
ਸੋਰਠਿ ਮਹਲਾ ੫ ॥
ਸੋਰਠਿ ਮਹਲਾ ੫ ॥
ਗੁਣ ਗਾਵਹੁ ਪੂਰਨ ਅਬਿਨਾਸੀ ਕਾਮ ਕ੍ਰੋਧੁ ਬਿਖੁ ਜਾਰੇ ॥
ਮਹਾ ਬਿਖਮੁ ਅਗਨਿ ਕੋ ਸਾਗਰੁ ਸਾਧੂ ਸੰਗਿ ਉਧਾਰੇ ॥੧॥
ਪੂਰੈ ਗੁਰਿ ਮੇਟਿਓ ਭਰਮੁ ਅੰਧੇਰਾ ॥
ਭਜੁ ਪ੍ਰੇਮ ਭਗਤਿ ਪ੍ਰਭੁ ਨੇਰਾ ॥ ਰਹਾਉ ॥
ਹਰਿ ਹਰਿ ਨਾਮੁ ਨਿਧਾਨ ਰਸੁ ਪੀਆ ਮਨ ਤਨ ਰਹੇ ਅਘਾਈ॥
ਜਤ ਕਤ ਪੂਰਿ ਰਹਿਓ ਪਰਮੇਸਰੁ ਕਤ ਆਵੈ ਕਤ ਜਾਈ ॥੨॥
ਜਪ ਤਪ ਸੰਜਮ ਗਿਆਨ ਤਤ ਬੇਤਾ ਜਿਸੁ ਮਨਿ ਵਸੈ ਗੋੁਪਾਲਾ ॥
ਨਾਮੁ ਰਤਨੁ ਜਿਨਿ ਗੁਰਮੁਖਿ ਪਾਇਆ ਤਾ ਕੀ ਪੂਰਨ ਘਾਲਾ ॥੩॥
ਕਲਿ ਕਲੇਸ ਮਿਟੇ ਦੁਖ ਸਗਲੇ ਕਾਟੀ ਜਮ ਕੀ ਫਾਸਾ ॥
ਕਹੁ ਨਾਨਕ ਪ੍ਰਭਿ ਕਿਰਪਾ ਧਾਰੀ ਮਨ ਤਨ ਭਏ ਬਿਗਾਸਾ ॥੪॥੧੨॥੨੩॥
ਸ਼ਨਿਚਰਵਾਰ, ੭ ਕੱਤਕ (ਸੰਮਤ ੫੫੩ ਨਾਨਕਸ਼ਾਹੀ) (ਅੰਗ: ੬੧੫)
Darbar Sahib
ਪੰਜਾਬੀ ਵਿਆਖਿਆ :
ਸੋਰਠਿ ਮਹਲਾ ੫ ॥
(ਹੇ ਭਾਈ! ਪੂਰੇ ਗੁਰੂ ਦੀ ਸਰਨ ਪੈ ਕੇ) ਸਰਬ-ਵਿਆਪਕ ਨਾਸ-ਰਹਿਤ ਪ੍ਰਭੂ ਦੇ ਗੁਣ ਗਾਇਆ ਕਰ । (ਜੇਹੜਾ ਮਨੁੱਖ ਇਹ ਉੱਦਮ ਕਰਦਾ ਹੈ ਗੁਰੂ ਉਸ ਦੇ ਅੰਦਰੋਂ ਆਤਮਕ ਮੌਤ ਲਿਆਉਣ ਵਾਲੇ) ਕਾਮ ਕੋ੍ਰਧ (ਆਦਿਕ ਦੀ) ਜ਼ਹਰ ਸਾੜ ਦੇਂਦਾ ਹੈ । (ਇਹ ਜਗਤ ਵਿਕਾਰਾਂ ਦੀ) ਅੱਗ ਦਾ ਸਮੁੰਦਰ (ਹੈ, ਇਸ ਵਿਚੋਂ ਪਾਰ ਲੰਘਣਾ) ਬਹੁਤ ਕਠਨ ਹੈ (ਸਿਫ਼ਤਿ-ਸਾਲਾਹ ਦੇ ਗੀਤ ਗਾਣ ਵਾਲੇ ਮਨੁੱਖ ਨੂੰ ਗੁਰੂ) ਸਾਧ ਸੰਗਤਿ ਵਿਚ (ਰੱਖ ਕੇ, ਇਸ ਸਮੁੰਦਰ ਵਿਚੋਂ) ਪਾਰ ਲੰਘਾ ਦੇਂਦਾ ਹੈ ।੧।
Darbar Sahib
ਹੇ ਭਾਈ! ਪੂਰੇ ਗੁਰੂ ਦੀ ਸਰਨ ਪਉ । ਜੇਹੜਾ ਮਨੁੱਖ ਪੂਰੇ ਗੁਰੂ ਦੀ ਸਰਨ ਪਿਆ ਪੂਰੇ ਗੁਰੂ ਨੇ (ਉਸ ਦਾ) ਭਰਮ ਮਿਟਾ ਦਿੱਤਾ, (ਉਸ ਦਾ ਮਾਇਆ ਦੇ ਮੋਹ ਦਾ) ਹਨੇਰਾ ਦੂਰ ਕਰ ਦਿੱਤਾ । (ਹੇ ਭਾਈ! ਤੂੰ ਭੀ ਗੁਰੂ ਦੀ ਸਰਨ ਪੈ ਕੇ) ਪ੍ਰੇਮ-ਭਰੀ ਭਗਤੀ ਨਾਲ ਪ੍ਰਭੂ ਦਾ ਭਜਨ ਕਰਿਆ ਕਰ, (ਤੈਨੂੰ) ਪ੍ਰਭੂ ਅੰਗ-ਸੰਗ (ਦਿੱਸ ਪਏਗਾ) ।ਰਹਾਉ।ਹੇ ਭਾਈ! ਪਰਮਾਤਮਾ ਦਾ ਨਾਮ (ਸਾਰੇ ਰਸਾਂ ਦਾ ਖ਼ਜ਼ਾਨਾ ਹੈ, ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਇਸ) ਖ਼ਜ਼ਾਨੇ ਦਾ ਰਸ ਪੀਂਦਾ ਹੈ, ਉਸ ਦਾ ਮਨ ਉਸ ਦਾ ਤਨ (ਮਾਇਆ ਦੇ ਰਸਾਂ ਵਲੋਂ) ਰੱਜ ਜਾਂਦੇ ਹਨ । ਉਸ ਨੂੰ ਹਰ ਥਾਂ ਪਰਮਾਤਮਾ ਵਿਆਪਕ ਦਿੱਸ ਪੈਂਦਾ ਹੈ । ਉਹ ਮਨੁੱਖ ਫਿਰ ਨਾਹ ਜੰਮਦਾ ਹੈ ਨਾਹ ਮਰਦਾ ਹੈ ।੨।
Darbar Sahib
ਹੇ ਭਾਈ! ਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਨਾਮ ਰਤਨ ਲੱਭ ਲਿਆ, ਉਸ ਦੀ (ਆਤਮਕ ਜੀਵਨ ਵਾਲੀ) ਮੇਹਨਤ ਕਾਮਯਾਬ ਹੋ ਗਈ । (ਗੁਰੂ ਦੀ ਰਾਹੀਂ) ਜਿਸ ਮਨੁੱਖ ਦੇ ਮਨ ਵਿਚ ਸ੍ਰਿਸ਼ਟੀ ਦਾ ਪਾਲਣ-ਹਾਰ ਆ ਵੱਸਦਾ ਹੈ, ਉਹ ਮਨੁੱਖ ਅਸਲੀ ਜਪ ਤਪ ਸੰਜਮ ਦਾ ਭੇਤ ਸਮਝਣ ਵਾਲਾ ਹੋ ਜਾਂਦਾ ਹੈ ਉਹ ਮਨੁੱਖ ਆਤਮਕ ਜੀਵਨ ਦੀ ਸੂਝ ਦਾ ਗਿਆਤਾ ਹੋ ਜਾਂਦਾ ਹੈ ।੩। ਹੇ ਨਾਨਕ! ਆਖ-ਜਿਸ ਮਨੁੱਖ ਉਤੇ ਪ੍ਰਭੂ ਨੇ ਮੇਹਰ ਕੀਤੀ (ਉਸ ਨੂੰ ਪ੍ਰਭੂ ਨੇ ਗੁਰੂ ਮਿਲਾ ਦਿੱਤਾ, ਤੇ) ਉਸ ਦਾ ਮਨ ਉਸ ਦਾ ਤਨ ਆਤਮਕ ਆਨੰਦ ਨਾਲ ਪ੍ਰਫੁਲਤ ਹੋ ਗਿਆ । ਉਸ ਮਨੁੱਖ ਦੀ ਜਮਾਂ ਵਾਲੀ ਫਾਹੀ ਕੱਟੀ ਗਈ (ਉਸ ਦੇ ਗਲੋਂ ਮਾਇਆ ਦੇ ਮੋਹ ਦੀ ਫਾਹੀ ਕੱਟੀ ਗਈ ਜੋ ਆਤਮਕ ਮੌਤ ਲਿਆ ਕੇ ਜਮਾਂ ਦੇ ਵੱਸ ਪਾਂਦੀ ਹੈ), ਉਸ ਦੇ ਸਾਰੇ ਦੁੱਖ ਕਲੇਸ਼ ਕਸ਼ਟ ਦੂਰ ਹੋ ਗਏ ।੪।੧੨।੨੩।