
Ajj da Hukamnama Sri Darbar Sahib: ਸਤਿਗੁਰੁ ਪੁਰਖੁ ਮਿਲਾਇ ਅਵਗਣ ਵਿਕਣਾ ਗੁਣ ਰਵਾ ਬਲਿ ਰਾਮ ਜੀਉ ॥
Ajj da Hukamnama Sri Darbar Sahib: ਰਾਗੁ ਸੂਹੀ ਮਹਲਾ ੪ ਛੰਤੁ ਘਰੁ ੧ ੴ ਸਤਿਗੁਰ ਪ੍ਰਸਾਦਿ ॥
ਸਤਿਗੁਰੁ ਪੁਰਖੁ ਮਿਲਾਇ ਅਵਗਣ ਵਿਕਣਾ ਗੁਣ ਰਵਾ ਬਲਿ ਰਾਮ ਜੀਉ ॥ ਹਰਿ ਹਰਿ ਨਾਮੁ ਧਿਆਇ ਗੁਰਬਾਣੀ ਨਿਤ ਨਿਤ ਚਵਾ ਬਲਿ ਰਾਮ ਜੀਉ ॥ ਗੁਰਬਾਣੀ ਸਦ ਮੀਠੀ ਲਾਗੀ ਪਾਪ ਵਿਕਾਰ ਗਵਾਇਆ ॥ ਹਉਮੈ ਰੋਗੁ ਗਇਆ ਭਉ ਭਾਗਾ ਸਹਜੇ ਸਹਜਿ ਮਿਲਾਇਆ ॥ ਕਾਇਆ ਸੇਜ ਗੁਰ ਸਬਦਿ ਸੁਖਾਲੀ ਗਿਆਨ ਤਤਿ ਕਰਿ ਭੋਗੋ ॥ ਅਨਦਿਨੁ ਸੁਖਿ ਮਾਣੇ ਨਿਤ ਰਲੀਆ ਨਾਨਕ ਧੂਰਿ ਸੰਜੋਗੋ ॥੧॥ ਸਤੁ ਸੰਤੋਖੁ ਕਰਿ ਭਾਉ ਕੁੜਮੁ ਕੂੜਮਾਈ ਆਇਆ ਬਲਿ ਰਾਮ ਜੀਉ ॥ ਸੰਤ ਜਨਾ ਕਰਿ ਮੇਲੁ ਗੁਰਬਾਣੀ ਗਾਵਾਈਆ ਬਲਿ ਰਾਮ ਜੀਉ ॥ ਬਾਈ ਗੁਰ ਗਾਈ ਪਰਮ ਗਤਿ ਪਾਈ ਪੰਚ ਮਿਲੇ ਸੋਹਾਇਆ ॥ ਗਇਆ ਕਰੋਧੁ ਮਮਤਾ ਤਨਿ ਨਾਠੀ ਪਾਖੰਡੁ ਭਰਮੁ ਗਵਾਇਆ ॥ ਹਉਮੈ ਪੀਰ ਗਈ ਸੁਖੁ ਪਾਇਆ ਆਰੋਗਤ ਭਏ ਸਰੀਰਾ ॥ ਗੁਰ ਪਰਸਾਦੀ ਬ੍ਰਹਮੁ ਪਛਾਤਾ ਨਾਨਕ ਗੁਣੀ ਗਹੀਰਾ ॥੨॥ ਮਨਮੁਖਿ ਵਿਛੁੜੀ ਦੂਰਿ ਮਹਲੁ ਨ ਪਾਏ ਬਲਿ ਗਈ ਬਲਿ ਰਾਮ ਜੀਉ ॥ ਅੰਤਰਿ ਮਮਤਾ ਕੂਰਿ ਕੂੜੁ ਵਿਹਾਝੇ ਕੂੜਿ ਲਈ ਬਲਿ ਰਾਮ ਜੀਉ ॥ ਕੂੜੁ ਕਪਟੁ ਕਮਾਵੈ ਮਹਾ ਦੁਖੁ ਪਾਵੈ ਵਿਣੁ ਸਤਿਗੁਰ ਮਗੁ ਨ ਪਾਇਆ ॥ ਉਝੜ ਪੰਥਿ ਭ੍ਰਮੈ ਗਾਵਾਰੀ ਖਿਨੁ ਖਿਨੁ ਧਕੇ ਖਾਇਆ ॥ ਆਪੇ ਦਇਆ ਕਰੇ ਪ੍ਰਭੁ ਦਾਤਾ ਸਤਿਗੁਰੁ ਪੁਰਖੁ ਮਿਲਾਏ ॥ ਜਨਮ ਜਨਮ ਕੇ ਵਿਛੁੜੇ ਜਨ ਮੇਲੇ ਨਾਨਕ ਸਹਜਿ ਸੁਭਾਏ ॥੩॥ ਆਇਆ ਲਗਨੁ ਗਣਾਇ ਹਿਰਦੈ ਧਨ ਓਮਾਹੀਆ ਬਲਿ ਰਾਮ ਜੀਉ ॥ ਪੰਡਿਤ ਪਾਧੇ ਆਇ ਪਤੀ ਬਹਿ ਵਾਚਾਈਆ ਬਲਿ ਰਾਮ ਜੀਉ ॥ ਪਤੀ ਵਾਚਾਈ ਮਨਿ ਵਜੀ ਵਧਾਈ ਜਬ ਸਾਜਨ ਸੂਏ ਘਰਿ ਆਏ ॥ ਗੁਈ ਗਿਆਨੀ ਬਹਿ ਮਤਾ ਪਕਾਇਆ ਫੇਰੇ ਤਤੁ ਦਿਵਾਏ ॥ ਵਰੁ ਪਾਇਆ ਪੁਰਖੁ ਅਗੰਮੁ ਅਗੋਚਰੁ ਸਦ ਨਵਤਨੁ ਬਾਲ ਸਖਾਈ ॥ ਨਾਨਕ ਕਿਰਪਾ ਕਰਿ ਕੈ ਮੇਲੇ ਵਿਛੁੜਿ ਕਦੇ ਨ ਜਾਈ ॥੪॥੧॥
ਵਿਆਖਿਆ: ਰਾਗੁ ਸੂਹੀ ਮਹਲਾ ੪ ਛੰਤੁ ਘਰੁ ੧ ੴ ਸਤਿਗੁਰ ਪ੍ਰਸਾਦਿ ॥
ਹੇ ਰਾਮ ਜੀ! ਮੈਂ ਤੈਥੋਂ ਸਦਕੇ ਹਾਂ । ਮੈਨੂੰ ਗੁਰੂ-ਪੁਰਖ ਮਿਲਾ (ਜਿਸ ਦੀ ਰਾਹੀਂ) ਮੈਂ (ਤੇਰੇ) ਗੁਣ ਯਾਦ ਕਰਾਂ, ਅਤੇ (ਇਹਨਾਂ ਗੁਣਾਂ ਦੇ ਵੱਟੇ) ਔਗੁਣ ਵੇਚ ਦਿਆਂ (ਦੂਰ ਕਰ ਦਿਆਂ) । ਹੇ ਹਰੀ! ਤੇਰਾ ਨਾਮ ਸਿਮਰ ਸਿਮਰ ਕੇ ਮੈਂ ਸਦਾ ਹੀ ਗੁਰੂ ਦੀ ਬਾਈ ਉਚਾਰਾਂ । ਜਿਸ ਜੀਵ- ਇਸਤ੍ਰੀ ਨੂੰ ਗੁਰੂ ਦੀ ਬਾਈ ਸਦਾ ਪਿਆਰੀ ਲੱਗਦੀ ਹੈ, ਉਹ (ਆਪਣੇ ਅੰਦਰੋਂ) ਪਾਪ ਵਿਕਾਰ ਦੂਰ ਕਰ ਲੈਂਦੀ ਹੈ, ਉਸ ਦਾ ਹਉਮੈ ਦਾ ਰੋਗ ਮੁੱਕ ਜਾਂਦਾ ਹੈ, ਹਰੇਕ ਕਿਸਮ ਦਾ ਡਰ-ਸਹਿਮ ਭੱਜ ਜਾਂਦਾ ਹੈ, ਉਹ ਸਦਾ ਸਦਾ ਹੀ ਆਤਮਕ ਅਡੋਲਤਾ ਵਿਚ ਟਿਕੀ ਰਹਿੰਦੀ ਹੈ। ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਸ ਦੇ ਹਿਰਦੇ ਵਿਚ ਸੇਜ ਸੁਖ ਨਾਲ ਭਰਪੂਰ ਹੋ ਜਾਂਦੀ ਹੈ (ਸੁਖ ਦਾ ਘਰ ਬਣ ਜਾਂਦੀ ਹੈ), ਆਤਮਕ ਜੀਵਨ ਦੀ ਸੂਝ ਦੇ ਮੂਲ-ਪ੍ਰਭੂ ਵਿਚ ਜੁੜ ਕੇ ਉਹ ਪ੍ਰਭੂ ਦੇ ਮਿਲਾਪ ਦਾ ਸੁਖ ਮਾਣਦੀ ਹੈ । ਹੇ ਨਾਨਕ! ਧੁਰ ਦਰਗਾਹ ਤੋਂ ਜਿਸ ਦੇ ਭਾਗਾਂ ਵਿਚ ਸੰਜੋਗ ਲਿਖਿਆ ਹੁੰਦਾ ਹੈ, ਉਹ ਹਰ ਵੇਲੇ ਆਨੰਦ ਵਿਚ ਟਿਕੀ ਰਹਿ ਕੇ ਸਦਾ (ਪ੍ਰਭੂ-ਮਿਲਾਪ ਦਾ) ਸੁਖ ਮਾਣਦੀ ਹੈ ।੧। ਹੇ ਰਾਮ ਜੀ! ਮੈਂ ਤੈਥੋਂ ਸਦਕੇ ਹਾਂ । (ਜਿਸ ਜੀਵ-ਇਸਤ੍ਰੀ ਨੂੰ) ਪ੍ਰਭੂ-ਪਤੀ ਨਾਲ ਮਿਲਾਣ ਵਾਸਤੇ ਵਿਚੋਲਾ-ਗੁਰੂ ਆ ਕੇ ਮਿਲ ਪਿਆ (ਉਸ ਦੇ ਹਿਰਦੇ ਵਿਚ) ਸੇਵਾ ਸੰਤੋਖ ਪ੍ਰੇਮ ਆਦਿਕ ਗੁਣ ਪੈਦਾ ਕਰ ਕੇ, ਸਾਧਸੰਗਤਿ ਦਾ (ਉਸ ਨਾਲ) ਮੇਲ ਕਰ ਕੇ ਗੁਰੂ ਨੇ (ਉਸ ਨੂੰ) ਸਿਫ਼ਤਿ-ਸਾਲਾਹ ਦੀ ਬਾਈ ਗਾਵਣ ਦੀ ਪ੍ਰੇਰਨਾ ਕੀਤੀ । ਜਦੋਂ ਜੀਵ-ਇਸਤ੍ਰੀ ਨੇ ਗੁਰੂ ਦੀ ਉਚਾਰੀ ਹੋਈ ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲੀ ਬਾਈ ਗਾਈ ਸ਼ੁਰੂ ਕੀਤੀ, ਉਸ ਨੇ ਸਭ ਤੋਂ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲਈ, ਉਸ ਦੇ ਗਿਆਨ-ਇੰਦ੍ਰ (ਵਿਕਾਰਾਂ ਵਲ ਦੌੜਨ ਦੇ ਥਾਂ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨ ਵਿਚ) ਮਿਲ ਬੈਠੇ, ਤੇ ਸੋਹਣੇ ਲੱਗਣ ਲੱਗ ਪਏ। ਉਸ ਦੇ ਅੰਦਰੋਂ ਕ੍ਰੋਧ ਦੂਰ ਹੋ ਗਿਆ, ਉਸ ਦੇ ਸਰੀਰ ਵਿਚ ਵੱਸਦੀ ਮਮਤਾ ਨੱਸ ਗਈ, ਉਸ ਦਾ ਪਖੰਡ ਦੂਰ ਹੋ ਗਿਆ, ਭਟਕਣਾ ਦੂਰ ਹੋ ਗਈ। (ਉਸ ਦੇ ਅੰਦਰੋਂ) ਹਉਮੈ ਦੀ ਪੀੜ ਚਲੀ ਗਈ, ਉਸ ਦਾ ਸਾਰਾ ਸਰੀਰ ਨਿਰੋਆ ਹੋ ਗਿਆ, ਤੇ ਉਸ ਨੂੰ ਆਤਮਕ ਆਨੰਦ ਪ੍ਰਾਪਤ ਹੋ ਗਿਆ । ਹੇ ਨਾਨਕ! ਗੁਰੂ ਦੀ ਕਿਰਪਾ ਨਾਲ ਉਸ ਜੀਵ-ਇਸਤ੍ਰੀ ਨੇ ਗੁਣਾਂ ਦੇ ਮਾਲਕ ਡੂੰਘੇ ਜਿਗਰੇ ਵਾਲੇ ਪਰਮਾਤਮਾ ਨਾਲ ਸਾਂਝ ਪਾ ਲਈ ।੨। ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ ਪ੍ਰਭੂ-ਪਤੀ ਨਾਲੋਂ ਵਿਛੁੜੀ ਰਹਿੰਦੀ ਹੈ, (ਉਸ ਦੇ ਚਰਨਾਂ ਤੋਂ) ਦੂਰ ਰਹਿੰਦੀ ਹੈ, ਉਸ ਦੀ ਹਜ਼ੂਰੀ ਪ੍ਰਾਪਤ ਨਹੀਂ ਕਰ ਸਕਦੀ, (ਤ੍ਰਿਸ਼ਨਾ ਦੀ ਅੱਗ ਵਿਚ) ਸੜੀ ਰਹਿੰਦੀ ਹੈ। ਉਸ ਦੇ ਅੰਦਰ ਝੂਠੀ ਮਮਤਾ ਬਣੀ ਰਹਿੰਦੀ ਹੈ, ਉਹ ਸਦਾ ਨਾਸਵੰਤ ਮਾਇਆ ਹੀ ਇਕੱਠੀ ਕਰਦੀ ਹੈ, ਮਾਇਆ ਉਸ ਨੂੰ ਸਦਾ ਗ੍ਰਸੀ ਰੱਖਦੀ ਹੈ। ਉਹ ਜੀਵ-ਇਸਤ੍ਰੀ (ਮਾਇਆ ਦੀ ਖ਼ਾਤਰ ਸਦਾ) ਝੂਠ ਠੱਗੀ (ਆਦਿਕ ਦੀ) ਕਾਰ ਕਰਦੀ ਹੈ, ਬੜਾ ਦੁੱਖ ਸਹਾਰਦੀ ਰਹਿੰਦੀ ਹੈ, ਗੁਰੂ ਦੀ ਸਰਨ ਪੈਣ ਤੋਂ ਬਿਨਾ ਉਸ ਨੂੰ (ਜ਼ਿੰਦਗੀ ਦਾ ਸਹੀ) ਰਸਤਾ ਨਹੀਂ ਲੱਭਦਾ । ਉਹ ਮੂਰਖ ਜੀਵ-ਇਸਤ੍ਰੀ ਉਜਾੜ ਦੇ ਰਸਤੇ ਵਿਚ (ਜਿਥੇ ਕਾਮਾਦਿਕ ਲੁਟੇਰੇ ਲੁੱਟ ਲੈਂਦੇ ਹਨ) ਭਟਕਦੀ ਫਿਰਦੀ ਹੈ, ਤੇ ਹਰ ਵੇਲੇ ਧੱਕੇ ਖਾਂਦੀ ਹੈ। ਹੇ ਨਾਨਕ! ਜਿਨ੍ਹਾਂ ਮਨੁੱਖਾਂ ਉਤੇ ਦਾਤਾਰ ਪ੍ਰਭੂ ਆਪ ਹੀ ਦਇਆ ਕਰਦਾ ਹੈ, ਉਹਨਾਂ ਨੂੰ ਸਮਰੱਥ ਗੁਰੂ ਮਿਲਾ ਦੇਂਦਾ ਹੈ, ਗੁਰੂ ਉਹਨਾਂ ਅਨੇਕਾਂ ਜਨਮਾਂ ਦੇ ਵਿਛੁੜੇ ਹੋਇਆਂ ਨੂੰ ਆਤਮਕ ਅਡੋਲਤਾ ਵਿਚ ਪ੍ਰੇਮ ਵਿਚ ਟਿਕਾ ਕੇ ਪ੍ਰਭੂ ਨਾਲ ਮਿਲਾ ਦੇਂਦਾ ਹੈ ।੩। (ਜਿਵੇਂ ਜਦੋਂ ਲਾੜਾ) ਮੁਹੂਰਤ ਕਢਾ ਕੇ (ਜੰਞ ਲੈ ਕੇ) ਆਉਂਦਾ ਹੈ (ਤਾਂ,) ਇਸਤ੍ਰੀ ਆਪਣੇ ਹਿਰਦੇ ਵਿਚ ਖ਼ੁਸ਼ ਹੁੰਦੀ ਹੈ, ਪਾਂਧੇ ਪੰਡਿਤ ਪੱਤ੍ਰੀ ਲਿਆ ਕੇ ਬੈਠ ਕੇ (ਫੇਰੇ ਦੇਣ ਦਾ ਵੇਲਾ) ਵਿਚਾਰਦੇ ਹਨ। (ਪਾਂਧੇ ਪੰਡਿਤ) ਪੱਤ੍ਰੀ ਵਿਚਾਰਦੇ ਹਨ (ਉਧਰ) ਜਦੋਂ (ਵਿਆਹ ਵਾਲੀ ਕੰਨਿਆ) ਸੱਜਣ ਘਰ ਵਿਚ ਆਏ ਸੁਣਦੀ ਹੈ, ਤਾਂ ਉਸ ਦੇ ਮਨ ਵਿਚ ਖ਼ੁਸ਼ੀ ਦੀ ਲਹਿਰ ਚੱਲ ਪੈਂਦੀ ਹੈ, ਗੁਣਵਾਨ ਬੈਠ ਕੇ ਫ਼ੈਸਲਾ ਕਰਦੇ ਹਨ, ਤੇ, ਤੁਰਤ ਫੇਰੇ ਦੇ ਦੇਂਦੇ ਹਨ (ਤਿਵੇਂ, ਗੁਰੂ ਦੀ ਕਿਰਪਾ ਨਾਲ ਪ੍ਰਭੂ ਜੀਵ-ਇਸਤ੍ਰੀ ਦੇ ਅੰਦਰ ਪਰਗਟ ਹੁੰਦਾ ਹੈ, ਜੀਵ-ਇਸਤ੍ਰੀ ਦੇ ਹਿਰਦੇ ਵਿਚ ਆਤਮਕ ਆਨੰਦ ਦੀ ਲਹਿਰ ਚੱਲ ਪੈਂਦੀ ਹੈ। ਗੁਰਮੁਖ ਬਾਈ ਦੇ ਰਸੀਏ ਸਾਧ ਸੰਗਤਿ ਵਿਚ ਮਿਲ ਕੇ ਗੁਰੂ ਦੀ ਬਾਈ ਪੜ੍ਹਦੇ ਵਿਚਾਰਦੇ ਹਨ । ਜਿਉਂ ਜਿਉਂ ਗੁਰਬਾਣੀ ਵਿਚਾਰਦੇ ਹਨ, ਜੀਵ-ਇਸਤ੍ਰੀ ਦੇ ਹਿਰਦੇ-ਘਰ ਵਿਚ ਸੱਜਣ-ਪ੍ਰਭੂ ਦਾ ਪਰਕਾਸ਼ ਹੁੰਦਾ ਹੈ, ਉਸ ਦੇ ਮਨ A: ਵਿਚ ਆਨੰਦ ਦੇ, ਮਾਨੋ, ਵਾਜੇ ਵੱਜਦੇ ਹਨ । ਗੁਰਮੁਖ ਸਤਸੰਗੀ ਜੀਵ-ਇਸਤ੍ਰੀ ਦਾ ਪ੍ਰਭੂ-ਪਤੀ ਨਾਲ ਮਿਲਾਪ ਕਰਾ ਦੇਂਦੇ ਹਨ) । ਹੇ ਨਾਨਕ! ਜੀਵ-ਇਸਤ੍ਰੀ ਨੂੰ ਖਸਮ-ਪ੍ਰਭੂ ਮਿਲ ਪੈਂਦਾ ਹੈ ਜੋ (ਸਾਧਾਰਨ ਉੱਦਮ ਨਾਲ) ਅਪਹੁੰਚ ਹੈ, ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ, ਜੋ ਸਦਾ ਨਵੇਂ ਪਿਆਰ ਵਾਲਾ ਹੈ, ਜੋ ਬਚਪਨ ਤੋਂ ਹੀ ਮਿੱਤਰ ਚਲਾ ਆਉਂਦਾ ਹੈ। ਜਿਸ ਜੀਵ-ਇਸਤ੍ਰੀ ਨੂੰ ਉਹ ਪ੍ਰਭੂ ਕਿਰਪਾ ਕਰ ਕੇ ਆਪਣੇ ਨਾਲ ਮਿਲਾਂਦਾ ਹੈ, ਉਹ ਮੁੜ ਕਦੇ ਉਸ ਤੋਂ ਨਹੀਂ ਵਿਛੁੜਦੀ।੪।੧।