
ਇਹ ਫ਼ਿਲਮ ਸਿਨੇਮਾਘਰਾਂ ਵਿੱਚ 25 ਫ਼ਰਵਰੀ 2022 ਤੋਂ ਦਰਸ਼ਕਾਂ ਦਾ ਮਨੋਰੰਜਨ ਕਰੇਗੀ।
ਚੰਡੀਗੜ੍ਹ - ਲੰਮੇ ਸਮੇਂ ਦਾ ਇੰਤਜ਼ਾਰ ਖ਼ਤਮ ਹੋਣ ਤੋਂ ਬਾਅਦ ਸ਼ਨੀਵਾਰ ਯਾਨਿ 12 ਫ਼ਰਵਰੀ ਨੂੰ ਐਮੀ ਵਿਰਕ ਦੀ ਮੋਸਟ ਅਵੇਟਿਡ ਫ਼ਿਲਮ `ਆਜਾ ਮੈਕਸਿਕੋ ਚੱਲੀਏ` ਦਾ ਟਰੇਲਰ ਰਿਲੀਜ਼ ਹੋਇਆ। ਇਸ ਫ਼ਿਲਮ ਦੇ ਟਰੇਲਰ ਨੇ ਲੋਕਾਂ ਨੂੰ ਖ਼ੂਬ ਹਸਾਇਆ। ਟਰੇਲਰ ਦੇਖ ਕੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਫ਼ਿਲਮ ਕਾਮੇਡੀ ਤੇ ਮਨੋਰੰਜਨ ਨਾਲ ਭਰਪੂਰ ਹੈ।ਕਿੰਨੇ ਹੀ ਨੌਜਵਾਨ ਮੈਕਸਿਕੋ ਦੇ ਜੰਗਲਾਂ ਦਾ ਸਫ਼ਰ ਤੈਅ ਨਹੀਂ ਕਰ ਪਾਉਂਦੇ। ਉਹ ਰਸਤੇ ਵਿੱਚ ਹੀ ਜਾਂ ਤਾਂ ਭੁੱਖ ਪਿਆਸ ਜਾਂ ਕਿਸੇ ਬੀਮਾਰੀ ਨਾਲ ਮਾਰੇ ਜਾਂਦੇ ਹਨ। ਜਾਂ ਫ਼ਿਰ ਜੰਗਲਾਂ ਵਿੱਚ ਲੁਟੇਰਿਆਂ ਦੇ ਗਿਰੋਹ ਦੇ ਧੱਕੇ ਚੜ੍ਹ ਜਾਂਦੇ ਹਨ। ਉਨ੍ਹਾਂ ਵਿੱਚੋਂ ਜ਼ਿਆਦਾਤਰ ਨੌਜਵਾਨ ਅਮਰੀਕਾ ਜਾਣ ਦਾ ਸੁਪਨਾ ਪੂਰਾ ਕਰ ਹੀ ਨਹੀਂ ਪਾਉਂਦੇ।
ਫ਼ਿਲਮ ਦੇ ਟਰੇਲਰ ਨੂੰ 12 ਫ਼ਰਵਰੀ ਨੂੰ ਯੂਟਿਊਬ `ਤੇ ਰਿਲੀਜ਼ ਕੀਤਾ ਗਿਆ ਸੀ। ਹੁਣ ਤੱਕ ਇਸ ਟਰੇਲਰ ਨੂੰ 20 ਲੱਖ ਦੇ ਕਰੀਬ ਲੋਕ ਦੇਖ ਚੁੱਕੇ ਹਨ, ਜਦਕਿ ਇਸ ਵੀਡੀਓ `ਤੇ ਹਜ਼ਾਰਾਂ ਕਮੈਂਟਸ ਆ ਚੁੱਕੇ ਹਨ। ਲੋਕ ਇਸ ਦੇ ਟਰੇਲਰ ਨੂੰ ਖ਼ੂਬ ਪਿਆਰ ਦੇ ਰਹੇ ਹਨ। ਲੋਕਾਂ ਦਾ ਕਹਿਣੈ ਕਿ ਪੰਜਾਬ ਦਾ ਇੱਕ ਰੰਗ ਇਹ ਵੀ ਹੈ, ਜਿਸ ਨੂੰ ਪਰਦੇ `ਤੇ ਪੇਸ਼ ਕੀਤਾ ਗਿਆ ਹੈ। ਪੰਜਾਬ ਦੇ ਕਈ ਨੌਜਵਾਨ ਵਿਦੇਸ਼ਾਂ `ਚ ਜਾ ਵੱਸਣ ਦੀ ਚਾਹਤ `ਚ ਆਪਣੀਆਂ ਜ਼ਿੰਦਗੀਆਂ ਤਬਾਹ ਕਰ ਚੁੱਕੇ ਹਨ, ਜਿਸ ਦੀ ਇੱਕ ਤਸਵੀਰ ਨੂੰ ਇਸ ਫ਼ਿਲਮ `ਚ ਦਿਖਾਇਆ ਗਿਆ ਹੇ।
ਇਸ ਫ਼ਿਲਮ ਦੇ ਟਰੇਲਰ ਨੂੰ ਲੋਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਟਰੇਲਰ ਵਿੱਚ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਪੰਜਾਬੀ ਨੌਜਵਾਨਾਂ ਬਾਹਰ ਜਾਣ ਦੀ ਚਾਹਤ ਵਿੱਚ ਗ਼ਲਤ ਤੇ ਬੇਈਮਾਨ ਟਰੈਵਲ ਏਜੰਟਾਂ ਕੋਲ ਫ਼ਸ ਜਾਂਦੇ ਹਨ, ਜੋ ਉਨ੍ਹਾਂ ਨੂੰ ਅਮਰੀਕਾ ਦੀ ਜਗ੍ਹਾ ਗ਼ੈਰ ਕਾਨੂੰਨੀ ਤਰੀਕੇ ਨਾਲ ਮੈਕਸਿਕੋ ਭੇਜ ਦਿੰਦੇ ਹਨ।ਪਾਲੀਵੁੱਡ ਕਲਾਕਾਰ ਐਮੀ ਵਿਰਕ ਦੀ ਐਕਟਿੰਗ ਤੇ ਕਾਮਿਕ ਟਾਈਮਿੰਗ ਦੀ ਕਾਫ਼ੀ ਤਾਰੀਫ਼ ਕੀਤੀ ਜਾ ਰਹੀ ਹੈ। ਦਰਸ਼ਕ ਇਸ ਫ਼ਿਲਮ ਦੇ ਰਿਲੀਜ਼ ਹੋਣ ਦਾ ਬੇਸਵਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਦਸ ਦਈਏ ਕਿ ਐਮੀ ਵਿਰਕ ਨੇ ਇਸ ਫ਼ਿਲਮ ਦਾ ਡਾਇਲੌਗ ਪ੍ਰੋਮੋ ਆਪਣੇ ਇੰਸਟਾਗ੍ਰਾਮ ਪੇਜ `ਤੇ ਸ਼ੇਅਰ ਕੀਤਾ ਹੈ। ਜਿਸ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਐਮੀ ਦੇ ਫ਼ੈਨਜ਼ ਇਸ ਪੋਸਟ `ਤੇ ਖ਼ੂਬ ਲਾਈਕਸ ਤੇ ਕਮੈਂਟਸ ਦੀ ਬਰਸਾਤ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਐਮੀ ਵਿਰਕ ਦੀ ਇਸ ਫ਼ਿਲਮ ਦੇ ਟਰੇਲਰ ਆਊਟ ਹੋਣ ਦਾ ਉਨ੍ਹਾਂ ਦੇ ਫ਼ੈਨਜ਼ ਬੜੀ ਬੇਸਵਰੀ ਨਾਲ ਇੰਤਜ਼ਾਰ ਕਰ ਰਹੇ ਸਨ। ਉਨ੍ਹਾਂ ਦਾ ਇਹ ਇੰਤਜ਼ਾਰ ਸ਼ਨੀਵਾਰ ਨੂੰ ਖ਼ਤਮ ਹੋਇਆ। ਦਸ ਦਈਏ ਕਿ ਇਹ ਫ਼ਿਲਮ ਸਿਨੇਮਾਘਰਾਂ ਵਿੱਚ 25 ਫ਼ਰਵਰੀ 2022 ਤੋਂ ਦਰਸ਼ਕਾਂ ਦਾ ਮਨੋਰੰਜਨ ਕਰੇਗੀ।