ਅੱਜ ਦਾ ਹੁਕਮਨਾਮਾ (29 ਅਕਤੂਬਰ 2021)
Published : Oct 29, 2021, 7:06 am IST
Updated : Oct 29, 2021, 7:07 am IST
SHARE ARTICLE
Hukamnama Sahib
Hukamnama Sahib

ਰਾਗੁ ਸੂਹੀ ਅਸਟਪਦੀਆ ਮਹਲਾ ੪ ਘਰੁ ੨

ਰਾਗੁ ਸੂਹੀ ਅਸਟਪਦੀਆ ਮਹਲਾ ੪ ਘਰੁ ੨

ੴ ਸਤਿਗੁਰ ਪ੍ਰਸਾਦਿ ॥

ਕੋਈ ਆਣਿ ਮਿਲਾਵੈ ਮੇਰਾ ਪ੍ਰੀਤਮੁ ਪਿਆਰਾ ਹਉ ਤਿਸੁ ਪਹਿ ਆਪੁ ਵੇਚਾਈ ॥੧॥

ਦਰਸਨੁ ਹਰਿ ਦੇਖਣ ਕੈ ਤਾਈ ॥

ਕ੍ਰਿਪਾ ਕਰਹਿ ਤਾ ਸਤਿਗੁਰੁ ਮੇਲਹਿ ਹਰਿ ਹਰਿ ਨਾਮੁ ਧਿਆਈ ॥੧॥ ਰਹਾਉ ॥

ਜੇ ਸੁਖੁ ਦੇਹਿ ਤ ਤੁਝਹਿ ਅਰਾਧੀ ਦੁਖਿ ਭੀ ਤੁਝੈ ਧਿਆਈ ॥੨॥

ਜੇ ਭੁਖ ਦੇਹਿ ਤ ਇਤ ਹੀ ਰਾਜਾ ਦੁਖ ਵਿਚਿ ਸੂਖ ਮਨਾਈ ॥੩॥

ਤਨੁ ਮਨੁ ਕਾਟਿ ਕਾਟਿ ਸਭੁ ਅਰਪੀ ਵਿਚਿ ਅਗਨੀ ਆਪੁ ਜਲਾਈ ॥੪॥

ਪਖਾ ਫੇਰੀ ਪਾਣੀ ਢੋਵਾ ਜੋ ਦੇਵਹਿ ਸੋ ਖਾਈ ॥੫॥

ਨਾਨਕੁ ਗਰੀਬੁ ਢਹਿ ਪਇਆ ਦੁਆਰੈ ਹਰਿ ਮੇਲਿ ਲੈਹੁ ਵਡਿਆਈ ॥੬॥

ਅਖੀ ਕਾਢਿ ਧਰੀ ਚਰਣਾ ਤਲਿ ਸਭ ਧਰਤੀ ਫਿਰਿ ਮਤ ਪਾਈ ॥੭॥

ਜੇ ਪਾਸਿ ਬਹਾਲਹਿ ਤਾ ਤੁਝਹਿ ਅਰਾਧੀ ਜੇ ਮਾਰਿ ਕਢਹਿ ਭੀ ਧਿਆਈ ॥੮॥

ਜੇ ਲੋਕੁ ਸਲਾਹੇ ਤਾ ਤੇਰੀ ਉਪਮਾ ਜੇ ਨਿੰਦੈ ਤ ਛੋਡਿ ਨ ਜਾਈ ॥੯॥

ਜੇ ਤੁਧੁ ਵਲਿ ਰਹੈ ਤਾ ਕੋਈ ਕਿਹੁ ਆਖਉ ਤੁਧੁ ਵਿਸਰਿਐ ਮਰਿ ਜਾਈ ॥੧੦॥

ਵਾਰਿ ਵਾਰਿ ਜਾਈ ਗੁਰ ਊਪਰਿ ਪੈ ਪੈਰੀ ਸੰਤ ਮਨਾਈ ॥੧੧॥

ਨਾਨਕੁ ਵਿਚਾਰਾ ਭਇਆ ਦਿਵਾਨਾ ਹਰਿ ਤਉ ਦਰਸਨ ਕੈ ਤਾਈ ॥੧੨॥

ਝਖੜੁ ਝਾਗੀ ਮੀਹੁ ਵਰਸੈ ਭੀ ਗੁਰੁ ਦੇਖਣ ਜਾਈ ॥੧੩॥

ਸਮੁੰਦੁ ਸਾਗਰੁ ਹੋਵੈ ਬਹੁ ਖਾਰਾ ਗੁਰਸਿਖੁ ਲੰਘਿ ਗੁਰ ਪਹਿ ਜਾਈ ॥੧੪॥

ਜਿਉ ਪ੍ਰਾਣੀ ਜਲ ਬਿਨੁ ਹੈ ਮਰਤਾ ਤਿਉ ਸਿਖੁ ਗੁਰ ਬਿਨੁ ਮਰਿ ਜਾਈ ॥੧੫॥

ਜਿਉ ਧਰਤੀ ਸੋਭ ਕਰੇ ਜਲੁ ਬਰਸੈ ਤਿਉ ਸਿਖੁ ਗੁਰ ਮਿਲਿ ਬਿਗਸਾਈ ॥੧੬॥

ਸੇਵਕ ਕਾ ਹੋਇ ਸੇਵਕੁ ਵਰਤਾ ਕਰਿ ਕਰਿ ਬਿਨਉ ਬੁਲਾਈ ॥੧੭॥

ਨਾਨਕ ਕੀ ਬੇਨੰਤੀ ਹਰਿ ਪਹਿ ਗੁਰ ਮਿਲਿ ਗੁਰ ਸੁਖੁ ਪਾਈ ॥੧੮॥

ਤੂ ਆਪੇ ਗੁਰੁ ਚੇਲਾ ਹੈ ਆਪੇ ਗੁਰ ਵਿਚੁ ਦੇ ਤੁਝਹਿ ਧਿਆਈ ॥੧੯॥

ਜੋ ਤੁਧੁ ਸੇਵਹਿ ਸੋ ਤੂਹੈ ਹੋਵਹਿ ਤੁਧੁ ਸੇਵਕ ਪੈਜ ਰਖਾਈ ॥੨੦॥

ਭੰਡਾਰ ਭਰੇ ਭਗਤੀ ਹਰਿ ਤੇਰੇ ਜਿਸੁ ਭਾਵੈ ਤਿਸੁ ਦੇਵਾਈ ॥੨੧॥

ਜਿਸੁ ਤੂੰ ਦੇਹਿ ਸੋਈ ਜਨੁ ਪਾਏ ਹੋਰ ਨਿਹਫਲ ਸਭ ਚਤੁਰਾਈ ॥੨੨॥

ਸਿਮਰਿ ਸਿਮਰਿ ਸਿਮਰਿ ਗੁਰੁ ਅਪੁਨਾ ਸੋਇਆ ਮਨੁ ਜਾਗਾਈ ॥੨੩॥

ਇਕੁ ਦਾਨੁ ਮੰਗੈ ਨਾਨਕੁ ਵੇਚਾਰਾ ਹਰਿ ਦਾਸਨਿ ਦਾਸੁ ਕਰਾਈ ॥੨੪॥

ਜੇ ਗੁਰੁ ਝਿੜਕੇ ਤ ਮੀਠਾ ਲਾਗੈ ਜੇ ਬਖਸੇ ਤ ਗੁਰ ਵਡਿਆਈ ॥੨੫॥

ਗੁਰਮੁਖਿ ਬੋਲਹਿ ਸੋ ਥਾਇ ਪਾਏ ਮਨਮੁਖਿ ਕਿਛੁ ਥਾਇ ਨ ਪਾਈ ॥੨੬॥

ਪਾਲਾ ਕਕਰੁ ਵਰਫ ਵਰਸੈ ਗੁਰਸਿਖੁ ਗੁਰ ਦੇਖਣ ਜਾਈ ॥੨੭॥

ਸਭੁ ਦਿਨਸੁ ਰੈਣਿ ਦੇਖਉ ਗੁਰੁ ਅਪੁਨਾ ਵਿਚਿ ਅਖੀ ਗੁਰ ਪੈਰ ਧਰਾਈ ॥੨੮॥

ਅਨੇਕ ਉਪਾਵ ਕਰੀ ਗੁਰ ਕਾਰਣਿ ਗੁਰ ਭਾਵੈ ਸੋ ਥਾਇ ਪਾਈ ॥੨੯॥

ਰੈਣਿ ਦਿਨਸੁ ਗੁਰ ਚਰਣ ਅਰਾਧੀ ਦਇਆ ਕਰਹੁ ਮੇਰੇ ਸਾਈ ॥੩੦॥

ਨਾਨਕ ਕਾ ਜੀਉ ਪਿੰਡੁ ਗੁਰੂ ਹੈ ਗੁਰ ਮਿਲਿ ਤ੍ਰਿਪਤਿ ਅਘਾਈ ॥੩੧॥

ਨਾਨਕ ਕਾ ਪ੍ਰਭੁ ਪੂਰਿ ਰਹਿਓ ਹੈ ਜਤ ਕਤ ਤਤ ਗੋਸਾਈ ॥੩੨॥੧॥

ਸ਼ੁੱਕਰਵਾਰ, ੧੩ ਕੱਤਕ (ਸੰਮਤ ੫੫੩ ਨਾਨਕਸ਼ਾਹੀ) (ਅੰਗ: ੭੫੭)

ਪੰਜਾਬੀ ਵਿਆਖਿਆ :

ਰਾਗੁ ਸੂਹੀ ਅਸਟਪਦੀਆ ਮਹਲਾ ੪ ਘਰੁ ੨

ੴ ਸਤਿਗੁਰ ਪ੍ਰਸਾਦਿ ॥

ਹੇ ਭਾਈ! ਜੇ ਕੋਈ (ਸੱਜਣ) ਮੇਰਾ ਪ੍ਰੀਤਮ ਲਿਆ ਕੇ ਮੈਨੂੰ ਮਿਲਾ ਦੇਵੇ, ਤਾਂ ਮੈਂ ਉਸ ਦੇ ਅੱਗੇ ਆਪਣਾ ਆਪ ਵੇਚ ਦਿਆਂ ।੧। ਹੇ ਪ੍ਰਭੂ! ਜੇ ਤੂੰ (ਮੇਰੇ ਉਤੇ) ਮੇਹਰ ਕਰੇਂ, (ਮੈਨੂੰ) ਗੁਰੂ ਮਿਲਾ ਦੇਵੇਂ, ਤਾਂ ਤੇਰਾ ਦਰਸਨ ਕਰਨ ਵਾਸਤੇ ਮੈਂ ਸਦਾ ਤੇਰਾ ਨਾਮ ਸਿਮਰਦਾ ਰਹਾਂਗਾ ।੧।ਰਹਾਉ। ਹੇ ਪ੍ਰਭੂ! (ਮੇਹਰ ਕਰ) ਜੇ ਤੂੰ ਮੈਨੂੰ ਸੁਖ ਦੇਵੇਂ, ਤਾਂ ਮੈਂ ਤੈਨੂੰ ਹੀ ਸਿਮਰਦਾ ਰਹਾਂ, ਦੁਖ ਵਿਚ ਭੀ ਮੈਂ ਤੇਰੀ ਹੀ ਆਰਾਧਨਾ ਕਰਦਾ ਰਹਾਂ ।੨। ਹੇ ਪ੍ਰਭੂ! ਜੇ ਤੂੰ ਮੈਨੂੰ ਭੁੱਖਾ ਰੱਖੇਂ, ਤਾਂ ਮੈਂ ਇਸ ਭੁਖ ਵਿਚ ਹੀ ਰੱਜਿਆ ਰਹਾਂਗਾ, ਦੁੱਖਾਂ ਵਿਚ ਮੈਂ ਸੁਖ ਪ੍ਰਤੀਤ ਕਰਾਂਗਾ (ਤੇਰੀ ਇਹ ਮੇਹਰ ਜ਼ਰੂਰ ਹੋ ਜਾਏ ਕਿ ਮੈਨੂੰ ਤੇਰਾ ਦਰਸਨ ਹੋ ਜਾਏ) ।੩।

Sangats paid obeisance at Darbar SahibSangats paid obeisance at Darbar Sahib

ਹੇ ਪ੍ਰਭੂ! (ਤੇਰਾ ਦਰਸਨ ਕਰਨ ਦੀ ਖ਼ਾਤਰ ਜੇ ਲੋੜ ਪਏ ਤਾਂ) ਮੈਂ ਆਪਣਾ ਸਰੀਰ ਆਪਣਾ ਮਨ ਕੱਟ ਕੱਟ ਕੇ ਸਾਰਾ ਭੇਟਾ ਕਰ ਦਿਆਂਗਾ, ਅੱਗ ਵਿਚ ਆਪਣੇ ਆਪ ਨੂੰ ਸਾੜ (ਭੀ) ਦਿਆਂਗਾ ।੪। ਹੇ ਪ੍ਰਭੂ! (ਤੇਰੇ ਦੀਦਾਰ ਦੀ ਖ਼ਾਤਰ, ਤੇਰੀਆਂ ਸੰਗਤਾਂ ਨੂੰ) ਮੈਂ ਪੱਖਾਂ ਝਲਾਂਗਾ, ਪਾਣੀ ਢੋਵਾਂਗਾ, ਜੋ ਕੁਝ ਤੂੰ ਮੈਨੂੰ (ਖਾਣ ਲਈ) ਦੇਵੇਂਗਾ ਉਹੀ (ਖ਼ੁਸ਼ ਹੋ ਕੇ) ਖਾ ਲਵਾਂਗਾ ।੫। ਹੇ ਪ੍ਰਭੂ! (ਤੇਰਾ ਦਾਸ) ਗਰੀਬ ਨਾਨਕ ਤੇਰੇ ਦਰ ਤੇ ਆ ਡਿੱਗਾ ਹੈ, ਮੈਨੂੰ ਆਪਣੇ ਚਰਨਾਂ ਵਿਚ ਜੋੜ ਲੈ, ਤੇਰਾ ਇਹ ਉਪਕਾਰ ਹੋਵੇਗਾ ।੬। ਹੇ ਪ੍ਰਭੂ! (ਜੇ ਲੋੜ ਪਏ ਤਾਂ) ਮੈਂ ਆਪਣੀਆਂ ਅੱਖਾਂ ਕੱਢ ਕੇ (ਗੁਰੂ ਦੇ) ਪੈਰਾਂ ਹੇਠ ਰੱਖ ਦਿਆਂ, ਮੈਂ ਸਾਰੀ ਧਰਤੀ ਉਤੇ ਭਾਲ ਕਰਾਂ ਕਿ ਸ਼ਾਇਦ ਕਿਤੇ ਗੁਰੂ ਲੱਭ ਪਏ ।੭। ਹੇ ਪ੍ਰਭੂ! ਜੇ ਤੂੰ ਮੈਨੂੰ ਆਪਣੇ ਕੋਲ ਬਿਠਾਲ ਲਏਂ, ਤਾਂ ਤੈਨੂੰ ਆਰਾਧਦਾ ਰਹਾਂ, ਜੇ ਤੂੰ ਮੈਨੂੰ (ਧੱਕੇ) ਮਾਰ ਕੇ (ਆਪਣੇ ਦਰ ਤੋਂ) ਕੱਢ ਦੇਵੇਂ, ਤਾਂ ਭੀ ਮੈਂ ਤੇਰਾ ਹੀ ਧਿਆਨ ਧਰਦਾ ਰਹਾਂਗਾ ।੮।

Darbar Sahib Darbar Sahib

ਹੇ ਪ੍ਰਭੂ! ਜੇ ਜਗਤ ਮੈਨੂੰ ਚੰਗਾ ਆਖੇਗਾ, ਤਾਂ (ਅਸਲ ਵਿਚ) ਇਹ ਤੇਰੀ ਹੀ ਵਡਿਆਈ ਹੋਵੇਗੀ, ਜੇ (ਤੇਰੀ ਸਿਫ਼ਤਿ-ਸਾਲਾਹ ਕਰਨ ਤੇ) ਦੁਨੀਆ ਮੇਰੀ ਨਿੰਦਾ ਕਰੇਗੀ, ਤਾਂ ਭੀ ਮੈਂ (ਤੈਨੂੰ) ਛੱਡ ਕੇ ਨਹੀਂ ਜਾਵਾਂਗਾ ।੯। ਹੇ ਪ੍ਰਭੂ! ਜੇ ਮੇਰੀ ਪ੍ਰੀਤਿ ਤੇਰੇ ਪਾਸੇ ਬਣੀ ਰਹੇ, ਤਾਂ ਬੇਸ਼ੱਕ ਕੋਈ ਕੁਝ ਭੀ ਮੈਨੂੰ ਪਿਆ ਆਖੇ । ਪਰ, ਤੇਰੇ ਵਿਸਰਿਆਂ, ਹੇ ਪ੍ਰਭੂ! ਮੈਂ ਆਤਮਕ ਮੌਤੇ ਮਰ ਜਾਵਾਂਗਾ ।੧੦। ਹੇ ਪ੍ਰਭੂ! (ਤੇਰਾ ਦਰਸਨ ਕਰਨ ਦੀ ਖ਼ਾਤਰ) ਮੈਂ ਗੁਰੂ ਉਤੋਂ ਕੁਰਬਾਨ ਕੁਰਬਾਨ ਜਾਵਾਂਗਾ, ਮੈਂ ਸੰਤ-ਗੁਰੂ ਦੀ ਚਰਨੀਂ ਪੈ ਕੇ ਉਸ ਨੂੰ ਪ੍ਰਸੰਨ ਕਰਾਂਗਾ ।੧੧। ਹੇ ਹਰੀ!

darbar Sahib darbar Sahib

ਤੇਰਾ ਦਰਸਨ ਕਰਨ ਦੀ ਖ਼ਾਤਰ (ਤੇਰਾ ਦਾਸ) ਵਿਚਾਰਾ ਨਾਨਕ ਕਮਲਾ ਹੋਇਆ ਫਿਰਦਾ ਹੈ ।੧੨। ਹੇ ਪ੍ਰਭੂ! (ਤੇਰਾ ਮਿਲਾਪ ਪ੍ਰਾਪਤ ਕਰਨ ਦੀ ਖ਼ਾਤਰ) ਮੈਂ ਗੁਰੂ ਦਾ ਦਰਸਨ ਕਰਨ ਲਈ ਝੱਖੜ-ਹਨੇਰੀ (ਆਪਣੇ ਸਿਰ ਉਤੇ) ਝੱਲਣ ਨੂੰ ਭੀ ਤਿਆਰ ਹਾਂ, ਜੇ ਮੀਂਹ ਵਰ੍ਹਨ ਲੱਗ ਪਏ ਤਾਂ ਭੀ (ਵਰ੍ਹਦੇ ਮੀਂਹ ਵਿਚ ਹੀ) ਮੈਂ ਗੁਰੂ ਨੂੰ ਵੇਖਣ ਲਈ ਜਾਣ ਨੂੰ ਤਿਆਰ ਹਾਂ ।੧੩। ਹੇ ਭਾਈ! ਖਾਰਾ ਸਮੁੰਦਰ ਭੀ ਲੰਘਣਾ ਪਏ, ਤਾਂ ਭੀ ਉਸ ਨੂੰ ਲੰਘ ਕੇ ਗੁਰੂ ਦਾ ਸਿੱਖ ਗੁਰੂ ਦੇ ਕੋਲ ਪਹੁੰਚਦਾ ਹੈ ।੧੪। ਜਿਵੇਂ ਪ੍ਰਾਣੀ ਪਾਣੀ ਤੋਂ ਮਿਲਣ ਤੋਂ ਬਿਨਾ ਮਰਨ ਲੱਗ ਪੈਂਦਾ ਹੈ, ਤਿਵੇਂ ਸਿੱਖ ਗੁਰੂ ਨੂੰ ਮਿਲਣ ਤੋਂ ਬਿਨਾ ਆਪਣੀ ਆਤਮਕ ਮੌਤ ਆ ਗਈ ਸਮਝਦਾ ਹੈ ।੧੫। ਜਿਵੇਂ ਜਦੋਂ ਮੀਂਹ ਪੈਂਦਾ ਹੈ ਤਾਂ ਧਰਤੀ ਸੋਹਣੀ ਲੱਗਣ ਲੱਗ ਪੈਂਦੀ ਹੈ, ਤਿਵੇਂ ਸਿੱਖ ਗੁਰੂ ਨੂੰ ਮਿਲ ਕੇ ਪ੍ਰਸੰਨ ਹੁੰਦਾ ਹੈ ।੧੬।

Darbar SahibDarbar Sahib

ਹੇ ਭਾਈ! ਮੈਂ ਗੁਰੂ ਦੇ ਸੇਵਕ ਦਾ ਸੇਵਕ ਬਣ ਕੇ ਉਸ ਦੀ ਕਾਰ ਕਰਨ ਨੂੰ ਤਿਆਰ ਹਾਂ ਮੈਂ ਉਸ ਨੂੰ ਬੇਨਤੀਆਂ ਕਰ ਕਰ ਕੇ (ਖ਼ੁਸ਼ੀ ਨਾਲ) ਸੱਦਾਂਗਾ ।੧੭। ਨਾਨਕ ਦੀ ਪਰਮਾਤਮਾ ਪਾਸ ਬੇਨਤੀ ਹੈ (—ਹੇ ਪ੍ਰਭੂ! ਮੈਨੂੰ ਗੁਰੂ ਮਿਲਾ) ਗੁਰੂ ਨੂੰ ਮਿਲ ਕੇ ਮੈਨੂੰ ਵੱਡਾ ਆਨੰਦ ਪ੍ਰਾਪਤ ਹੁੰਦਾ ਹੈ ।੧੮। ਹੇ ਪ੍ਰਭੂ! ਤੂੰ ਆਪ ਹੀ ਗੁਰੂ ਹੈਂ, ਤੂੰ ਆਪ ਹੀ ਸਿੱਖ ਹੈਂ । ਮੈਂ ਗੁਰੂ ਦੀ ਰਾਹੀਂ ਤੈਨੂੰ ਹੀ ਧਿਆਉਂਦਾ ਹਾਂ ।੧੯। ਹੇ ਪ੍ਰਭੂ! ਜੇਹੜੇ ਮਨੁੱਖ ਤੇਰੀ ਸੇਵਾ-ਭਗਤੀ ਕਰਦੇ ਹਨ, ਉਹ ਤੇਰਾ ਹੀ ਰੂਪ ਬਣ ਜਾਂਦੇ ਹਨ । ਤੂੰ ਆਪਣੇ ਸੇਵਕਾਂ ਦੀ ਇੱਜ਼ਤ (ਸਦਾ) ਰੱਖਦਾ ਆਇਆ ਹੈਂ ।੨੦। ਹੇ ਹਰੀ! ਤੇਰੇ ਪਾਸ ਤੇਰੀ ਭਗਤੀ ਦੇ ਖ਼ਜ਼ਾਨੇ ਭਰੇ ਪਏ ਹਨ । ਜਿਸ ਨੂੰ ਤੇਰੀ ਰਜ਼ਾ ਹੁੰਦੀ ਹੈ ਉਸ ਨੂੰ ਤੂੰ (ਗੁਰੂ ਦੀ ਰਾਹੀਂ ਇਹ ਖ਼ਜ਼ਾਨਾ) ਦਿਵਾਂਦਾ ਹੈਂ ।੨੧। ਹੇ ਪ੍ਰਭੂ! (ਤੇਰੀ ਭਗਤੀ ਦਾ ਖ਼ਜ਼ਾਨਾ ਪ੍ਰਾਪਤ ਕਰਨ ਲਈ) ਹਰੇਕ ਸਿਆਣਪ-ਚਤੁਰਾਈ ਵਿਅਰਥ ਹੈ । ਉਹੀ ਮਨੁੱਖ (ਇਹ ਖ਼ਜ਼ਾਨੇ) ਹਾਸਲ ਕਰਦਾ ਹੈ ਜਿਸ ਨੂੰ ਤੂੰ ਆਪ ਦੇਂਦਾ ਹੈ ।੨੨।

Darbar SahibDarbar Sahib

ਹੇ ਪ੍ਰਭੂ! (ਤੇਰੀ ਮੇਹਰ ਨਾਲ) ਮੈਂ ਆਪਣੇ ਗੁਰੂ ਨੂੰ ਮੁੜ ਮੁੜ ਯਾਦ ਕਰ ਕੇ (ਮਾਇਆ ਦੇ ਮੋਹ ਦੀ ਨੀਂਦ ਵਿਚ) ਸੁੱਤੇ ਹੋਏ ਆਪਣੇ ਮਨ ਨੂੰ ਜਗਾਂਦਾ ਰਹਿੰਦਾ ਹਾਂ ।੨੩। ਹੇ ਪ੍ਰਭੂ! (ਤੇਰੇ ਦਰ ਤੋਂ ਤੇਰਾ) ਗਰੀਬ (ਦਾਸ) ਨਾਨਕ ਇਕ ਦਾਨ ਮੰਗਦਾ ਹੈ—(ਮੇਹਰ ਕਰ) ਮੈਨੂੰ ਆਪਣੇ ਦਾਸਾਂ ਦਾ ਦਾਸ ਬਣਾਈ ਰੱਖ ।੨੪। ਜੇ ਗੁਰੂ (ਮੈਨੂੰ ਮੇਰੀ ਕਿਸੇ ਭੁੱਲ ਦੇ ਕਾਰਨ) ਝਿੜਕ ਦੇਵੇ, ਤਾਂ ਉਸ ਦੀ ਉਹ ਝਿੜਕ ਮੈਨੂੰ ਪਿਆਰੀ ਲੱਗਦੀ ਹੈ । ਜੇ ਗੁਰੂ ਮੇਰੇ ਉਤੇ ਮੇਹਰ ਦੀ ਨਿਗਾਹ ਕਰਦਾ ਹੈ, ਤਾਂ ਇਹ ਗੁਰੂ ਦਾ ਉਪਕਾਰ ਹੈ (ਮੇਰੇ ਵਿਚ ਕੋਈ ਗੁਣ ਨਹੀਂ) ।੨੫। ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਜੇਹੜੇ ਬਚਨ ਬੋਲਦੇ ਹਨ, ਗੁਰੂ ਉਹਨਾਂ ਨੂੰ ਪਰਵਾਨ ਕਰਦਾ ਹੈ । ਆਪਣੇ ਮਨ ਦੇ ਪਿੱਛੇ ਤੁਰਨ ਵਾਲਿਆਂ ਦਾ ਬੋਲਿਆ ਪਰਵਾਨ ਨਹੀਂ ਹੁੰਦਾ ।੨੬।

Darbar SahibDarbar Sahib

ਪਾਲਾ ਹੋਵੇ, ਕੱਕਰ ਪਏ, ਬਰਫ਼ ਪਏ, ਫਿਰ ਭੀ ਗੁਰੂ ਦਾ ਸਿੱਖ ਗੁਰੂ ਦਾ ਦਰਸਨ ਕਰਨ ਜਾਂਦਾ ਹੈ ।੨੭। ਮੈਂ ਭੀ ਦਿਨ ਰਾਤ ਹਰ ਵੇਲੇ ਆਪਣੇ ਗੁਰੂ ਦਾ ਦਰਸਨ ਕਰਦਾ ਰਹਿੰਦਾ ਹਾਂ । ਗੁਰੂ ਦੇ ਚਰਨਾਂ ਨੂੰ ਆਪਣੀਆਂ ਅੱਖਾਂ ਵਿਚ ਵਸਾਈ ਰੱਖਦਾ ਹਾਂ ।੨੮। ਜੇ ਮੈਂ ਗੁਰੂ (ਨੂੰ ਪ੍ਰਸੰਨ ਕਰਨ) ਵਾਸਤੇ ਅਨੇਕਾਂ ਹੀ ਜਤਨ ਕਰਦਾ ਰਹਾਂ ਉਹੀ ਜਤਨ ਕਬੂਲ ਹੁੰਦਾ ਹੈ, ਜੇਹੜਾ ਗੁਰੂ ਨੂੰ ਪਸੰਦ ਆਉਂਦਾ ਹੈ ।੨੯। ਹੇ ਮੇਰੇ ਖਸਮ-ਪ੍ਰਭੂ! (ਮੇਰੇ ਉਤੇ) ਮੇਹਰ ਕਰ, ਮੈਂ ਦਿਨ ਰਾਤ ਹਰ ਵੇਲੇ ਗੁਰੂ ਦੇ ਚਰਨਾਂ ਦਾ ਧਿਆਨ ਧਰਦਾ ਰਹਾਂ ।੩੦। ਨਾਨਕ ਦੀ ਜਿੰਦ ਗੁਰੂ ਦੇ ਹਵਾਲੇ ਹੈ, ਨਾਨਕ ਦਾ ਸਰੀਰ ਗੁਰੂ ਦੇ ਚਰਨਾਂ ਵਿਚ ਹੈ । ਗੁਰੂ ਨੂੰ ਮਿਲ ਕੇ ਮੈਂ ਤਿ੍ਰਪਤ ਹੋ ਜਾਂਦਾ ਹਾਂ, ਰੱਜ ਜਾਂਦਾ ਹਾਂ (ਮਾਇਆ ਦੀ ਭੁੱਖ ਨਹੀਂ ਰਹਿ ਜਾਂਦੀ) ।੩੧। (ਗੁਰੂ ਦੀ ਕਿਰਪਾ ਨਾਲ ਇਹ ਸਮਝ ਆਉਂਦੀ ਹੈ ਕਿ) ਨਾਨਕ ਦਾ ਪ੍ਰਭੂ ਸ੍ਰਿਸ਼ਟੀ ਦਾ ਖਸਮ ਹਰ ਥਾਂ ਵਿਆਪਕ ਹੋ ਰਿਹਾ ਹੈ ।੩੨।੧।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 pawan saroop ਦੇ ਮਾਮਲੇ 'ਚ Sukhbir Badal ਨੂੰ Sri Akal Takht Sahib ਤਲਬ ਕਰਨ ਦੀ ਮੰਗ |Satinder Kohli

02 Jan 2026 3:08 PM

Raen Basera Reality Check: ਰੈਣ ਬਸੇਰਾ ਵਾਲੇ ਕਰਦੇ ਸੀ ਮਨਮਰਜ਼ੀ,ਗਰੀਬਾਂ ਨੂੰ ਨਹੀ ਦਿੰਦੇ ਸੀ ਵੜ੍ਹਨ, ਦੇਖੋ..

01 Jan 2026 2:35 PM

ਨਵੇਂ ਸਾਲ ਤੇ ਜਨਮਦਿਨ ਦੀਆਂ ਖੁਸ਼ੀਆਂ ਮਾਤਮ 'ਚ ਬਦਲੀਆਂ

01 Jan 2026 2:34 PM

Robbers Posing As Cops Loot Family Jandiala Guru: ਬੰਧਕ ਬਣਾ ਲਿਆ ਪਰਿਵਾਰ, ਕਰਤਾ ਵੱਡਾ ਕਾਂਡ !

31 Dec 2025 3:27 PM

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM
Advertisement