ਅੱਜ ਦਾ ਹੁਕਮਨਾਮਾ (24 ਅਕਤੂਬਰ 2022)
Published : Oct 24, 2022, 6:58 am IST
Updated : Oct 24, 2022, 6:58 am IST
SHARE ARTICLE
 Hukamnama  Sri Darbar Sahib Amritsar
Hukamnama Sri Darbar Sahib Amritsar

ਬਿਲਾਵਲੁ ਮਹਲਾ ੪ ॥

ਬਿਲਾਵਲੁ ਮਹਲਾ ੪ ॥

ਹਰਿ ਹਰਿ ਨਾਮੁ ਸੀਤਲ ਜਲੁ ਧਿਆਵਹੁ ਹਰਿ ਚੰਦਨ ਵਾਸੁ ਸੁਗੰਧ ਗੰਧਈਆ ॥

ਮਿਲਿ ਸਤ ਸੰਗਤਿ ਪਰਮ ਪਦੁ ਪਾਇਆ ਮੈ ਹਿਰਡ ਪਲਾਸ ਸੰਗਿ ਹਰਿ ਬੁਹੀਆ ॥੧॥

ਜਪਿ ਜਗੰਨਾਥ ਜਗਦੀਸ ਗੁਸਈਆ ॥

ਸਰਣਿ ਪਰੇ ਸੇਈ ਜਨ ਉਬਰੇ ਜਿਉ ਪ੍ਰਹਿਲਾਦ ਉਧਾਰਿ ਸਮਈਆ ॥੧॥ ਰਹਾਉ ॥

ਭਾਰ ਅਠਾਰਹ ਮਹਿ ਚੰਦਨੁ ਊਤਮ ਚੰਦਨ ਨਿਕਟਿ ਸਭ ਚੰਦਨੁ ਹੁਈਆ ॥

ਸਾਕਤ ਕੂੜੇ ਊਭ ਸੁਕ ਹੂਏ ਮਨਿ ਅਭਿਮਾਨੁ ਵਿਛੁੜਿ ਦੂਰਿ ਗਈਆ ॥੨॥

ਹਰਿ ਗਤਿ ਮਿਤਿ ਕਰਤਾ ਆਪੇ ਜਾਣੈ ਸਭ ਬਿਧਿ ਹਰਿ ਹਰਿ ਆਪਿ ਬਨਈਆ ॥

ਜਿਸੁ ਸਤਿਗੁਰੁ ਭੇਟੇ ਸੁ ਕੰਚਨੁ ਹੋਵੈ ਜੋ ਧੁਰਿ ਲਿਖਿਆ ਸੁ ਮਿਟੈ ਨ ਮਿਟਈਆ ॥੩॥

ਰਤਨ ਪਦਾਰਥ ਗੁਰਮਤਿ ਪਾਵੈ ਸਾਗਰ ਭਗਤਿ ਭੰਡਾਰ ਖੁਲੑਈਆ ॥

ਗੁਰ ਚਰਣੀ ਇਕ ਸਰਧਾ ਉਪਜੀ ਮੈ ਹਰਿ ਗੁਣ ਕਹਤੇ ਤ੍ਰਿਪਤਿ ਨ ਭਈਆ ॥੪

॥ ਪਰਮ ਬੈਰਾਗੁ ਨਿਤ ਨਿਤ ਹਰਿ ਧਿਆਏ ਮੈ ਹਰਿ ਗੁਣ ਕਹਤੇ ਭਾਵਨੀ ਕਹੀਆ ॥

ਬਾਰ ਬਾਰ ਖਿਨੁ ਖਿਨੁ ਪਲੁ ਕਹੀਐ ਹਰਿ ਪਾਰੁ ਨ ਪਾਵੈ ਪਰੈ ਪਰਈਆ ॥੫॥

ਸਾਸਤ ਬੇਦ ਪੁਰਾਣ ਪੁਕਾਰਹਿ ਧਰਮੁ ਕਰਹੁ ਖਟੁ ਕਰਮ ਦ੍ਰਿੜਈਆ ॥

ਮਨਮੁਖ ਪਾਖੰਡਿ ਭਰਮਿ ਵਿਗੂਤੇ ਲੋਭ ਲਹਰਿ ਨਾਵ ਭਾਰਿ ਬੁਡਈਆ ॥੬॥

ਨਾਮੁ ਜਪਹੁ ਨਾਮੇ ਗਤਿ ਪਾਵਹੁ ਸਿਮ੍ਰਿਤਿ ਸਾਸਤ੍ਰ ਨਾਮੁ ਦ੍ਰਿੜਈਆ ॥

ਹਉਮੈ ਜਾਇ ਤ ਨਿਰਮਲੁ ਹੋਵੈ ਗੁਰਮੁਖਿ ਪਰਚੈ ਪਰਮ ਪਦੁ ਪਈਆ ॥੭॥

ਇਹੁ ਜਗੁ ਵਰਨੁ ਰੂਪੁ ਸਭੁ ਤੇਰਾ ਜਿਤੁ ਲਾਵਹਿ ਸੇ ਕਰਮ ਕਮਈਆ ॥

ਨਾਨਕ ਜੰਤ ਵਜਾਏ ਵਾਜਹਿ ਜਿਤੁ ਭਾਵੈ ਤਿਤੁ ਰਾਹਿ ਚਲਈਆ ॥੮॥੨॥੫॥

ਸੋਮਵਾਰ, ੮ ਕੱਤਕ (ਸੰਮਤ ੫੫੪ ਨਾਨਕਸ਼ਾਹੀ) (ਅੰਗ: ੮੩੩)

ਪੰਜਾਬੀ ਵਿਆਖਿਆ :

ਬਿਲਾਵਲੁ ਮਹਲਾ ੪ ॥

ਹੇ ਭਾਈ! ਪ੍ਰਭੂ ਦਾ ਨਾਮ ਸਿਮਰਿਆ ਕਰੋ, ਇਹ ਨਾਮ ਠੰਢ ਪਾਣ ਵਾਲਾ ਜਲ ਹੈ, ਇਹ ਨਾਮ ਚੰਦਨ ਦੀ ਸੁਗੰਧੀ ਹੈ ਜਿਹੜੀ (ਸਾਰੀ ਬਨਸਪਤੀ ਨੂੰ) ਸੁਗੰਧਿਤ ਕਰ ਦੇਂਦੀ ਹੈ । ਹੇ ਭਾਈ! ਸਾਧ ਸੰਗਤਿ ਵਿਚ ਮਿਲ ਕੇ ਸਭ ਤੋਂ ਉੱਚਾ ਆਤਮਕ ਦਰਜਾ ਪ੍ਰਾਪਤ ਕਰ ਲਈਦਾ ਹੈ । ਜਿਵੇਂ ਅਰਿੰਡ ਤੇ ਪਲਾਹ (ਆਦਿਕ ਨਿਕੰਮੇ ਰੁੱਖ ਚੰਦਨ ਦੀ ਸੰਗਤਿ ਨਾਲ) ਸੁਗੰਧਿਤ ਹੋ ਜਾਂਦੇ ਹਨ, (ਤਿਵੇਂ) ਮੇਰੇ ਵਰਗੇ ਜੀਵ (ਹਰਿ ਨਾਮ ਦੀ ਬਰਕਤਿ ਨਾਲ ਉੱਚੇ ਜੀਵਨ ਵਾਲੇ ਬਣ ਜਾਂਦੇ ਹਨ) ।੧।ਹੇ ਭਾਈ! ਜਗਤ ਦੇ ਨਾਥ, ਜਗਤ ਦੇ ਈਸ਼੍ਵਰ, ਧਰਤੀ ਦੇ ਖਸਮ ਪ੍ਰਭੂ ਦਾ ਨਾਮ ਜਪਿਆ ਕਰ । ਜਿਹੜੇ ਮਨੁੱਖ ਪ੍ਰਭੂ ਦੀ ਸਰਨ ਆ ਪੈਂਦੇ ਹਨ, ਉਹ ਮਨੁੱਖ (ਸੰਸਾਰ-ਸਮੁੰਦਰ ਵਿਚੋਂ) ਬਚ ਨਿਕਲਦੇ ਹਨ, ਜਿਵੇਂ ਪ੍ਰਹਿਲਾਦ (ਆਦਿਕ ਭਗਤਾਂ) ਨੂੰ (ਪਰਮਾਤਮਾ ਨੇ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਕੇ (ਆਪਣੇ ਚਰਨਾਂ ਵਿਚ) ਲੀਨ ਕਰ ਲਿਆ ।੧।ਰਹਾਉ।

ਹੇ ਭਾਈ! ਸਾਰੀ ਬਨਸਪਤੀ ਵਿਚ ਚੰਦਨ ਸਭ ਤੋਂ ਸ੍ਰੇਸ਼ਟ (ਰੁੱਖ) ਹੈ, ਚੰਦਨ ਦੇ ਨੇੜੇ (ਉੱਗਾ ਹੋਇਆ) ਹਰੇਕ ਬੂਟਾ ਚੰਦਨ ਬਣ ਜਾਂਦਾ ਹੈ । ਪਰ ਪਰਮਾਤਮਾ ਨਾਲੋਂ ਟੁੱਟੇ ਹੋਏ ਮਾਇਆ-ਵੇੜ੍ਹੇ ਪ੍ਰਾਣੀ (ਉਹਨਾਂ ਰੁੱਖਾਂ ਵਰਗੇ ਹਨ ਜੋ ਧਰਤੀ ਵਿਚੋਂ ਖ਼ੁਰਾਕ ਮਿਲ ਸਕਣ ਤੇ ਭੀ) ਖਲੋਤੇ ਹੀ ਸੁੱਕ ਜਾਂਦੇ ਹਨ, (ਉਹਨਾਂ ਦੇ) ਮਨ ਵਿਚ ਅਹੰਕਾਰ ਵੱਸਦਾ ਹੈ, (ਇਸ ਵਾਸਤੇ ਪਰਮਾਤਮਾ ਤੋਂ) ਵਿਛੁੱੜ ਕੇ ਉਹ ਕਿਤੇ ਦੂਰ ਪਏ ਰਹਿੰਦੇ ਹਨ ।੨।ਹੇ ਭਾਈ! ਪਰਮਾਤਮਾ ਕਿਹੋ ਜਿਹਾ ਹੈ ਤੇ ਕੇਡਾ ਵੱਡਾ ਹੈ—ਇਹ ਗੱਲ ਉਹ ਆਪ ਹੀ ਜਾਣਦਾ ਹੈ । (ਜਗਤ ਦੀ) ਸਾਰੀ ਮਰਯਾਦਾ ਉਸ ਨੇ ਆਪ ਹੀ ਬਣਾਈ ਹੋਈ ਹੈ (ਉਸ ਮਰਯਾਦਾ ਅਨੁਸਾਰ) ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਉਹ ਸੋਨਾ ਬਣ ਜਾਂਦਾ ਹੈ (ਸੁੱਚੇ ਜੀਵਨ ਵਲ ਬਣ ਜਾਂਦਾ ਹੈ) ।

ਹੇ ਭਾਈ! ਧੁਰ ਦਰਗਾਹ ਤੋਂ (ਜੀਵਾਂ ਦੇ ਕੀਤੇ ਕਰਮਾਂ ਅਨੁਸਾਰ ਜੀਵਾਂ ਦੇ ਮੱਥੇ ਉਤੇ ਜੋ ਲੇਖ) ਲਿਖਿਆ ਜਾਂਦਾ ਹੈ, ਉਹ ਲੇਖ (ਕਿਸੇ ਦੇ ਆਪਣੇ ਉੱਦਮ ਨਾਲ) ਮਿਟਾਇਆਂ ਮਿਟ ਨਹੀਂ ਸਕਦਾ (ਗੁਰੂ ਦੇ ਮਿਲਣ ਨਾਲ ਹੀ ਲੋਹੇ ਤੋਂ ਕੰਚਨ ਬਣਦਾ) ਹੈ ।੩।ਹੇ ਭਾਈ! (ਗੁਰੂ ਦੇ ਅੰਦਰ) ਭਗਤੀ ਦੇ ਸਮੁੰਦਰ (ਭਰੇ ਪਏ) ਹਨ, ਭਗਤੀ ਦੇ ਖ਼ਜ਼ਾਨੇ ਖੁਲ੍ਹੇ ਪਏ ਹਨ, ਗੁਰੂ ਦੀ ਮਤਿ ਉਤੇ ਤੁਰ ਕੇ ਹੀ ਮਨੁੱਖ (ਉੱਚੇ ਆਤਮਕ ਗੁਣ-) ਰਤਨ ਪ੍ਰਾਪਤ ਕਰ ਸਕਦਾ ਹੈ । (ਵੇਖੋ) ਗੁਰੂ ਦੀ ਚਰਨੀਂ ਲੱਗ ਕੇ (ਹੀ ਮੇਰੇ ਅੰਦਰ) ਇਕ ਪਰਮਾਤਮਾ ਵਾਸਤੇ ਪਿਆਰ ਪੈਦਾ ਹੋਇਆ ਹੈ (ਹੁਣ) ਪਰਮਾਤਮਾ ਦੇ ਗੁਣ ਗਾਂਦਿਆਂ ਮੇਰਾ ਮਨ ਰੱਜਦਾ ਨਹੀਂ ਹੈ ।੪।ਹੇ ਭਾਈ! ਜਿਹੜਾ ਮਨੁੱਖ ਸਦਾ ਹੀ ਪਰਮਾਤਮਾ ਦਾ ਧਿਆਨ ਧਰਦਾ ਰਹਿੰਦਾ ਹੈ ਉਸਦੇ ਅੰਦਰ ਸਭ ਤੋਂ ਉੱਚੀ ਲਗਨ ਬਣ ਜਾਂਦੀ ਹੈ ।

ਪ੍ਰਭੂ ਦੇ ਗੁਣ ਗਾਂਦਿਆਂ ਗਾਂਦਿਆਂ ਜਿਹੜਾ ਪਿਆਰ ਮੇਰੇ ਅੰਦਰ ਬਣਿਆ ਹੈ, ਮੈਂ (ਤੁਹਾਨੂੰ ਉਸ ਦਾ ਹਾਲ) ਦੱਸਿਆ ਹੈ । ਸੋ, ਹੇ ਭਾਈ! ਮੁੜ ਮੁੜ, ਹਰੇਕ ਖਿਨ, ਹਰੇਕ ਪਲ, ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ (ਪਰ, ਇਹ ਚੇਤੇ ਰੱਖੋ) ਪਰਮਾਤਮਾ ਪਰੇ ਤੋਂ ਪਰੇ ਹੈ, ਕੋਈ ਜੀਵ ਉਸ (ਦੀ ਹਸਤੀ) ਦਾ ਪਾਰਲਾ ਬੰਨ੍ਹਾ ਲੱਭ ਨਹੀਂ ਸਕਦਾ ।੫।ਹੇ ਭਾਈ! ਵੇਦ ਸ਼ਾਸਤ੍ਰ ਪੁਰਾਣ (ਆਦਿਕ ਧਰਮ ਪੁਸਤਕ ਇਸੇ ਗੱਲ ਉੱਤੇ) ਜ਼ੋਰ ਦੇਂਦੇ ਹਨ (ਕਿ ਖਟ-ਕਰਮੀ) ਧਰਮ ਕਮਾਇਆ ਕਰੋ, ਉਹ ਇਹਨਾਂ ਛੇ ਧਾਰਮਿਕ ਕਰਮਾਂ ਬਾਰੇ ਹੀ ਪਕਿਆਈ ਕਰਦੇ ਹਨ । ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਇਸੇ) ਪਾਖੰਡ ਵਿਚ ਭਟਕਣਾ ਵਿਚ (ਪੈ ਕੇ) ਖ਼ੁਆਰ ਹੁੰਦੇ ਹਨ, (ਉਹਨਾਂ ਦੀ ਜ਼ਿੰਦਗੀ ਦੀ) ਬੇੜੀ (ਆਪਣੇ ਹੀ ਪਾਖੰਡ ਦੇ) ਭਾਰ ਨਾਲ ਲੋਭ ਦੀ ਲਹਿਰ ਵਿਚ ਡੁੱਬ ਜਾਂਦੀ ਹੈ ।੬।

ਹੇ ਭਾਈ! ਪਰਮਾਤਮਾ ਦਾ ਨਾਮ ਜਪਿਆ ਕਰੋ, ਨਾਮ ਵਿਚ ਜੁੜ ਕੇ ਹੀ ਉੱਚੀ ਆਤਮਕ ਅਵਸਥਾ ਪ੍ਰਾਪਤ ਕਰੋਗੇ । (ਆਪਣੇ ਹਿਰਦੇ ਵਿਚ ਪਰਮਾਤਮਾ ਦਾ) ਨਾਮ ਪੱਕਾ ਟਿਕਾਈ ਰੱਖੋ, (ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਵਾਸਤੇ ਇਹ ਹਰਿ-ਨਾਮ ਹੀ) ਸਿਮ੍ਰਿਤੀਆਂ ਸ਼ਾਸਤ੍ਰਾਂ ਦਾ ਉਪਦੇਸ ਹੈ । (ਹਰਿ-ਨਾਮ ਦੀ ਰਾਹੀਂ ਜਦੋਂ ਮਨੁੱਖ ਦੇ ਅੰਦਰੋਂ) ਹਉਮੈ ਦੂਰ ਹੋ ਜਾਂਦੀ ਹੈ, ਤਦੋਂ ਮਨੁੱਖ ਪਵਿੱਤਰ ਜੀਵਨ ਵਾਲਾ ਹੋ ਜਾਂਦਾ ਹੈ । ਗੁਰੂ ਦੀ ਸਰਨ ਪੈ ਕੇ ਜਦੋਂ ਮਨੁੱਖ (ਪਰਮਾਤਮਾ ਦੇ ਨਾਮ ਵਿਚ) ਪਤੀਜਦਾ ਹੈ, ਤਦੋਂ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦਾ ਹੈ ।੭।ਹੇ ਨਾਨਕ! (ਆਖ—ਹੇ ਪ੍ਰਭੂ!) ਇਹ ਸਾਰਾ ਜਗਤ ਤੇਰਾ ਹੀ ਰੂਪ ਹੈ ਤੇਰਾ ਹੀ ਰੰਗ ਹੈ । ਜਿਸ ਪਾਸੇ ਤੂੰ (ਜੀਵਾਂ ਨੂੰ) ਲਾਂਦਾ ਹੈਂ, ਉਹੀ ਕਰਮ ਜੀਵ ਕਰਦੇ ਹਨ । ਜੀਵ (ਤੇਰੇ ਵਾਜੇ ਹਨ) ਜਿਵੇਂ ਤੂੰ ਵਜਾਂਦਾ ਹੈਂ, ਤਿਵੇਂ ਵੱਜਦੇ ਹਨ । ਜਿਸ ਰਾਹ ਤੇ ਤੋਰਨਾ ਤੈਨੂੰ ਚੰਗਾ ਲੱਗਦਾ ਹੈ, ਉਸੇ ਰਾਹ ਤੇ ਜੀਵ ਤੁਰਦੇ ਹਨ ।੮।੨।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement