ਅੱਜ ਦਾ ਹੁਕਮਨਾਮਾ (26 ਅਕਤੂਬਰ 2021)
Published : Oct 26, 2021, 7:00 am IST
Updated : Oct 26, 2021, 7:04 am IST
SHARE ARTICLE
Hukamnama Sahib
Hukamnama Sahib

ਸੋਰਠਿ ਮਹਲਾ ੫ ਘਰੁ ੧ ਅਸਟਪਦੀਆ

ਸੋਰਠਿ ਮਹਲਾ ੫ ਘਰੁ ੧ ਅਸਟਪਦੀਆ

ੴ ਸਤਿਗੁਰ ਪ੍ਰਸਾਦਿ ॥

ਸਭੁ ਜਗੁ ਜਿਨਹਿ ਉਪਾਇਆ ਭਾਈ ਕਰਣ ਕਾਰਣ ਸਮਰਥੁ ॥

ਜੀਉ ਪਿੰਡੁ ਜਿਨਿ ਸਾਜਿਆ ਭਾਈ ਦੇ ਕਰਿ ਅਪਣੀ ਵਥੁ ॥

ਕਿਨਿ ਕਹੀਐ ਕਿਉ ਦੇਖੀਐ ਭਾਈ ਕਰਤਾ ਏਕੁ ਅਕਥੁ ॥

ਗੁਰੁ ਗੋਵਿੰਦੁ ਸਲਾਹੀਐ ਭਾਈ ਜਿਸ ਤੇ ਜਾਪੈ ਤਥੁ ॥੧॥

ਮੇਰੇ ਮਨ ਜਪੀਐ ਹਰਿ ਭਗਵੰਤਾ ॥

ਨਾਮੁ ਦਾਨੁ ਦੇਇ ਜਨ ਅਪਨੇ ਦੂਖ ਦਰਦ ਕਾ ਹੰਤਾ ॥ ਰਹਾਉ ॥

ਜਾ ਕੈ ਘਰਿ ਸਭੁ ਕਿਛੁ ਹੈ ਭਾਈ ਨਉ ਨਿਧਿ ਭਰੇ ਭੰਡਾਰ ॥

ਤਿਸ ਕੀ ਕੀਮਤਿ ਨਾ ਪਵੈ ਭਾਈ ਊਚਾ ਅਗਮ ਅਪਾਰ॥

ਜੀਅ ਜੰਤ ਪ੍ਰਤਿਪਾਲਦਾ ਭਾਈ ਨਿਤ ਨਿਤ ਕਰਦਾ ਸਾਰ ॥

ਸਤਿਗੁਰੁ ਪੂਰਾ ਭੇਟੀਐ ਭਾਈ ਸਬਦਿ ਮਿਲਾਵਣਹਾਰ ॥੨॥

ਸਚੇ ਚਰਣ ਸਰੇਵੀਅਹਿ ਭਾਈ ਭ੍ਰਮੁ ਭਉ ਹੋਵੈ ਨਾਸੁ ॥

ਮਿਲਿ ਸੰਤ ਸਭਾ ਮਨੁ ਮਾਂਜੀਐ ਭਾਈ ਹਰਿ ਕੈ ਨਾਮਿ ਨਿਵਾਸੁ ॥

ਮਿਟੈ ਅੰਧੇਰਾ ਅਗਿਆਨਤਾ ਭਾਈ ਕਮਲ ਹੋਵੈ ਪਰਗਾਸੁ ॥

ਗੁਰ ਬਚਨੀ ਸੁਖੁ ਊਪਜੈ ਭਾਈ ਸਭਿ ਫਲ ਸਤਿਗੁਰ ਪਾਸਿ ॥੩॥

ਮੇਰਾ ਤੇਰਾ ਛੋਡਿਐ ਭਾਈ ਹੋਈਐ ਸਭ ਕੀ ਧੂਰਿ ॥

ਘਟਿ ਘਟਿ ਬ੍ਰਹਮੁ ਪਸਾਰਿਆ ਭਾਈ ਪੇਖੈ ਸੁਣੈ ਹਜੂਰਿ ॥

ਜਿਤੁ ਦਿਨਿ ਵਿਸਰੈ ਪਾਰਬ੍ਰਹਮੁ ਭਾਈ ਤਿਤੁ ਦਿਨਿ ਮਰੀਐ ਝੂਰਿ ॥

ਕਰਨ ਕਰਾਵਨ ਸਮਰਥੋ ਭਾਈ ਸਰਬ ਕਲਾ ਭਰਪੂਰਿ ॥੪॥

ਪ੍ਰੇਮ ਪਦਾਰਥੁ ਨਾਮੁ ਹੈ ਭਾਈ ਮਾਇਆ ਮੋਹ ਬਿਨਾਸੁ ॥

ਤਿਸੁ ਭਾਵੈ ਤਾ ਮੇਲਿ ਲਏ ਭਾਈ ਹਿਰਦੈ ਨਾਮ ਨਿਵਾਸੁ ॥

ਗੁਰਮੁਖਿ ਕਮਲੁ ਪ੍ਰਗਾਸੀਐ ਭਾਈ ਰਿਦੈ ਹੋਵੈ ਪਰਗਾਸੁ ॥

ਪ੍ਰਗਟੁ ਭਇਆ ਪਰਤਾਪੁ ਪ੍ਰਭ ਭਾਈ ਮਉਲਿਆ ਧਰਤਿ ਅਕਾਸੁ ॥੫॥

ਗੁਰਿ ਪੂਰੈ ਸੰਤੋਖਿਆ ਭਾਈ ਅਹਿਨਿਸਿ ਲਾਗਾ ਭਾਉ ॥

ਰਸਨਾ ਰਾਮੁ ਰਵੈ ਸਦਾ ਭਾਈ ਸਾਚਾ ਸਾਦੁ ਸੁਆਉ ॥

ਕਰਨੀ ਸੁਣਿ ਸੁਣਿ ਜੀਵਿਆ ਭਾਈ ਨਿਹਚਲੁ ਪਾਇਆ ਥਾਉ ॥

ਜਿਸੁ ਪਰਤੀਤਿ ਨ ਆਵਈ ਭਾਈ ਸੋ ਜੀਅੜਾ ਜਲਿ ਜਾਉ ॥੬॥

ਬਹੁ ਗੁਣ ਮੇਰੇ ਸਾਹਿਬੈ ਭਾਈ ਹਉ ਤਿਸ ਕੈ ਬਲਿ ਜਾਉ ॥

ਓਹੁ ਨਿਰਗੁਣੀਆਰੇ ਪਾਲਦਾ ਭਾਈ ਦੇਇ ਨਿਥਾਵੇ ਥਾਉ ॥

ਰਿਜਕੁ ਸੰਬਾਹੇ ਸਾਸਿ ਸਾਸਿ ਭਾਈ ਗੂੜਾ ਜਾ ਕਾ ਨਾਉ ॥

ਜਿਸੁ ਗੁਰੁ ਸਾਚਾ ਭੇਟੀਐ ਭਾਈ ਪੂਰਾ ਤਿਸੁ ਕਰਮਾਉ ॥੭॥

ਤਿਸੁ ਬਿਨੁ ਘੜੀ ਨ ਜੀਵੀਐ ਭਾਈ ਸਰਬ ਕਲਾ ਭਰਪੂਰਿ ॥

ਸਾਸਿ ਗਿਰਾਸਿ ਨ ਵਿਸਰੈ ਭਾਈ ਪੇਖਉ ਸਦਾ ਹਜੂਰਿ ॥

ਸਾਧੂ ਸੰਗਿ ਮਿਲਾਇਆ ਭਾਈ ਸਰਬ ਰਹਿਆ ਭਰਪੂਰਿ ॥

ਜਿਨਾ ਪ੍ਰੀਤਿ ਨ ਲਗੀਆ ਭਾਈ ਸੇ ਨਿਤ ਨਿਤ ਮਰਦੇ ਝੂਰਿ ॥੮॥

ਅੰਚਲਿ ਲਾਇ ਤਰਾਇਆ ਭਾਈ ਭਉਜਲੁ ਦੁਖੁ ਸੰਸਾਰੁ ॥

ਕਰਿ ਕਿਰਪਾ ਨਦਰਿ ਨਿਹਾਲਿਆ ਭਾਈ ਕੀਤੋਨੁ ਅੰਗੁ ਅਪਾਰੁ ॥

ਮਨੁ ਤਨੁ ਸੀਤਲੁ ਹੋਇਆ ਭਾਈ ਭੋਜਨੁ ਨਾਮ ਅਧਾਰੁ ॥

ਨਾਨਕ ਤਿਸੁ ਸਰਣਾਗਤੀ ਭਾਈ ਜਿ ਕਿਲਬਿਖ ਕਾਟਣਹਾਰੁ॥੯॥੧॥

ਮੰਗਲਵਾਰ, ੧੦ ਕੱਤਕ (ਸੰਮਤ ੫੫੩ ਨਾਨਕਸ਼ਾਹੀ) ੨੬ ਅਕਤੂਬਰ, ੨੦੨੧ (ਅੰਗ: ੬੩੯)

ਪੰਜਾਬੀ ਵਿਆਖਿਆ:

ਸੋਰਠਿ ਮਹਲਾ ੫ ਘਰੁ ੧ ਅਸਟਪਦੀਆ

ੴ ਸਤਿਗੁਰ ਪ੍ਰਸਾਦਿ ॥

ਹੇ ਭਾਈ! ਜਿਸ ਪਰਮਾਤਮਾ ਨੇ ਆਪ ਹੀ ਸਾਰਾ ਜਗਤ ਪੈਦਾ ਕੀਤਾ ਹੈ, ਜੋ ਸਾਰੇ ਜਗਤ ਦਾ ਮੂਲ ਹੈ, ਜੋ ਸਾਰੀਆਂ ਤਾਕਤਾਂ ਦਾ ਮਾਲਕ ਹੈ, ਜਿਸ ਨੇ ਆਪਣੀ ਸੱਤਿਆ ਦੇ ਕੇ (ਮਨੁੱਖ ਦਾ) ਜਿੰਦ ਤੇ ਸਰੀਰ ਪੈਦਾ ਕੀਤਾ ਹੈ, ਉਹ ਕਰਤਾਰ (ਤਾਂ) ਕਿਸੇ ਪਾਸੋਂ ਭੀ ਬਿਆਨ ਨਹੀਂ ਕੀਤਾ ਜਾ ਸਕਦਾ । ਹੇ ਭਾਈ! ਉਹ ਕਰਤਾਰ ਦਾ ਸਰੂਪ ਦਸਿਆ ਨਹੀਂ ਜਾ ਸਕਦਾ । ਉਸ ਨੂੰ ਕਿਵੇਂ ਵੇਖਿਆ ਜਾਏ? ਹੇ ਭਾਈ! ਗੋਬਿੰਦ ਦੇ ਰੂਪ ਗੁਰੂ ਦੀ ਸਿਫ਼ਤਿ ਕਰਨੀ ਚਾਹੀਦੀ ਹੈ, ਕਿਉਂਕਿ ਗੁਰੂ ਪਾਸੋਂ ਹੀ ਸਾਰੇ ਜਗਤ ਦੇ ਮੂਲ ਪਰਮਾਤਮਾ ਦੀ ਸੂਝ ਪੈ ਸਕਦੀ ਹੈ ।੧।ਹੇ ਮੇਰੇ ਮਨ! (ਸਦਾ) ਹਰੀ ਭਗਵਾਨ ਦਾ ਨਾਮ ਜਪਣਾ ਚਾਹੀਦਾ ਹੈ । ਉਹ ਭਗਵਾਨ ਆਪਣੇ ਸੇਵਕ ਨੂੰ ਆਪਣੇ ਨਾਮ ਦੀ ਦਾਤਿ ਦੇਂਦਾ ਹੈ । ਉਹ ਸਾਰੇ ਦੁੱਖਾਂ ਪੀੜਾਂ ਦਾ ਨਾਸ ਕਰਨ ਵਾਲਾ ਹੈ ।ਰਹਾਉ।

Darbar SahibDarbar Sahib

ਹੇ ਭਾਈ! ਜਿਸ ਪ੍ਰਭੂ ਦੇ ਘਰ ਵਿਚ ਹਰੇਕ ਚੀਜ਼ ਮੌਜੂਦ ਹੈ, ਜਿਸ ਦੇ ਘਰ ਵਿਚ ਜਗਤ ਦੇ ਸਾਰੇ ਨੌ ਹੀ ਖ਼ਜ਼ਾਨੇ ਮੌਜੂਦ ਹਨ, ਜਿਸ ਦੇ ਘਰ ਵਿਚ ਭੰਡਾਰੇ ਭਰੇ ਪਏ ਹਨ ਉਸ ਦਾ ਮੁੱਲ ਨਹੀਂ ਪੈ ਸਕਦਾ, ਉਹ ਸਭ ਤੋਂ ਉੱਚਾ ਹੈ, ਉਹ ਅਪਹੁੰਚ ਹੈ, ਉਹ ਬੇਅੰਤ ਹੈ । ਹੇ ਭਾਈ! ਉਹ ਪ੍ਰਭੂ ਸਾਰੇ ਜੀਵਾਂ ਦੀ ਪਾਲਣਾ ਕਰਦਾ ਹੈ, ਉਹ ਸਦਾ ਹੀ (ਸਭ ਜੀਵਾਂ ਦੀ) ਸੰਭਾਲ ਕਰਦਾ ਹੈ । (ਉਸ ਦਾ ਦਰਸਨ ਕਰਨ ਲਈ) ਹੇ ਭਾਈ! ਪੂਰੇ ਗੁਰੂ ਨੂੰ ਮਿਲਣਾ ਚਾਹੀਦਾ ਹੈ, (ਗੁਰੂ ਹੀ ਆਪਣੇ) ਸ਼ਬਦ ਵਿਚ ਜੋੜ ਕੇ ਪਰਮਾਤਮਾ ਨਾਲ ਮਿਲਾ ਸਕਣ ਵਾਲਾ ਹੈ ।੨।

Darbar SahibDarbar Sahib

ਹੇ ਭਾਈ! ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਚਰਨ ਹਿਰਦੇ ਵਿਚ ਵਸਾਈ ਰੱਖਣੇ ਚਾਹੀਦੇ ਹਨ, (ਇਸ ਤਰ੍ਹਾਂ ਮਨ ਦੀ) ਭਟਕਣਾ ਦਾ, (ਹਰੇਕ ਕਿਸਮ ਦੇ) ਡਰ ਦਾ ਨਾਸ ਹੋ ਜਾਂਦਾ ਹੈ । ਹੇ ਭਾਈ! ਸਾਧ ਸੰਗਤਿ ਵਿਚ ਮਿਲ ਕੇ ਮਨ ਨੂੰ ਸਾਫ਼ ਕਰਨਾ ਚਾਹੀਦਾ ਹੈ (ਇਸ ਤਰ੍ਹਾਂ) ਪਰਮਾਤਮਾ ਦੇ ਨਾਮ ਵਿਚ (ਮਨ ਦਾ) ਨਿਵਾਸ ਹੋ ਜਾਂਦਾ ਹੈ । (ਸਾਧ ਸੰਗਤਿ ਦੀ ਬਰਕਤਿ ਨਾਲ) ਹੇ ਭਾਈ! ਆਤਮਕ ਜੀਵਨ ਵਲੋਂ ਬੇ-ਸਮਝੀ ਦਾ ਹਨੇਰਾ (ਮਨੁੱਖ ਦੇ ਅੰਦਰੋਂ) ਮਿਟ ਜਾਂਦਾ ਹੈ (ਹਿਰਦੇ ਦੇ) ਕੌਲ-ਫੁੱਲ ਦਾ ਖਿੜਾਉ ਹੋ ਜਾਂਦਾ ਹੈ । ਹੇ ਭਾਈ! ਗੁਰੂ ਦੇ ਬਚਨਾਂ ਉੱਤੇ ਤੁਰਿਆਂ ਆਤਮਕ ਆਨੰਦ ਪੈਦਾ ਹੁੰਦਾ ਹੈ । ਸਾਰੇ ਫਲ ਗੁਰੂ ਦੇ ਕੋਲ ਹਨ ।੩। ਹੇ ਭਾਈ! ਵਿਤਕਰਾ ਛੱਡ ਦੇਣਾ ਚਾਹੀਦਾ ਹੈ, ਸਭਨਾਂ ਦੇ ਚਰਨਾਂ ਦੀ ਧੂੜ ਬਣ ਜਾਣਾ ਚਾਹੀਦਾ ਹੈ । ਹੇ ਭਾਈ! ਪਰਮਾਤਮਾ ਹਰੇਕ ਸਰੀਰ ਵਿਚ ਵੱਸ ਰਿਹਾ ਹੈ, ਉਹ ਸਭ ਦੇ ਅੰਗ-ਸੰਗ ਹੋ ਕੇ (ਸਭ ਦੇ ਕੰਮਾਂ ਨੂੰ) ਵੇਖਦਾ ਹੈ (ਸਭਨਾਂ ਦੀਆਂ ਗੱਲਾਂ) ਸੁਣਦਾ ਹੈ ।

Darbar Sahib Darbar Sahib

ਹੇ ਭਾਈ! ਜਿਸ ਦਿਨ ਪਰਮਾਤਮਾ ਭੁੱਲ ਜਾਏ, ਉਸ ਦਿਨ ਦੁੱਖੀ ਹੋ ਹੋ ਕੇ ਆਤਮਕ ਮੌਤ ਸਹੇੜ ਲਈਦੀ ਹੈ । ਹੇ ਭਾਈ! (ਇਹ ਯਾਦ ਰੱਖੋ ਕਿ) ਪਰਮਾਤਮਾ ਸਭ ਕੁਝ ਕਰ ਸਕਣ ਵਾਲਾ ਅਤੇ (ਜੀਵਾਂ ਪਾਸੋਂ) ਕਰਾ ਸਕਣ ਵਾਲਾ ਹੈ । ਪਰਮਾਤਮਾ ਵਿਚ ਸਾਰੀਆਂ ਤਾਕਤਾਂ ਮੌਜੂਦ ਹਨ ।੪। ਹੇ ਭਾਈ! (ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦੇ) ਪਿਆਰ ਦਾ ਕੀਮਤੀ ਧਨ ਮੌਜੂਦ ਹੈ, ਹਰਿ-ਨਾਮ ਮੌਜੂਦ ਹੈ (ਉਸ ਦੇ ਅੰਦਰੋਂ) ਮਾਇਆ ਦੇ ਮੋਹ ਦਾ ਨਾਸ ਹੋ ਜਾਂਦਾ ਹੈ । ਹੇ ਭਾਈ! ਉਸ ਪਰਮਾਤਮਾ ਨੂੰ (ਜਦੋਂ) ਚੰਗਾ ਲੱਗੇ ਤਦੋਂ ਉਹ (ਜਿਸ ਨੂੰ ਆਪਣੇ ਚਰਨਾਂ ਵਿਚ) ਮਿਲਾ ਲੈਂਦਾ ਹੈ (ਉਸ ਦੇ) ਹਿਰਦੇ ਵਿਚ ਉਸ ਪ੍ਰਭੂ ਦੇ ਨਾਮ ਦਾ ਨਿਵਾਸ ਹੋ ਜਾਂਦਾ ਹੈ । ਹੇ ਭਾਈ! ਗੁਰੂ ਦੇ ਸਨਮੁਖ ਹੋਇਆਂ (ਹਿਰਦੇ ਦਾ) ਕੌਲ-ਫੁੱਲ ਖਿੜ ਪੈਂਦਾ ਹੈ, ਹਿਰਦੇ ਵਿਚ (ਆਤਮਕ ਜੀਵਨ ਦੀ ਸੋਝੀ ਦਾ) ਚਾਨਣ ਹੋ ਜਾਂਦਾ ਹੈ । ਹੇ ਭਾਈ! (ਗੁਰੂ ਦੀ ਸਰਨ ਪਿਆਂ ਮਨੁੱਖ ਦੇ ਅੰਦਰ) ਪਰਮਾਤਮਾ ਦੀ ਤਾਕਤ ਪਰਗਟ ਹੋ ਜਾਂਦੀ ਹੈ (ਮਨੁੱਖ ਨੂੰ ਸਮਝ ਆ ਜਾਂਦੀ ਹੈ ਕਿ ਪਰਮਾਤਮਾ ਬੇਅੰਤ ਤਾਕਤ ਦਾ ਮਾਲਕ ਹੈ, ਅਤੇ ਪ੍ਰਭੂ ਦੀ ਤਾਕਤ ਨਾਲ ਹੀ) ਧਰਤੀ ਖਿੜੀ ਹੋਈ ਹੈ, ਆਕਾਸ਼ ਖਿੜਿਆ ਹੋਇਆ ਹੈ ।੫।

darbar Sahib darbar Sahib

ਹੇ ਭਾਈ! ਜਿਸ ਮਨੁੱਖ ਨੂੰ ਪੂਰੇ ਗੁਰੂ ਨੇ ਸੰਤੋਖ ਦੀ ਦਾਤਿ ਦੇ ਦਿੱਤੀ, (ਉਸ ਦੇ ਅੰਦਰ) ਦਿਨ ਰਾਤ (ਪ੍ਰਭੂ-ਚਰਨਾਂ ਦਾ) ਪਿਆਰ ਬਣਿਆ ਰਹਿੰਦਾ ਹੈ, ਉਹ ਮਨੁੱਖ ਸਦਾ (ਆਪਣੀ) ਜੀਭ ਨਾਲ ਪਰਮਾਤਮਾ ਦਾ ਨਾਮ ਜਪਦਾ ਰਹਿੰਦਾ ਹੈ । (ਨਾਮ ਜਪਣ ਦਾ ਇਹ) ਸੁਆਦ (ਇਹ) ਨਿਸ਼ਾਨਾ (ਉਸ ਦੇ ਅੰਦਰ) ਸਦਾ ਕਾਇਮ ਰਹਿੰਦਾ ਹੈ । ਹੇ ਭਾਈ! ਉਹ ਮਨੁੱਖ ਆਪਣੇ ਕੰਨਾਂ ਨਾਲ (ਪਰਮਾਤਮਾ ਦੀ ਸਿਫ਼ਤਿ-ਸਾਲਾਹ) ਸੁਣ ਸੁਣ ਕੇ ਆਤਮਕ ਜੀਵਨ ਹਾਸਲ ਕਰਦਾ ਰਹਿੰਦਾ ਹੈ, ਉਹ ਪ੍ਰਭੂ-ਚਰਨਾਂ ਵਿਚ) ਅਟੱਲ ਥਾਂ ਪ੍ਰਾਪਤ ਕਰੀ ਰੱਖਦਾ ਹੈ । ਪਰ, ਹੇ ਭਾਈ! ਜਿਸ ਮਨੁੱਖ ਨੂੰ (ਗੁਰੂ ਉਤੇ) ਇਤਬਾਰ ਨਹੀਂ ਬੱਝਦਾ ਉਸ ਦੀ (ਨਿਭਾਗੀ) ਜਿੰਦ (ਵਿਕਾਰਾਂ ਵਿਚ) ਸੜ ਜਾਂਦੀ ਹੈ (ਆਤਮਕ ਮੌਤ ਸਹੇੜ ਲੈਂਦੀ ਹੈ) ।੬। ਹੇ ਭਾਈ! ਮੇਰੇ ਮਾਲਕ-ਪ੍ਰਭੂ ਵਿਚ ਬੇਅੰਤ ਗੁਣ ਹਨ, ਮੈਂ ਉਸ ਤੋਂ ਸਦਕੇ-ਕੁਰਬਾਨ ਜਾਂਦਾ ਹਾਂ । ਹੇ ਭਾਈ! ਉਹ ਮਾਲਕ ਗੁਣ-ਹੀਨ ਨੂੰ (ਭੀ) ਪਾਲਦਾ ਹੈ, ਉਹ ਨਿਆਸਰੇ ਮਨੁੱਖ ਨੂੰ ਸਹਾਰਾ ਦੇਂਦਾ ਹੈ ।

Darbar Sahib Darbar Sahib

ਉਹ ਮਾਲਕ ਹਰੇਕ ਸਾਹ ਦੇ ਨਾਲ ਰਿਜ਼ਕ ਅਪੜਾਂਦਾ ਹੈ, ਉਸ ਦਾ ਨਾਮ (ਸਿਮਰਨ ਕਰਨ ਵਾਲੇ ਦੇ ਮਨ ਉੱਤੇ ਪ੍ਰੇਮ ਦਾ) ਗੂੜ੍ਹਾ ਰੰਗ ਚਾੜ੍ਹ ਦੇਂਦਾ ਹੈ । ਹੇ ਭਾਈ! ਜਿਸ ਮਨੁੱਖ ਨੂੰ ਸੱਚਾ ਗੁਰੂ ਮਿਲ ਪੈਂਦਾ ਹੈ (ਉਸ ਨੂੰ ਪ੍ਰਭੂ ਮਿਲ ਪੈਂਦਾ ਹੈ) ਉਸ ਦੀ ਕਿਸਮਤ ਜਾਗ ਪੈਂਦੀ ਹੈ ।੭। ਹੇ ਭਾਈ! ਉਹ ਪਰਮਾਤਮਾ ਸਾਰੀਆਂ ਤਾਕਤਾਂ ਨਾਲ ਭਰਪੂਰ ਹੈ, ਉਸ (ਦੀ ਯਾਦ) ਤੋਂ ਬਿਨਾ ਇਕ ਘੜੀ ਭਰ ਭੀ (ਮਨੁੱਖ ਦਾ) ਆਤਮਕ ਜੀਵਨ ਕਾਇਮ ਨਹੀਂ ਰਹਿ ਸਕਦਾ । ਹੇ ਭਾਈ! ਮੈਂ ਤਾਂ ਉਸ ਪਰਮਾਤਮਾ ਨੂੰ ਆਪਣੇ ਅੰਗ ਸੰਗ ਵੱਸਦਾ ਵੇਖਦਾ ਹਾਂ, ਮੈਨੂੰ ਉਹ ਖਾਂਦਿਆਂ ਸਾਹ ਲੈਂਦਿਆਂ ਕਦੇ ਭੀ ਨਹੀਂ ਭੁੱਲਦਾ । ਹੇ ਭਾਈ! ਜਿਸ ਮਨੁੱਖ ਨੂੰ ਪਰਮਾਤਮਾ ਨੇ ਗੁਰੂ ਦੀ ਸੰਗਤਿ ਵਿਚ ਮਿਲਾ ਦਿੱਤਾ, ਉਸ ਨੂੰ ਉਹ ਪਰਮਾਤਮਾ ਸਭ ਥਾਂ ਮੌਜੂਦ ਦਿੱਸਣ ਲੱਗ ਪੈਂਦਾ ਹੈ ।

Darbar SahibDarbar Sahib

ਪਰ, ਹੇ ਭਾਈ! ਜਿਨ੍ਹਾਂ ਦੇ ਅੰਦਰ ਪਰਮਾਤਮਾ ਦਾ ਪਿਆਰ ਪੈਦਾ ਨਹੀਂ ਹੁੰਦਾ, ਉਹ ਸਦਾ ਚਿੰਤਾਤੁਰ ਹੋ ਹੋ ਕੇ ਆਤਮਕ ਮੌਤ ਸਹੇੜਦੇ ਰਹਿੰਦੇ ਹਨ ।੮। ਹੇ ਭਾਈ! (ਸਰਨ ਪਏ ਮਨੁੱਖ ਨੂੰ) ਆਪਣੇ ਪੱਲੇ ਲਾ ਕੇ ਪਰਮਾਤਮਾ ਆਪ ਇਸ ਦੁੱਖ-ਰੂਪ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ । ਪਭੂ (ਉਸ ਉਤੇ) ਕਿਰਪਾ ਕਰ ਕੇ (ਉਸ ਨੂੰ) ਮੇਹਰ ਦੀ ਨਿਗਾਹ ਨਾਲ ਵੇਖਦਾ ਹੈ, ਉਸ ਦਾ ਬੇਅੰਤ ਪੱਖ ਕਰਦਾ ਹੈ । ਹੇ ਭਾਈ! ਉਸ ਮਨੁੱਖ ਦਾ ਮਨ ਠੰਢਾ ਹੋ ਜਾਂਦਾ ਹੈ, ਸਰੀਰ ਸ਼ਾਂਤ ਹੋ ਜਾਂਦਾ ਹੈ, ਉਹ (ਆਪਣੇ ਆਤਮਕ ਜੀਵਨ ਵਾਸਤੇ) ਨਾਮ ਦੀ ਖ਼ੁਰਾਕ (ਖਾਂਦਾ ਹੈ), ਨਾਮ ਦਾ ਸਹਾਰਾ ਲੈਂਦਾ ਹੈ । ਹੇ ਨਾਨਕ! (ਆਖ—) ਹੇ ਭਾਈ! ਉਸ ਪਰਮਾਤਮਾ ਦੀ ਸਰਨ ਪਵੋ, ਜੋ ਸਾਰੇ ਪਾਪ ਕੱਟ ਸਕਦਾ ਹੈ ।੯।੧।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Mansa Parents Sell Child News : ਮਾਂ-ਬਾਪ ਨੇ 1.80 ਲੱਖ 'ਚ ਵੇਚਤਾ ਆਪਣਾ ਬੱਚਾ, ਮਾਪੇ ਗ੍ਰਿਫ਼ਤਾਰ | Mansa News

25 Oct 2025 3:11 PM

Death of Bride girl before marriage in Faridkot:ਸ਼ਗਨਾਂ ਵਾਲੇ ਘਰ 'ਚ ਵਿਛੇ ਸੱਥਰ|Faridkot Bride Death News

25 Oct 2025 3:10 PM

Gurdaspur Punjabi Truck Driver jashanpreet singh Family Interview| Appeal to Indian Govt|California

24 Oct 2025 3:16 PM

Balwant Singh Rajoana Visit Patiala hospital News: '19ਵਾਂ ਸਾਲ ਮੈਨੂੰ ਫ਼ਾਂਸੀ ਦੀ ਚੱਕੀ ਦੇ ਵਿੱਚ ਲੱਗ ਗਿਆ'

24 Oct 2025 3:16 PM

Rohit Godara Gang Shoots Punjabi Singer Teji Kahlon In Canada : ਇਕ ਹੋਰ ਪੰਜਾਬੀ ਗਾਇਕ 'ਤੇ ਜਾਨਲੇਵਾ ਹਮਲਾ

22 Oct 2025 3:16 PM
Advertisement