
ਵਡਹੰਸੁ ਮਹਲਾ ੩ ਛੰਤ
ਵਡਹੰਸੁ ਮਹਲਾ ੩ ਛੰਤ
ੴ ਸਤਿਗੁਰ ਪ੍ਰਸਾਦਿ ॥
ਆਪਣੇ ਪਿਰ ਕੈ ਰੰਗਿ ਰਤੀ ਮੁਈਏ ਸੋਭਾਵੰਤੀ ਨਾਰੇ ॥
ਸਚੈ ਸਬਦਿ ਮਿਲਿ ਰਹੀ ਮੁਈਏ ਪਿਰੁ ਰਾਵੇ ਭਾਇ ਪਿਆਰੇ ॥
ਸਚੈ ਭਾਇ ਪਿਆਰੀ ਕੰਤਿ ਸਵਾਰੀ ਹਰਿ ਹਰਿ ਸਿਉ ਨੇਹੁ ਰਚਾਇਆ ॥
ਆਪੁ ਗਵਾਇਆ ਤਾ ਪਿਰੁ ਪਾਇਆ ਗੁਰ ਕੈ ਸਬਦਿ ਸਮਾਇਆ ॥
ਸਾ ਧਨ ਸਬਦਿ ਸੁਹਾਈ ਪ੍ਰੇਮ ਕਸਾਈ ਅੰਤਰਿ ਪ੍ਰੀਤਿ ਪਿਆਰੀ ॥
ਨਾਨਕ ਸਾ ਧਨ ਮੇਲਿ ਲਈ ਪਿਰਿ ਆਪੇ ਸਾਚੈ ਸਾਹਿ ਸਵਾਰੀ ॥੧॥
ਨਿਰਗੁਣਵੰਤੜੀਏ ਪਿਰੁ ਦੇਖਿ ਹਦੂਰੇ ਰਾਮ ॥
ਗੁਰਮੁਖਿ ਜਿਨੀ ਰਾਵਿਆ ਮੁਈਏ ਪਿਰੁ ਰਵਿ ਰਹਿਆ ਭਰਪੂਰੇ ਰਾਮ ॥
Sri Guru Granth Sahib Ji
ਪਿਰੁ ਰਵਿ ਰਹਿਆ ਭਰਪੂਰੇ ਵੇਖੁ ਹਜੂਰੇ ਜੁਗਿ ਜੁਗਿ ਏਕੋ ਜਾਤਾ ॥
ਧਨ ਬਾਲੀ ਭੋਲੀ ਪਿਰੁ ਸਹਜਿ ਰਾਵੈ ਮਿਲਿਆ ਕਰਮ ਬਿਧਾਤਾ ॥
ਜਿਨਿ ਹਰਿ ਰਸੁ ਚਾਖਿਆ ਸਬਦਿ ਸੁਭਾਖਿਆ ਹਰਿ ਸਰਿ ਰਹੀ ਭਰਪੂਰੇ ॥
ਨਾਨਕ ਕਾਮਣਿ ਸਾ ਪਿਰ ਭਾਵੈ ਸਬਦੇ ਰਹੈ ਹਦੂਰੇ ॥੨॥
ਸੋਹਾਗਣੀ ਜਾਇ ਪੂਛਹੁ ਮੁਈਏ ਜਿਨੀ ਵਿਚਹੁ ਆਪੁ ਗਵਾਇਆ ॥
ਪਿਰ ਕਾ ਹੁਕਮੁ ਨ ਪਾਇਓ ਮੁਈਏ ਜਿਨੀ ਵਿਚਹੁ ਆਪੁ ਨ ਗਵਾਇਆ ॥
ਜਿਨੀ ਆਪੁ ਗਵਾਇਆ ਤਿਨੀ ਪਿਰੁ ਪਾਇਆ ਰੰਗ ਸਿਉ ਰਲੀਆ ਮਾਣੈ ॥
ਸਦਾ ਰੰਗਿ ਰਾਤੀ ਸਹਜੇ ਮਾਤੀ ਅਨਦਿਨੁ ਨਾਮੁ ਵਖਾਣੈ ॥
ਕਾਮਣਿ ਵਡਭਾਗੀ ਅੰਤਰਿ ਲਿਵ ਲਾਗੀ ਹਰਿ ਕਾ ਪ੍ਰੇਮੁ ਸੁਭਾਇਆ ॥
ਨਾਨਕ ਕਾਮਣਿ ਸਹਜੇ ਰਾਤੀ ਜਿਨਿ ਸਚੁ ਸੀਗਾਰੁ ਬਣਾਇਆ ॥੩॥
ਹਉਮੈ ਮਾਰਿ ਮੁਈਏ ਤੂ ਚਲੁ ਗੁਰ ਕੈ ਭਾਏ ॥
ਹਰਿ ਵਰੁ ਰਾਵਹਿ ਸਦਾ ਮੁਈਏ ਨਿਜ ਘਰਿ ਵਾਸਾ ਪਾਏ ॥
ਨਿਜ ਘਰਿ ਵਾਸਾ ਪਾਏ ਸਬਦੁ ਵਜਾਏ ਸਦਾ ਸੁਹਾਗਣਿ ਨਾਰੀ ॥
ਪਿਰੁ ਰਲੀਆਲਾ ਜੋਬਨੁ ਬਾਲਾ ਅਨਦਿਨੁ ਕੰਤਿ ਸਵਾਰੀ ॥
ਹਰਿ ਵਰੁ ਸੋਹਾਗੋ ਮਸਤਕਿ ਭਾਗੋ ਸਚੈ ਸਬਦਿ ਸੁਹਾਏ ॥
ਨਾਨਕ ਕਾਮਣਿ ਹਰਿ ਰੰਗਿ ਰਾਤੀ ਜਾ ਚਲੈ ਸਤਿਗੁਰ ਭਾਏ ॥੪॥੧॥
Sri Golden Temple
ਸ਼ੁੱਕਰਵਾਰ, ੧੦ ਭਾਦੋਂ (ਸੰਮਤ ੫੫੪ ਨਾਨਕਸ਼ਾਹੀ) (ਅੰਗ : ੫੬੭)
ਪੰਜਾਬੀ ਵਿਅਖਿਆ :
ਵਡਹੰਸੁ ਮਹਲਾ ੩ ਛੰਤ
ੴ ਸਤਿਗੁਰ ਪ੍ਰਸਾਦਿ ॥
ਹੇ ਮਾਇਆ ਦੇ ਮੋਹ ਵਲੋਂ ਅਛੋਹ ਹੋ ਚੁਕੀ ਜੀਵ-ਇਸਤ੍ਰੀਏ! ਤੂੰ ਸੋਭਾ ਵਾਲੀ ਹੋ ਗਈ ਹੈਂ, ਕਿਉਂਕਿ ਤੂੰ ਆਪਣੇ ਪਤੀ-ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੀ ਗਈ ਹੈਂ । ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਤੂੰ ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ ਲੀਨ ਰਹਿੰਦੀ ਹੈਂ, ਤੈਨੂੰ ਤੇਰੇ ਇਸ ਪ੍ਰੇਮ ਪਿਆਰ ਦੇ ਕਾਰਨ ਪ੍ਰਭੂ-ਪਤੀ ਆਪਣੇ ਚਰਨਾਂ ਵਿਚ ਜੋੜੀ ਰੱਖਦਾ ਹੈ । ਜੇਹੜੀ ਜੀਵ-ਇਸਤ੍ਰੀ ਨੇ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ ਪਿਆਰ ਪਾਇਆ, ਨੇਹੁ ਪੈਦਾ ਕੀਤਾ, ਪ੍ਰਭੂ-ਪਤੀ ਨੇ ਉਸ ਦਾ ਜੀਵਨ ਸੋਹਣਾ ਬਣਾ ਦਿੱਤਾ ।
Golden Temple
ਜਦੋਂ ਜੀਵ-ਇਸਤ੍ਰੀ ਨੇ (ਆਪਣੇ ਅੰਦਰੋਂ) ਆਪਾ-ਭਾਵ ਦੂਰ ਕੀਤਾ, ਤਦੋਂ ਉਸ ਨੇ (ਆਪਣੇ ਅੰਦਰ ਹੀ) ਪ੍ਰਭੂ-ਪਤੀ ਨੂੰ ਲੱਭ ਲਿਆ, ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਉਸ ਦਾ ਮਨ ਪ੍ਰਭੂ ਵਿਚ) ਲੀਨ ਹੋ ਗਿਆ । ਪ੍ਰਭੂ-ਪ੍ਰੇਮ ਦੀ ਖਿੱਚੀ ਹੋਈ ਸੁਚੱਜੀ ਜੀਵ-ਇਸਤ੍ਰੀ ਗੁਰੂ ਦੇ ਸ਼ਬਦ ਦੀ ਰਾਹੀਂ ਸੋਹਣੇ ਜੀਵਨ ਵਾਲੀ ਬਣ ਜਾਂਦੀ ਹੈ, ਉਸ ਦੇ ਹਿਰਦੇ ਵਿਚ ਪ੍ਰਭੂ-ਚਰਨਾਂ ਦੀ ਪ੍ਰੀਤਿ ਟਿਕੀ ਰਹਿੰਦੀ ਹੈ । ਹੇ ਨਾਨਕ! (ਆਖ—) ਇਹੋ ਜਿਹੀ ਸੁਚੱਜੀ ਜੀਵ-ਇਸਤ੍ਰੀ ਨੂੰ ਪ੍ਰਭੂ-ਪਤੀ ਨੇ ਆਪ ਹੀ ਆਪਣੇ ਨਾਲ ਮਿਲਾ ਲਿਆ ਹੈ, ਸਦਾ ਕਾਇਮ ਰਹਿਣ ਵਾਲੇ ਸ਼ਾਹ ਨੇ ਉਸ ਦਾ ਜੀਵਨ ਸੰਵਾਰ ਦਿੱਤਾ ਹੈ ।੧। ਹੇ ਗੁਣ-ਹੀਣ ਜਿੰਦੇ! ਪ੍ਰਭੂ-ਪਤੀ ਨੂੰ ਆਪਣੇ ਅੰਗ-ਸੰਗ ਵੱਸਦਾ ਵੇਖਿਆ ਕਰ । ਹੇ ਜਿੰਦੇ! ਪ੍ਰਭੂ-ਪਤੀ ਜ਼ੱਰੇ ਜ਼ੱਰੇ ਵਿਚ ਵਿਆਪਕ ਹੈ; ਉਸ ਨੂੰ ਹਰ ਥਾਂ ਹਾਜ਼ਰ-ਨਾਜ਼ਰ ਵੇਖ । ਉਹ ਪ੍ਰਭੂ ਹੀ ਹਰੇਕ ਜੁਗ ਵਿਚ (ਜੀਊਂਦਾ-ਜਾਗਦਾ) ਪ੍ਰਸਿੱਧ ਹੈ ।
Sri Darbar Sahib, Amritsar
ਜੇਹੜੀ ਜੀਵ-ਇਸਤ੍ਰੀ ਬਾਲ-ਸੁਭਾਵ ਹੋ ਕੇ ਭੋਲੇ ਸੁਭਾਵ ਵਾਲੀ ਬਣ ਕੇ ਆਤਮਕ ਅਡੋਲਤਾ ਵਿਚ ਟਿਕ ਕੇ ਉਸ ਪ੍ਰਭੂ-ਪਤੀ ਨੂੰ ਯਾਦ ਕਰਦੀ ਰਹਿੰਦੀ ਹੈ, ਉਸ ਨੂੰ ਉਹ ਸਿਰਜਣਹਾਰ ਮਿਲ ਪੈਂਦਾ ਹੈ । ਹੇ ਜਿੰਦੇ! ਜਿਸ ਜੀਵ-ਇਸਤ੍ਰੀ ਨੇ ਹਰਿ-ਨਾਮ ਦਾ ਸੁਆਦ ਚੱਖ ਲਿਆ ਹੈ, ਜਿਸ ਨੇ ਗੁਰੂ ਦੇ ਸ਼ਬਦ ਦੀ ਰਾਹੀਂ ਉਸ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨੀ ਸ਼ੁਰੂ ਕਰ ਦਿੱਤੀ, ਉਹ ਉਸ ਸਰੋਵਰ-ਪ੍ਰਭੂ ਵਿਚ ਹਰ ਵੇਲੇ ਚੁੱਭੀ ਲਾਈ ਰੱਖਦੀ ਹੈ । ਹੇ ਨਾਨਕ! (ਆਖ—) ਉਹੀ ਜੀਵ-ਇਸਤ੍ਰੀ ਪ੍ਰਭੂ-ਪਤੀ ਨੂੰ ਪਿਆਰੀ ਲੱਗਦੀ ਹੈ ਜੇਹੜੀ ਗੁਰੂ ਦੇ ਸ਼ਬਦ ਦੀ ਰਾਹੀਂ ਹਰ ਵੇਲੇ ਉਸ ਦੇ ਚਰਨਾਂ ਵਿਚ ਜੁੜੀ ਰਹਿੰਦੀ ਹੈ ।੨। ਹੇ ਆਤਮਕ ਮੌਤ ਸਹੇੜ ਰਹੀ ਜਿੰਦੇ! ਜਾ ਕੇ (ਉਹਨਾਂ) ਸੁਹਾਗਣਾਂ ਪਾਸੋਂ (ਜੀਵਨ-ਜੁਗਤਿ) ਪੁੱਛ, ਜਿਨ੍ਹਾਂ ਨੇ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਲਿਆ ਹੈ । ਪਰ ਜਿਨ੍ਹਾਂ ਨੇ ਆਪਣੇ ਅੰਦਰੋਂ ਆਪਾ-ਭਾਵ ਦੂਰ ਨਹੀਂ ਕੀਤਾ ਉਹਨਾਂ ਨੇ ਪ੍ਰਭੂ ਦੀ ਰਜ਼ਾ (ਵਿਚ ਤੁਰਨ ਦੀ ਜਾਚ) ਨਹੀਂ ਸਿੱਖੀ ।
Guru Granth Sahib JI
ਜਿਨ੍ਹਾਂ ਨੇ ਆਪਾ-ਭਾਵ ਦੂਰ ਕਰ ਲਿਆ, ਉਹਨਾਂ ਨੇ (ਆਪਣੇ ਅੰਦਰ ਹੀ) ਪ੍ਰਭੂ-ਪਤੀ ਨੂੰ ਲੱਭ ਲਿਆ, ਪ੍ਰਭੂ-ਪਤੀ ਪੇ੍ਰਮ ਨਾਲ ਉਹਨਾਂ ਨੂੰ ਆਪਣਾ ਮਿਲਾਪ ਬਖ਼ਸ਼ੀ ਰੱਖਦਾ ਹੈ । ਜੇਹੜੀ ਜੀਵ-ਇਸਤ੍ਰੀ ਸਦਾ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੀ ਰਹਿੰਦੀ ਹੈ, ਆਤਮਕ ਅਡੋਲਤਾ ਵਿਚ ਮਸਤ ਰਹਿੰਦੀ ਹੈ, ਉਹ ਹਰ ਵੇਲੇ ਪ੍ਰਭੂ-ਪਤੀ ਦਾ ਨਾਮ ਸਿਮਰਦੀ ਰਹਿੰਦੀ ਹੈ । ਉਹ ਜੀਵ-ਇਸਤ੍ਰੀ ਵੱਡੇ ਭਾਗਾਂ ਵਾਲੀ ਹੈ, ਉਸ ਦੇ ਹਿਰਦੇ ਵਿਚ ਪ੍ਰਭੂ-ਚਰਨਾਂ ਦੀ ਲਗਨ ਬਣੀ ਰਹਿੰਦੀ ਹੈ, ਉਸ ਨੂੰ ਪ੍ਰਭੂ ਦਾ ਪਿਆਰ ਚੰਗਾ ਲੱਗਦਾ ਹੈ । ਹੇ ਨਾਨਕ! ਜਿਸ ਜੀਵ-ਇਸਤ੍ਰੀ ਨੇ ਸਦਾ-ਥਿਰ ਪ੍ਰਭੂ ਦੇ ਨਾਮ ਨੂੰ ਆਪਣੀ ਜ਼ਿੰਦਗੀ ਦਾ ਸ਼ਿੰਗਾਰ ਬਣਾ ਲਿਆ ਹੈ ਉਹ ਸਦਾ ਆਤਮਕ ਅਡੋਲਤਾ ਵਿਚ ਲੀਨ ਰਹਿੰਦੀ ਹੈ ।੩।
Sri Guru Granth Sahib
ਹੇ ਆਤਮਕ ਮੌਤ ਸਹੇੜ ਰਹੀ ਜਿੰਦੇ! ਤੂੰ (ਆਪਣੇ ਅੰਦਰੋਂ) ਹਉਮੈ ਦੂਰ ਕਰ, ਤੇ, ਗੁਰੂ ਦੇ ਅਨੁਸਾਰ ਹੋ ਕੇ (ਜੀਵਨ-ਤੋਰ) ਤੁਰ । (ਜੇ ਤੂੰ ਗੁਰੂ ਦੇ ਅਨੁਸਾਰ ਤੁਰੇਂਗੀ, ਤਾਂ) ਪ੍ਰਭੂ ਦੀ ਹਜ਼ੂਰੀ ਵਿਚ ਨਿਵਾਸ ਹਾਸਲ ਕਰ ਕੇ ਤੂੰ ਸਦਾ ਲਈ ਪ੍ਰਭੂ-ਪਤੀ ਦਾ ਮਿਲਾਪ ਮਾਣਦੀ ਰਹੇਂਗੀ । ਹੇ ਜਿੰਦੇ! ਜੇਹੜੀ ਜੀਵ-ਇਸਤ੍ਰੀ ਆਪਣੇ ਹਿਰਦੇ ਵਿਚ ਗੁਰ-ਸ਼ਬਦ ਵਸਾ ਲੈਂਦੀ ਹੈ, ਉਹ ਪ੍ਰਭੂ ਦੀ ਹਜ਼ੂਰੀ ਵਿਚ ਥਾਂ ਪ੍ਰਾਪਤ ਕਰ ਲੈਂਦੀ ਹੈ, ਉਹ ਸਦਾ ਵਾਸਤੇ ਭਾਗਾਂ ਵਾਲੀ ਹੋ ਜਾਂਦੀ ਹੈ (ਉਸ ਨੂੰ ਸਮਝ ਆ ਜਾਂਦੀ ਹੈ ਕਿ) ਪ੍ਰਭੂ-ਪਤੀ ਆਨੰਦ ਦਾ ਸੋਮਾ ਹੈ, ਪ੍ਰਭੂ-ਪਤੀ ਦਾ ਜੋਬਨ ਸਦਾ ਕਾਇਮ ਰਹਿਣ ਵਾਲਾ ਹੈ, ਉਸ ਜੀਵ-ਇਸਤ੍ਰੀ ਨੂੰ ਪ੍ਰਭੂ-ਕੰਤ ਨੇ ਸਦਾ ਵਾਸਤੇ ਸੋਹਣੇ ਜੀਵਨ ਵਾਲੀ ਬਣਾ ਦਿੱਤਾ । ਹੇ ਨਾਨਕ! ਜਦੋਂ ਜੀਵ-ਇਸਤ੍ਰੀ ਗੁਰੂ ਦੇ ਅਨੁਸਾਰ ਤੁਰਦੀ ਹੈ, ਤਾਂ ਉਹ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੀ ਜਾਂਦੀ ਹੈ, ਉਸ ਨੂੰ ਪ੍ਰਭੂ-ਪਤੀ ਸੁਹਾਗ ਮਿਲ ਜਾਂਦਾ ਹੈ, ਉਸ ਦੇ ਮੱਥੇ ਉਤੇ ਭਾਗ ਜਾਗ ਪੈਂਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਉਹ ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਕੇ ਸੋਹਣੇ ਆਤਮਕ ਜੀਵਨ ਵਾਲੀ ਬਣ ਜਾਂਦੀ ਹੈ ॥੪॥੧॥