
ਨੌਜਵਾਨ ਬੱਚਿਆਂ ਦੀਆਂ ਲਾਸ਼ਾਂ ਦਾ ਇੰਤਜ਼ਾਰ ਕਰ ਰਹੇ ਦੁਖੀ ਪਰਿਵਾਰਾਂ ਦੀ ਕਦੋਂ ਖ਼ਤਮ ਹੋਵੇਗੀ ਉਡੀਕ?
ਇਹ ਉਹ ਬਦਨਸੀਬ ਪਰਿਵਾਰ ਹਨ.... ਜਿਨ੍ਹਾਂ ਦੇ ਨੌਜਵਾਨ ਬੱਚਿਆਂ ਨੂੰ ਇਰਾਕ ਵਿਚ ਅੱਤਵਾਦੀਆਂ ਨੇ ਮੌਤ ਦੇ ਘਾਟ ਉਤਾਰ ਦਿੱਤਾ ਹੈ। ਪਿਛਲੇ ਕਰੀਬ ਚਾਰ ਸਾਲ ਤੋਂ ਇਹ ਪਰਿਵਾਰ ਆਪਣੇ ਬੱਚਿਆਂ ਦੇ ਵਾਪਸ ਆਉਣ ਦੀ ਉਡੀਕ ਕਰ ਰਹੇ ਸਨ ਪਰ ਹੁਣ ਇਨ੍ਹਾਂ ਦੀ ਉਡੀਕ ਖ਼ਤਮ ਹੋ ਗਈ ਹੈ ਅਤੇ ਹੁਣ ਇਨ੍ਹਾਂ ਪੀੜਤ ਪਰਿਵਾਰਾਂ ਨੂੰ ਆਪਣੇ ਬੱਚਿਆਂ ਦੀਆਂ ਲਾਸ਼ਾਂ ਲੈਣ ਲਈ ਵੀ ਲੰਬਾ ਇੰਤਜ਼ਾਰ ਕਰਨਾ ਪੈ ਰਿਹਾ ਹੈ।
ਦਸ ਦਈਏ ਕਿ ਪਿਛਲੇ ਦਿਨੀਂ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਇਰਾਕ 'ਚ ਲਾਪਤਾ ਹੋਏ 39 ਭਾਰਤੀਆਂ ਦੀ ਮੌਤ ਹੋਣ ਜਾਣ ਦੀ ਪੁਸ਼ਟੀ ਕੀਤੀ ਸੀ, ਜਿਸ ਤੋਂ ਬਾਅਦ ਇਨ੍ਹਾਂ ਪਰਿਵਾਰਾਂ 'ਤੇ ਦੁੱਖਾਂ ਦਾ ਕਹਿਰ ਢਹਿ ਪਿਆ ਸੀ। ਸਰਕਾਰ ਨੇ ਪੀੜਤ ਪਰਿਵਾਰਾਂ ਨੂੰ ਦਿਲਾਸਾ ਦਿੱਤਾ ਸੀ ਕਿ ਇਰਾਕ ਵਿਚ ਮਾਰੇ ਗਏ ਨੌਜਵਾਨਾਂ ਦੀਆਂ ਲਾਸ਼ਾਂ ਇਕ ਹਫ਼ਤੇ ਦੇ ਅੰਦਰ ਭਾਰਤ ਲਿਆਂਦੀਆਂ ਜਾਣਗੀਆਂ ਪਰ ਹੁਣ ਕਾਫ਼ੀ ਦਿਨ ਬੀਤ ਜਾਣ ਤੋਂ ਬਾਅਦ ਵੀ ਸਰਕਾਰ ਆਪਣਾ ਵਾਅਦਾ ਪੂਰਾ ਨਹੀਂ ਕਰ ਰਹੀ ਹੈ....ਜਿਸ ਕਰਕੇ ਇਨ੍ਹਾਂ ਦਾ ਇਕ ਇਕ ਦਿਨ ਲੰਬੇ ਅਰਸੇ ਵਾਂਗ ਗੁਜ਼ਰ ਰਿਹਾ ਹੈ।
ਕੇਂਦਰੀ ਮੰਤਰੀ ਸੁਸ਼ਮਾ ਸਵਰਾਜ ਨੇ 20 ਮਾਰਚ ਨੂੰ ਇਨ੍ਹਾਂ ਨੌਜਵਾਨਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਸੀ ਅਤੇ ਲਾਸ਼ਾਂ ਨੂੰ ਇਕ ਹਫ਼ਤੇ ਦੇ ਅੰਦਰ ਭਾਰਤ ਲਿਆਉਣ ਦੀ ਗੱਲ ਆਖੀ ਸੀ ਪਰ ਅੱਜ 10 ਦਿਨ ਬੀਤ ਜਾਣ 'ਤੇ ਵੀ ਉਨ੍ਹਾਂ ਦੀਆਂ ਲਾਸ਼ਾਂ ਭਾਰਤ ਨਹੀਂ ਆ ਸਕੀਆਂ।
ਦਸ ਦਈਏ ਕਿ ਇਰਾਕ ਵਿਚ ਰੋਜ਼ੀ ਰੋਟੀ ਕਮਾਉਣ ਖ਼ਾਤਰ ਗਏ 39 ਭਾਰਤੀ 2014 ਵਿਚ ਲਾਪਤਾ ਹੋ ਗਏ ਸਨ....ਜਿਨ੍ਹਾਂ ਦੀ ਮੌਤ ਦੀ ਪੁਸ਼ਟੀ ਚਾਰ ਸਾਲ ਬਾਅਦ ਹੋਈ ਪਰ ਸਵਾਲ ਇਹ ਹੈ ਕਿ ਆਪਣੇ ਨੌਜਵਾਨ ਬੱਚਿਆਂ ਦੀ ਲਾਸ਼ਾਂ ਉਡੀਕ ਰਹੇ ਇਨ੍ਹਾਂ ਦੁਖੀ ਪਰਿਵਾਰਾਂ ਦਾ ਇੰਤਜ਼ਾਰ ਕਦੋਂ ਖ਼ਤਮ ਹੋਵੇਗਾ?