ਰਾਮਕਲੀ ਮਹਲਾ ੩ ਅਨੰਦੁ ੴ ਸਤਿਗੁਰ ਪ੍ਰਸਾਦਿ ॥
ਰਾਮਕਲੀ ਮਹਲਾ ੩ ਅਨੰਦੁ ੴ ਸਤਿਗੁਰ ਪ੍ਰਸਾਦਿ ॥
ਏਹੁ ਸੋਹਿਲਾ ਸਬਦੁ ਸੁਹਾਵਾ ॥
ਸਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ॥
ਏਹੁ ਤਿਨ ਕੈ ਮੰਨਿ ਵਸਿਆ ਜਿਨ ਧੁਰਹੁ ਲਿਖਿਆ ਆਇਆ ॥
ਇਕਿ ਫਿਰਹਿ ਘਨੇਰੇ ਕਰਹਿ ਗਲਾ ਗਲੀ ਕਿਨੈ ਨ ਪਾਇਆ ॥
ਕਹੈ ਨਾਨਕੁ ਸਬਦੁ ਸੋਹਿਲਾ ਸਤਿਗੁਰੂ ਸੁਣਾਇਆ ॥੧੬॥
ਪਵਿਤੁ ਹੋਏ ਸੇ ਜਨਾ ਜਿਨੀ ਹਰਿ ਧਿਆਇਆ ॥
ਹਰਿ ਧਿਆਇਆ ਪਵਿਤੁ ਹੋਏ ਗੁਰਮੁਖਿ ਜਿਨੀ ਧਿਆਇਆ ॥
ਪਵਿਤੁ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿਤੁ ਸੰਗਤਿ ਸਬਾਈਆ ॥
ਕਹਦੇ ਪਵਿਤੁ ਸੁਣਦੇ ਪਵਿਤੁ ਸੇ ਪਵਿਤੁ ਜਿਨੀ ਮੰਨਿ ਵਸਾਇਆ ॥
ਕਹੈ ਨਾਨਕੁ ਸੇ ਪਵਿਤੁ ਜਿਨੀ ਗੁਰਮੁਖਿ ਹਰਿ ਹਰਿ ਧਿਆਇਆ ॥੧੭॥
ਅਰਥ:- ਰਾਗ ਰਾਮਕਲੀ ਵਿਚ ਗੁਰੂ ਅਮਰਦਾਸ ਜੀ ਦੀ ਬਾਣੀ, ਪ੍ਰਮਾਤਮਾ ਇਕ ਹੈ ਔਰ ਸਤਗੁਰੂ ਦੀ ਕਿਰਪਾ ਨਾਲ ਹੀ ਮਿਲਦਾ ਹੈ। (ਸਤਿਗੁਰੂ ਦਾ) ਇਹ ਸੋਹਣਾ ਸ਼ਬਦ (ਆਤਮਕ) ਆਨੰਦ ਦੇਣ ਵਾਲਾ ਗੀਤ ਹੈ, (ਯਕੀਨ ਜਾਣੋ ਕਿ) ਸਤਿਗੁਰੂ ਨੇ ਜੇਹੜਾ ਸੋਹਣਾ ਸ਼ਬਦ ਸੁਣਾਇਆ ਹੈ ਉਹ ਸਦਾ ਆਤਮਕ ਆਨੰਦ ਦੇਣ ਵਾਲਾ ਹੈ। ਪਰ ਇਹ ਗੁਰ-ਸ਼ਬਦ ਉਹਨਾਂ ਦੇ ਮਨ ਵਿਚ ਵੱਸਦਾ ਹੈ ਜਿਨ੍ਹਾਂ ਦੇ ਮੱਥੇ ਤੇ ਧੁਰੋਂ ਲਿਖਿਆ ਲੇਖ ਉੱਘੜਦਾ ਹੈ। ਬਥੇਰੇ ਅਨੇਕਾਂ ਐਸੇ ਬੰਦੇ ਫਿਰਦੇ ਹਨ (ਜਿਨ੍ਹਾਂ ਦੇ ਮਨ ਵਿਚ ਗੁਰ-ਸ਼ਬਦ ਤਾਂ ਨਹੀਂ ਵੱਸਿਆ, ਪਰ ਗਿਆਨ ਦੀਆਂ) ਗੱਲਾਂ ਕਰਦੇ ਹਨ। ਨਿਰੀਆਂ ਗੱਲਾਂ ਨਾਲ ਆਤਮਕ ਆਨੰਦ ਕਿਸੇ ਨੂੰ ਨਹੀਂ ਮਿਲਿਆ। ਗੁਰੂ ਨਾਨਕ ਜੀ ਕਹਿੰਦੇ ਹਨ —ਸਤਿਗੁਰੂ ਦਾ ਸੁਣਾਇਆ ਹੋਇਆ ਸ਼ਬਦ ਹੀ ਆਤਮਕ ਆਨੰਦ-ਦਾਤਾ ਹੈ। 16। (ਗੁਰ ਸ਼ਬਦ ਦਾ ਸਦਕਾ) ਜਿਨ੍ਹਾਂ ਬੰਦਿਆਂ ਨੇ ਪਰਮਾਤਮਾ ਦਾ ਨਾਮ ਸਿਮਰਿਆ (ਉਹਨਾਂ ਦੇ ਅੰਦਰ ਐਸਾ ਆਨੰਦ ਪੈਦਾ ਹੋਇਆ ਕਿ ਮਾਇਆ ਵਾਲੇ ਰਸਾਂ ਦੀ ਉਹਨਾਂ ਨੂੰ ਖਿੱਚ ਹੀ ਨਾਹ ਰਹੀ, ਤੇ) ਉਹ ਬੰਦੇ ਪਵਿਤ੍ਰ ਜੀਵਨ ਵਾਲੇ ਬਣ ਗਏ। ਗੁਰੂ ਦੀ ਸਰਨ ਪੈ ਕੇ ਜਿਨ੍ਹਾਂ ਜਿਨ੍ਹਾਂ ਨੇ ਹਰੀ ਦਾ ਨਾਮ ਸਿਮਰਿਆ ਉਹ ਸੁੱਧ ਆਚਰਨ ਵਾਲੇ ਹੋ ਗਏ! (ਉਹਨਾਂ ਦੀ ਲਾਗ ਨਾਲ) ਉਹਨਾਂ ਦੇ ਮਾਤਾ ਪਿਤਾ ਪਰਵਾਰ ਦੇ ਜੀਵ ਪਵਿਤ੍ਰ ਜੀਵਨ ਵਾਲੇ ਬਣੇ, ਜਿਨ੍ਹਾਂ ਜਿਨ੍ਹਾਂ ਨੇ ਉਹਨਾਂ ਦੀ ਸੰਗਤਿ ਕੀਤੀ ਉਹ ਸਾਰੇ ਪਵਿਤ੍ਰ ਹੋ ਗਏ। ਹਰੀ-ਨਾਮ (ਇਕ ਐਸਾ ਆਨੰਦ ਦਾ ਸੋਮਾ ਹੈ ਕਿ ਇਸ ਨੂੰ) ਜਪਣ ਵਾਲੇ ਭੀ ਪਵਿਤ੍ਰ ਤੇ ਸੁਣਨ ਵਾਲੇ ਭੀ ਪਵਿਤ੍ਰ ਹੋ ਜਾਂਦੇ ਹਨ, ਜੇਹੜੇ ਇਸ ਨੂੰ ਮਨ ਵਿਚ ਵਸਾਂਦੇ ਹਨ ਉਹ ਭੀ ਪਵਿਤ੍ਰ ਹੋ ਜਾਂਦੇ ਹਨ। ਗੁਰੂ ਨਾਨਕ ਜੀ ਕਹਿੰਦੇ ਹਨ—ਜਿਨ੍ਹਾਂ ਬੰਦਿਆਂ ਨੇ ਗੁਰੂ ਦੀ ਸਰਨ ਪੈ ਕੇ ਹਰੀ-ਨਾਮ ਸਿਮਰਿਆ ਹੈ ਉਹ ਸੁੱਧ ਆਚਰਨ ਵਾਲੇ ਹੋ ਗਏ ਹਨ। 17।