦਕੇ-ਕੁਰਬਾਨ ਜਾਂਦਾ ਹਾਂ ਜਿਨ੍ਹਾਂ ਮੇਰੇ ਹਰੀ-ਪ੍ਰਭੂ ਦਾ ਦਰਸਨ ਕਰ ਲਿਆ ਹੈ । ਉਹ ਮਨੁੱਖ (ਪਰਮਾਤਮਾ ਦਾ ਨਾਮ-ਰਸ) ਚੱਖ ਕੇ (ਦੁਨੀਆ ਦੇ ਪਦਾਰਥਾਂ ਵੱਲੋਂ) ਰੱਜ ਜਾਂਦੇ ਹਨ, ਉਹਨਾਂ ਨੂੰ ਆਤਮਕ ਜੀਵਨ ਦੇਣ ਵਾਲਾ ਪਰਮਾਤਮਾ ਦਾ ਨਾਮ-ਜਲ ਮਿੱਠਾ ਲੱਗਦਾ ਹੈ ।
Sri Darbar Sahib
ਪਰਮਾਤਮਾ ਉਹਨਾਂ ਨੂੰ ਆਪਣੇ ਮਨ ਵਿਚ ਪਿਆਰਾ ਲੱਗਦਾ ਹੈ, ਪਰਮਾਤਮਾ ਉਹਨਾਂ ਉਤੇ ਪ੍ਰਸੰਨ ਹੋ ਜਾਂਦਾ ਹੈ, ਉਹਨਾਂ ਦੇ ਅੰਦਰ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਆ ਵੱਸਦਾ ਹੈ, ਉਹਨਾਂ ਨੂੰ ਸਾਰੇ ਆਨੰਦ ਪ੍ਰਾਪਤ ਹੋ ਜਾਂਦੇ ਹਨ । ਜਗਤ ਦੇ ਮਾਲਕ-ਪ੍ਰਭੂ ਦੀ ਜੈ-ਜੈਕਾਰ ਆਖ ਆਖ ਕੇ ਉਹਨਾਂ ਦੇ ਸਰੀਰ ਤੋਂ ਦੁੱਖ ਤੇ ਭਰਮ ਦੂਰ ਹੋ ਜਾਂਦੇ ਹਨ । ਉਹ ਮਨੁੱਖ ਮੋਹ ਤੋਂ ਰਹਿਤ ਹੋ ਜਾਂਦੇ ਹਨ, ਉਹਨਾਂ ਦੇ ਅੰਦਰੋਂ ਵਿਕਾਰ ਮੁੱਕ ਜਾਂਦੇ ਹਨ, ਕਾਮਾਦਿਕ ਪੰਜਾਂ ਨਾਲੋਂ ਉਹਨਾਂ ਦਾ ਸਾਥ ਟੁੱਟ ਜਾਂਦਾ ਹੈ । ਹੇ ਨਾਨਕ! ਆਖ—ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਮੇਰਾ ਹਰੀ-ਪ੍ਰਭੂ ਆ ਵੱਸਿਆ ਹੈ ਮੈਂ ਉਹਨਾਂ ਤੋਂ ਸਦਕੇ-ਕੁਰਬਾਨ ਜਾਂਦਾ ਹਾਂ ।੩। ਹੇ ਨਾਨਕ! ਜੇਹੜੇ ਮਨੁੱਖ ਪਰਮਾਤਮਾ ਨੂੰ ਪਿਆਰੇ ਲੱਗਦੇ ਹਨ, ਉਹੀ (ਅਸਲ) ਸੇਵਕ ਅਖਵਾਂਦੇ ਹਨ । (ਹੇ ਭਾਈ!) ਸੱਚ ਜਾਣ, ਮਾਲਕ-ਪ੍ਰਭੂ ਸੰਤਾਂ ਨਾਲੋਂ ਵੱਖਰਾ ਨਹੀਂ ਹੈ ।੧।
Darbar Sahib
ਛੰਤੁ । (ਹੇ ਭਾਈ! ਜਿਵੇਂ) ਪਾਣੀ ਪਾਣੀ ਵਿਚ ਮਿਲ ਕੇ ਇਕ-ਰੂਪ ਹੋ ਜਾਂਦਾ ਹੈ (ਤਿਵੇਂ ਸੇਵਕ ਦੀ) ਆਤਮਾ ਪਰਮਾਤਮਾ ਦੇ ਨਾਲ ਮਿਲੀ ਰਹਿੰਦੀ ਹੈ । ਪੂਰਨ ਸਰਬ-ਵਿਆਪਕ ਕਰਤਾਰ ਨੇ ਜਿਸ ਸੇਵਕ ਨੂੰ ਆਪਣੇ ਵਿਚ ਲੀਨ ਕਰ ਲਿਆ, ਉਸ ਦੇ ਅੰਦਰ ਇਹ ਸੂਝ ਪੈਦਾ ਹੋ ਜਾਂਦੀ ਹੈ ਕਿ (ਹਰ ਥਾਂ) ਪਰਮਾਤਮਾ ਆਪ ਹੀ ਆਪ ਹੈ, ਉਸ ਦੇ ਹਿਰਦੇ ਵਿਚ (ਵਿਕਾਰਾਂ ਵਲੋਂ) ਸੁੰਞ ਹੋ ਜਾਂਦੀ ਹੈ, ਆਤਮਕ ਅਡੋਲਤਾ ਵਿਚ ਉਸ ਦੀ ਸਮਾਧੀ ਲੱਗੀ ਰਹਿੰਦੀ ਹੈ, ਉਸ ਦੇ ਹਿਰਦੇ ਵਿਚ ਇਕ ਪਰਮਾਤਮਾ ਦੀ ਹੀ ਸਿਫ਼ਤਿ-ਸਾਲਾਹ ਹੁੰਦੀ ਰਹਿੰਦੀ ਹੈ ।
Darbar Sahib
(ਉਸ ਨੂੰ ਨਿਸ਼ਚਾ ਬਣਿਆ ਰਹਿੰਦਾ ਹੈ ਕਿ) ਪਰਮਾਤਮਾ ਸਾਰੇ ਸੰਸਾਰ ਵਿਚ ਆਪ ਹੀ ਲੁਕਿਆ ਹੋਇਆ ਹੈ, ਫਿਰ ਭੀ ਉਹ ਆਪ ਮਾਇਆ ਦੇ ਮੋਹ ਤੋਂ ਰਹਿਤ ਹੈ (ਹਰ ਥਾਂ ਵਿਆਪਕ ਹੋਣ ਕਰਕੇ) ਉਹ ਆਪ ਹੀ ਆਪਣੇ ਆਪ ਨੂੰ ਸਿਮਰ ਰਿਹਾ ਹੈ । ਹੇ ਨਾਨਕ! ਉਸ ਮਨੁੱਖ ਦੇ ਅੰਦਰੋਂ ਭਰਮ ਡਰ ਤੇ ਮਾਇਆ ਦੇ ਤਿੰਨ ਗੁਣ ਨਾਸ ਹੋ ਜਾਂਦੇ ਹਨ, (ਉਹ ਇਉਂ ਪਰਮਾਤਮਾ ਨਾਲ ਇਕ-ਰੂਪ ਹੋਇਆ ਰਹਿੰਦਾ ਹੈ, ਜਿਵੇਂ) ਪਾਣੀ ਪਾਣੀ ਵਿੱਚ ਮਿਲ ਕੇ ਇਕ ਰੂਪ ਹੋ ਜਾਂਦਾ ਹੈ ।੪।੨।