
Ajj da Hukamnama Sri Darbar Sahib: ਸਲੋਕ ਮਃ ੩ ॥
Ajj da Hukamnama Sri Darbar Sahib: ਸਲੋਕ ਮਃ ੩ ॥
ਸਭੁ ਕਿਛੁ ਹੁਕਮੇ ਆਵਦਾ ਸਭੁ ਕਿਛੁ ਹੁਕਮੇ ਜਾਇ ॥
ਜੇ ਕੋ ਮੂਰਖੁ ਆਪਹੁ ਜਾਣੈ ਅੰਧਾ ਅੰਧੁ ਕਮਾਇ ॥
ਨਾਨਕ ਹੁਕਮੁ ਕੋ ਗੁਰਮੁਖਿ ਬੁਝੈ ਜਿਸ ਨੋ ਕਿਰਪਾ ਕਰੇ ਰਜਾਇ ॥੧॥ ਮਃ ੩ ॥
ਸੋ ਜੋਗੀ ਜੁਗਤਿ ਸੋ ਪਾਏ ਜਿਸ ਨੋ ਗੁਰਮੁਖਿ ਨਾਮੁ ਪਰਾਪਤਿ ਹੋਇ ॥
ਤਿਸੁ ਜੋਗੀ ਕੀ ਨਗਰੀ ਸਭੁ ਕੋ ਵਸੈ ਭੇਖੀ ਜੋਗੁ ਨ ਹੋਇ ॥
ਨਾਨਕ ਐਸਾ ਵਿਰਲਾ ਕੋ ਜੋਗੀ ਜਿਸੁ ਘਟਿ ਪਰਗਟੁ ਹੋਇ ॥੨॥ ਪਉੜੀ ॥
ਆਪੇ ਜੰਤ ਉਪਾਇਅਨੁ ਆਪੇ ਆਧਾਰੁ ॥
ਆਪੇ ਸੂਖਮੁ ਭਾਲੀਐ ਆਪੇ ਪਾਸਾਰੁ ॥
ਆਪਿ ਇਕਾਤੀ ਹੋਇ ਰਹੈ ਆਪੇ ਵਡ ਪਰਵਾਰੁ ॥
ਨਾਨਕੁ ਮੰਗੈ ਦਾਨੁ ਹਰਿ ਸੰਤਾ ਰੇਨਾਰੁ ॥
ਹੋਰੁ ਦਾਤਾਰੁ ਨ ਸੁਝਈ ਤੂ ਦੇਵਣਹਾਰੁ ॥੨੧॥੧॥ ਸੁਧੁ ॥
ਵੀਰਵਾਰ, ੮ ਕੱਤਕ (ਸੰਮਤ ੫੫੬ ਨਾਨਕਸ਼ਾਹੀ)
(ਅੰਗ: ੫੫੬)
ਪੰਜਾਬੀ ਵਿਆਖਿਆ:
ਸਲੋਕ ਮਃ ੩ ॥
ਹਰੇਕ ਚੀਜ਼ ਹੁਕਮ ਵਿਚ ਹੀ ਆਉਂਦੀ ਹੈ ਤੇ ਹੁਕਮ ਵਿਚ ਹੀ ਚਲੀ ਜਾਂਦੀ ਹੈ, ਜੇ ਕੋਈ ਮੂਰਖ ਆਪਣੇ ਆਪ ਨੂੰ (ਕੁਝ ਵੱਡਾ) ਸਮਝ ਲੈਂਦਾ ਹੈ, ਉਹ ਅੰਨ੍ਹਾ ਅੰਨਿ੍ਹਆਂ ਵਾਲਾ ਕੰਮ ਕਰਦਾ ਹੈ । ਹੇ ਨਾਨਕ! ਜਿਸ ਮਨੁੱਖ ਤੇ ਆਪਣੀ ਰਜ਼ਾ ਵਿਚ ਪ੍ਰਭੂ ਕਿਰਪਾ ਕਰਦਾ ਹੈ, ਉਹ ਕੋਈ ਵਿਰਲਾ ਗੁਰਮੁਖ ਹੁਕਮ ਦੀ ਪਛਾਣ ਕਰਦਾ ਹੈ ।੧। ਜਿਸ ਮਨੁੱਖ ਨੂੰ ਸਤਿਗੁਰੂ ਦੇ ਸਨਮੁਖ ਹੋ ਕੇ ਨਾਮ ਦੀ ਪ੍ਰਾਪਤੀ ਹੁੰਦੀ ਹੈ, ਉਹ ਸੱਚਾ ਜੋਗੀ ਹੈ, ਤੇ (ਜੋਗ ਦੀ ਜਾਚ ਉਸ ਨੂੰ ਆਈ ਹੈ, ਉਸ ਜੋਗੀ ਦੇ ਸਰੀਰ (ਰੂਪ) ਨਗਰ ਵਿਚ ਹਰੇਕ (ਗੁਣ) ਵੱਸਦਾ ਹੈ, (ਨਿਰੇ) ਭੇਖ ਨਾਲ (ਰੱਬ ਨਾਲ) ਮੇਲ ਨਹੀਂ ਹੁੰਦਾ । ਹੇ ਨਾਨਕ! ਜਿਸ ਦੇ ਹਿਰਦੇ ਵਿਚ ਪ੍ਰਭੂ ਪ੍ਰਤੱਖ ਹੋ ਜਾਂਦਾ ਹੈ, ਇਹੋ ਜਿਹਾ ਕੋਈ ਵਿਰਲਾ ਜੋਗੀ ਹੁੰਦਾ ਹੈ ।੨। ਉਸ ਨੇ ਆਪ ਹੀ ਜੀਵਾਂ ਨੂੰ ਪੈਦਾ ਕੀਤਾ ਹੈ ਤੇ ਆਪ ਹੀ (ਉਹਨਾਂ ਦਾ) ਆਸਰਾ (ਬਣਦਾ) ਹੈ, ਆਪ ਹੀ ਹਰੀ ਸੂਖਮ ਰੂਪ ਵੇਖੀਦਾ ਹੈ ਤੇ ਆਪ ਹੀ (ਸੰਸਾਰ ਦਾ) ਪਰਪੰਚ (ਰੂਪ) ਹੈ; ਆਪ ਹੀ ਇਕੱਲਾ ਹੋ ਕੇ ਰਹਿੰਦਾ ਹੈ ਤੇ ਆਪ ਹੀ ਵੱਡੇ ਪਰਵਾਰ ਵਾਲਾ ਹੈ । ਹੇ ਹਰੀ! ਨਾਨਕ ਤੇਰੇ ਸੰਤਾਂ ਦੀ ਚਰਨ-ਧੂੜ (ਰੂਪ) ਦਾਨ ਮੰਗਦਾ ਹੈ, ਤੂੰ ਹੀ ਦੇਣ ਵਾਲਾ ਹੈਂ, ਕੋਈ ਹੋਰ ਦਾਤਾ ਮੈਨੂੰ ਦਿੱਸ ਨਹੀਂ ਆਉਂਦਾ ।੨੧।੧।ਸੁਧੁ।