
ਵਿਕੀ ਗੌਂਡਰ ਦੀ ਮੌਤ ਦਾ ਬਦਲਾ ਲੈਣ ਲਈ ਧਮਕੀਆਂ ਦੇਣ ਵਾਲਾ ਗ੍ਰਿਫ਼ਤਾਰ
ਪੰਜਾਬ ਪੁਲਿਸ ਸੂਬੇ ਵਿਚੋਂ ਗੈਂਗਸਟਰਾਂ ਦਾ ਖ਼ਾਤਮਾ ਕਰਨ ਲਈ ਲਗਾਤਾਰ ਸਰਗਰਮ ਹੈ। ਜਿਉਂ ਹੀ ਪੁਲਿਸ ਨੇ ਗੈਂਗਸਟਰਾਂ ਵਿਰੁਧ ਸਖ਼ਤੀ ਦਿਖਾਈ ਤਾਂ ਉਸ ਨੂੰ ਕਈ ਸਫ਼ਲਤਾਵਾਂ ਮਿਲੀਆਂ, ਜਿਸ ਵਿਚ ਵਿੱਕੀ ਗੌਂਡਰ ਦਾ ਨਾਂ ਸ਼ਾਮਲ ਹੈ। ਜਦੋਂ ਪੁਲਿਸ ਦੁਆਰਾ ਵਿੱਕੀ ਗੌਂਡਰ ਨੂੰ ਮਾਰਿਆ ਗਿਆ ਤਾਂ ਉਸ ਮਗਰੋਂ ਕਿਸੇ ਨੇ ਪੁਲਿਸ ਨੂੰ ਵਿੱਕੀ ਗੌਂਡਰ ਦੀ ਮੌਤ ਦਾ ਬਦਲਾ ਲੈਣ ਲਈ ਸੋਸ਼ਲ ਮੀਡੀਆ 'ਤੇ ਨਤੀਜੇ ਭੁਗਤਣ ਦੀ ਧਮਕੀ ਦਿਤੀ ਸੀ ਪਰ ਹੁਣ ਪੁਲਿਸ ਨੇ ਸੁਮਿਤ ਕੇਸ਼ਵਾ ਨਾਮੀ ਵਿਅਕਤੀ ਨੂੰ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰ ਲਿਆ ਹੈ।
ਦਸ ਦਈਏ ਕਿ ਸੁਮਿਤ ਕੇਸ਼ਵਾ ਸਾਈਪ੍ਰਸ ਤੋਂ 'ਸ਼ੇਰਾ ਖੁੱਬਣ ਗਰੁੱਪ' ਦਾ ਫੇਸਬੁੱਕ ਪੇਜ ਅਪ੍ਰੇਟ ਕਰ ਰਿਹਾ ਸੀ। ਪੰਜਾਬ ਪੁਲਿਸ ਦੇ ਅਰਗੇਨਾਈਜਡ ਕ੍ਰਾਈਮ ਕੰਟਰੋਲ ਯੂਨਿਟ (ਓਸੀਸੀਯੂ) ਵਲੋਂ ਉਸ ਖਿ਼ਲਾਫ਼ ਪਹਿਲਾਂ ਹੀ ਲੁਕ ਆਊਟ ਸਰਕੂਲਰ ਜਾਰੀ ਕੀਤਾ ਹੋਇਆ ਸੀ। ਮੂਲ ਰੂਪ ਚ ਲੁਧਿਆਣਾ ਵਾਸੀ ਸੁਮੀਤ ਦਾ ਨਾਮ ਪਹਿਲਾਂ ਹੀ ਰਾਜਪੁਰਾ ਸਦਰ ਪੁਲਿਸ ਥਾਣੇ ਤਹਿਤ 23 ਅਕਤੂਬਰ 2017 ਨੂੰ ਨਸ਼ਿਆਂ ਵਿਰੋਧੀ ਕਨੂੰਨ, ਅਸਲਾ ਐਕਟ ਅਤੇ ਕਈ ਹੋਰਨਾਂ ਸੰਗੀਨ ਧਾਰਾਵਾਂ ਤਹਿਤ ਇਕ ਐਫਆਈਆਰ ਵਿਚ ਦਰਜ ਕੀਤਾ ਜਾ ਚੁਕਾ ਹੈ. ਉਹ ਕੁਝ ਸਮਾਂ ਪਹਿਲਾਂ ਸਾਈਪ੍ਰਸ ਜਾਣ ਚ ਸਫਲ ਹੋ ਗਿਆ ਸੀ. ਪੰਜਾਬ ਪੁਲਿਸ ਦੇ ਇੰਟੈਲੀਜੈਂਸ ਵਿੰਗ ਦੀ ਜਾਂਚ ਮੁਤਾਬਿਕ ਉਹ ਪੰਜਾਬ ਵਿਚ ਗੈਂਗਸਟਰਾਂ ਦੀਆਂ ਗਤੀਵਿਧੀਆਂ ਨੂੰ ਸੋਸ਼ਲ ਮੀਡੀਆ ਖਾਸਕਰ ਫੇਸਬੁੱਕ ਉਤੇ ਪ੍ਰਚਾਰਦਾ ਸੀ.
ਕਲੋਜਿੰਗ : ਗੌਂਡਰ ਦੇ ਇਨਕਾਊਂਟਰ ਤੋਂ ਬਾਅਦ ਪੁਲਿਸ ਲਗਾਤਾਰ ਉਨ੍ਹਾਂ ਸਾਰੇ ਮੁਲਜ਼ਮਾਂ ਦੀ ਭਾਲ ਵਿਚ ਲੱਗੀ ਹੋਈ ਹੈ, ਜਿਨ੍ਹਾਂ ਨੇ ਪੁਲਿਸ ਨੂੰ ਧਮਕੀਆਂ ਦਿਤੀਆਂ.....ਇਹ ਵੀ ਕਿਹਾ ਜਾ ਰਿਹਾ ਹੈ ਕਿ ਪੁਲਿਸ ਗੈਂਗਸਟਰਾਂ ਦੇ ਫ਼ੇਸਬੁੱਕ ਪੇਜ਼ਾਂ ਨੂੰ ਲਾਈਕ ਕਰਨ ਵਾਲਿਆਂ ਦੀ ਜਾਂਚ ਕਰ ਰਹੀ ਹੈ, ਜਿਸ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ.....ਪੁਲਿਸ ਅਨੁਸਾਰ ਜਲਦ ਹੀ ਹੋਰ ਮੁਲਜ਼ਮ ਵੀ ਪੁਲਿਸ ਦੀ ਪਕੜ ਵਿਚ ਹੋਣਗੇ।