ਅੱਜ ਦਾ ਹੁਕਮਨਾਮਾ (27 ਨਵੰਬਰ 2022)
Published : Nov 27, 2022, 7:04 am IST
Updated : Nov 27, 2022, 7:06 am IST
SHARE ARTICLE
Hukamnama Sahib
Hukamnama Sahib

ਵਡਹੰਸੁ ਮਹਲਾ ੩ ॥

ਵਡਹੰਸੁ ਮਹਲਾ ੩ ॥

ਇਹੁ ਸਰੀਰੁ ਜਜਰੀ ਹੈ ਇਸੁ ਨੋ ਜਰੁ ਪਹੁਚੈ ਆਏ ॥

ਗੁਰਿ ਰਾਖੇ ਸੇ ਉਬਰੇ ਹੋਰੁ ਮਰਿ ਜੰਮੈ ਆਵੈ ਜਾਏ ॥

ਹੋਰਿ ਮਰਿ ਜੰਮਹਿ ਆਵਹਿ ਜਾਵਹਿ ਅੰਤਿ ਗਏ ਪਛੁਤਾਵਹਿ ਬਿਨੁ ਨਾਵੈ ਸੁਖੁ ਨ ਹੋਈ ॥

ਐਥੈ ਕਮਾਵੈ ਸੋ ਫਲੁ ਪਾਵੈ ਮਨਮੁਖਿ ਹੈ ਪਤਿ ਖੋਈ ॥

ਜਮ ਪੁਰਿ ਘੋਰ ਅੰਧਾਰੁ ਮਹਾ ਗੁਬਾਰੁ ਨਾ ਤਿਥੈ ਭੈਣ ਨ ਭਾਈ ॥

ਇਹੁ ਸਰੀਰੁ ਜਜਰੀ ਹੈ ਇਸ ਨੋ ਜਰੁ ਪਹੁਚੈ ਆਈ ॥੧॥

ਕਾਇਆ ਕੰਚਨੁ ਤਾਂ ਥੀਐ ਜਾਂ ਸਤਿਗੁਰੁ ਲਏ ਮਿਲਾਏ ॥

ਭ੍ਰਮੁ ਮਾਇਆ ਵਿਚਹੁ ਕਟੀਐ ਸਚੜੈ ਨਾਮਿ ਸਮਾਏ ॥

ਸਚੈ ਨਾਮਿ ਸਮਾਏ ਹਰਿ ਗੁਣ ਗਾਏ ਮਿਲਿ ਪ੍ਰੀਤਮ ਸੁਖੁ ਪਾਏ ॥

ਸਦਾ ਅਨੰਦਿ ਰਹੈ ਦਿਨੁ ਰਾਤੀ ਵਿਚਹੁ ਹੰਉਮੈ ਜਾਏ ॥

ਜਿਨੀ ਪੁਰਖੀ ਹਰਿ ਨਾਮਿ ਚਿਤੁ ਲਾਇਆ ਤਿਨ ਕੈ ਹੰਉ ਲਾਗਉ ਪਾਏ ॥

ਕਾਂਇਆ ਕੰਚਨੁ ਤਾਂ ਥੀਐ ਜਾ ਸਤਿਗੁਰੁ ਲਏ ਮਿਲਾਏ ॥੨॥

ਸੋ ਸਚਾ ਸਚੁ ਸਲਾਹੀਐ ਜੇ ਸਤਿਗੁਰੁ ਦੇਇ ਬੁਝਾਏ ॥

ਬਿਨੁ ਸਤਿਗੁਰ ਭਰਮਿ ਭੁਲਾਣੀਆ ਕਿਆ ਮੁਹੁ ਦੇਸਨਿ ਆਗੈ ਜਾਏ ॥

ਕਿਆ ਦੇਨਿ ਮੁਹੁ ਜਾਏ ਅਵਗੁਣਿ ਪਛੁਤਾਏ ਦੁਖੋ ਦੁਖੁ ਕਮਾਏ ॥

ਨਾਮਿ ਰਤੀਆ ਸੇ ਰੰਗਿ ਚਲੂਲਾ ਪਿਰ ਕੈ ਅੰਕਿ ਸਮਾਏ ॥

ਤਿਸੁ ਜੇਵਡ ਅਵਰੁ ਨ ਸੂਝਈ ਕਿਸੁ ਆਗੈ ਕਹੀਐ ਜਾਏ ॥

ਸੋ ਸਚਾ ਸਚੁ ਸਲਾਹੀਐ ਜੇ ਸਤਿਗੁਰੁ ਦੇਇ ਬੁਝਾਏ ॥੩॥

ਜਿਨੀ ਸਚੜਾ ਸਚੁ ਸਲਾਹਿਆ ਹੰਉ ਤਿਨ ਲਾਗਉ ਪਾਏ ॥

ਸੇ ਜਨ ਸਚੇ ਨਿਰਮਲੇ ਤਿਨ ਮਿਲਿਆ ਮਲੁ ਸਭ ਜਾਏ ॥

ਤਿਨ ਮਿਲਿਆ ਮਲੁ ਸਭ ਜਾਏ ਸਚੈ ਸਰਿ ਨਾਏ ਸਚੈ ਸਹਜਿ ਸੁਭਾਏ ॥

ਨਾਮੁ ਨਿਰੰਜਨੁ ਅਗਮੁ ਅਗੋਚਰੁ ਸਤਿਗੁਰਿ ਦੀਆ ਬੁਝਾਏ ॥

ਅਨਦਿਨੁ ਭਗਤਿ ਕਰਹਿ ਰੰਗਿ ਰਾਤੇ ਨਾਨਕ ਸਚਿ ਸਮਾਏ ॥

ਜਿਨੀ ਸਚੜਾ ਸਚੁ ਧਿਆਇਆ ਹੰਉ ਤਿਨ ਕੈ ਲਾਗਉ ਪਾਏ ॥੪॥੪॥

ਐਤਵਾਰ, ੧੨ ਮੱਘਰ (ਸੰਮਤ ੫੫੪ ਨਾਨਕਸ਼ਾਹੀ) (ਅੰਗ: ੫੮੪)

ਪੰਜਾਬੀ ਵਿਆਖਿਆ :

ਵਡਹੰਸੁ ਮਹਲਾ ੩ ॥

ਹੇ ਭਾਈ! ਇਹ ਸਰੀਰ ਪੁਰਾਣਾ ਹੋ ਜਾਣ ਵਾਲਾ ਹੈ, ਇਸ ਨੂੰ ਬੁਢੇਪਾ ਜਰੂਰ ਆ ਦਬਾਉਂਦਾ ਹੈ, ਪਰ ਮਨੁੱਖ ਇਸ ਸਰੀਰ ਦੇ ਮੋਹ ਵਿਚ ਫਸਿਆ ਰਹਿੰਦਾ ਹੈ, ਜਿੰਨੑਾਂ ਮਨੁੱਖਾਂ ਦੀ ਗੁਰੂ ਨੇ ਰੱਖਿਆ ਕੀਤੀ, ਉਹ ਮੋਹ ਵਿਚ ਗ਼ਰਕ ਹੋਣ ਤੋਂ ਬਚ ਜਾਂਦੇ ਹਨ। ਜੇਹੜਾ ਮਨੁੱਖ ਗੁਰੂ ਦੀ ਸ਼ਰਨ ਨਹੀਂ ਆਉਂਦਾ ਉਹ ਇਸ ਸਰੀਰ ਦੇ ਮੋਹ ਵਿਚ ਫਸ ਕੇ ਮਰਦਾ ਹੈ, ਜੰਮਦਾ ਹੈ, ਮਰਦਾ ਹੈ। ਗੁਰੂ ਦੀ ਸ਼ਰਨ ਨਾਹ ਪੈਣ ਵਾਲੇ ਮਨੁੱਖ ਸਰੀਰਕ ਮੋਹ ਵਿਚ ਫਸ ਕੇ ਮੁੜ ਮੁੜ ਜੰਮਦੇ ਮਰਦੇ ਰਹਿੰਦੇ ਹਨ, ਅੰਤ ਵੇਲੇ ਜਾਂਦੇ ਹੋਏ ਹੱਥ ਮਲਦੇ ਹੀ ਜਾਂਦੇ ਹਨ, ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾਂ ਉਹਨਾਂ ਨੂੰ ਕਦੇ ਸੁਖ ਨਸੀਬ ਨਹੀਂ ਹੁੰਦਾ। ਹੇ ਭਾਈ! ਇਸ ਲੋਕ ਵਿਚ ਮਨੁੱਖ ਜੇਹੜੀ ਕਰਣੀ ਕਮਾਉਂਦਾ ਹੈ ਉਹੀ ਫਲ ਭੋਗਦਾ ਹੈ।

ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਇਸ ਲੋਕ ਵਿਚ ਆਪਣੀ ਇੱਜ਼ਤ ਗਵਾ ਲੈਂਦਾ ਹੈ। ਜਮ ਰਾਜ ਦੀ ਪੁਰੀ ਵਿਚ ਭੀ, ਪਰਲੋਕ ਵਿਚ ਭੀ, ਉਸ ਦੇ ਆਤਮਕ ਜੀਵਨ ਵਾਸਤੇ ਘੁੱਪ ਹਨੇਰਾ, ਬਹੁਤ ਹਨੇਰਾ ਹੀ ਟਿਕਿਆ ਰਹਿੰਦਾ ਹੈ, ਇਸ ਦੁਨੀਆ ਵਾਲਾ ਕੋਈ ਭੈਣ ਭਰਾ ਉਸ ਲੋਕ ਵਿਚ ਸਹਾਇਤਾ ਨਹੀਂ ਕਰ ਸਕਦਾ। ਹੇ ਭਾਈ! ਇਹ ਸਰੀਰ ਪੁਰਾਣਾ ਹੋ ਜਾਣ ਵਾਲਾ ਹੈ, ਇਸ ਨੂੰ ਬੁਢੇਪਾ ਜ਼ਰੂਰ ਆ ਜਾਂਦਾ ਹੈ, ਪਰ ਮਨੁੱਖ ਇਸ ਸਰੀਰ ਦੇ ਮੋਹ ਵਿਚ ਫਸਿਆ ਰਹਿੰਦਾ ਹੈ।੧। ਹੇ ਭਾਈ! ਮੁਨੱਖ ਦਾ ਇਹ ਸਰੀਰ ਤਦੋਂ ਸੋਨੇ ਵਾਂਗ ਪਵਿਤ੍ਰ ਹੁੰਦਾ ਹੈ, ਜਦੋਂ ਗੁਰੂ ਮਨੁੱਖ ਨੂੰ ਪਰਮਾਤਮਾ ਦੇ ਚਰਨਾਂ ਵਿਚ ਜੋੜ ਦੇਂਦਾ ਹੈ। ਤਦੋਂ ਮਨੁੱਖ ਸਦਾ ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਵਿਚ ਲੀਨ ਹੋ ਜਾਂਦਾ ਹੈ, ਤੇ, ਇਸ ਦੇ ਅੰਦਰੋਂ ਮਾਇਆ ਦੀ ਖ਼ਾਤਰ ਭਟਕਣਾ ਦੂਰ ਹੋ ਜਾਂਦੀ ਹੈ।

Darbar Sahib Darbar Sahib

ਮਨੁੱਖ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਲੀਨ ਹੋ ਜਾਂਦਾ ਹੈ, ਪਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ ਹੈ, ਪ੍ਰਭੂ-ਪ੍ਰੀਤਮ ਨੂੰ ਮਿਲ ਕੇ ਆਨੰਦ ਮਾਣਦਾ ਹੈ। ਇਸ ਆਨੰਦ ਵਿਚ ਦਿਨ ਰਾਤ ਸਦਾ ਟਿਕਿਆ ਰਹਿੰਦਾ ਹੈ, ਤੇ, ਇਸ ਦੇ ਅੰਦਰੋਂ ਹਉਮੈ ਦੂਰ ਹੋ ਜਾਂਦੀ ਹੈ। ਹੇ ਭਾਈ! ਜਿੰਨੑਾਂ ਮਨੁੱਖਾਂ ਨੇ ਪਰਮਾਤਮਾ ਦੇ ਨਾਮ ਵਿਚ ਚਿੱਤ ਜੋੜਿਆ ਹੋਇਆ ਹੈ, ਮੈਂ ਉਹਨਾਂ ਦੇ ਚਰਨੀਂ ਲੱਗਦਾ ਹਾਂ। ਮਨੁੱਖ ਦਾ ਇਹ ਸਰੀਰ ਤਦੋਂ ਸੋਨੇ ਵਾਂਗ ਪਵਿਤ੍ਰ ਹੋ ਜਾਂਦਾ ਹੈ, ਜਦੋਂ ਗੁਰੂ ਮਨੁੱਖ ਨੂੰ ਪਰਮਾਤਮਾ ਦੇ ਚਰਨਾਂ ਵਿਚ ਜੋੜ ਦੇਂਦਾ ਹੈ।੨। ਹੇ ਭਾਈ! ਉਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਸਿਫ਼ਤਿ ਸਾਲਾਹ ਤਦੋਂ ਹੀ ਕੀਤੀ ਜਾ ਸਕਦੀ ਹੈ, ਜੇ ਗੁਰੂ ਸਿਫ਼ਤਿ ਸਾਲਾਹ ਕਰਨ ਦੀ ਅਕਲ ਦੇ ਦੇਵੇ। ਗੁਰੂ ਦੀ ਸ਼ਰਨ ਤੋਂ ਬਿਨਾਂ ਜੀਵ-ਇਸਤ੍ਰੀਆਂ ਮਾਇਆ ਦੀ ਭਟਕਣਾ ਵਿਚ ਪੈ ਕੇ ਕੁਰਾਹੇ ਪੈ ਜਾਂਦੀਆਂ ਹਨ, ਤੇ, ਪਰਲੋਕ ਵਿਚ ਜਾ ਕੇ ਸ਼ਰਮ-ਸਾਰ ਹੁੰਦੀਆਂ ਹਨ। ਪਰਲੋਕ ਵਿਚ ਜਾ ਕੇ ਉਹ ਮੂੰਹ ਨਹੀਂ ਵਿਖਾ ਸਕਦੀਆਂ।

ਹੇ ਭਾਈ! ਜੇਹੜੀ ਜੀਵ-ਇਸਤ੍ਰੀ ਔਗਣ ਵਿਚ ਫਸ ਜਾਂਦੀ ਹੈ, ਉਹ ਆਖ਼ਰ ਪਛੁਤਾਂਦੀ ਹੈ, ਉਹ ਸਦਾ ਦੁੱਖ ਹੀ ਦੁੱਖ ਸਹੇੜਦੀ ਹੈ। ਪਰਮਾਤਮਾ ਦੇ ਨਾਮ ਵਿਚ ਰੰਗੀਆਂ ਹੋਈਆਂ ਜੀਵ-ਇਸਤ੍ਰੀਆਂ ਪਰਮਾਤਮਾ ਦੇ ਚਰਨਾਂ ਵਿਚ ਲੀਨ ਹੋ ਕੇ ਗੂੜ੍ਹੇ ਪ੍ਰੇਮ-ਰੰਗ ਵਿਚ ਮਸਤ ਰਹਿੰਦੀਆਂ ਹਨ। ਹੇ ਭਾਈ! ਉਸ ਪਰਮਾਤਮਾ ਦੇ ਬਰਾਬਰ ਦਾ ਜਗਤ ਵਿਚ ਕੋਈ ਨਹੀਂ ਦਿੱਸਦਾ ਇਸ ਵਾਸਤੇ ਪਰਮਾਤਮਾ ਤੋਂ ਬਿਨਾਂ ਕਿਸੇ ਹੋਰ ਅੱਗੇ ਕੋਈ ਦੁਖ ਸੁਖ ਦੱਸਿਆ ਨਹੀਂ ਜਾ ਸਕਦਾ। ਪਰ ਉਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਸਿਫ਼ਤਿ ਸਾਲਾਹ ਤਦੋਂ ਹੀ ਕੀਤੀ ਜਾ ਸਕਦੀ ਹੈ, ਜੇ ਗੁਰੂ ਸਿਫ਼ਤਿ ਸਾਲਾਹ ਕਰਨ ਦੀ ਸਮਝ ਬਖ਼ਸ਼ ਦੇਵੇ।੩। ਜਿੰਨੑਾਂ ਨੇ ਸਦਾ-ਥਿਰ ਪ੍ਰਭੂ ਦੀ ਸਿਫ਼ਤਿ ਸਾਲਾਹ ਕੀਤੀ, ਮੈਂ ਉਹਨਾਂ ਦੇ ਚਰਨੀਂ ਲੱਗਦਾ ਹਾਂ।

ਉਹ ਮਨੁੱਖ ਅਡੋਲ-ਚਿੱਤ ਹੋ ਜਾਂਦੇ ਹਨ, ਪਵਿਤ੍ਰ ਹੋ ਜਾਂਦੇ ਹਨ, ਉਹਨਾਂ ਦਾ ਦਰਸ਼ਨ ਕੀਤਿਆਂ ਵਿਕਾਰਾਂ ਦੀ ਸਾਰੀ ਮੈਲ ਦੂਰ ਹੋ ਜਾਂਦੀ ਹੈ। ਉਹਨਾਂ ਦਾ ਦੀਦਾਰ ਕਰਨ ਨਾਲ ਵਿਕਾਰਾਂ ਦੀ ਸਾਰੀ ਮੈਲ ਲਹਿ ਜਾਂਦੀ ਹੈ। ਜੇਹੜਾ ਮਨੁੱਖ ਉਹਨਾਂ ਦਾ ਦਰਸ਼ਨ ਕਰਦਾ ਹੈ, ਉਹ ਮਨੁੱਖ ਸਦਾ-ਥਿਰ ਪ੍ਰਭੂ ਦੇ ਨਾਮ-ਸਰੋਵਰ ਵਿਚ ਇਸ਼ਨਾਨ ਕਰਦਾ ਹੈ, ਉਹ ਸਦਾ-ਥਿਰ ਹਰੀ ਵਿਚ ਲੀਨ ਹੋ ਜਾਂਦਾ ਹੈ, ਆਤਮਕ ਅਡੋਲਤਾ ਵਿਚ ਟਿਕ ਜਾਂਦਾ ਹੈ, ਪ੍ਰੇਮ-ਰੰਗ ਵਿਚ ਮਸਤ ਰਹਿੰਦਾ ਹੈ। ਹੇ ਭਾਈ! ਪਰਮਾਤਮਾ ਦਾ ਨਾਮ ਮਾਇਆ ਦੀ ਕਾਲਖ ਤੋਂ ਰਹਿਤ ਕਰਨ ਵਾਲਾ ਹੈ, ਪਰ ਪ੍ਰਭੂ ਸਿਆਣਪ ਚਤੁਰਾਈ ਦੇ ਰਾਹੀਂ ਅਪਹੁੰਚ ਹੈ, ਗਿਆਨ-ਇੰਦ੍ਰਿਆਂ ਦੀ ਭੀ ਉਸ ਤਕ ਪਹੁੰਚ ਨਹੀਂ। ਜਿੰਨੑਾਂ ਨੂੰ ਗੁਰੂ ਨੇ ਪ੍ਰਭੂ ਦੀ ਸੂਝ ਦਿੱਤੀ, ਉਹ, ਹੇ ਨਾਨਕ! ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਕੇ ਹਰ ਵੇਲੇ ਨਾਮ-ਰੰਗ ਵਿਚ ਰੰਗੇ ਹੋਏ ਪ੍ਰਭੂ ਦੀ ਭਗਤੀ ਕਰਦੇ ਰਹਿੰਦੇ ਹਨ। ਹੇ ਭਾਈ! ਜਿਨੑਾਂ ਨੇ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਸਿਫ਼ਤਿ ਸਾਲਾਹ ਕਰਨ ਦਾ ਉੱਦਮ ਫੜ ਲਿਆ, ਮੈਂ ਉਹਨਾਂ ਦੇ ਚਰਨੀਂ ਲੱਗਦਾ ਹਾਂ।੪।੪।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement