ਅੱਜ ਦਾ ਹੁਕਮਨਾਮਾ (25 ਮਾਰਚ 2022)
Published : Mar 25, 2022, 7:42 am IST
Updated : Mar 25, 2022, 7:43 am IST
SHARE ARTICLE
hukamnama-sri-darbar-sahib-amritsar
hukamnama-sri-darbar-sahib-amritsar

ਵਡਹੰਸੁ ਮਹਲਾ ੪ ॥

 

ਵਡਹੰਸੁ ਮਹਲਾ ੪ ॥

ਹਰਿ ਸਤਿਗੁਰ ਹਰਿ ਸਤਿਗੁਰ ਮੇਲਿ ਹਰਿ ਸਤਿਗੁਰ ਚਰਣ ਹਮ ਭਾਇਆ ਰਾਮ ॥

ਤਿਮਰ ਅਗਿਆਨੁ ਗਵਾਇਆ ਗੁਰ ਗਿਆਨੁ ਅੰਜਨੁ ਗੁਰਿ ਪਾਇਆ ਰਾਮ ॥

ਗੁਰ ਗਿਆਨ ਅੰਜਨੁ ਸਤਿਗੁਰੂ ਪਾਇਆ ਅਗਿਆਨ ਅੰਧੇਰ ਬਿਨਾਸੇ ॥

ਸਤਿਗੁਰ ਸੇਵਿ ਪਰਮ ਪਦੁ ਪਾਇਆ ਹਰਿ ਜਪਿਆ ਸਾਸ ਗਿਰਾਸੇ ॥

ਜਿਨ ਕੰਉ ਹਰਿ ਪ੍ਰਭਿ ਕਿਰਪਾ ਧਾਰੀ ਤੇ ਸਤਿਗੁਰ ਸੇਵਾ ਲਾਇਆ ॥

ਹਰਿ ਸਤਿਗੁਰ ਹਰਿ ਸਤਿਗੁਰ ਮੇਲਿ ਹਰਿ ਸਤਿਗੁਰ ਚਰਣ ਹਮ ਭਾਇਆ ॥੧॥

ਮੇਰਾ ਸਤਿਗੁਰੁ ਮੇਰਾ ਸਤਿਗੁਰੁ ਪਿਆਰਾ ਮੈ ਗੁਰ ਬਿਨੁ ਰਹਣੁ ਨ ਜਾਈ ਰਾਮ ॥

ਹਰਿ ਨਾਮੋ ਹਰਿ ਨਾਮੁ ਦੇਵੈ ਮੇਰਾ ਅੰਤਿ ਸਖਾਈ ਰਾਮ ॥

ਹਰਿ ਹਰਿ ਨਾਮੁ ਮੇਰਾ ਅੰਤਿ ਸਖਾਈ ਗੁਰਿ ਸਤਿਗੁਰਿ ਨਾਮੁ ਦ੍ਰਿੜਾਇਆ ॥

ਜਿਥੈ ਪੁਤੁ ਕਲਤ੍ਰੁ ਕੋਈ ਬੇਲੀ ਨਾਹੀ ਤਿਥੈ ਹਰਿ ਹਰਿ ਨਾਮਿ ਛਡਾਇਆ ॥

ਧਨੁ ਧਨੁ ਸਤਿਗੁਰੁ ਪੁਰਖੁ ਨਿਰੰਜਨੁ ਜਿਤੁ ਮਿਲਿ ਹਰਿ ਨਾਮੁ ਧਿਆਈ ॥

ਮੇਰਾ ਸਤਿਗੁਰੁ ਮੇਰਾ ਸਤਿਗੁਰੁ ਪਿਆਰਾ ਮੈ ਗੁਰ ਬਿਨੁ ਰਹਣੁ ਨ ਜਾਈ ॥੨॥

ਜਿਨੀ ਦਰਸਨੁ ਜਿਨੀ ਦਰਸਨੁ ਸਤਿਗੁਰ ਪੁਰਖ ਨ ਪਾਇਆ ਰਾਮ ॥

ਤਿਨ ਨਿਹਫਲੁ ਤਿਨ ਨਿਹਫਲੁ ਜਨਮੁ ਸਭੁ ਬ੍ਰਿਥਾ ਗਵਾਇਆ ਰਾਮ ॥

ਨਿਹਫਲੁ ਜਨਮੁ ਤਿਨ ਬ੍ਰਿਥਾ ਗਵਾਇਆ ਤੇ ਸਾਕਤ ਮੁਏ ਮਰਿ ਝੂਰੇ ॥

ਘਰਿ ਹੋਦੈ ਰਤਨਿ ਪਦਾਰਥਿ ਭੂਖੇ ਭਾਗਹੀਣ ਹਰਿ ਦੂਰੇ ॥

ਹਰਿ ਹਰਿ ਤਿਨ ਕਾ ਦਰਸੁ ਨ ਕਰੀਅਹੁ ਜਿਨੀ ਹਰਿ ਹਰਿ ਨਾਮੁ ਨ ਧਿਆਇਆ ॥

ਜਿਨੀ ਦਰਸਨੁ ਜਿਨੀ ਦਰਸਨੁ ਸਤਿਗੁਰ ਪੁਰਖ ਨ ਪਾਇਆ ॥੩॥

ਹਮ ਚਾਤ੍ਰਿਕ ਹਮ ਚਾਤ੍ਰਿਕ ਦੀਨ ਹਰਿ ਪਾਸਿ ਬੇਨੰਤੀ ਰਾਮ ॥

ਗੁਰ ਮਿਲਿ ਗੁਰ ਮੇਲਿ ਮੇਰਾ ਪਿਆਰਾ ਹਮ ਸਤਿਗੁਰ ਕਰਹ ਭਗਤੀ ਰਾਮ ॥

ਹਰਿ ਹਰਿ ਸਤਿਗੁਰ ਕਰਹ ਭਗਤੀ ਜਾਂ ਹਰਿ ਪ੍ਰਭੁ ਕਿਰਪਾ ਧਾਰੇ ॥

ਮੈ ਗੁਰ ਬਿਨੁ ਅਵਰੁ ਨ ਕੋਈ ਬੇਲੀ ਗੁਰੁ ਸਤਿਗੁਰੁ ਪ੍ਰਾਣ ਹਮੑਾਰੇ ॥

ਕਹੁ ਨਾਨਕ ਗੁਰਿ ਨਾਮੁ ਦ੍ਰਿੜ੍ਹਾਇਆ ਹਰਿ ਹਰਿ ਨਾਮੁ ਹਰਿ ਸਤੀ ॥

ਹਮ ਚਾਤ੍ਰਿਕ ਹਮ ਚਾਤ੍ਰਿਕ ਦੀਨ ਹਰਿ ਪਾਸਿ ਬੇਨੰਤੀ ॥੪॥੩॥

 

Sri Darbar Sahib Amritsar Sri Darbar Sahib Amritsar

 

ਸ਼ੁੱਕਰਵਾਰ, ੧੨ ਚੇਤ (ਸੰਮਤ ੫੫੪ ਨਾਨਕਸ਼ਾਹੀ) (ਅੰਗ: ੫੭੩)

ਪੰਜਾਬੀ ਵਿਆਖਿਆ:

ਵਡਹੰਸੁ ਮਹਲਾ ੪ ॥

ਹੇ ਹਰੀ! ਮੈਨੂੰ ਗੁਰੂ ਦੇ ਚਰਨਾਂ ਵਿਚ ਰੱਖ, ਮੈਨੂੰ ਗੁਰੂ ਦੇ ਚਰਨਾਂ ਵਿਚ ਰੱਖ । ਗੁਰੂ ਦੇ ਚਰਨ ਮੈਨੂੰ ਪਿਆਰੇ ਲੱਗਦੇ ਹਨ । (ਜਿਸ ਮਨੁੱਖ ਨੇ) ਗੁਰੂ ਦੀ ਰਾਹੀਂ ਆਤਮਕ ਜੀਵਨ ਦੀ ਸੂਝ (ਦਾ) ਸੁਰਮਾ ਹਾਸਲ ਕਰ ਲਿਆ, (ਉਸ ਨੇ ਆਪਣੇ ਅੰਦਰੋਂ) ਆਤਮਕ ਜੀਵਨ ਵਲੋਂ ਬੇਸਮਝੀ (ਦਾ) ਹਨੇਰਾ ਦੂਰ ਕਰ ਲਿਆ । ਜਿਸ ਮਨੁੱਖ ਨੇ ਗੁਰੂ ਪਾਸੋਂ ਗਿਆਨ ਦਾ ਸੁਰਮਾ ਲੈ ਲਿਆ ਉਸ ਮਨੁੱਖ ਦੇ ਅਗਿਆਨ ਦੇ ਹਨੇਰੇ ਨਾਸ ਹੋ ਜਾਂਦੇ ਹਨ । ਗੁਰੂ ਦੀ ਦੱਸੀ ਸੇਵਾ ਕਰ ਕੇ ਉਹ ਮਨੁੱਖ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦਾ ਹੈ, ਉਹ ਮਨੁੱਖ ਹਰੇਕ ਸਾਹ ਨਾਲ ਹਰੇਕ ਗਿਰਾਹੀ ਨਾਲ ਪਰਮਾਤਮਾ ਦਾ ਨਾਮ ਜਪਦਾ ਰਹਿੰਦਾ ਹੈ । ਹੇ ਭਾਈ! ਹਰਿ-ਪ੍ਰਭੂ ਨੇ ਜਿਨ੍ਹਾਂ ਮਨੁੱਖਾਂ ਉਤੇ ਮੇਹਰ ਕੀਤੀ, ਉਹਨਾਂ ਨੂੰ ਉਸ ਨੇ ਗੁਰੂ ਦੀ ਸੇਵਾ ਵਿਚ ਜੋੜ ਦਿੱਤਾ । ਹੇ ਹਰੀ! ਮੈਨੂੰ ਗੁਰੂ ਦੇ ਚਰਨਾਂ ਵਿਚ ਰੱਖ, ਗੁਰੂ ਦੇ ਚਰਨਾਂ ਵਿਚ ਰੱਖ, ਗੁਰੂ ਦੇ ਚਰਨ ਮੈਨੂੰ ਪਿਆਰੇ ਲੱਗਦੇ ਹਨ ।੧। ਹੇ ਭਾਈ! ਮੈਨੂੰ ਮੇਰਾ ਗੁਰੂ ਬਹੁਤ ਪਿਆਰਾ ਲੱਗਦਾ ਹੈ, ਗੁਰੂ ਤੋਂ ਬਿਨਾ ਮੈਥੋਂ ਰਿਹਾ ਨਹੀਂ ਜਾ ਸਕਦਾ । ਗੁਰੂ ਮੈਨੂੰ ਉਹ ਹਰਿ-ਨਾਮ ਦੇਂਦਾ ਹੈ ਜੇਹੜਾ ਅੰਤ ਵੇਲੇ ਮੇਰਾ ਸਾਥੀ ਬਣੇਗਾ । ਗੁਰੂ ਨੇ ਉਹ ਹਰਿ-ਨਾਮ ਮੇਰੇ ਹਿਰਦੇ ਵਿਚ ਪੱਕਾ ਕਰ ਦਿੱਤਾ ਹੈ ਜੇਹੜਾ ਅਖ਼ੀਰ ਵੇਲੇ ਮੇਰਾ ਮਿੱਤਰ ਬਣਨ ਵਾਲਾ ਹੈ, ਜਿਸ ਥਾਂ ਪੁਤ੍ਰ ਇਸਤ੍ਰੀ ਕੋਈ ਭੀ ਮਦਦਗਾਰ ਨਹੀਂ ਬਣਦਾ, ਉਥੇ ਹਰਿ-ਨਾਮ ਨੇ ਹੀ (ਜੀਵ ਨੂੰ ਬਿਪਤਾ ਤੋਂ) ਛੁਡਾਣਾ ਹੈ । ਧੰਨ ਹੈ ਗੁਰੂ, ਗੁਰੂ ਨਿਰਲੇਪ ਪਰਮਾਤਮਾ ਦਾ ਰੂਪ ਹੈ, ਉਸ ਗੁਰੂ ਵਿਚ ਲੀਨ ਹੋ ਕੇ ਮੈਂ ਪਰਮਾਤਮਾ ਦਾ ਨਾਮ ਸਿਮਰਦਾ ਹਾਂ । ਹੇ ਭਾਈ! ਮੈਨੂੰ ਗੁਰੂ ਬਹੁਤ ਪਿਆਰਾ ਲੱਗਦਾ ਹੈ, ਗੁਰੂ ਤੋਂ ਬਿਨਾ ਮੈਂ ਰਹਿ ਨਹੀਂ ਸਕਦਾ ।੨। ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਗੁਰੂ ਮਹਾਪੁਰਖ ਦਾ ਦਰਸਨ ਨਹੀਂ ਕੀਤਾ, ਉਹਨਾਂ ਦਾ ਜਨਮ ਬੇ-ਫ਼ਾਇਦਾ ਗਿਆ, ਉਹਨਾਂ ਨੇ ਸਾਰਾ ਮਨੁੱਖਾ ਜੀਵਨ ਵਿਅਰਥ ਗਵਾ ਲਿਆ । ਉਹਨਾਂ ਨੇ ਆਪਣਾ ਜਨਮ ਵਿਅਰਥ ਅਕਾਰਥ ਗਵਾ ਲਿਆ, ਪਰਮਾਤਮਾ ਨਾਲੋਂ ਟੁੱਟੇ ਹੋਏ ਉਹ ਮਨੁੱਖ ਆਤਮਕ ਮੌਤੇ ਮਰ ਗਏ, ਆਤਮਕ ਮੌਤ ਸਹੇੜ ਕੇ ਉਹ (ਸਾਰੀ ਉਮਰ) ਦੁੱਖੀ ਹੀ ਰਹੇ ।

 

Sri Darbar Sahib
Sri Darbar Sahib

ਹਿਰਦੇ-ਘਰ ਵਿਚ ਕੀਮਤੀ ਨਾਮ-ਰਤਨ ਹੁੰਦਿਆਂ ਭੀ ਉਹ ਬਦ-ਨਸੀਬ ਮਰੂੰ-ਮਰੂੰ ਕਰਦੇ ਰਹੇ, ਤੇ, ਪਰਮਾਤਮਾ ਤੋਂ ਵਿਛੁੜੇ ਰਹੇ । ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਨਹੀਂ ਸਿਮਰਿਆ, ਜਿਨ੍ਹਾਂ ਨੇ ਗੁਰੂ ਮਹਾਪੁਰਖ ਦਾ ਦਰਸਨ ਨਹੀਂ ਕੀਤਾ, ਰੱਬ ਕਰ ਕੇ ਤੁਸਾਂ ਉਹਨਾਂ ਦਾ ਦਰਸਨ ਨਾਹ ਕਰਨਾ ।੩। (ਹੇ ਭਾਈ! ਪਰਮਾਤਮਾ ਸਾਡਾ ਬੱਦਲ ਹੈ) ਅਸੀ ਨਿਮਾਣੇ ਪਪੀਹੇ ਹਾਂ (ਮੈਂ ਨਿਮਾਣਾ ਪਪੀਹਾ ਹਾਂ), ਮੈਂ ਨਿਮਾਣਾ ਪਪੀਹਾ ਹਾਂ), ਮੈਂ ਪਰਮਾਤਮਾ ਪਾਸ ਬੇਨਤੀ ਕਰਦਾ ਹਾਂ ਕਿ ਮੈਨੂੰ ਮੇਰਾ ਪਿਆਰਾ ਗੁਰੂ ਮਿਲਾ, ਗੁਰੂ ਸਤਿਗੁਰੂ ਨੂੰ ਮਿਲ ਕੇ ਮੈਂ ਪਰਮਾਤਮਾ ਦੀ ਭਗਤੀ ਕਰਾਂਗਾ । ਹੇ ਭਾਈ! ਗੁਰੂ ਨੂੰ ਮਿਲ ਕੇ ਪਰਮਾਤਮਾ ਦੀ ਭਗਤੀ ਅਸੀ ਤਦੋਂ ਹੀ ਕਰ ਸਕਦੇ ਹਾਂ ਜਦੋਂ ਪਰਮਾਤਮਾ ਕਿਰਪਾ ਕਰਦਾ ਹੈ । ਗੁਰੂ ਤੋਂ ਬਿਨਾ ਮੈਨੂੰ ਕੋਈ ਹੋਰ ਮਦਦਗਾਰ ਨਹੀਂ ਦਿੱਸਦਾ, ਗੁਰੂ ਹੀ ਮੇਰੀ ਜ਼ਿੰਦਗੀ (ਦਾ ਆਸਰਾ) ਹੈ । ਹੇ ਨਾਨਕ! ਆਖ—ਗੁਰੂ ਨੇ ਹੀ ਪਰਮਾਤਮਾ ਦਾ ਸਦਾ ਕਾਇਮ ਰਹਿਣ ਵਾਲਾ ਨਾਮ (ਮੇਰੇ) ਹਿਰਦੇ ਵਿਚ ਪੱਕਾ ਕੀਤਾ ਹੈ । ਮੈਂ ਪਪੀਹਾ ਹਾਂ (ਪਰਮਾਤਮਾ ਮੇਰਾ ਬੱਦਲ ਹੈ) ਮੈਂ ਪਰਮਾਤਮਾ ਪਾਸ ਬੇਨਤੀ ਕਰਦਾ ਹਾਂ (ਕਿ ਮੈਨੂੰ ਗੁਰੂ ਮਿਲਾ) ।੪।੩।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement