ਅੱਜ ਦਾ ਹੁਕਮਨਾਮਾ (23 ਮਈ 2022)
Published : May 23, 2022, 7:12 am IST
Updated : May 23, 2022, 7:18 am IST
SHARE ARTICLE
Hukamnama Sahib
Hukamnama Sahib

ਵਡਹੰਸੁ ਮਹਲਾ ੧ ॥

ਵਡਹੰਸੁ ਮਹਲਾ ੧ ॥

ਬਾਬਾ ਆਇਆ ਹੈ ਉਠਿ ਚਲਣਾ ਇਹੁ ਜਗੁ ਝੂਠੁ ਪਸਾਰੋਵਾ ॥

ਸਚਾ ਘਰੁ ਸਚੜੈ ਸੇਵੀਐ ਸਚੁ ਖਰਾ ਸਚਿਆਰੋਵਾ ॥

ਕੂੜਿ ਲਬਿ ਜਾਂ ਥਾਇ ਨ ਪਾਸੀ ਅਗੈ ਲਹੈ ਨ ਠਾਓ ॥

ਅੰਤਰਿ ਆਉ ਨ ਬੈਸਹੁ ਕਹੀਐ ਜਿਉ ਸੁੰਞੈ ਘਰਿ ਕਾਓ ॥

ਜੰਮਣੁ ਮਰਣੁ ਵਡਾ ਵੇਛੋੜਾ ਬਿਨਸੈ ਜਗੁ ਸਬਾਏ ॥

ਲਬਿ ਧੰਧੈ ਮਾਇਆ ਜਗਤੁ ਭੁਲਾਇਆ ਕਾਲੁ ਖੜਾ ਰੂਆਏ ॥੧॥

ਬਾਬਾ ਆਵਹੁ ਭਾਈਹੋ ਗਲਿ ਮਿਲਹ ਮਿਲਿ ਮਿਲਿ ਦੇਹ ਆਸੀਸਾ ਹੇ ॥

ਬਾਬਾ ਸਚੜਾ ਮੇਲੁ ਨ ਚੁਕਈ ਪ੍ਰੀਤਮ ਕੀਆ ਦੇਹ ਅਸੀਸਾ ਹੇ ॥

ਆਸੀਸਾ ਦੇਵਹੋ ਭਗਤਿ ਕਰੇਵਹੋ ਮਿਲਿਆ ਕਾ ਕਿਆ ਮੇਲੋ ॥

ਇਕਿ ਭੂਲੇ ਨਾਵਹੁ ਥੇਹਹੁ ਥਾਵਹੁ ਗੁਰ ਸਬਦੀ ਸਚੁ ਖੇਲੋ ॥

ਜਮ ਮਾਰਗਿ ਨਹੀ ਜਾਣਾ ਸਬਦਿ ਸਮਾਣਾ ਜੁਗਿ ਜੁਗਿ ਸਾਚੈ ਵੇਸੇ ॥

ਸਾਜਨ ਸੈਣ ਮਿਲਹੁ ਸੰਜੋਗੀ ਗੁਰ ਮਿਲਿ ਖੋਲੇ ਫਾਸੇ ॥੨॥

ਬਾਬਾ ਨਾਂਗੜਾ ਆਇਆ ਜਗ ਮਹਿ ਦੁਖੁ ਸੁਖੁ ਲੇਖੁ ਲਿਖਾਇਆ ॥

ਲਿਖਿਅੜਾ ਸਾਹਾ ਨਾ ਟਲੈ ਜੇਹੜਾ ਪੁਰਬਿ ਕਮਾਇਆ ॥

ਬਹਿ ਸਾਚੈ ਲਿਖਿਆ ਅੰਮ੍ਰਿਤੁ ਬਿਖਿਆ ਜਿਤੁ ਲਾਇਆ ਤਿਤੁ ਲਾਗਾ ॥

ਕਾਮਣਿਆਰੀ ਕਾਮਣ ਪਾਏ ਬਹੁ ਰੰਗੀ ਗਲਿ ਤਾਗਾ ॥

ਹੋਛੀ ਮਤਿ ਭਇਆ ਮਨੁ ਹੋਛਾ ਗੁੜੁ ਸਾ ਮਖੀ ਖਾਇਆ ॥

ਨਾਮਰਜਾਦੁ ਆਇਆ ਕਲਿ ਭੀਤਰਿ ਨਾਂਗੋ ਬੰਧਿ ਚਲਾਇਆ ॥੩॥

ਬਾਬਾ ਰੋਵਹੁ ਜੇ ਕਿਸੈ ਰੋਵਣਾ ਜਾਨੀਅੜਾ ਬੰਧਿ ਪਠਾਇਆ ਹੈ ॥

ਲਿਖਿਅੜਾ ਲੇਖੁ ਨ ਮੇਟੀਐ ਦਰਿ ਹਾਕਾਰੜਾ ਆਇਆ ਹੈ ॥

ਹਾਕਾਰਾ ਆਇਆ ਜਾ ਤਿਸੁ ਭਾਇਆ ਰੁੰਨੇ ਰੋਵਣਹਾਰੇ ॥

ਪੁਤ ਭਾਈ ਭਾਤੀਜੇ ਰੋਵਹਿ ਪ੍ਰੀਤਮ ਅਤਿ ਪਿਆਰੇ ॥

ਭੈ ਰੋਵੈ ਗੁਣ ਸਾਰਿ ਸਮਾਲੇ ਕੋ ਮਰੈ ਨ ਮੁਇਆ ਨਾਲੇ ॥

ਨਾਨਕ ਜੁਗਿ ਜੁਗਿ ਜਾਣ ਸਿ ਜਾਣਾ ਰੋਵਹਿ ਸਚੁ ਸਮਾਲੇ ॥੪॥੫॥

ਸੋਮਵਾਰ, ੧੦ ਜੇਠ (ਸੰਮਤ ੫੫੪ ਨਾਨਕਸ਼ਾਹੀ) (ਅੰਗ : ੫੮੧)

ਪੰਜਾਬੀ ਵਿਆਖਿਆ:

ਵਡਹੰਸੁ ਮਹਲਾ ੧ ॥

ਹੇ ਭਾਈ! (ਜਗਤ ਵਿਚ ਜੇਹੜਾ ਭੀ ਜੀਵ ਜਨਮ ਲੈ ਕੇ) ਆਇਆ ਹੈ ਉਸ ਨੇ (ਆਖ਼ਰ ਇਥੋਂ) ਕੂਚ ਕਰ ਜਾਣਾ ਹੈ (ਕਿਸੇ ਨੇ ਇਥੇ ਸਦਾ ਨਹੀਂ ਬੈਠ ਰਹਿਣਾ) ਇਹ ਜਗਤ ਹੈ ਹੀ ਨਾਸਵੰਤ ਖਿਲਾਰਾ । ਜੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਸਿਮਰਨ ਕਰੀਏ ਤਾਂ ਸਦਾ-ਥਿਰ ਰਹਿਣ ਵਾਲਾ ਟਿਕਾਣਾ ਮਿਲ ਜਾਂਦਾ ਹੈ । ਜੇਹੜਾ ਮਨੁੱਖ ਸਦਾ-ਥਿਰ ਪ੍ਰਭੂ ਨੂੰ ਸਿਮਰਦਾ ਹੈ ਉਹ ਪਵਿਤ੍ਰ ਜੀਵਨ ਵਾਲਾ ਹੋ ਜਾਂਦਾ ਹੈ, ਉਹ ਸਦਾ-ਥਿਰ ਪ੍ਰਭੂ ਦੇ ਪ੍ਰਕਾਸ਼ ਲਈ ਯੋਗ ਬਣ ਜਾਂਦਾ ਹੈ । ਜੇਹੜਾ ਮਨੁੱਖ ਮਾਇਆ ਦੇ ਮੋਹ ਵਿਚ ਜਾਂ ਮਾਇਆ ਦੇ ਲਾਲਚ ਵਿਚ ਫਸਿਆ ਰਹਿੰਦਾ ਹੈ ਉਹ ਪਰਮਾਤਮਾ ਦੀ ਦਰਗਾਹ ਵਿਚ ਕਬੂਲ ਨਹੀਂ ਹੁੰਦਾ, ਉਸ ਨੂੰ ਪ੍ਰਭੂ ਦੀ ਹਜ਼ੂਰੀ ਵਿਚ ਥਾਂ ਨਹੀਂ ਮਿਲਦੀ ।

Darbar SahibDarbar Sahib

ਜਿਵੇਂ ਸੁੰਞੇ ਘਰ ਵਿਚ ਗਏ ਕਾਂ ਨੂੰ (ਕਿਸੇ ਨੇ ਰੋਟੀ ਦੀ ਗਰਾਹੀ ਆਦਿਕ ਨਹੀਂ ਪਾਣੀ) (ਤਿਵੇਂ ਮਾਇਆ ਦੇ ਮੋਹ ਵਿਚ ਫਸੇ ਜੀਵ ਨੂੰ ਪ੍ਰਭੂ ਦੀ ਹਜ਼ੂਰੀ ਵਿਚ) ਕਿਸੇ ਨੇ ਇਹ ਨਹੀਂ ਆਖਣਾ—ਆਓ ਜੀ, ਅੰਦਰ ਲੰਘ ਆਵੋ ਤੇ ਬੈਠ ਜਾਵੋ । ਉਸ ਮਨੁੱਖ ਨੂੰ ਜਨਮ ਮਰਨ ਦਾ ਗੇੜ ਭੁਗਤਣਾ ਪੈ ਜਾਂਦਾ ਹੈ, ਉਸ ਨੂੰ (ਇਸ ਗੇੜ ਦੇ ਕਾਰਨ ਪ੍ਰਭੂ-ਚਰਨਾਂ ਨਾਲੋਂ) ਲੰਮਾ ਵਿਛੋੜਾ ਹੋ ਜਾਂਦਾ ਹੈ । (ਮਾਇਆ ਦੇ ਮੋਹ ਵਿਚ ਫਸ ਕੇ) ਜਗਤ ਆਤਮਕ ਮੌਤ ਸਹੇੜ ਰਿਹਾ ਹੈ (ਜੇਹੜੇ ਭੀ ਮੋਹ ਵਿਚ ਫਸਦੇ ਹਨ ਉਹ) ਸਾਰੇ (ਆਤਮਕ ਮੌਤ ਮਰਦੇ ਹਨ) । ਲਾਲਚ ਦੇ ਕਾਰਨ ਮਾਇਆ ਦੇ ਹੀ ਆਹਰ ਵਿਚ ਪਿਆ ਹੋਇਆ ਜਗਤ ਸਹੀ ਜੀਵਨ-ਰਾਹ ਤੋਂ ਖੁੰਝਿਆ ਰਹਿੰਦਾ ਹੈ । ਇਸ ਦੇ ਸਿਰ ਉਤੇ ਖਲੋਤਾ ਕਾਲ ਇਸ ਨੂੰ ਦੁੱਖੀ ਕਰਦਾ ਰਹਿੰਦਾ ਹੈ ।੧।

Darbar SahibDarbar Sahib

ਹੇ ਭਾਈ! ਹੇ ਭਰਾਵੋ! ਆਓ, ਅਸੀ ਪਿਆਰ ਨਾਲ ਰਲ ਕੇ ਬੈਠੀਏ, ਤੇ ਮਿਲ ਕੇ (ਆਪਣੇ ਵਿਛੁੜੇ ਸਾਥੀ ਨੂੰ) ਅਸੀਸਾਂ ਦੇਵੀਏ (ਉਸ ਦੇ ਵਾਸਤੇ ਪ੍ਰਭੂ-ਦਰ ਤੇ ਅਰਦਾਸਾਂ ਕਰੀਏ) ਪ੍ਰੀਤਮ-ਪ੍ਰਭੂ ਨਾਲ ਮਿਲਣ ਦੀਆਂ ਅਸੀਸਾਂ ਦੇਈਏ (ਅਰਦਾਸਾਂ ਕਰੀਏ । ਸਦਾ-ਥਿਰ ਮੇਲ ਸਿਰਫ਼ ਪਰਮਾਤਮਾ ਨਾਲ ਹੀ ਹੁੰਦਾ ਹੈ ਤੇ ਅਰਦਾਸ ਦੀ ਬਰਕਤਿ ਨਾਲ ਉਹ) ਸਦਾ-ਥਿਰ ਰਹਿਣ ਵਾਲਾ ਮਿਲਾਪ ਕਦੇ ਮੁੱਕਦਾ ਨਹੀਂ । (ਹੇ ਸਤਸੰਗੀ ਭਰਾਵੋ! ਰਲ ਕੇ ਵਿਛੁੜੇ ਸਾਥੀ ਲਈ) ਅਰਦਾਸਾਂ ਕਰੋ (ਅਤੇ ਆਪ ਭੀ) ਪਰਮਾਤਮਾ ਦੀ ਭਗਤੀ ਕਰੋ (ਭਗਤੀ ਦੀ ਬਰਕਤਿ ਨਾਲ ਪਰਮਾਤਮਾ ਦੇ ਚਰਨਾਂ ਵਿਚ ਮਿਲਾਪ ਹੋ ਜਾਂਦਾ ਹੈ) ਜੇਹੜੇ ਇਕ ਵਾਰੀ ਪ੍ਰਭੂ-ਚਰਨਾਂ ਨਾਲ ਮਿਲ ਜਾਂਦੇ ਹਨ ਉਹਨਾਂ ਦਾ ਫਿਰ ਕਦੇ ਵਿਛੋੜਾ ਨਹੀਂ ਹੁੰਦਾ ।

Darbar Sahib Darbar Sahib

ਪਰ ਕਈ ਐਸੇ ਹਨ ਜੋ ਪਰਮਾਤਮਾ ਦੇ ਨਾਮ ਤੋਂ ਖੁੰਝੇ ਫਿਰਦੇ ਹਨ ਜੋ ਸਦਾ ਕਾਇਮ ਰਹਿਣ ਵਾਲੇ ਟਿਕਾਣੇ ਤੋਂ ਉਖੜੇ ਫਿਰਦੇ ਹਨ । ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਨਾ ਸਹੀ ਜੀਵਨ-ਖੇਡ ਹੈ ਜੋ ਗੁਰੂ ਦੇ ਸ਼ਬਦ ਵਿਚ ਜੁੜ ਕੇ ਖੇਡੀ ਜਾ ਸਕਦੀ ਹੈ । ਜੇਹੜੇ ਮਨੁੱਖ ਗੁਰੂ ਦੇ ਸ਼ਬਦ ਵਿਚ ਲੀਨ ਰਹਿੰਦੇ ਹਨ ਉਹ ਜਮ ਦੇ ਰਸਤੇ ਤੇ ਨਹੀਂ ਜਾਂਦੇ, ਉਹ ਸਦਾ ਲਈ ਹੀ ਉਸ ਪਰਮਾਤਮਾ ਵਿਚ ਜੁੜੇ ਰਹਿੰਦੇ ਹਨ ਜਿਸ ਦਾ ਸਰੂਪ (ਵੇਸ) ਸਦਾ ਲਈ ਅਟੱਲ ਹੈ । ਹੇ ਸੱਜਣ ਮਿੱਤ੍ਰ ਸਤਸੰਗੀਓ! ਸਤਸੰਗ ਵਿਚ ਰਲ ਬੈਠੋ । ਜੇਹੜੇ ਬੰਦੇ ਸਤਸੰਗ ਵਿਚ ਆਏ ਹਨ ਉਹਨਾਂ ਨੇ ਗੁਰੂ ਨੂੰ ਮਿਲ ਕੇ ਮਾਇਆ ਦੇ ਮੋਹ ਦੇ ਫਾਹੇ ਵੱਢ ਲਏ ਹਨ ।੨। ਹੇ ਭਾਈ! (ਜੀਵ ਆਪਣੇ ਪੂਰਬਲੇ ਕੀਤੇ ਕਰਮਾਂ ਅਨੁਸਾਰ ਨਵੇਂ ਜੀਵਨ ਵਿਚ ਭੋਗਣ ਵਾਸਤੇ) ਦੁੱਖ ਅਤੇ ਸੁਖ-ਰੂਪ ਲੇਖ (ਪਰਮਾਤਮਾ ਦੀ ਦਰਗਾਹ ਵਿਚੋਂ ਆਪਣੇ ਮੱਥੇ ਤੇ) ਲਿਖਾ ਕੇ ਜਗਤ ਵਿਚ ਨੰਗਾ ਹੀ ਆਉਂਦਾ ਹੈ (ਜਨਮ ਸਮੇ ਹੀ ਉਹ ਸਮਾ ਭੀ ਨਿਯਤ ਕੀਤਾ ਜਾਂਦਾ ਹੈ ਜਦੋਂ ਜੀਵ ਨੇ ਜਗਤ ਤੋਂ ਵਾਪਸ ਤੁਰ ਪੈਣਾ ਹੁੰਦਾ ਹੈ) ਉਹ ਮੁਕਰਰ ਕੀਤਾ ਹੋਇਆ ਸਮਾ ਅਗਾਂਹ ਪਿਛਾਂਹ ਨਹੀਂ ਹੋ ਸਕਦਾ, (ਨਾਹ ਹੀ ਉਹ ਦੁਖ ਸੁਖ ਵਾਪਰਨੋਂ ਹਟ ਸਕਦਾ ਹੈ) ਜੋ ਪੂਰਬਲੇ ਜਨਮ ਵਿਚ ਕਰਮ ਕਰ ਕੇ (ਕਮਾਈ ਵਜੋਂ) ਖੱਟਿਆ ਹੈ ।

Darbar Sahib Darbar Sahib

(ਜੀਵ ਦੇ ਕੀਤੇ ਕਰਮਾਂ ਅਨੁਸਾਰ) ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੇ ਸੋਚ-ਵਿਚਾਰ ਕੇ ਲਿਖ ਦਿੱਤਾ ਹੁੰਦਾ ਹੈ ਕਿ ਜੀਵ ਨੇ ਨਵੇਂ ਜੀਵਨ-ਸਫ਼ਰ ਵਿਚ ਨਾਮ-ਅੰਮ੍ਰਿਤ ਵਿਹਾਝਣਾ ਹੈ ਜਾਂ ਮਾਇਆ-ਜ਼ਹਿਰ ਖੱਟਣਾ ਹੈ । (ਪਿਛਲੇ ਕੀਤੇ ਅਨੁਸਾਰ ਹੀ ਪ੍ਰਭੂ ਦੀ ਰਜ਼ਾ ਵਿਚ) ਜਿਧਰ ਜੀਵ ਨੂੰ ਲਾਇਆ ਜਾਂਦਾ ਹੈ ਉਧਰ ਇਹ ਲੱਗ ਪੈਂਦਾ ਹੈ । (ਉਸੇ ਲਿਖੇ ਅਨੁਸਾਰ ਹੀ) ਜਾਦੂ ਟੂਣੇ ਕਰਨ ਵਾਲੀ ਮਾਇਆ ਜੀਵ ਉਤੇ ਜਾਦੂ ਪਾ ਦੇਂਦੀ ਹੈ, ਇਸ ਦੇ ਗਲ ਵਿਚ ਕਈ ਰੰਗਾਂ ਵਾਲਾ ਧਾਗਾ ਪਾ ਦੇਂਦੀ ਹੈ (ਭਾਵ, ਕਈ ਤਰੀਕਿਆਂ ਨਾਲ ਮਾਇਆ ਇਸ ਨੂੰ ਮੋਹ ਲੈਂਦੀ ਹੈ) । (ਇਸ ਮੋਹਣੀ ਮਾਇਆ ਦੇ ਪ੍ਰਭਾਵ ਹੇਠ ਹੀ) ਜੀਵ ਦੀ ਮਤਿ ਥੋੜ੍ਹ-ਵਿਤੀ ਹੋ ਜਾਂਦੀ ਹੈ, ਜੀਵ ਦਾ ਮਨ ਥੋੜ੍ਹ-ਵਿਤਾ ਹੋ ਜਾਂਦਾ ਹੈ (ਭਾਵ, ਇਸ ਵਿਚ ਵਿਤਕਰਾ ਤੇ ਮੇਰ-ਤੇਰ ਆ ਜਾਂਦੇ ਹਨ, ਆਪਣੇ ਨਿੱਕੇ ਜਿਹੇ ਸੁਅਰਥ ਤੋਂ ਬਾਹਰ ਵੇਖ ਸੋਚ ਨਹੀਂ ਸਕਦਾ), ਜਿਵੇਂ ਮੱਖੀ ਗੁੜ ਖਾਂਦੀ ਹੈ (ਤੇ ਗੁੜ ਨਾਲ ਚੰਬੜ ਕੇ ਹੀ ਮਰ ਜਾਂਦੀ ਹੈ, ਤਿਵੇਂ ਜੀਵ ਮਾਇਆ ਨਾਲ ਚੰਬੜ ਕੇ ਆਤਮਕ ਮੌਤੇ ਮਰ ਜਾਂਦਾ ਹੈ) । ਜੀਵ ਜਗਤ ਵਿਚ ਨੰਗਾ ਹੀ ਆਉਂਦਾ ਹੈ ਤੇ ਨੰਗਾ ਹੀ ਬੰਨ੍ਹ ਕੇ ਅੱਗੇ ਲਾ ਲਿਆ ਜਾਂਦਾ ਹੈ ।੩।

Darbar SahibDarbar Sahib

ਹੇ ਭਾਈ! (ਜਿਸ ਜੀਵ ਦੇ ਇਥੋਂ ਚਲਾਣੇ ਦਾ ਸੱਦਾ ਆ ਜਾਂਦਾ ਹੈ, ਰੋ ਰੋ ਕੇ ਉਸ ਸੱਦੇ ਨੂੰ ਟਾਲ ਨਹੀਂ ਸਕੀਦਾ, ਇਹ ਅਟੱਲ ਨਿਯਮ ਹੈ, ਪਰ ਫਿਰ ਭੀ) ਜੇ ਕਿਸੇ ਨੇ (ਇਸ ਸੱਦੇ ਨੂੰ ਟਾਲਣ ਲਈ) ਰੋਣਾ ਹੀ ਹੈ ਤਾਂ ਰੋ ਕੇ ਵੇਖ ਲਵੋ । ਪਿਆਰਾ ਸੰਬੰਧੀ ਬੰਨ੍ਹ ਕੇ ਅੱਗੇ ਤੋਰ ਲਿਆ ਜਾਂਦਾ ਹੈ । (ਉਸ ਦੇ ਇਥੋਂ ਕੂਚ ਵਾਸਤੇ ਪਰਮਾਤਮਾ ਦੀ ਦਰਗਾਹ ਦਾ) ਲਿਖਿਆ ਹੁਕਮ ਮਿਟਾ ਨਹੀਂ ਸਕੀਦਾ, ਪ੍ਰਭੂ ਦੇ ਦਰ ਤੋਂ ਸੱਦਾ ਆ ਜਾਂਦਾ ਹੈ (ਉਹ ਸੱਦਾ ਅਮਿੱਟ ਹੈ) । ਜਦੋਂ ਪਰਮਾਤਮਾ ਨੂੰ (ਆਪਣੀ ਰਜ਼ਾ ਵਿਚ) ਚੰਗਾ ਲੱਗਦਾ ਹੈ, ਤਾਂ (ਜੀਵ ਵਾਸਤੇ ਕੂਚ ਦਾ) ਸੱਦਾ ਆ ਜਾਂਦਾ ਹੈ, ਰੋਣ ਵਾਲੇ ਸੰਬੰਧੀ ਰੋਂਦੇ ਹਨ । ਪੁੱਤਰ, ਭਰਾ, ਭਤੀਜੇ, ਬੜੇ ਪਿਆਰੇ ਸੰਬੰਧੀ (ਸਭੇ ਹੀ) ਰੋਂਦੇ ਹਨ । ਜੀਵ (ਕੂਚ ਕਰ ਜਾਣ ਵਾਲੇ ਆਪਣੇ ਸੰਬੰਧੀ ਦੇ ਪਿੱਛੇ ਦੁਨੀਆ ਵਿਚ ਵਾਪਰਨ ਵਾਲੇ ਦੁੱਖਾਂ ਦੇ) ਸਹਮ ਵਿਚ ਰੋਂਦਾ ਹੈ, ਤੇ ਉਸ ਦੇ ਗੁਣਾਂ (ਸੁਖਾਂ) ਨੂੰ ਮੁੜ ਮੁੜ ਚੇਤੇ ਕਰਦਾ ਹੈ, ਪਰ ਕਦੇ ਭੀ ਕੋਈ ਜੀਵ ਮੁਏ ਪ੍ਰਾਣੀਆਂ ਦੇ ਨਾਲ ਮਰਦਾ ਨਹੀਂ ਹੈ (ਜੀਊਣਾ ਹਰੇਕ ਨੂੰ ਪਿਆਰਾ ਲੱਗਦਾ ਹੈ, ਆਈ ਤੋਂ ਬਿਨਾ ਕੋਈ ਮਰ ਭੀ ਨਹੀਂ ਸਕਦਾ) । ਹੇ ਨਾਨਕ! (ਇਹ ਮਰਨ ਤੇ ਜੰਮਣ ਦਾ ਸਿਲਸਿਲਾ ਤਾਂ ਜਾਰੀ ਹੀ ਰਹਿਣਾ ਹੈ) ਉਹ ਬੰਦੇ ਸਦਾ ਹੀ ਮਹਾ ਸਿਆਣੇ ਹਨ ਜੋ ਸਦਾ-ਥਿਰ-ਪ੍ਰਭੂ ਦੇ ਗੁਣ ਹਿਰਦੇ ਵਿਚ ਵਸਾ ਕੇ ਮਾਇਆ ਦੇ ਮੋਹ ਵਲੋਂ ਉਪਰਾਮ ਹੁੰਦੇ ਹਨ ।੪।੫।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bank Fraud :ਬੈਂਕ ਖਾਤਿਆਂ 'ਤੇ ਧਿਆਨ ਰੱਖਿਆ ਕਰੋ! ਇਸ ਬੰਦੇ ਦੇ ਖਾਤੇ 'ਚੋਂ ਕਢਾ ਲਏ ਗਏ 65 ਲੱਖ ਅਤੇ 90 ਹਜ਼ਾਰ ਰੁਪਏ

20 May 2024 10:40 AM

Organic Farming : ਕਿਸਾਨ ਨੇ ਸਮਝਾਏ ਜੈਵਿਕ ਖੇਤੀ ਦੇ ਲਾਭ, ਹੋ ਰਿਹਾ ਮੋਟਾ ਮੁਨਾਫ਼ਾ

20 May 2024 10:07 AM

ਸੁਣੋ ਨਸ਼ੇ ਨੂੰ ਲੈ ਕੇ ਕੀ ਬੋਲ ਗਏ ਅਨੰਦਪੁਰ ਸਾਹਿਬ ਦੇ ਲੋਕ ਕਹਿੰਦੇ, "ਚਿੱਟਾ ਸ਼ਰੇਆਮ ਵਿੱਕਦਾ ਹੈ"

20 May 2024 8:37 AM

Punjab Weather Update : ਬੱਚਿਆਂ ਦੀ ਜਾਨ ਲੈ ਸਕਦੀਆਂ ਨੇ ਗਰਮ ਹਵਾਵਾਂ, ਡਾਕਟਰ ਨੇ ਦੱਸਿਆ ਬਚਾਅ !

19 May 2024 5:13 PM

Spokesman Live || Sidhi Gaal || Public Review Elections 2024

19 May 2024 4:41 PM
Advertisement