
ਬੀਦਰ ਦੇ ਸ਼ਾਹੀਨ ਸਕੂਲ ਦੇ ਖਿਲਾਫ ਬੱਚਿਆਂ ਵੱਲੋਂ ਸੀਏਏ ਵਿਰੋਧੀ ਨਾਟਕ ਕਰਨ ਦੇ ਮਾਮਲੇ ਵਿਚ ਪਿਛਲੇ ਮਹੀਨੇ ਦੇਸ਼ ਧ੍ਰੋਹ ਦਾ ਮਾਮਲਾ ਦਰਜ ਕੀਤਾ ਗਿਆ ਸੀ।
ਨਵੀਂ ਦਿੱਲੀ: ਨਾਗਰਿਕਤਾ ਸੋਧ ਕਾਨੂੰਨ ਵਿਰੋਧੀ ਨਾਟਕ ਕਰਨ ਦੇ ਮਾਮਲੇ ਵਿਚ ਕਰਨਾਟਕ ਦੇ ਬੀਦਰ ਵਿਚ ਪੁਲਿਸ ਕਰਮਚਾਰੀਆਂ ਨੇ ਸੋਮਵਾਰ ਨੂੰ ਚੌਥੀ ਵਾਰ ਸ਼ਾਹੀਨ ਸਕੂਲ ਦੇ ਵਿਦਿਆਰਥੀਆਂ ਕੋਲੋਂ ਪੁੱਛ ਗਿੱਛ ਕੀਤੀ। ਦੱਸ ਦਈਏ ਕਿ ਬੀਦਰ ਦੇ ਸ਼ਾਹੀਨ ਸਕੂਲ ਦੇ ਖਿਲਾਫ ਬੱਚਿਆਂ ਵੱਲੋਂ ਸੀਏਏ ਵਿਰੋਧੀ ਨਾਟਕ ਕਰਨ ਦੇ ਮਾਮਲੇ ਵਿਚ ਪਿਛਲੇ ਮਹੀਨੇ ਦੇਸ਼ ਧ੍ਰੋਹ ਦਾ ਮਾਮਲਾ ਦਰਜ ਕੀਤਾ ਗਿਆ ਸੀ।
Photo
ਇਸ ਦੇ ਨਾਲ ਹੀ ਉਸ ਸਕੂਲ ਨੂੰ ਚਲਾਉਣ ਵਾਲੀ ਸ਼ਾਹੀਨ ਸਿੱਖਿਆ ਸੰਸਥਾ ਖਿਲਾਫ ਵੀ ਮਾਮਲਾ ਦਰਜ ਕੀਤਾ ਗਿਆ ਸੀ। ਮਾਮਲੇ ਵਿਚ ਸਕੂਲ ਦੇ ਦੋ ਲੋਕਾਂ, ਪ੍ਰਾਇਮਰੀ ਸੈਕਸ਼ਨ ਦੇ ਇੰਚਾਰਜ ਫਰੀਦਾ ਅਤੇ ਛੇਵੀਂ ਕਲਾਸ ਦੇ ਵਿਦਿਆਰਥੀ ਦੀ ਮਾਂ ਨਗਮਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
Photo
ਮੀਡੀਆ ਰਿਪੋਰਟ ਮੁਤਾਬਕ ਸੋਮਵਾਰ ਨੂੰ ਸਵੇਰੇ ਕਰੀਬ 10,30 ਵਜੇ ਸਾਦੇ ਕੱਪੜਿਆਂ ਵਿਚ ਚਾਰ ਪੁਲਿਸ ਕਰਮਚਾਰੀ ਅਤੇ ਬਾਲ ਕਲਿਆਣ ਕਮਿਸ਼ਨ ਦੇ ਦੋ ਮੈਂਬਰ ਸਕੂਲ ਪਹੁੰਚੇ ਅਤੇ ਕਰਮਚਾਰੀਆਂ ਕੋਲੋਂ ਪੁੱਛ-ਗਿੱਛ ਸ਼ੁਰੂ ਕੀਤੀ। ਇਸ ਤੋਂ ਬਾਅਦ ਦੁਪਹਿਰ ਕਰੀਬ 12.30 ਵਜੇ ਉਪ ਪੁਲਿਸ ਇੰਸਪੈਕਟਰ ਜਨਰਲ ਵੀ ਪਹੁੰਚ ਗਏ ਅਤੇ ਉਸ ਸਮੇਂ ਬੱਚਿਆਂ ਕੋਲੋਂ ਵੀ ਪੁੱਛ ਗਿੱਛ ਕੀਤੀ ਗਈ।
ਰਿਪੋਰਟ ਅਨੁਸਾਰ ਕਰੀਬ ਦੋ ਘੰਟੇ ਚੱਲੀ ਪੁੱਛ-ਗਿੱਛ ਵਿਚ ਸ਼ਾਮਲ ਸਾਰੇ ਸੱਤ ਵਿਦਿਆਰਥੀ ਨਾਟਕ ਵਿਚ ਸ਼ਾਮਲ ਸਨ। ਪਹਿਲਾਂ ਦੀ ਤਰ੍ਹਾਂ ਹੀ ਵਿਦਿਆਰਥੀਆਂ ਕੋਲੋਂ ਨਾਟਕ ਸਬੰਧੀ ਕਈ ਸਵਾਲ ਪੁੱਛੇ ਗਏ। ਜਿਵੇਂ ਨਾਟਕ ਕਿਸ ਨੇ ਲਿਖਿਆ, ਕਿਸ ਨੇ ਤਿਆਰੀ ਕਰਵਾਈ ਅਤੇ ਉਹਨਾਂ ਨੂੰ ਲਾਈਨਾਂ ਕਿਸ ਨੇ ਯਾਦ ਕਰਵਾਈਆਂ ਆਦਿ।
ਸ਼ਾਹੀਨ ਗਰੁੱਪ ਆਫ ਇੰਸਟੀਟਿਊਸ਼ਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਨੇ ਕਿਹਾ, ‘ਮੈਂ ਇਹ ਨਹੀਂ ਸਮਝ ਸਕਦਾ ਕਿ ਪੁਲਿਸ ਵਾਰ-ਵਾਰ 9 ਤੋਂ 12 ਸਾਲ ਦੇ ਬੱਚਿਆਂ ਨੂੰ ਮਾਨਸਿਕ ਤਸ਼ੱਦਦ ਕਿਉਂ ਦੇ ਰਹੀ ਹੈ। ਇਸ ਤਰ੍ਹਾਂ ਦਾ ਤਸ਼ੱਦਦ ਲੰਬੇ ਸਮੇਂ ਤੱਕ ਉਹਨਾਂ ਨੂੰ ਪ੍ਰਭਾਵਿਤ ਕਰੇਗਾ। ਜੇਕਰ ਅਸੀਂ ਪੁਲਿਸ ਨੂੰ ਦੱਸਾਂਗੇ ਤਾਂ ਉਹ ਸਮਝ ਨਹੀਂ ਸਕੇਗੀ’।
ਸਕੂਲ ਦੇ ਇਕ ਅਧਿਕਾਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਵਿਦਿਆਰਥੀ ਡਰੇ ਹੋਏ ਹਨ। ਮੀਡੀਆ ਰਿਪੋਰਟਾਂ ਅਨੁਸਾਰ ਪੁਲਿਸ ਨੇ ਕਲਾਸ 6 ਦੀ ਵਿਦਿਆਰਥਣ ਦੀ ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਕਿਉਂਕਿ ਇਕ ਵਿਦਿਆਰਥੀ ਨੇ ਕਿਹਾ ਸੀ ਕਿ ਉਹਨਾਂ ਨੇ ਨਾਟਕ ਲਿਖਿਆ ਹੈ। ਉਹ ਇਕੱਲੀ ਮਾਂ ਹੈ ਅਤੇ ਉਸ ਦੀ ਗ੍ਰਿਫਤਾਰੀ ਤੋਂ ਬਾਅਦ ਲੜਕੀ ਦੀ ਦੇਖਭਾਲ ਉਹਨਾਂ ਦੀ ਮਕਾਨ ਮਾਲਕਣ ਕਰ ਰਹੀ ਹੈ।