
ਗ਼ਲਤ ਨੀਤੀਆਂ ਕਾਰਨ ਕੇਂਦਰ ਅਤੇ ਕਈ ਸੂਬਿਆਂ ਦੀ ਸੱਤਾ 'ਚੋਂ ਬਾਹਰ ਹੋਈ ਕਾਂਗਰਸ : ਮਾਇਆਵਤੀ
ਨਵਾਂਸ਼ਹਿਰ, 8 ਫ਼ਰਵਰੀ (ਪ.ਪ.) : ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਬਸਪਾ ਸੁਪਰੀਮੋ ਮਾਇਆਵਤੀ ਨੇ ਅੱਜ ਨਵਾਂਸ਼ਹਿਰ ਵਿਖੇ ਅਹਿਮ ਰੈਲੀ ਕੀਤੀ | ਰੈਲੀ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਮੌਜੂਦ ਰਹੇ | ਉਨ੍ਹਾਂ ਤੋਂ ਇਲਾਵਾ ਰੈਲੀ ਵਿਚ ਬਸਪਾ ਅਤੇ ਅਕਾਲੀ ਦਲ ਦੇ ਆਗੂ ਅਪਣੇ ਵਰਕਰਾਂ ਵਿਚ ਜੋਸ਼ ਭਰਨ ਲਈ ਪਹੁੰਚੇ | ਰੈਲੀ ਨੂੰ ਸੰਬੋਧਨ ਕਰਦਿਆਂ ਮਾਇਆਵਤੀ ਨੇ ਕਾਂਗਰਸ ਅਤੇ ਭਾਜਪਾ 'ਤੇ ਸ਼ਬਦੀ ਹਮਲੇ ਬੋਲੇ | ਉਨ੍ਹਾਂ ਕਿਹਾ ਕਿ ਕਾਂਗਰਸ ਗ਼ਲਤ ਨੀਤੀਆਂ ਕਾਰਨ ਕੇਂਦਰ ਅਤੇ ਕਈ ਸੂਬਿਆਂ ਦੀ ਸੱਤਾ 'ਚੋਂ ਬਾਹਰ ਹੋਈ ਹੈ ਅਤੇ ਇਸੇ ਕਦਮ 'ਤੇ ਭਾਜਪਾ ਚਲ ਰਹੀ ਹੈ |
ਮਾਇਆਵਤੀ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਸਿਹਤ ਖ਼ਰਾਬ ਹੋਣ ਕਾਰਨ ਰੈਲੀ ਵਿਚ ਨਹੀਂ ਆ ਸਕੇ, ਮੈਂ ਉਨ੍ਹਾਂ ਦੀ ਤੰਦਰੁਸਤੀ ਦੀ ਕਾਮਨਾ ਕਰਦੀ ਹਾਂ | ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਤਾਰੀਫ਼ ਕਰਦਿਆਂ ਮਾਇਆਵਤੀ ਨੇ ਕਿਹਾ ਕਿ ਉਹ ਇਸ ਉਮਰ ਵਿਚ ਵੀ ਚੋਣ ਲੜ ਰਹੇ ਹਨ, ਇਸ ਤੋਂ ਪਤਾ ਚਲਦਾ ਹੈ ਕਿ ਉਨ੍ਹਾਂ ਅੰਦਰ ਲੋਕਾਂ ਦੀ ਸੇਵਾ ਦਾ ਵੱਡਾ ਜਜ਼ਬਾ ਹੈ | ਮਾਇਆਵਤੀ ਨੇ ਅਕਾਲੀ ਦਲ ਅਤੇ ਬਸਪਾ ਦੇ ਵਰਕਰਾਂ ਨੂੰ ਅਪੀਲ ਕੀਤੀ ਕਿ ਜਿਸ ਸੀਟ ਤੋਂ ਪ੍ਰਕਾਸ਼ ਸਿੰਘ ਬਾਦਲ ਚੋਣ ਲੜ ਰਹੇ ਹਨ, ਉਥੋਂ ਉਨ੍ਹਾਂ ਨੂੰ ਵੱਡੇ ਫ਼ਰਕ ਨਾਲ ਜਿਤਾਇਆ ਜਾਵੇ |
ਬਸਪਾ ਸੁਪਰੀਮੋ ਨੇ ਕਿਹਾ ਪਾਰਟੀ ਕਾਸ਼ੀ ਰਾਮ ਦੇ ਅਧੂਰੇ ਪਏ ਕੰਮਾਂ ਨੂੰ ਪੂਰਾ ਕਰਨ ਵਿਚ ਲੱਗੀ ਹੋਈ ਹੈ | ਇਸੇ ਲਈ ਇਸ ਵਾਰ ਬਸਪਾ ਨੇ ਗਠਜੋੜ ਕਰ ਕੇ ਚੋਣ ਲੜਨ ਦਾ ਫ਼ੈਸਲਾ ਕੀਤਾ ਹੈ | ਕਾਂਗਰਸ 'ਤੇ ਹਮਲਾ ਬੋਲਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਾਂਗਰਸ ਸੱਤਾ ਵਿਚ ਹੈ ਪਰ ਗ਼ਲਤ ਨੀਤੀਆਂ ਕਾਰਨ ਇਹ ਪਾਰਟੀ ਕੇਂਦਰ ਵਿਚ ਕਈ ਸੂਬਿਆਂ ਵਿਚ ਸੱਤਾ ਤੋਂ ਬਾਹਰ ਹੋ ਚੁੱਕੀ ਹੈ ਅਤੇ ਹੁਣ ਪੰਜਾਬ ਤੋਂ ਵੀ ਬਾਹਰ ਹੋ ਜਾਵੇਗੀ |
ਮਾਇਆਵਤੀ ਨੇ ਕਿਹਾ ਕਿ ਇਹ ਪਾਰਟੀ ਪਛੜੀਆਂ ਸ਼੍ਰੇਣੀਆਂ ਵਿਰੁਧ ਰਹੀ ਹੈ | ਉਨ੍ਹਾਂ ਕਿਹਾ ਕਿ ਹੁਣ ਜਦੋਂ ਕੇਂਦਰ ਅਤੇ ਹੋਰ ਸੂਬਿਆਂ ਦੀ ਸੱਤਾ ਤੋਂ ਬਾਹਰ ਹੋ ਗਈ ਤਾਂ ਉਹ ਦਲਿਤ ਆਦਿਵਾਸੀਆਂ ਅਤੇ ਹੋਰ ਪਛੜੀਆਂ ਸ਼੍ਰੇਣੀਆਂ ਦੀਆਂ ਵੋਟਾਂ ਲਈ ਵੱਖੋ-ਵੱਖਰੇ ਨਾਟਕ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਇਸੇ ਕਦਮ 'ਤੇ ਭਾਜਪਾ ਚਲ ਰਹੀ ਹੈ | ਪੂੰਜੀਵਾਦੀ ਸੋਚ ਹੋਣ ਕਾਰਨ ਦੇਸ਼ ਦੇ ਕਿਸਾਨ ਕੇਂਦਰ ਦੀਆਂ ਗ਼ਲਤ ਨੀਤੀਆਂ ਤੋਂ ਦੁਖੀ ਹਨ | ਅਕਾਲੀ-ਬਸਪਾ ਗਠਜੋੜ ਦੀ ਸਰਕਾਰ ਬਣਨ 'ਤੇ ਕੇਂਦਰ ਦੀਆਂ ਗ਼ਲਤ ਨੀਤੀਆਂ ਨੂੰ ਪੰਜਾਬ ਵਿਚ ਲਾਗੂ ਨਹੀਂ ਹੋਣ ਦਿਤਾ ਜਾਵੇਗਾ |